ਫੁੱਲ ਤੇ ਖੁਸ਼ਬੋ ਦੇ ਸੁਮੇਲ ਵਰਗਾ ਹੁੰਦੈ ਭੈਣ ਭਰਾ ਦਾ ਰਿਸ਼ਤਾ-

ਰਾਜਿੰਦਰ ਰਾਣੀ

(ਸਮਾਜ ਵੀਕਲੀ)

ਅੱਜ ਦੇ ਦਿਖਾਵੇ ਦੇ ਯੁੱਗ ਵਿੱਚ ਰਿਸ਼ਤਿਆਂ ਦੀ ਨੁਹਾਰ ਵੀ ਫਿੱਕੀ ਪੈ ਰਹੀ ਹੈ। ਹੁਣ ਸਾਕ-ਸਕੀਰੀਆਂ ਵਿੱਚ ਪਹਿਲਾਂ ਵਰਗਾ ਨਿੱਘ ਨਹੀਂ ਦੇਖਣ ਨੂੰ ਮਿਲਦਾ। ਸਭ ਤੋਂ ਨੇੜਲੇ ਤੇ ਖ਼ੂਨ ਦੇ ਰਿਸ਼ਤਿਆਂ ਵਿੱਚ ਵੀ ਸੁਆਰਥ ਨੇ ਤਰੇੜਾਂ ਪਾ ਦਿੱਤੀਆਂ ਹਨ, ਪਰ ਕੁਝ ਰਿਸ਼ਤੇ-ਨਾਤੇ ਤੇ ਸਬੰਧ ਸਾਡੇ ਸਭਿਆਚਾਰ ਵਿੱਚੋਂ ਖਤਮ ਨਹੀਂ ਹੋ ਸਕਦੇ। ਉਨ੍ਹਾਂ ਵਿੱਚੋਂ ਇੱਕ ਰਿਸ਼ਤਾ ਹੈ ਭੈਣ-ਭਰਾ ਦਾ ਰਿਸ਼ਤਾ।

ਫੁੱਲ ਤੇ ਖੁਸ਼ਬੋ ਦੇ ਸੁਮੇਲ ਵਰਗਾ ਹੁੰਦੈ,,,, ਭੈਣ -ਭਰਾ ਦਾ ਰਿਸ਼ਤਾ,,, ਦੋਵੇਂ ਇੱਕ ਦੂਜੇ ਦੇ ਪੂਰਕ,,,, ਇੱਕ ਦੇ ਬਿਨਾਂ ਦੂਸਰਾ ਅਧੂਰਾ,,, ਉੱਕਾ ਹੀ ਅਧੂਰਾ। ਸਮਾਜਿਕ ਤਾਣੇ ਬਾਣੇ ਵਿੱਚ ਇਸ ਰਿਸ਼ਤੇ ਦੀਆਂ ਤੰਦਾਂ ਸੂਤ ਦੇ ਧਾਗੇ ਜਿੰਨੀਆਂ ਪਵਿੱਤਰ ,ਰੇਸ਼ਮ ਵਰਗੀਆਂ ਕੋਮਲ ਹੁੰਦੀਆਂ ,,,, ਇਸ ਰਿਸ਼ਤੇ ਦੀਆਂ ਤੰਦਾਂ ਭਾਵੇਂ ਸਮਾਜਿਕ ਵਰਤਾਰੇ ਵਿੱਚ ਸਭ ਤੋਂ ਪਹਿਲਾਂ ਰੋਸਿਆਂ, ਗਿਲੇ-ਸ਼ਿਕਵਿਆਂ ਵਿੱਚ ਉਲਝਦੀਆਂ ਨੇ ਪਰ ਖੂਬੀ ਇਹ ਕਿ ਕਦੇ ਦੂਸਰੇ ਰਿਸ਼ਤਿਆਂ ਵਾਂਗ ਟੁੱਟਦੀਆਂ ਨਹੀਂ ਤੇ ਨਾ ਹੀ ਜ਼ਿੰਦਗੀ ਦੀ ਖਟਾਠ-ਮਿਠਾਸ ਦੇ ਕਾਰਨ ਆਈਆਂ ਤੇੜਾਂ ਨੂੰ ਗੰਢ ਮਾਰਨ ਦੀ ਲੋੜ ਪੈਂਦੀ ਹੈ,,,, ਇਹ ਤੰਦਾਂ ਤਾਂ ਸਮਾਂ ਪਾ ਕੇ ਆਪਣੇ ਆਪ ਇੱਕ ਮਿੱਕ ਹੋ ਜਾਂਦੀਆਂ ਨੇ ।

ਭਰਾ, ਭਾਵੇਂ ਛੋਟੇ ਹੋਣ ਜਾਂ ਵੱਡੇ, ਹਮੇਸ਼ਾਂ ਭੈਣ ਦੀ ਹਮਾਇਤ ਕਰਦੇ ਹਨ। ਵੀਰ, ਭੈਣ ਦੇ ਸੁਪਨਿਆਂ ਦਾ ਰਾਜਕੁਮਾਰ ਲੱਭਦਾ ਹੈ ਭੈਣ-ਭਰਾਵਾਂ ਦੇ ਵਿਆਹੇ ਜਾਣ ਤੋਂ ਬਾਅਦ ਉਨ੍ਹਾਂ ਦਾ ਨਿੱਘਾ ਰਿਸ਼ਤਾ ‘ਸਾਕ’ ਵਿੱਚ ਵਟ ਜਾਂਦਾ ਹੈ। ਸਹੁਰੇ ਘਰ ਬੈਠੀ ਭੈਣ ਵੀਰ ਨੂੰ ਉਡੀਕਦੀ ਹੈ। ਚਾਚੇ, ਤਾਏ, ਮਾਮੇ ਭੂਆ ਦੇ ਮੁੰਡਿਆਂ ਤੋਂ ਉਹ ਮਿਲਣ ਆਉਣ ਦੀ ਉਮੀਦ ਨਹੀਂ ਰੱਖਦੀ। ਸ਼ਾਇਦ ਇਸੇ ਲਈ ਕਹਿੰਦੀ ਹੈ: ਨੀ ਪੁੱਤ ਭੂਆ ਦਾ, ਕੋਲੋਂ ਦੀ ਲੰਘ ਗਿਆ। ਜੇ ਵੀਰ ਹੁੰਦਾ ਆਪਣਾ, ਕੋਈ ਨਦੀਆਂ ਚੀਰ ਮਿਲਦਾ… ਵਿਆਹੇ ਜਾਣ ਬਾਅਦ ਵੀਰ ਦੀਆਂ ਵਧਦੀਆਂ ਜ਼ਿੰਮੇਵਾਰੀਆਂ ਤੇ ਕਬੀਲਦਾਰੀ ਪਹਿਲਾਂ ਜਿਹਾ ਪਿਆਰ ਤੇ ਨਿੱਘ ਨਹੀਂ ਰਹਿਣ ਦਿੰਦੀ। ਇਸੇ ਕਰਕੇ ਸਿਆਣੇ ਕਹਿੰਦੇ ਹਨ ‘‘ਧੀ ਜੰਮੀ, ਭੈਣ ਵਿੱਸਰੀ, ਭੂਆ ਕੀਹਦੇ ਚਿੱਤ…।’’

ਵੀਰ ਨੂੰ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਾ ਪੈਂਦਾ ਹੈ। ਪਹਿਲਾਂ-ਪਹਿਲ ਤੀਜ ਤਿਉਹਾਰਾਂ ’ਤੇ ਭਰਾ-ਭਰਜਾਈ ਭੈਣ ਦੇ ਘਰ ਗੇੜਾ ਮਾਰਦੇ ਹਨ। ਫੇਰ ਹੌਲੀ-ਹੌਲੀ ਮਿਲਵਰਤਣ ਘਟਦਾ ਜਾਂਦਾ ਹੈ। ਵਧ ਰਹੀ ਮਹਿੰਗਾਈ, ਦਿਖਾਵੇ ਦੀ ਪ੍ਰਵਿਰਤੀ ਕਦੀ-ਕਦੀ ਭੈਣ ਦਾ ਲਾਲਚੀ ਸੁਭਾਅ ਤੇ ਕਦੀ ਕਦੀ ਭਰਜਾਈ ਦਾ ਕਲੂੰਜੜਾਪਣ ਵੀ ਭੈਣ-ਭਰਾ ਦੀ ਦੂਰੀ ਦਾ ਕਾਰਨ ਬਣਦੇ ਹਨ। ਜਦੋਂ ਭੈਣ ਤੇ ਭਰਾ ਦਾ ਰਿਸ਼ਤਾ ਪੂਰੀ ਤਰ੍ਹਾਂ ਸਾਕ ਵਿੱਚ ਬਦਲ ਜਾਂਦਾ ਹੈ ਤਾਂ ਵੀ ਲੋੜ ਵੇਲੇ ਉਹ ਇੱਕ ਦੂਜੇ ਦੇ ਨਾਲ ਖੜ੍ਹਨ ਦੀ ਕੋਸ਼ਿਸ਼ ਕਰਦੇ ਹਨ।

ਭੂਆ ਆਪਣੇ ਭਤੀਜੇ-ਭਤੀਜੀਆਂ ਅਤੇ ਮਾਸੀ ਆਪਣੇ ਭਾਣਜੇ-ਭਾਣਜੀਆਂ ਨੂੰ ਆਪਣੇ ਘਰ ਸ਼ਹਿਰ ’ਚ ਰੱਖ ਕੇ ਪੜ੍ਹਾਉਣ ਵਿੱਚ ਯੋਗਦਾਨ ਪਾਉਂਦੀ ਹੈ। ਬਹੁਤੀ ਵਾਰ ਮਾਮੇ ਵੀ ਭਾਣਜੇ-ਭਾਣਜੀਆਂ ਨੂੰ ਉੱਚ ਵਿੱਦਿਆ ਦਿਵਾਉਣ ਵਿੱਚ ਮਦਦਗਾਰ ਹੁੰਦੇ ਹਨ।

ਰਾਜਿੰਦਰ ਰਾਣੀ

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia, US to form monitoring group to review trade cooperation
Next articleਹੈਦਰਾਬਾਦ ਡਾਇਰੀ।