(ਹੈਦਰਾਬਾਦ ਦੇ ਪਾਰਕ ਵਿਚ ਗੁਫ਼ਤਗੂ)

(ਜਸਪਾਲ ਜੱਸੀ)

(ਸਮਾਜ ਵੀਕਲੀ)

ਝੱਗਾ ਚੁੱਕੇ ਤੋਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ!

ਉਹ ਮੈਨੂੰ ਵਾਰ ਵਾਰ ਪੰਜਾਬ ਬਾਰੇ ਪੁੱਛਦੇ। ਮੈਂ ਬਹੁਤ ਖੂਬਸੂਰਤ ਕਹਿੰਦਾ। ਉਹਨਾਂ ਦੇ ਗੱਲ,ਮਨ ‘ਚ ਘਰ ਨਾ ਕਰਦੀ।

ਉਹ ਮੈਨੂੰ ਮੋੜ ਮੋੜ ਕੇ ਫਿਰ ਪੁੱਛਦੇ , “ਨਸ਼ਿਆਂ ਦਾ ਕੀ ਚਲਣ ਹੈ ?”

ਮੈਂ ਉਹਨਾਂ ਨੂੰ ਕਹਿੰਦਾ,” ਦੂਜੇ ਸੂਬਿਆਂ ਵਾਂਗ।”

ਮੈਂ ਨਸ਼ੇ ‘ਚ ਹੜ੍ਹ ਚੁੱਕੀ, ਜਵਾਨੀ ਦੀ ਗੱਲ ਪੀ ਜਾਂਦਾ।

ਉਹ ਮੈਨੂੰ ਪੰਜਾਬ ਦੇ ਹਾਲਾਤਾਂ ਬਾਰੇ ਪੁੱਛਦੇ ਮੈਂ ਉਹਨਾਂ ਨੂੰ ਆਮ ਵਾਂਗ ਕਹਿ ਛੱਡਦਾ। ਉਹ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਲਾਅ ਐਂਡ ਆਰਡਰ ਦੀ ਗੱਲ ਕਰਦੇ ਮੈਂ ਫੇਰ ਉਹਨਾਂ ਨੂੰ ਆਮ ਵਾਂਗ ਬਿਆਂ ਕਰਦਾ। ਉਹ ਰੁਜ਼ਾਨਾ ਲੁੱਟਾ ਖੋਹਾਂ ਦੀ ਗੱਲ ਕਰਦੇ ਮੈਂ ਇੱਕਾ ਦੁੱਕਾ ਕਹਿ ਛੱਡਦਾ।

ਉਹ ਮੇਰੇ ਬਠਿੰਡੇ ਦੇ ਦਿਨ ਦਿਹਾੜੇ ਕੰਨਾਂ ਚੋਂ ਬਾਲੀਆਂ ਪੱਟਣ ਦੀ ਗੱਲ ਕਰਦੇ, ਸਕੂਟਰ ਮੋਟਰਸਾਈਕਲ ਚੋਰਾਂ ਦੀ ਗੱਲ ਕਰਦੇ, ਸ਼ਰੇਆਮ ਕਤਲ ਦੀਆਂ ਵਾਰਦਾਤਾਂ ਦੀ ਗੱਲ ਦੁਹਰਾਉਂਦੇ, ਉਹਨਾਂ ਨੇ ਤਾਜ਼ਾ ਸੁਨਿਆਰੇ ਦੇ ਕਤਲ ਦੀ ਤੇ ਦੁਕਾਨ ਲੁੱਟਣ ਦੀ ਗੱਲ ਕੀਤੀ, ਮੈਂ ਚੁੱਪ ਕਰ ਜਾਂਦਾ,ਮੈਂ ਉਹਨਾਂ ਨੂੰ ਯੂ.ਪੀ.,ਬਿਹਾਰ ਤੋਂ ਘੱਟ ਵਾਰਦਾਤਾਂ ਦੀ ਗੱਲ ਕਰਦਾ ਉਹਨਾਂ ਦੇ ਹਜ਼ਮ ਨਾ ਆਉਂਦੀ।

ਫ਼ੇਰ ਉਹ ਅੱਤਵਾਦ, ਵੱਖਵਾਦ,ਤੇ ਥਾਣੇ ‘ਤੇ ਅਟੈਕ ਦੀ,ਤੇ ਅੰਮ੍ਰਿਤਪਾਲ ਦੀ ਗੱਲ ਕਰਦੇ,ਮੈਂ ਉਹਨਾਂ ਨੂੰ ਏਜੰਸੀਆਂ ਦੀ ਗੱਲ ਕਰ ਕੇ ਟਾਲਣ ਦੀ ਕੋਸ਼ਿਸ਼ ਕਰਦਾ ਪਰ ਉਹ ਮੇਰੇ ਮੂੰਹੋਂ ਕੁਝ ਹੋਰ ਸੁਨਣਾ ਚਾਹੁੰਦੇ। ਮੈਂ ਗੱਲ ਘੁੰਮਾ ਦਿੰਦਾ। ਉਹ ਮੇਰੇ ਪੰਜਾਬ ਪ੍ਰਤੀ ਪਿਆਰ ਨੂੰ ਟੋਹਣ ਦੀ ਕੋਸ਼ਿਸ਼ ਕਰਦੇ ਪਰ ਮੈਂ ਉਹਨਾਂ ਨੂੰ ਦੁਖੀ ਦਿਲ ਨਾ ਵਿਖਾਉਂਦਾ।

ਉਹ ਪੰਜਾਬ ‘ਚੋਂ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਜਵਾਨੀ ਦੀ ਗੱਲ ਕਰਦੇ, ਮੈਂ ਉਹਨਾਂ ਨੂੰ ਇਹ ਕਹਿ ਕੇ ਟਾਲਦਾ ਕਿ ਹੁਣ ਰੁਝਾਨ ਘਟ ਗਿਆ ਹੈ। ਉਹ ਮੇਰੇ ਨਾਲ ਮਜ਼ਦੂਰ,ਕਿਰਤੀ ਕਿਸਾਨ ਦੀ ਗੱਲ ਕਰਦੇ ਮੈਂ ਉਹਨਾਂ ਨੂੰ ਕਹਿੰਦਾ,” ਸਾਰੇ ਲੋਕ ਖੇਤਾਂ ਵਿਚ ਕੰਮ ਕਰਦੇ ਨੇ, ਯੂ. ਪੀ., ਬਿਹਾਰ ਦੇ ਬੰਦੇ ਤਾਂ ਸਿਰਫ਼ ਮਦਦ ਕਰਨ ਆਉਂਦੇ ਨੇ।

ਮੈਂ ਉਹਨਾਂ ਨੂੰ ਇਹ ਨਾ ਦੱਸ ਸਕਦਾ ਕਿ ਸਾਰੇ ਛੋਟੇ ਮੋਟੇ ਕੰਮਾਂ ‘ਤੇ, ਦੂਜੇ ਸੂਬਿਆਂ ਦੇ ਲੋਕਾਂ ਦਾ ਕਬਜ਼ਾ ਹੋ ਗਿਆ ਹੈ।

ਉਹ ਮੈਨੂੰ ਸਰਕਾਰੀ ਮੁਲਾਜ਼ਮਾਂ ਦੀ ਗੱਲ ਪੁੱਛਦੇ ਕਿ,” ਦਫ਼ਤਰਾਂ ਵਿਚ ਕੰਮ, ਬਿਨਾਂ ਰਿਸ਼ਵਤ ਤੋਂ ਚੱਲਦਾ ਹੈ ?”

ਮੈਂ ਉਹਨਾਂ ਨੂੰ ਬੜੇ ਮਾਣ ਨਾਲ ਕਹਿੰਦਾ,” ਰਿਸ਼ਵਤ ਬਾਰੇ ਸੋਚ ਵੀ ਨਹੀਂ ਸਕਦੇ, ਮੈਂ ਉਹਨਾਂ ਨੂੰ ਇਹ ਨਾ ਕਹਿ ਸਕਦਾ ਕਿ ਹੁਣੇ ਹੀ ਮੈਂ ਆਪਣਾ ਜਾਇਜ਼ ਕੰਮ ਕਰਵਾਉਣ ਲਈ ਰਿਸ਼ਵਤ ਦੇ ਕੇ ਆਇਆ ਹਾਂ।

ਉਹ ਮੈਨੂੰ ਫੇਰ ਪੁੱਛਦੇ,” ਸਰਕਾਰ ਕਿਵੇਂ ਚੱਲ ਰਹੀ ਹੈ ?”

ਮੈਂ ਉਹਨਾਂ ਨੂੰ ਬਹੁਤ ਵਧੀਆ ਕਹਿ ਕੇ ਅਸਲੀਅਤ ਤੋਂ ਜਾਣੂ ਨਾ ਕਰਾਉਂਦਾ ਤੇ ਉਹਨਾਂ ਨੂੰ ਇਹ ਵੀ ਨਾ ਦੱਸਦਾ ਕਿ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਤੇ ਰਿਟਾਇਰਡ ਅਧਿਆਪਕਾਂ ਨੂੰ ਨਵੇਂ ਗ੍ਰੇਡ ਚੋਣ ਮੈਨੀਫੈਸਟੋ ਵਿਚ ਮੰਗ ਪਾ ਕੇ ਵੀ, ਅਜੇ ਤੱਕ ਨਹੀਂ ਮਿਲੇ। ਮੈਂ “ਪੰਜਾਬ ਵਿਚ ਬਹੁਤ ਵਧੀਆ ਕੰਮ ਹੋ ਰਿਹਾ ਹੈ” ਕਹਿ ਕੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਕੋਸ਼ਿਸ਼ ਕਰਦਾ।

ਮੈਨੂੰ ਜਦੋਂ ਵੀ ਉਹ ਗੱਲ ਪੁੱਛਦੇ ਮੈਨੂੰ ਆਪਣੀ ਮਾਂ ਚੇਤੇ ਆ ਜਾਂਦੀ ਜਿਸ ਦਾ ਤਕੀਆ ਕਲਾਮ ਸੀ ” ਪੁੱਤ ਘਰ ਦੀ ਗੱਲ ਬਾਹਰ ਨਹੀਂ ਕੱਢੀਦੀ।

ਝੱਗਾ ਚੁੱਕੇ ਤੋਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ।”

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬਿੱਤ ਛੰਦ
Next articleਜਦ ਮੈਨੂੰ ਨਵੀਂ ਨਵੇਲੀ ਨੂੰ