(ਸਮਾਜ ਵੀਕਲੀ)
ਪਰਮ ਦੋ ਪੁੱਤਾਂ ਦੀ ਮਾਂ ਸੀ ।ਉਸ ਦੇ ਵੱਡੇ ਮੁੰਡੇ ਦਾ ਨਾਂ ਸੁੱਖ ਸੀ ਤੇ ਛੋਟੇ ਦਾ ਨਾਂ ਛਿੰਦਾ। ਸੁੱਖ ਦਾ ਜਿਸ ਦਿਨ ਵੀਜ਼ਾ ਲੱਗ ਕੇ ਆਇਆ ਸੀ ਉਸ ਦਿਨ ਹੀ ਪਰਮ ਦੇ ਪਤੀ ਹਰਬੰਸ ਨੂੰ ਸ਼ਾਮ ਨੂੰ ਅਚਾਨਕ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਸੀ। ਉਹ ਰੋਂਦੀ ਹੋਈ ਕਹਿ ਰਹੀ ਸੀ ,”ਤੇਰੀ…. ਸਾਰੀ ਉਮਰ ਕਮਾਈਆਂ ਕਰਦੇ ਦੀ ਲੰਘ ਗਈ ਸੀ…..ਹੁਣ …..ਮੁੰਡੇ ਦੀ ਕਮਾਈ ਦਾ ਸੁਖ ਦੇਖਣ ਦਾ ਮੌਕਾ ਆਇਆ ਤਾਂ ਰੱਬ ਨੇ ਤੈਨੂੰ ਔਲਾਦ ਦੀ ਕਮਾਈ ਦਾ ਸੁਖ ਵੀ ਨਾ ਦੇਖਣ ਦਿੱਤਾ।” ਉਂਝ ਤਾਂ ਸਭ ਕੁਝ ਪਰਮਾਤਮਾ ਦੀ ਰਜ਼ਾ ਵਿੱਚ ਹੀ ਹੋਣਾ ਹੁੰਦਾ ਹੈ ਪਰ ਇਨਸਾਨ ਦੀਆਂ ਇੱਛਾਵਾਂ ਵੀ ਤਾਂ ਨਹੀਂ ਮਰਦੀਆਂ।
ਮਹੀਨਾ ਕੁ ਮਗਰੋਂ ਸੁੱਖ ਵਿਦੇਸ਼ ਨੂੰ ਚਲਿਆ ਗਿਆ। ਪਿੱਛੇ ਰਹਿ ਗਏ ਮਾਂ ਤੇ ਛੋਟਾ ਮੁੰਡਾ ਛਿੰਦਾ। ਮਾਂ ਅਤੇ ਰਿਸ਼ਤੇਦਾਰਾਂ ਨੇ ਬਥੇਰਾ ਜ਼ੋਰ ਲਾਇਆ ਕਿ ਆਪਣੇ ਪਿਤਾ ਦੀ ਦੁਕਾਨ ਤੇ ਬਹਿ ਕੇ ਮਾੜੀ ਮੋਟੀ ਖੱਟੀ ਕਮਾਈ ਕਰੀ ਜਾਵੇ ਨਾਲ਼ ਹੀ ਉਸ ਦਾ ਸਮਾਂ ਵੀ ਵਧੀਆ ਲੰਘੇਗਾ। ਪਰ ਉਹ ਕਿੱਥੇ ਸੁਣਦਾ, ਜਿਸ ਨੂੰ ਵਿਹਲੇ ਬੈਠ ਕੇ ਖਾਣ ਦੀ ਆਦਤ ਪੈ ਗਈ ਹੋਵੇ ਤੇ ਨਾਲ਼ ਹੀ ਨਸ਼ਿਆਂ ਦੀ ਦਲਦਲ ਵਿੱਚ ਫ਼ਸਿਆ ਹੋਵੇ। ਉਂਝ ਤਾਂ ਹੁਣ ਸੁੱਖ ਨੇ ਜਾ ਕੇ ਘਰ ਦੇ ਸਾਰੇ ਖਰਚੇ ਦੀ ਜ਼ਿੰਮੇਵਾਰੀ ਚੁੱਕ ਲਈ ਸੀ। ਮਾਂ ਕੋਲ ਕਿਸੇ ਰਿਸ਼ਤੇਦਾਰ ਨੇ ਮਿਲ਼ਣ ਆਉਣਾ ਤਾਂ ਛਿੰਦੇ ਦੇ ਫ਼ਿਕਰ ਕਾਰਨ ਗੱਲਾਂ ਕਰਦੇ ਹੋਏ ਉਸ ਦੀ ਰੋਂਦੀ ਦੀ ਅੱਖ ਨਾ ਸੁੱਕਣੀ ।
ਰਿਸ਼ਤੇਦਾਰਾਂ ਨੇ ਵੀ ਸੋਚਣਾ ਕਿ ਉਹ ਤਾਂ ਹਰ ਵੇਲੇ ਹਸੂੰ ਹਸੂੰ ਕਰਨ ਵਾਲੀ ਔਰਤ ਸੀ,ਉਸ ਨੂੰ ਇਹ ਕੀ ਹੋ ਗਿਆ ਸੀ? ਇਹ ਤਾਂ ਹਰ ਉਸ ਮਾਂ ਦੇ ਲਈ ਸੁਭਾਵਿਕ ਹੀ ਹੈ ਜਿਸ ਦਾ ਪੁੱਤ ਭਰ ਜਵਾਨੀ ਵਿੱਚ ਸਾਰਾ ਦਿਨ ਦੁਨੀਆਂ ਨਾਲ਼ੋਂ ਕੱਟਿਆ ਹੋਇਆ ਬੰਦ ਕਮਰੇ ਵਿੱਚ ਸੁੱਤਾ ਪਿਆ ਰਹੇ ਤੇ ਸ਼ਾਮ ਹੁੰਦੇ ਹੀ ਹਥੇਲੀ ਕੱਢ ਕੇ ਮਾਂ ਤੋਂ ਇੱਕ ਸੌ ਦਾ ਨੋਟ ਨਸ਼ੇ ਦਾ ਟੀਕਾ ਲਾਉਣ ਲਈ ਲਵੇ ਤੇ ਮੋਟਰਸਾਈਕਲ ਚੁੱਕ ਕੇ ਹਨੇਰਿਆਂ ਵਿੱਚ ਘੁੰਮਣ ਲਈ ਨਿਕਲ ਤੁਰੇ।
ਕੁਝ ਸਮੇਂ ਬਾਅਦ ਪਰਮ ਨੇ ਸੁੱਖ ਨੂੰ ਕੁਝ ਦਿਨਾਂ ਲਈ ਬਾਹਰੋਂ ਬੁਲਾ ਲਿਆ ਤੇ ਉਸ ਦਾ ਵਿਆਹ ਕਰ ਦਿੱਤਾ ਕਿਉਂਕਿ ਉਸ ਦੀ ਭਰਜਾਈ ਨੇ ਆਪਣੀ ਭਤੀਜੀ ਦਾ ਰਿਸ਼ਤਾ ਲਿਆਂਦਾ ਸੀ ਜਿਸ ਨੂੰ ਪਰਮ ਹੱਥੋਂ ਨਹੀਂ ਕੱਢਣਾ ਚਾਹੁੰਦੀ ਸੀ। ਮੁੰਡਾ ਵਿਆਹ ਕਰਵਾ ਕੇ ਵਾਪਸ ਬਾਹਰ ਚਲਿਆ ਗਿਆ। ਕੁਝ ਮਹੀਨਿਆਂ ਬਾਅਦ ਵਹੁਟੀ ਵੀ ਉਸ ਕੋਲ ਚਲੀ ਗਈ। ਸੁੱਖ ਨੂੰ ਪਿੱਛੇ ਮਾਂ ਦਾ ਬਹੁਤ ਫ਼ਿਕਰ ਰਹਿੰਦਾ ਸੀ ਇਸ ਲਈ ਉਸ ਨੇ ਮਾਂ ਦੇ ਕਾਗਜ਼ ਵੀ ਭਰ ਦਿੱਤੇ, ਮਾਂ ਦਾ ਵੀਜ਼ਾ ਲੱਗ ਕੇ ਆ ਗਿਆ।ਪਰ ਪਰਮ ਨੂੰ ਤਾਂ ਆਪਣੇ ਛੋਟੇ ਮੁੰਡੇ ਦੀ ਚਿੰਤਾ ਵੱਢ ਵੱਢ ਖਾਂਦੀ ਸੀ। ਉਸ ਨੇ ਛਿੰਦੇ ਨੂੰ ਇਕੱਲਾ ਨਾ ਛੱਡ ਕੇ ਜਾਣ ਦੀ ਜ਼ਿੱਦ ਕੀਤੀ ਤੇ ਉਹ ਬਾਹਰ ਨਾ ਗਈ। ਅਕਸਰ ਨੂੰ ਮਾਂ ਤਾਂ ਮਾਂ ਹੀ ਹੁੰਦੀ ਹੈ। ਫਿਰ ਵੱਡੇ ਮੁੰਡੇ ਨੇ ਆਪਣੇ ਚਾਚਿਆਂ ਨੂੰ ਕਹਿਕੇ ਪਹਿਲਾਂ ਛਿੰਦੇ ਨੂੰ ਨਸ਼ਾ ਛੁਡਾਊ ਕੇਂਦਰ ਦਾਖ਼ਲ ਕਰਵਾਇਆ ਤੇ ਸਾਲ ਭਰ ਉੱਥੇ ਛੱਡ ਕੇ ਨਸ਼ਾ ਛੁਡਵਾ ਕੇ ਫਿਰ ਮਾਂ ਦੇ ਨਾਲ ਉਸ ਦੇ ਕਾਗਜ਼ ਭਰੇ ਤਾਂ ਪਰਮਾਤਮਾ ਨੇ ਸੁਣ ਲਈ ਤੇ ਮਾਂ ਪੁੱਤ ਵੀ ਪੱਕੇ ਹੀ ਸੁੱਖ ਕੋਲ ਚਲੇ ਗਏ।
ਸੁੱਖ ਦੀ ਵਹੁਟੀ ਨੇ ਤਾਂ ਸੱਸ ਨੂੰ ਪਹਿਲਾਂ ਹੀ ਟੈਲੀਫੋਨ ਤੇ ਕਹਿ ਦਿੱਤਾ ਸੀ,” ਮੰਮੀ ਜੀ ,ਇੱਥੇ ਤਾਂ ਇੱਕ ਮਿੰਟ ਨੀ ਕੋਈ ਵਿਹਲਾ ਬੈਠਦਾ… ਆਪਣਾ ਮਨ ਬਣਾ ਕੇ ਆਇਓ …. ਆਉੰਦੇ ਈ ਤੁਹਾਨੂੰ ਕੰਮ ਤੇ ਲੱਗਣਾ ਪਏਗਾ।” ਉਹੀ ਗੱਲ ਹੋਈ, ਸੁੱਖ ਦੀ ਵਹੁਟੀ ਨੇ ਸੁੱਖ ਨੂੰ ਕਹਿ ਕੇ ਉਸ ਦੇ ਇੱਕ ਦੋਸਤ ਕੋਲ਼ ਛਿੰਦੇ ਨੂੰ ਦੂਜੇ ਸ਼ਹਿਰ ਕੰਮ ਲੱਭ ਕੇ ਉੱਥੇ ਭੇਜ ਦਿੱਤਾ ਤੇ ਮਾਂ ਨੂੰ ਵੀ ਕੰਮ ਲੱਭ ਦਿੱਤਾ ਨਾਲ਼ ਹੀ ਸੁੱਖ ਨੇ ਆਪਣੀ ਵਹੁਟੀ ਰਮਨ ਦੀ ਹਾਮੀ ਭਰਦਿਆਂ ਮਾਂ ਨੂੰ ਕਹਿ ਦਿੱਤਾ,” ਬੀਬੀ…. ਤੂੰ ਕੰਮ ਕਰਦੀ ਰਹੇਂਗੀ ਤਾਂ ਠੀਕ ਰਹੇਂਗੀ …. ਵਿਹਲੇ ਬੈਠਿਆਂ ਨੂੰ ਤਾਂ ਛੱਤੀ ਰੋਗ ਲੱਗਦੇ ਨੇ…. ।” ਪਰਮ ਕੀ ਕਹਿੰਦੀ… ਬੁਢਾਪੇ ਵਿੱਚ ਬੱਚਿਆਂ ਨਾਲ ਜ਼ੁਬਾਨ ਲੜਾਇਆਂ ਬਦਨਾਮੀ ਈ ਹੁੰਦੀ ਹੈ। ਸਵੇਰੇ ਕੰਮ ਤੇ ਜਾਂਦੀ ਤੇ ਸ਼ਾਮ ਨੂੰ ਘਰ ਆਉਂਦੀ। ਸੁੱਖ ਦੀ ਵਹੁਟੀ ਨੇ ਕਦੇ ਉਸ ਨੂੰ ਰਸੋਈ ਵਿੱਚ ਕੰਮ ਲਾ ਦੇਣਾ ਨਹੀਂ ਤਾਂ ਆਪਣਾ ਮੁੰਡਾ ਸਾਂਭਣ ਨੂੰ ਕਹਿ ਦੇਣਾ। ਦੋ ਘੜੀਆਂ ਅਰਾਮ ਕਰਨ ਦੀ ਵਿਹਲ ਵੀ ਨਾ ਮਿਲਦੀ।
ਕੁਝ ਸਾਲਾਂ ਬਾਅਦ ਪਰਮ ਇੰਡੀਆ ਆਈ ਤਾਂ ਸਾਰੇ ਸ਼ਰੀਕੇ ਦੀਆਂ ਦਰਾਣੀਆਂ ਜਠਾਣੀਆਂ ਨੂੰ ਉਸ ਦੀ ਪਛਾਣ ਈ ਨਾ ਆਈ। ਕਈ ਤਾਂ ਪੁੱਛਣ,” ਪਰਮ…..ਅੜੀਏ! ਤੈਨੂੰ ਬਾਹਰ ਜਾ ਕੇ ਕੀ ਹੋ ਗਿਆ….? ਲੋਕ ਤਾਂ ਰਾਜ਼ੀ ਹੋ ਕੇ ਆਉਂਦੇ ਹੁੰਦੇ ਨੇ….. ਤੂੰ ਜਮਾਂ ਈ ਅੱਧੀ ਰਹਿ ਗਈ।” ਪਰਮ ਨੇ ਹੱਸ ਕੇ ਟਾਲ ਦਿੱਤਾ ਪਰ ਮਨ ਵਿੱਚ ਹਉਕਾ ਲੈ ਸੋਚਦੀ ਹੈ,” ਜਿਹੜੀਆਂ ਐਸ਼ਾਂ ਕਰਨੀਆਂ ਸੀ…. ਉਹ ਕਰ ਲਈਆਂ ਆਦਮੀ ਦੇ ਸਿਰ ਤੇ….!” ਉਸ ਨੇ ਕਿਸੇ ਨੂੰ ਭਾਫ ਤੱਕ ਨਹੀਂ ਲੱਗਣ ਦਿੱਤੀ ਕਿ ਉਸ ਨੂੰ ਉੱਥੇ ਟੁੱਟ ਟੁੱਟ ਕੇ ਮਰਨਾ ਪੈਂਦਾ ਹੈ।
ਸੁੱਖ ਦੀ ਵਹੁਟੀ ਰਮਨ ਨੇ ਪਹਿਲਾਂ ਬੱਚੇ ਛੋਟੇ ਹੋਣ ਕਰਕੇ ਤੇ ਫੇਰ ਬੱਚਿਆਂ ਦੀਆਂ ਹੋਰ ਜ਼ਿੰਮੇਵਾਰੀਆਂ ਸਾਂਭਣ ਕਰਕੇ ਸਾਰੀ ਉਮਰ ਨੌਕਰੀ ਨਹੀਂ ਕੀਤੀ ਸੀ ਪਰ ਪਰਮ ਨੂੰ ਜਿੰਨਾ ਚਿਰ ਤੱਕ ਸਰਕਾਰੀ ਪੈਨਸ਼ਨ ਨਹੀਂ ਲੱਗੀ, ਉਨ੍ਹਾਂ ਚਿਰ ਉਸ ਤੋਂ ਕੰਮ ਕਰਵਾਉਂਦੀ ਰਹੀ ਸੀ। ਸੁੱਖ ਨਾਲ ਹੁਣ ਤਾਂ ਪਰਮ ਦਾ ਪੋਤਾ ਵੀ ਵਿਆਹੁਣ ਜੋਗਾ ਹੋ ਗਿਆ। ਸੁੱਖ ਦੀ ਵਹੁਟੀ ਨੇ ਆਪਣੇ ਪੇਕਿਆਂ ਵਿੱਚੋਂ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਆਪਣੇ ਮੁੰਡੇ ਲਈ ਰਿਸ਼ਤਾ ਪੱਕਾ ਕਰ ਲਿਆ। ਉਹ ਰਿਸ਼ਤੇਦਾਰ ਵੀ ਉੱਥੇ ਹੀ ਰਹਿੰਦੇ ਸਨ। ਸੁੱਖ ਦੇ ਮੁੰਡੇ ਦਾ ਵਿਆਹ ਹੋ ਗਿਆ । ਕੁਛ ਦਿਨਾਂ ਬਾਅਦ ਹੀ ਨਵੀਂ ਵਹੁਟੀ ਬੇਬੀ ਆਖਣ ਲੱਗੀ,” ਮੰਮਾ….. ਤੁਸੀਂ ਜੌਬ ਤੇ ਕਿਉਂ ਨਹੀਂ ਜਾਂਦੇ…..?
ਸਾਰਾ ਦਿਨ ਵਿਹਲੇ ਬੈਠੇ ਬੋਰ ਨਹੀਂ ਹੁੰਦੇ? ਚਲੋ ਮੰਨਿਆ ਦਾਦੀ ਜੀ ਜ਼ਿਆਦਾ ਏਜ ਦੇ ਨੇ…. ਬਟ ਤੁਸੀਂ ਤੇ ਚੰਗੇ ਭਲੇ ਓ….ਮੇਰੇ ਮੌਮ ਸਟਿਲ ਬਿਜੀ ਰਹਿੰਦੇ ਨੇ…..ਪਤਾ ਉਹਨਾਂ ਦੇ ਘਰ ਦੀ ਕਿਸ਼ਤ ਤੇ ਮੌਮ ਦਾ ਆਪਣਾ ਸਾਰਾ ਖ਼ਰਚਾ ਨਿਕਲ਼ ਆਉਂਦਾ ਹੈ…!” ਇਹ ਸੁਣ ਕੇ ਰਮਨ ਤੌਰ ਭੌਰ ਜਿਹੀ ਹੋ ਕੇ ਸੁੱਖ ਅਤੇ ਆਪਣੇ ਪੁੱਤ ਵੱਲ ਨੂੰ ਵੇਖਦੀ ਹੈ… ਸੁੱਖ ਆਖਦਾ ਹੈ,”ਬੇਬੀ …. ਠੀਕ ਈ ਤਾਂ ਕਹਿੰਦੀ ਹੈ….. ਐਨੇ ਕ ਤਾਂ ਬੰਦੇ ਨੂੰ ਹੱਡ ਪੈਰ ਹਿਲਾਉਣੇ ਚਾਹੀਦੇ ਨੇ….. ਵਿਹਲੇ ਬੈਠਿਆਂ ਨੂੰ ਤਾਂ ਛੱਤੀ ਰੋਗ ਲੱਗਦੇ ਨੇ….!”
ਵਕਤ ਦਾ ਪਹੀਆ ਘੁੰਮ ਕੇ ਆਪਣੇ ਵੱਲ ਆਉਂਦਾ ਦੇਖ ਕੇ ਉਸ ਨੂੰ ਕੁਦਰਤ ਦੀ ਖੇਡ ਸਮਝ ਆ ਗਈ ਸੀ ਕਿ ਜੋ ਅਸੀਂ ਆਪਣੇ ਵੱਡਿਆਂ ਨਾਲ ਕਰਦੇ ਹਾਂ ਇੱਕ ਦਿਨ ਘੁੰਮ ਕੇ ਆਪਣੇ ਵੱਲ ਵੀ ਆਉਂਦਾ ਹੈ ਕਿਉਂਕਿ ਏਹੋ ਕੁਦਰਤ ਦਾ ਅਸੂਲ ਹੈ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly