(ਸਮਾਜ ਵੀਕਲੀ)
*ਰੁਤਬਾ ਚੰਗੀ ਕਿਤਾਬ ਜਿਹਾ ਰੱਖੀਏ ਜੀ,*
*ਕੋਈ ਇੱਕ ਵਾਰ ਪੜ੍ਹੇ ਤਾਂ ਫ਼ਿਦਾ ਹੋ ਜਾਏ!*
ਹੱਥਲਾ ਕਾਵਿ ਸੰਗ੍ਰਹਿ ‘ਅੰਮ੍ਰਿਤ ਵਰਗੀ ਕੁੜੀ’ ਕਵਿੱਤਰੀ ‘ਦਿਲਪ੍ਰੀਤ ਗੁਰੀ’ ਵੱਲੋਂ ਮੇਰੀ ਹਮਸਫ਼ਰ ‘ਅੰਮ੍ਰਿਤ’ ਦੇ ਨਾਮ ਕੀਤਾ ਗਿਆ ਸੀ। ਮੈਂ ਕਵਿੱਤਰੀ ਕੋਲੋਂ ਮੁਆਫ਼ੀ ਚਾਹੁੰਦਾ ਹਾਂ, ਕਿਤਾਬ ਦੇ ਸੰਦਰਭ ਵਿਚ ਲਿਖਣ ਲਈ ਹੋਈ ਦੇਰੀ ਵਾਸਤੇ, ਮੈਥੋਂ ਇਸ ਗੱਲੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਿਤਾਬ ਮੈਨੂੰ ਬਹੁਤ ਸਮੇਂ ਸਿਰ ਪ੍ਰਾਪਤ ਹੋ ਗਈ ਸੀ।
ਕਿਤਾਬ ਪੜ੍ਹਦਿਆਂ ਮੈਨੂੰ ਸਮਝ ਆਇਆ ਕਿ ਪਾਰਸ ਵਾਂਗੂੰ ਅੰਮ੍ਰਿਤ ਦਾ ਰੁਤਬਾ ਵੀ ਸਰਵ ਉੱਚਤ ਹੈ। ‘ਦਿਲਪ੍ਰੀਤ’ ਦੀ ਅੰਮ੍ਰਿਤ ਤੇ ਪਾਰਸ ਵਰਗੀ ਸੋਚ, ਰਵਾਨੀ ਅਤੇ ਕਾਵਿਕ ਰਸ ਨਾਲ ਲਵਰੇਜ਼ ਹੈ। ਕਵਿੱਤਰੀ ਨੂੰ ਕੁਦਰਤ ਦੀ ਬਖਸ਼ਿਸ਼ ਸਦਕਾ ਆਪਣੇ ਅਨੁਭਵਾਂ ਨੂੰ ਪੇਸ਼ ਕਰਨ ਦਾ ਸੋਹਣਾ ਵੱਲ ਹੈ। ਕਵਿੱਤਰੀ ਆਪਣੇ ਸ਼ਬਦਾਂ ਰਾਹੀਂ ਇੱਕ ਪਾਠਕ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ… ‘ਤੈਨੂੰ ਤੇਰੇ ਅੰਦਰੋਂ ਹੀ ਆਨੰਦ ਦੀ ਪ੍ਰਾਪਤੀ ਹੋਣੀ ਹੈ। ਤੇਰੇ ਅੰਦਰ ਹੀ ਅੰਮ੍ਰਿਤ ਦਾ ਸੋਮਾ ਹੈ, ਤੇਰੇ ਅੰਦਰ ਹੀ ਪਰਮ ਸ਼ਾਂਤੀ ਤੇ ਪਰਮ ਆਨੰਦ ਦਾ ਵਾਸਾ ਹੈ, ਲੱਭਣ ਦਾ ਢੰਗ ਤੈਂਅ ਸਿੱਖਣਾ, ਜਿੱਥੋਂ ਮਰਜ਼ੀ ਸਿੱਖ ਮਿੱਤਰਾ’।
ਕਵਿਤਾਵਾਂ ਚੋਂ ਮੈਨੂੰ ਲੱਗਿਆ ਕਿ ਇੱਕ ਔਰਤ ਦੀਆਂ ਅੱਖਾਂ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ, ਇਹ ਰੰਗਾਂ ਨੂੰ ਪਿਆਰ ਕਰਦੀਆਂ ਨੇ, ਇਨ੍ਹਾਂ ਨੂੰ ਵੇਖਣ ਦੀ, ਹੋਰ ਵੇਖਣ ਦੀ, ਅਗਾਂਹ ਵੱਲ ਵੇਖਣ ਜਿਵੇਂ ਭੁੱਖ ਜਿਹੀ ਲੱਗੀ ਹੁੰਦੀ ਹੈ। ਉਝ ਸਮਾਜ ਦੀ ਹਰ ਰੰਗੀਨੀ ਹੈ ਹੀ ਤਾਂ ਇਨ੍ਹਾਂ ਤਿੱਤਲੀਆਂ ਕਰਕੇ, ਸਭ ਤੋਂ ਸੋਹਣੀ ਗੱਲ ਮੈਨੂੰ ਲੱਗੀ ਕਿ ‘ਔਰਤ ਜੋ ਵੀ ਲਿਖਦੀ ਹੈ ਓਹ ਗ਼ਮ ਵਿਚ ਘੱਟ ਤੇ ਮੁਹੱਬਤ ਵਿਚ ਜ਼ਿਆਦਾ ਲਿਖਦੀ ਹੈ’! ਤਾਂਹੀ ਤਾਂ ਇਨ੍ਹਾਂ ਦੀਆਂ ਝੀਲ ਵਰਗੀਆਂ ਅੱਖਾਂ ਵਿਚ ਗੋਤੇ ਹਰ ਕੋਈ ਮਰਦ ਲਾਉਣਾ ਚਾਹੁੰਦਾ ਹੈ।
ਪਰ ਮਰਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਔਰਤਾਂ ਨੂੰ ਖ਼ਤਰੇ ਮੁੱਲ ਲੈਣ ਵਾਲਾ ਮਰਦ ਸਭ ਤੋਂ ਜਿਆਦਾ ਪਸੰਦ ਹੁੰਦਾ ਹੈ’। ਹਰ ਔਰਤ ਚਾਹੁੰਦੀ ਹੈ ਕਿ ਉਸ ਨੂੰ ਪਾਉਣ ਵਾਲਾ ਮਰਦ ਖ਼ਤਰਿਆਂ ਦਾ ਸਾਹਮਣਾ ਕਰਕੇ ਮੈਨੂੰ ਜਿੱਤੇ, ਔਰਤਾਂ ਦੇ ਜ਼ਖਮ ਵੀ ਵੱਡੇ ਹੁੰਦੇ ਨੇ, ਜਿਗਰੇ ਵੀ ਤੇ ਦਿਲ ਵੀ, ਇਹ ਹਰ ਦਰਦ ਨੂੰ ਬਿਨਾ ਬਿਆਨ ਕਰਿਆ, ਬਿਨਾ ਕੋਈ ਨਸ਼ਾ ਕਰਿਆ ਸਹਿਣ ਵੀ ਸਾਰੀ ਉਮਰ ਕਰ ਜਾਂਦੀਆਂ ਨੇ ਜਿਉਣਯੋਗੀਆਂ!
ਮੈਂ ਲੱਗਦਾ ਹੈ ਜੇਕਰ ਕੋਈ ਪਾਠਕ ਪੜ੍ਹਣਯੋਗ ਸਹਿਤ ਵਿਚ ਦਿਲੋਂ ਰੁਚੀ ਰੱਖਦਾ ਹੈ ਤਾਂ ਇਹ ਕਿਤਾਬ ‘ਅੰਮ੍ਰਿਤ ਵਰਗੀ ਕੁੜੀ’ ਕਾਵਿ ਸੰਗ੍ਰਹਿ ਸੱਚਮੁੱਚ ਸਾਡੇ ਪਰਿਵਾਰਕ, ਸਮਾਜਿਕ ਅਤੇ ਰਿਸ਼ਤਿਆਂ ਵਿਚਲੇ ਉਲਝੇ ਹੋਏ ਤਾਣੇ ਬਾਣੇ ਵਿਚ ਅਨੇਕਾਂ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣੇਗੀ।
ਭਾਵੇਂ ਦੇਰ ਨਾਲ ਹੀ ਸਹੀ ਪਰ ਮੈਨੂੰ ਵੀ ਹੁਣ ਸਮਝ ਆਇਆ ਹੈ ਕਿ… ‘ਮੇਰੀ ਅੰਮ੍ਰਿਤ ਵੀ ਬਹੁਤ ਸੁਘੜ ਸਿਆਣੀ, ਨਿਮਰਤਾ ਦੀ ਪੁੰਜ ਅਤੇ ਸੁਲਝੀ ਹੋਈ ਔਰਤ ਹੈ। ਕਿਉਂਕਿ ਇਸ ਨੇ ਛੋਟੀ ਉਮਰ ਤੋਂ ਹੀ ਵੱਡੀਆਂ ਜ਼ਿੰਮੇਵਾਰੀਆਂ ਚੁਕੀਆਂ ਹੋਈਆਂ ਹਨ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly