(ਸਮਾਜ ਵੀਕਲੀ)
ਕਰਮਜੀਤ ਦੀ ਮੰਮੀ ਦੀ ਮੌਤ ਹੋਈ ਨੂੰ ਇੱਕ ਸਾਲ ਹੋ ਚੱਲਿਆ ਸੀ। ਮੰਮੀ ਦੀ ਮੌਤ ਤੋਂ ਬਾਅਦ ਉਹ ਇੱਕ ਵਾਰ ਵੀ ਪੇਕੇ ਨਹੀਂ ਗਈ ਸੀ। ਫੋਨ ਕਰਕੇ ਹੀ ਭਰਾ-ਭਰਜਾਈ ਦਾ ਹਾਲ-ਚਾਲ ਪੁੱਛਦੀ ਰਹਿੰਦੀ ਸੀ। ਉਸ ਨੂੰ ਭਰਾ-ਭਰਜਾਈ ਦਾ ਵੀ ਕਦੇ, ਕਦੇ ਫੋਨ ਆ ਜਾਂਦਾ ਸੀ। ਅੱਜ ਉਸ ਦਾ ਦਿਲ ਕੀਤਾ ਕਿ ਉਹ ਭਰਾ-ਭਰਜਾਈ ਨੂੰ ਮਿਲ ਕੇ ਆਵੇ। ਉਸ ਨੇ ਆਪਣੀ ਐਕਟਿਵਾ ਸਕੂਟਰੀ ਸਟਾਰਟ ਕੀਤੀ ਤੇ ਪੇਕੇ ਘਰ ਨੂੰ ਤੁਰ ਪਈ।ਉਹ ਚਾਲੀ ਕੁ ਮਿੰਟਾਂ ਵਿੱਚ ਪੇਕੇ ਘਰ ਪਹੁੰਚ ਗਈ।ਉਸ ਦੇ ਭਰਾ-ਭਰਜਾਈ ਘਰ ਹੀ ਸਨ। ਉਹ ਦੋਵੇਂ ਉਸ ਨੂੰ ਵੇਖ ਕੇ ਖੜ੍ਹ ਗਏ ਤੇ ਉਸ ਨੂੰ ਗਲ਼ ਲੱਗ ਕੇ ਮਿਲੇ।
“ਮੈਂ ਤੇ ਤੇਰਾ ਭਾਅ ਜੀ ਤੈਨੂੰ ਬਹੁਤ ਮਿੱਸ ਕਰਦੇ ਸੀ। ਬੱਸ ਕੰਮਾਂ-ਕਾਰਾਂ ਤੋਂ ਵਿਹਲ ਨ੍ਹੀ ਮਿਲਦਾ। ਆ ਬੈਠ ਸੋਫੇ ਤੇ। ਮੈਂ ਚਾਹ-ਪਾਣੀ ਲੈ ਕੇ ਆਵਾਂ।”ਕਰਮਜੀਤ ਦੀ ਭਰਜਾਈ ਨੇ ਆਖਿਆ।
ਕਰਮਜੀਤ ਸੋਫੇ ਤੇ ਬੈਠ ਗਈ। ਕੁੱਝ ਮਿੰਟਾਂ ਪਿੱਛੋਂ ਉਸ ਦੀ ਭਰਜਾਈ ਚਾਹ-ਪਾਣੀ ਲੈ ਕੇ ਆ ਗਈ। ਤਿੰਨਾਂ ਨੇ ਬੈਠ ਕੇ ਚਾਹ- ਪਾਣੀ ਪੀਤਾ ਤੇ ਢੇਰ ਸਾਰੀਆਂ ਗੱਲਾਂ ਕੀਤੀਆਂ। ਕਰਮਜੀਤ ਨੂੰ ਕਈ ਜ਼ਨਾਨੀਆਂ ਨੇ ਦੱਸਿਆ ਸੀ ਕਿ ਮਾਵਾਂ ਤੋਂ ਬਾਅਦ ਪੇਕੇ ਘਰ ਕੁੜੀਆਂ ਨੂੰ ਕੋਈ ਨ੍ਹੀ ਪੁੱਛਦਾ। ਭਰਾ-ਭਰਜਾਈ ਨਿਰਮੋਹੇ ਹੋ ਜਾਂਦੇ ਆ। ਕੁੜੀਆਂ ਦੀ ਪੇਕੇ ਘਰ ਪਹਿਲੇ ਜਿੰਨੀ ਕਦਰ ਨ੍ਹੀ ਹੁੰਦੀ। ਪਰ ਅੱਜ ਉਸ ਦੇ ਭਰਾ-ਭਰਜਾਈ ਨੇ ਇਹ ਗੱਲਾਂ ਝੂਠੀਆਂ ਸਾਬਤ ਕਰ ਦਿੱਤੀਆਂ। ਦੋ -ਤਿੰਨ ਘੰਟਿਆਂ ਪਿੱਛੋਂ ਜਦ ਉਹ ਵਾਪਸ ਆਣ ਲਈ ਉੱਠ ਕੇ ਖੜ੍ਹੀ ਹੋਈ,ਤਾਂ ਉਸ ਦੀ ਭਰਜਾਈ ਨੇ ਪੰਜ ਸੌ ਦਾ ਨੋਟ ਫੜਾਂਦਿਆਂ ਆਖਿਆ,”ਦੀਦੀ ਛੇਤੀ, ਛੇਤੀ ਆ ਜਾਇਆ ਕਰ। ਸਾਨੂੰ ਇੱਥੇ ਮਿਲਣ ਨੂੰ ਕਿਹੜਾ ਹੋਰ ਕੋਈ ਆ।”
“ਭਾਬੀ ਮੈਨੂੰ ਪੈਸੇ ਨ੍ਹੀ ਚਾਹੀਦੇ। ਬੱਸ ਮੈਂ ਇਹੋ ਚਾਹੰਨੀ ਆਂ ਕਿ ਤੁਸੀਂ ਕਦੇ ਵੀ ਨਿਰਮੋਹੇ ਨਾ ਬਣਿਉਂ। ਜਿੱਦਾਂ ਅੱਜ ਤੁਸੀਂ ਮੋਹ ਨਾਲ ਮਿਲੇ ਹੋ, ਸਦਾ ਏਦਾਂ ਹੀ ਮਿਲਦੇ ਰਹਿਣਾ।”
ਏਨਾ ਕਹਿ ਕੇ ਉਸ ਨੇ ਭਰਾ-ਭਰਜਾਈ ਤੋਂ ਜਾਣ ਦੀ ਆਗਿਆ ਲਈ ਤੇ ਸਕੂਟਰੀ ਸਟਾਰਟ ਕਰਕੇ ਆਪਣੇ ਪੇਕੇ ਘਰ ਤੋਂ ਤੁਰ ਪਈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ, ਚੈਨਲਾਂ ਵਾਲੀ ਕੋਠੀ,
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly