(ਸਮਾਜ ਵੀਕਲੀ)
ਘਰਵਾਲੀ:
ਜਾਕੇ ਭੁੱਲ ਜਾਵੇ ਚੇਤਾ ਮੁੱਖੜੇ ਹੁਸੀਨ ਦਾ।
ਮੇਰੇ ਨਾਲੋਂ ਵੱਧ ਕਰੇਂ ਫ਼ਿਕਰ ਮਸ਼ੀਨ ਦਾ।
ਵਹੁਟੀ ਨਾਲੋਂ ਵੱਧ ਕਰੇਂ ਫ਼ਿਕਰ ਮਸ਼ੀਨ ਦਾ।
ਫੋਰਮੈਨ:
ਕੰਮ ਨਾਲ ਜਚਦੀਆਂ ਸਭਿ ਸਰਦਾਰੀਆਂ।
ਦੋਵੇਂ ਚੀਜ਼ਾਂ ਬਿਲੋ ਮੈਨੂੰ ਜਾਨ ਤੋਂ ਪਿਆਰੀਆਂ।
ਤੂੰ ਤੇ ਮਸ਼ੀਨ ਮੈਨੂੰ ਜਾਨ ਤੋਂ ਪਿਆਰੀਆਂ।
ਘਰਵਾਲੀ:
ਔਖਾ ਲਗਦਾ ਏ ਮਾਹੀਆ ਚਿੱਤ ਤੇਰੇ ਬਿਨ ਵੇ।
ਸੀਜਨ ਤੇਰੇ ਦੇ ਕੱਟਾਂ ਗਿਣ-ਗਿਣ ਦਿਨ ਵੇ।
ਫ਼ਾਸਲਾ ਲੱਗੇ ਜਿਉਂ ਆਸਮਾਨ ਤੇ ਜ਼ਮੀਨ ਦਾ।
ਵਹੁਟੀ ਨਾਲੋਂ ਵੱਧ ਤੈਨੂੰ ਫ਼ਿਕਰ ਮਸ਼ੀਨ ਦਾ।
ਚੂੜੇ ਵਾਲੀ ਨਾਲ਼ੋਂ ਵੱਧ ਫ਼ਿਕਰ ਮਸ਼ੀਨ ਦਾ।
ਫੋਰਮੈਨ:
ਜੋਰ ਹੋਵੇ ਕੰਮ ਦਾ ਤੇ ਖੜਤਾ ਜੇ ਪੈ ਜਾਵੇ।
ਕਈਂ ਵਾਰੀ ਰੋਟੀ ਵੀ ਸਿਰਹਾਣੇ ਰੱਖੀ ਰਹਿ ਜਾਵੇ।
ਪਹਿਲਾਂ ਓਹਨੂੰ ਕਰੀਏ ਚਲਾਉਣ ਦੀ ਤਿਆਰੀਆਂ।
ਦੋਵੇਂ ਚੀਜ਼ਾਂ ਬਿਲੋ ਮੈਨੂੰ ਜਾਨ ਤੋਂ ਪਿਆਰੀਆਂ।
ਤੂੰ ਤੇ ਮਸ਼ੀਨ ਮੈਨੂੰ ਜਾਨ ਤੋਂ ਪਿਆਰੀਆਂ।
ਘਰਵਾਲੀ:
ਮੁੱਕ ਜਾਵੇ ਕੰਮ ਛੇਤੀ ਖੜ ਜਾਏ ਕੰਬਾਇਨ ਵੇ।
ਛੇਤੀ ਘਰ ਆਜਾ “ਕਾਮੀ ਵਾਲੇ” ਫੋਰਮੈਨ ਵੇ।
ਛੱਡ ਖਹਿੜਾ ਢੋਲਾ, ਪੈਗ ਨਾਲ ਨਮਕੀਨ ਦਾ।
ਵਹੁਟੀ ਨਾਲੋਂ ਵੱਧ ਕਰੇਂ ਫ਼ਿਕਰ ਮਸ਼ੀਨ ਦਾ।
ਚੂੜੇ ਵਾਲੀ ਨਾਲ਼ੋਂ ਵੱਧ ਫ਼ਿਕਰ ਮਸ਼ੀਨ ਦਾ।
ਫੋਰਮੈਨ:
ਛੱਡ ਕੇ ਨਾ ਜਾਂਦਾ ਕਦੇ, ਸੁੰਨੀ ਮੈਂ ਰਕਾਨ ਨੂੰ।
ਘਰ ਵਿੱਚ ਤੰਗੀਆਂ ਜੇ ਹੁੰਦੀਆਂ ਨਾ “ਖ਼ਾਨ” ਨੂੰ ।
ਦੱਸ ਤੀ ਕਬੀਲਦਾਰੀ ਦੀਆਂ ਗੱਲਾਂ ਸਾਰੀਆਂ।
ਦੋਵੇਂ ਚੀਜ਼ਾਂ ਬਿਲੋ ਮੈਨੂੰ ਜਾਨ ਤੋਂ ਪਿਆਰੀਆਂ।
ਤੂੰ ਤੇ ਮਸ਼ੀਨ ਮੈਨੂੰ ਜਾਨ ਤੋਂ ਪਿਆਰੀਆਂ।
ਸੁਕਰ ਦੀਨ ਕਾਮੀਂ ਖੁਰਦ
ਪਿੰਡ ਕਾਮੀ ਖੁਰਦ
9592384393
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly