(ਸਮਾਜ ਵੀਕਲੀ)
ਹਕੂਮਤ ਦੇ ਤਾਨਾਸ਼ਾਹੀ ਦਾਇਰੇ ‘ਚ ਵੜਕੇ,ਕਿਓਂ ਮੈਂ ਵਿਲਕਦੀਆਂ ਹਕੀਕੀ ਧਾਰਨਾਵਾਂ ਸ਼ਾਂਤ ਲਿਖਾਂ !
ਉਮਰਾਂ ਭਰ ਲਈ ਰੱਦਿਆ ਜਿਸ ਅਧਿਆਏ,ਨੂੰ ਹੁਣ ਪ੍ਰਗਟ ਹੋ ਰਹੀ ਕੀ ਅਜੀਬ ਕਰਾਮਾਤ ਲਿਖਾਂ!
ਘਰੇ ਨਾ ਮੁੜਦੇ ਉਹ ਸਾਜ਼ੀ ਪਰਿੰਦੇ,ਜੋ ਸਚਾਈਆਂ ਲਿਖਣ ਬੋਲਣ ਬਾਰੇ ਅਪਰਾਧੀ ਸਮਝੇ ਜਾਂਦੇ ਨੇ,
ਮੈਂ ਤਾਂ ਉਨ੍ਹਾਂ ਬੰਦੀ ਹੋਏ ਜੇਲ੍ਹਾਂ ਵਿੱਚੋਂ ਦਰਦ ਉੱਗਲ਼ਦੀ ਉਨ੍ਹਾਂ ਦੀ ਦੁੱਖੜੇ ਬਿਆਨਦੀ ਹੀ ਬਾਤ ਲਿਖਾਂ ।
ਰਾਜ ਦਾ ਲਹਿਜ਼ਾ ਅਨਿਆਂ ਦੀ ਸਿਰਜਣਾ ਵਡਿਆਈ ਪ੍ਰਦਰਸ਼ਨੀ ਹੋ ਰਹੀ ਸ਼ਰਮ ਵਫ਼ਾ ਵੱਲੋਂ ਭੱਜਕੇ,
ਸੰਸਾਰੀ ਪੱਧਰ ਦੀ ਫੈਲ ਰਹੀ ਹੈ ਖੋਹ ਖੋਹ ਖੇਡ,ਮਨੁੱਖਤਾ ਦੇ ਕਿਸ ਕਿਸ ਤਰਾਂ ਰੁੜ੍ਹਦੇ ਹਾਲਾਤ ਲਿਖਾਂ ।
ਕੀ ਜ਼ਾਰਾਇਮ-ਪੇਸ਼ਾ ਹੀ ਬਣ ਗਿਆ ਹਕੂਮਤਾਂ ਲਈ,ਦਿਖਾਵੇ ਭਰੀ ਵਫ਼ਾਦਾਰੀ ਰਹੇ ਕੇਵਲ ਸ਼ਬਦੀਂ
ਕਾਨੂੰਨ ਦੇ ਗੁਜਰ ਚੁੱਕੇ ਬੇਸ਼ਰਮੀ ਲਹਿਜ਼ੇ ਦਾ ਸ਼ਰਮਸਾਰ ‘ਚ ਕਿਓਂ ਨਾ ਉੱਸਰਿਆ ਬਿਰਤਾਂਤ ਲਿਖਾਂ ।
ਰੋਜ਼ਗਾਰ ਦੇ ਨਾਂਵੇਂ,ਕਿਸਾਨੀ ਦੀ ਬੱਲੇ ਬੱਲੇ,ਔਰਤ ਹੈਸੀਅਤ ਦੀ ਰਾਖੀ,ਬੇਟੀ ਪੜ੍ਹਾਉਣ ਦੇ ਦਮਗਜ਼ੇ,
ਸਾਰਾ ਕੁੱਝ ਮਨਫ਼ੀ ਹੈ,ਜੀਭਾਂ ਬੰਦ ਖ਼ਾਮੋਸ਼ ਨੇ,ਮਨੂੰ-ਸਿਮਰਤੀ ਰੱਦਕੇ ਕਿਹੜੀ ਪ੍ਜਾਤੀ ਜਾਤ ਲਿਖਾਂ।
ਅਜੀਬ ਕਰਤੱਬਾਂ ਦੇ ਮੁਹਰੈਲ ਨੇਤਾ,ਲੋਕਾਂ ਦੀਆਂ ਜਿੰਦਗੀ ਜਜਬਾਤਾਂ ਵਿੱਚ ਤੰਗੀਆਂ ਅੜਾ ਰਹੇ ਨੇ,
ਲੁਕ ਲੁਕਕੇ ਲਿਖਣਾ ਮੇਰਾ ਤਜ਼ਰਬਾ ਜਿਹਾ ਹੋ ਗਿਆ ਕਿ ਭਾਂਵੇਂ ਕਦੇ ਦਿਨੇਂ ਲਿਖਾਂ ਕਦੇ ਰਾਤ ਲਿਖਾਂ।
ਗਰੀਬਾਂ ਦੀਆਂ ਸੁੰਗੜੀਆਂ ਜੇਬਾਂ ਵਿੱਚ ਮੰਡੀ ਲਈ ਦਸ ਵੀਹ ਹਨ ਜਾਂ ਭਾਨ ਦੇ ਸਿੱਕੇ ਹੀ ਖੜਕ ਰਹੇ,
ਉਨ੍ਹਾਂ ਬੇਬੱਸੇ ਅੱਖਰਾਂ ਤਾਈਂ ਕਲਮ ਵਿੱਚੋਂ ਵਾਪਰ ਰਹੀ ਇਹ ਪੂਰੀ ਦੀ ਪੂਰੀ ਦਰਦਨਾਕ ਝਾਤ ਲਿਖਾਂ !
ਜਿੰਦਗੀ ਦੇ ਆਦਰਸ਼ ਨਹੀਂ ਚਾਹੁੰਦੇ ਕਿ ਜਿੰਦਗੀ ਜਿੰਦਾਬਾਦ ਹੋਣਾ ਮੰਗਦੀ ਹੀ ਨਾ ਮਰ ਮੁੱਕ ਜਾਵੇ,
ਗੁੰਮ ਸੁੰਮ ਹੋ ਰਹੀਆਂ ਸਧਰਾਂ ਨੂੰ ਸਿਰ ਉੱਚਾ ਚੁੱਕਣ ਲਈ ਵਾਹਵਾ ਸਾਰੇ ਵਾਰਦਾਤੀ ਜ਼ਜਬਾਤ ਲਿਖਾਂ ।
ਅਨੇਕਾਂ ਹੀ ਮਾਨਵੀ ਹਾਦਸੇ,ਦਰਦੀਲੇ ਮਾਤਮੀ ਸੋਗ ਕਤਲਾਂ,ਅਣਹੋਣੀਆਂ ਖੋਹਾਂ ਦੇ ਗ੍ਰਾਫ ਵਧ ਰਹੇ,
ਅਖਬਾਰਾਂ,ਚੈਨਲ ਸ਼ਬਦ ਨੂੜਕੇ ਸ਼ਾਨ ਵਿੱਚ ਮਟਕ ਰਹਿਆਂ ਵਿੱਚ ਕਿੱਥੋਂ ਮੈਂ ਸੱਚੀਂ ਵਾਰਦਾਤ ਲਿਖਾਂ !
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly