ਪਰਿਵਾਰਕ ਯਥਾਰਥ ਨੂੰ ਸਿਰਜਦੀਆਂ ਕਹਾਣੀਆਂ ‘ਹਾਂ! ਮੈਂ ਲਾਲਚੀ ਹਾਂ’

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਮਨਦੀਪ ਰਿੰਪੀ ਪੰਜਾਬੀ ਸਾਹਿਤ ਵਿੱਚ ਆਪਣਾ ਪਲੇਠਾ ਕਹਾਣੀ ਸੰਗ੍ਰਹਿ ‘ਹਾਂ! ਮੈਂ ਲਾਲਚੀ ਹਾਂ’ ਲੈ ਕੇ ਹਾਜਰ ਹੋਈ ਹੈ। ਹਾਲਾਂ ਕਿ ਉਸ ਨੇ ਪਹਿਲਾ ਕਦਮ ਕਾਵਿ ਸੰਗ੍ਰਹਿ ‘ਜਦੋਂ ਤੂੰ ਚੁੱਪ ਸੀ’-2020 ਨਾਲ ਰੱਖਿਆ ਅਤੇ ਫਿਰ ਇੱਕ ਬਾਲ ਕਹਾਣੀਆਂ ਦੀ ਪੁਸਤਕ ‘ਕਿੱਟੀ ਦੀ ਖੀਰ’- 2021­ ਇੱਕ ਨਾਵਲ ‘ਪਰਤ ਆਈ ਜ਼ਿੰਦਗੀ’-2022 ਤੋਂ ਇਲਾਵਾ ਉੁਸ ਦੀ ਇੱਕ ਬਾਲ ਕਹਾਣੀਆਂ ਦੀ ਪੁਸਤਕ ਭਾਸ਼ਾ ਵਿਭਾਗ ਪਾਸ ਛਪਾਈ ਅਧੀਨ ਹੈ। ਲੇਖਿਕਾ ਅਧਿਆਪਨ ਦੇ ਕਾਰਜ ਨਾਲ ਜੁੜੀ ਹੋਈ ਹੈ। ਉਸ ਦੀਆਂ ਕਹਾਣੀਆਂ ਅਕਸਰ ਅਖ਼ਬਾਰਾਂ­ ਮੈਗ਼ਜੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਹਥਲਾ ਕਹਾਣੀ ਸੰਗ੍ਰਹਿ ‘ਹਾਂ! ਮੈਂ ਲਾਲਚੀ ਹਾਂ’ 12 ਕਹਾਣੀਆਂ ਆਪਣੇ ਵਿੱਚ ਸਮੋਈ ਬੈਠਾ ਹੈ। ਇਹ ਸੰਗ੍ਰਹਿ ਉਸ ਨੇ ਆਪਣੇ ਅਤੇ ਆਪਣੇ ਵਿਰੋਧੀਆਂ ਦੀ ਨਜ਼ਰ ਕੀਤਾ ਹੈ। ਪੁਸਤਕ ਦੇ ਆਰੰਭ ਵਿੱਚ ਹੀ ਉਸ ਨੇ ਆਪਣੇ ਸਨਮਾਨਾਂ ਦੀ ਫਰਿਸ਼ਤ ਪੇਸ਼ ਕੀਤੀ ਹੈ ਅਤੇ ਇਸ ਵਿੱਚ ਮੁੱਖ ਬੰਦ ਸ਼ਾਮਲ ਨਹੀਂ ਕੀਤਾ। ਹਾਂ ਬੈਕ ਪੇਪਰ ਉਪਰ ਡਾ. ਪਲਵਿੰਦਰ ਕੌਰ ਦੇ ਵਿਚਾਰ ਅੰਕਿਤ ਹਨ। ਜਿਹਨਾਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਲੇਖਕਾ ਸਮਰੱਥ ਕਹਾਣੀਕਾਰਾ ਹੈ।

ਇਸ ਸੰਗ੍ਰਹਿ ਦਾ ਮੁਤਾਲਿਆ ਕਰਦਿਆਂ ਸਾਹਮਣੇ ਆਇਆ ਹੈ ਕਿ ਉਸ ਦੀਆਂ ਕਹਾਣੀਆਂ ਪਰਿਵਾਰਕ ਜਟਿਲਤਾ ਵਿੱਚ ਉਲਝੀਆਂ ਹੋਈਆਂ ਹਨ ਅਤੇ ਵਿਸਤਰਿਤ ਕਹਾਣੀਆਂ ਹਨ। ਕਹਾਣੀਆਂ ਨੂੰ ਵਾਚਦਿਆਂ ਇਹ ਕਹਾਣੀਆਂ ਗ਼ਰੀਬੀ­ ਮਜ਼ਬੂਰੀ­ ਬੇਬਸੀ­ ਕਾਮਵਾਸਨਾਂ­ ਪਛਤਾਵਾ­ ਸ਼ਰਾਬ ਵਰਗੇ ਨਸ਼ੇ ਦੀ ਲਤ ਅਤੇ ਕਿਸਮਤ ਨਾਲ ਜੁੜੀਆਂ ਜਾਪਦੀਆਂ ਹਨ। ਸੰਗ੍ਰਹਿ ਦੀ ਸਿਰਲੇਖਤ ਕਹਾਣੀ ‘ਹਾਂ! ਮੈਂ ਲਾਲਚੀ ਹਾਂ’ ਦਸਵੀਂ ਕਹਾਣੀ ਹੈ ਜਿਸ ਵਿੱਚ ਕਹਾਣੀ ਦਾ ਨਾਇਕ ਦੇਵ ਅਤੇ ਉਸ ਦੀ ਮਾਂ ਨਾਇਕਾ ਨੀਰੂ ਨੂੰ ਲਾਲਚੀ ਇਸ ਕਰਕੇ ਕਹਿੰਦੇ ਹਨ ਕਿ ਉਹ ਆਪਣੇ ਪਰਿਵਾਰ ਨੂੰ ਪਾਲਣ ਪੋਸਣ ਅਤੇ ਭਵਿੱਖ ਲਈ ਆਪਣੀ ਤਨਖਾਹ ਵਿੱਚੋਂ ਪੈੇਸੇ ਨਹੀਂ ਦਿੰਦੀ ਕਿਉਕਿ ਉਸ ਦਾ ਪਤੀ ਦੇਵ ਸਾਰੇ ਪੈਸੇ ਸ਼ਰਾਬ ਦੇ ਨਸ਼ੇ ਵਿੱਚ ਉਜਾੜਦਾ ਹੈ। ਇਸੇ ਕਰਕੇ ਉਹਨਾਂ ਮਾਂ-ਪੁੱਤਰ ਉਸ ’ਤੇ ਪੇਕਿਆਂ ਨੂੰ ਪੈਸੇ ਦੇਣ ਦਾ ਇਲਜ਼ਾਮ ਵੀ ਲਗਾਉਂਦੇ ਹਨ। ਜਦੋਂ ਨਾਇਕਾ ਨੀਰੂ ਆਪਣੀ ਸੱਸ ਅਤੇ ਪਤੀ ਦੀਆਂ ਗੱਲਾਂ ਤੋਂ ਅੱਕ ਜਾਂਦੀ ਹੈ ਤਾਂ ਉਸ ਨੂੰ ਮਜ਼ਬੂਰਨ ਇਕਬਾਲ ਕਰਨਾ ਪੈਂਦਾ ਹੈ ਕਿ ਹਾਂ ਉਹ ਲਾਲਚੀ ਹੈ। ਜਿਸ ਨਾਲ ਕਹਾਣੀ ਖ਼ਤਮ ਹੋ ਜਾਂਦੀ ਹੈ। ‘ਹੁਣ ਮੈਂ ਬਿਲਕੁਲ ਠੀਕ ਹਾਂ’ ਵੀ ਨੂੰਹ ਸੱਸ ਦੀ ਸੋਚ ਦੀ ਗੱਲ ਕਰਦੀ ਹੈ।

ਪਲੇਠੀ ਕਹਾਣੀ ‘ਫ਼ਰਕ ਤਾਂ ਪੈਂਦਾ ਹੈ’ ਵਿੱਚੋਂ ਜਿੱਥੇ ਰਹੀਮ ਦੀ ਗ਼ਰੀਬੀ ਅਤੇ ਮਜ਼ਬੂਰੀ ਝਾਕਦੀ ਹੈ­ ਉੱਥੇ ਅਧਿਆਪਕਾ ਵੱਲੋਂ ਕਿਸੇ ਹੀਲੇ ਵੀ ਰਜੀਆ ਨੂੰ ਪੜ੍ਹਾਈ ਲਈ ਸਕੂਲ ਭੇਜਣ ਲਈ ਕੋਸ਼ਿਸ਼ ਕਰਦੀ ਹੈ। ਭਾਵੇਂ ਇੱਕ ਬੱਚੇ ਦਾ ਨਾਂ ਸਕੂਲ ’ਚੋਂ ਕੱਟਣ ਨਾਲ ਹੋਰ ਕਿਸੇ ਨੂੰ ਫ਼ਰਕ ਪਵੇ ਜਾਂ ਨਾ ਪਰ ਅਧਿਆਪਕਾ ਸਮਝਦੀ ਹੈ ਕਿ ਫ਼ਰਕ ਤਾਂ ਪੈਂਦਾ ਹੀ ਹੈ। ਰਹੀਮ ਜ਼ਮੀਨ ਦਾ ਕਰਜਾ ਉਤਾਰਨ ਲਈ ਘਰ ਦੀ ਪਾਲੀ ਗਾਂ (ਭੂਰੀ) ਨੂੰ ਵੀ ਵੇਚ ਦਿੰਦਾ ਹੈ। ਉਹ ਸੋਚਦਾ ਹੈ ਕਿ ਜੇ ਉਹ ਰਜੀਆ ਨੂੰ ਸਕੂਲ ਨਾ ਭੇਜ ਕੇ ਕਿਸੇ ਦਾ ਬੱਚਾ ਸਾਂਭਣ ਲਈ ਭੇਜੇਗਾ ਤਾਂ ਉਸ ਨੂੰ ਇੱਕ ਹਜ਼ਾਰ ਰੁਪਏ ਦੀ ਆਮਦਨ ਹੋਵੇਗੀ­ ਢਿੱਡ ਦੀ ਭੁੱਖ ਬੰਦੇ ਤੋਂ ਕੀ ਕੁਝ ਕਰਵਾਉਂਦੀ ਹੈ ਪਰ ਬੱਚੇ ਤਾਂ ਅਧਿਆਪਕ ਨੂੰ ਬਹੁਤ ਪਿਆਰੇ ਹੁੰਦੇ ਹਨ ਅਤੇ ਉਹ ਰਜੀਆ ਨੂੰ ਪੜ੍ਹਨ ਲਈ ਸਕੂਲ ਭੇਜਣ ਲਈ ਕਹਿੰਦੀ ਹੈ। ਕਹਾਣੀ ਅਧਿਆਪਕ ਅਤੇ ਵਿਦਿਆਰਥੀ ਦੇ ਚੰਗੇ ਸਬੰਧਾਂ ਨੂੰ ਦਰਸਾਉਂਦੀ ਅਤੇ ਹਮਦਰਦੀ ਰੱਖਣ ਵੱਲ ਪ੍ਰੇਰਿਤ ਕਰਦੀ ਹੈ।

ਕਹਾਣੀ ‘ਲਾਗਣ’ ਸਮਾਜ ਦੀ ਉਸ ਤ੍ਰਾਸਦੀ ਨੂੰ ਪ੍ਰਗਟ ਕਰਦੀ ਹੈ ਜਿਸ ਵਿੱਚ ਵਿਆਹ ਵਾਲਾ ਮੁੰਡਾ ਤਾਂ ਭਾਵੇਂ ਕਿਹੋ ਜਿਹਾ ਵੀ ਹੋਵੇ ਪਰ ਕੁੜੀ ਖ਼ੂਬਸੂਰਤ ਹੋਣੀ ਚਾਹੀਦੀ ਹੈ। ਸਰਬਜੀਤ ਵਰਗੀਆਂ ਕੁੜੀਆਂ ਮਾਂ-ਬਾਪ ਵੱਲੋਂ ਚੁਣੇ ਮੁੰਡੇ ਨਾਲ ਹੀ ਰਿਸ਼ਤਾ ਕਰਨ ਲਈ ਮਜ਼ਬੂਰ ਹੁੰਦੀਆਂ ਹਨ। ਪਾਤਰ ਬਾਂਸੋ ਗਵਾਂਢਣ ਵਰਗੀਆਂ ਮੁਫ਼ਤ ਸਲਾਹਕਾਰ ਤਾਂ ਬਹੁਤ ਮਿਲ ਜਾਂਦੇ ਹਨ। ਕਦੇ ਬੰਦੇ ਦੀ ਰੀਝ ਪਲ ਭਰ ਲਈ ਪੂਰੀ ਹੁੰਦੀ ਜਾਪਦੀ ਹੈ ਜਿਵੇਂ ਸਰਬਜੀਤ ਨੂੰ ਦਸ ਸਾਲ ਬਾਅਦ ਸਿਲਕ ਦਾ ਸੂਟ ਅਤੇ ਤਿਲੇ ਵਾਲੀ ਜੁੱਤੀ ਮਿਲਦੀ ਤਾਂ ਹੈ ਪਰ ਉਹ ਉਸ ਦੀ ਆਪਣੀ ਨਹੀਂ ਸਗੋਂ ਉਸਦੀ ਜਠਾਣੀ ਰਾਣੀ ਦੀ ਹੈ ਅਤੇ ਉਸ ਦੀ ਜਠਾਣੀ ਰਾਣੀ ਦੀ ਗਵਾਂਢਣ ਉਸ ਨੂੰ ਲਾਗਣ ਹੀ ਸਮਝਦੀ ਹੋਈ ਕਹਿੰਦੀ ਹੈ ਕਿ ਉਹ ਉਸ ਦੀ ਪੋਤੀ ਦੇ ਵਿਆਹ ਵਿੱਚ ਕੰਮ ਕਰੇ।

ਕਹਾਣੀ ‘ਸਰਦਾਰੀ’ ਵਿੱਚ ਵੀ ਗ਼ਰੀਬੀ ਦਾ ਮੰਜਰ ਨਜ਼ਰ ਆਉਂਦਾ ਹੈ ਅਤੇ ਕਿਸਮਤ ਪ੍ਰਬਲ ਜਾਪਦੀ ਹੈ। ਕਹਾਣੀ ਦੇ ਨਾਇਕ ਤਰਨ ਦੇ ਪਿਤਾ ਦੀ ਕੈਂਸਰ ਨਾਲ ਮੌਤ ਹੋ ਜਾਣੀ ਫਿਰ ਕਹਾਣੀ ਦੀ ਨਾਇਕਾ ਹਰਜੀਤ ਦੇ ਪਤੀ ਤਰਨ ਦੀ ਮੌਤ ਹੋ ਜਾਣ ਤੇ ਵੀ ਦੂਜੇ ਦਿਨ ਤੱਕ ਆਪਣੀ ਸੱਸ ਨੂੰ ਨਾ ਦੱਸਣਾ ਅਜੀਬ ਜਾਪਦਾ ਹੈ। ਹਰਜੀਤ ਲਈ ਉਸਦੇ ਪਤੀ ਤਰਨ ਦਾ ਮਿੱਤਰ ਹਰਨੇਕ ਵੱਲੋਂ ਹਮਦਰਦੀ ਦਿਖਾਉਣਾ ਇਨਸਾਨੀਅਤ ਦੇ ਹੱਕ ਵਿੱਚ ਹੈ। ‘ਹਾਂ! ਮੈਂ ਤੇਰੇ ਨਾਲ ਹਾਂ’ ਦੋ ਔਰਤਾਂ ਮਮਤਾ ਅਤੇ ਨੀਰੂ ਦੀ ਕਹਾਣੀ ਹੈ ਜਿਸ ਵਿੱਚ ਮਮਤਾ ਦਾ ਪਤੀ ਅਤੇ ਮਿਸਟਰ ਅਗਰਵਾਲ ਦੀ ਗ਼ੈਰ ਔਰਤਾਂ ਨਾਲ ਸਬੰਧਾਂ ਦੀ ਗਾਥਾ ਹੈ। ਮਮਤਾ ਅਤੇ ਨੀਰੂ ਇੱਕ ਹੀ ਵਿਭਾਗ ਵਿੱਚ ਸਹਿਕਰਮੀ ਹਨ। ਮੋਜੂਦਾ ਬਾਸ ਵਲੋਂ ਆਪਣੇ ਮਤਿਹਤਾਂ ਉੱਪਰ ਧੌਂਸ ਜਮਾਉਂਣ ਦਾ ਚਲਨ ਜਾਰੀ ਹੈ। ਪਰ ਨੀਰੂ ਨਾਲ ਹੋਈ ਧੱਕੇਸ਼ਾਹੀ ਵਿਰੁੱਧ ਇੱਕ ਮਮਤਾ ਹੀ ਨੀਰੂ ਦਾ ਸਾਥ ਦੇਣ ਵਾਲੀ ਹੈ।

‘ਟੁੱਕੇ ਅੰਗ’ ਕਹਾਣੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਪਰਿਵਾਰ ਦੀ ਵਿਥਿਆ ਹੈ ਜਿਸ ਵਿੱਚ ਪਹਿਲਾ ਮੁੰਡਾ ਅਪਾਹਜ ਪੈਦਾ ਹੁੰਦਾ ਹੈ ਅਤੇ ਦੂਜੇ ਦੀ ਬਾਂਹ ਕੱਟਣ ਕਰਕੇ ਅਪਾਹਜ ਹੋ ਜਾਂਦਾ ਹੈ ਅਤੇ ਉਪਰੋਂ ਤਿੰਨ ਜਵਾਨ ਕੁੜੀਆਂ­ ਪਰ ਪਤੀ ਸ਼ਰਾਬੀ-ਕਬਾਬੀ ਹੋਣ ਕਰਕੇ ਮਰ ਜਾਂਦਾ ਹੈ­ ਬੰਸੋ ਨੂੰ ਉਸ ਦੀ ਮੌਤ ਵੀ ਟੁੱਟੇ ਅੰਗ ਵਾਂਗ ਜਾਪਦੀ ਹੈ। ਸਿਆਸੀ ਲੋਕਾਂ ਨੂੰ ਤਾਂ ਕੋਈ ਫ਼ਰਕ ਹੀ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ­ ਉਹਨਾਂ ਤਾਂ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ ਹੁੰਦੀਆਂ ਹਨ। ਕਹਾਣੀ ‘ਮਾਂ ਦਾ ਮਾਸਟਰ ਪੁੱਤ’ ਪਿਓ ਨੂੰ ਆਪਣੇ ਪੁੱਤਰ ਨੂੰ ਗ਼ਰੀਬੀ ਹੋਣ ਦੇ ਬਾਵਜੂਦ ਵੀ ਵੱਧ ਤੋਂ ਵੱਧ ਪੜ੍ਹਾਉਣ ਦੀ ਲਾਲਸਾ ਰਹਿੰਦੀ ਹੈ ਤਾਂ ਕਿ ਉਹ ਚੰਗਾ ਜੀਵਨ ਬਤੀਤ ਕਰ ਸਕੇ। ਪਾਤਰ ਹਰਨੇਕ ਵੱਲੋਂ ਵੀ ਸਖ਼ਤ ਮਿਹਨਤ ਕਰਨ ਦੀ ਕਹਾਣੀ ਦਰਸਾਈ ਗਈ ਹੈ ਕਿ ਉਹ ਨਾਲੇ ਤਾਂ ਆਪਣੀ ਪੜ੍ਹਾਈ ਕਰਦਾ ਹੈ ਅਤੇ ਨਾਲੇ ਭੱਠੇ ਉੱਪਰ ਪਿਓ ਨਾਲ ਅਤੇ ਪਿਤਾ ਦੀ ਮੌਤ ਤੋਂ ਬਾਅਦ ਕੰਮ ਕਰਦਾ ਹੈ। ਕਹਾਣੀ ਵਿੱਚ ਦਰਸਾਈ ਗਈ ਤਨਖ਼ਾਹ ਦੀ ਰਕਮ ਇੱਕ ਹਜ਼ਾਰ ਰੁਪਏ ਅੱਜ ਦੇ ਯੁਗ ਨਾਲ ਮੇਲ ਨਹੀਂ ਖਾਂਦੀ ਜਾਪਦੀ।

ਕਹਾਣੀ ‘ਮੇਰੀਆਂ ਅੱਖਾਂ ਨੀਵੀਆਂ ਕਿਓ?’ ਵਰਤਮਾਨ ਸਮਾਜ ਦੇ ਲੋਕਾਂ ਵੱਲੋਂ ਮੰਦ ਭਾਵੀ ਸੋਚ ਅਤੇ ਕਿਰਦਾਰ ਰੱਖਣ ਦੀ ਗੱਲ ਕਰਦੀ ਹੈ। ਇਸੇ ਤਰ੍ਹਾਂ ਕਹਾਣੀ ‘ਮੇਰੇ ਆਪਣੇ’ ਵੀ ਪਿਆਰ ਵਿੱਚ ਵਿਫ਼ਲ ਹੋ ਜਾਣ ਤੇ ਨਾਇਕਾ ਹਰਜੋਤ ਆਤਮ ਹੱਤਿਆ ਕਰਨ ਦੀ ਸੋਚ ਨੂੰ ਪਲਟਦੀ ਹੈ। ਕਹਾਣੀ ਦਾ ਨਾਇਕ ਮਨਜੋਤ ਨੇ ਭਾਵੇਂ ਹਰਜੋਤ ਨਾਲ ਪਿਆਰ ਕਰਨ ਦੇ ਬਾਵਜੂਦ ਹੋਰ ਵਿਆਹ ਕਰ ਲਿਆ ਸੀ ਪਰ ਉਹ ਹਰਜੋਤ ਨੂੰ ਨਹੀਂ ਛਡਣਾ ਚਾਹੁੰਦਾ ਸੀ ਅਤੇ ਬਾਰ-ਬਾਰ ਫ਼ੋਨ ਕਰਕੇ ਹਰਜੋਤ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਪਰ ਕਹਾਣੀ ਇਹ ਕਿਤੇ ਵੀ ਸਪਸ਼ਟ ਨਹੀਂ ਕਰਦੀ ਕਿ ਮਨਜੋਤ ਨੇ ਕਿਸ ਮਜ਼ਬੂਰੀ ਵਿੱਚ ਹਰਜੋਤ ਨੂੰ ਛੱਡ ਕੇ ਵਿਆਹ ਕਰਵਾਇਆ ਹੈ।

ਕਹਾਣੀ ‘ਜ਼ੁਬਾਨ’ ਵਿਚ ਕਹਾਣੀ ਦੀ ਨਾਇਕਾ ਤਾਂ ਜ਼ੁਬਾਨ ਦੀ ਪੱਕੀ ਹੈ ਪਰ ਸਾਕ-ਸਬੰਧੀ ਆਪਣੇ ਮੁਫ਼ਾਦ ਲਈ ਉਸ ਨੂੰ ਬੇ-ਜ਼ੁਬਾਨ ਕਹਿੰਦੇ ਹਨ। ਇਸ ਪੁਸਤਕ ਵਿਚਲੀ ਕਹਾਣੀ ‘ਮੈਂ ਜਸਪਾਲ ਨਹੀਂ’ ਆਪਹੁਦਰੀਆਂ ਕਰਨ ਵਾਲੇ ਅਤੇ ਬਾਗ਼ੀ ਹੋਏ ਬੱਚਿਆਂ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ। ਕਹਾਣੀ ਵਿਚਲਾ ਚੰਗਾ ਭਲਾ ਮੁੰਡਾ ਜਸਪਾਲ ਤੋਂ ਰਾਧਾ ਬਣ ਕੇ ਕਿੱਥੇ-ਕਿੱਥੇ ਧੱਕੇ ਨਹੀਂ ਖਾਂਦਾ ਪਰ ਫਿਰ ਉਹ ਨਾ ਘਰ ਦਾ ਰਹਿੰਦਾ ਹੈ ਨਾ ਘਾਟ ਦਾ। ਇਹ ਕਹਾਣੀ ਸੰਵੇਦਨਾ ਪੈਦਾ ਕਰਦੀ ਅਤੇ ਦੁਖਾਂਤ ਸਿਰਜਦੀ ਹੈ।

ਕਹਾਣੀਆਂ ਦਾ ਦੁਖਾਂਤ ਇਹ ਵੀ ਹੈ ਕਿ ‘ਕਿਸੇ ਦੀ ਕੋਈ ਨਹੀਂ ਸੁਣਦਾ’ ਦਾ ਉਲਾਭਾ ਨਜ਼ਰੀਂ ਪੈਂਦਾ ਹੈ। ਖਾਸ ਕਰਕੇ ਔਰਤਾਂ ਦੀ। ਪਹਿਲੀਆਂ ਦੋ ਕਹਾਣੀਆਂ ਵਿੱਚ ਕੁਝ ਸ਼ਬਦਾਂ ਦੀਆਂ ਗਲਤੀਆਂ ਦਿਖਾਈ ਦਿੰਦੀਆਂ ਹਨ ਜਿਵੇਂ ਡਰਾਵੇ ਦੀ ਥਾਂ ਡਰਾਬੇ­ ਸਲਾਭ ਦੀ ਥਾਂ ਸਲਾਬਾ­ ਕਰਵਟ ਦੀ ਥਾਂ ਕਰਥਣ­ ਕਰਵਟਾਂ ਦੀ ਥਾਂ ਕਰਥੜਾਂ ਆਦਿ। ਕਹਾਣੀਆਂ ਦਾ ਵਿਸ਼ਾ ਪਰਿਵਾਰਕ ਹੈ ਅਤੇ ਭਾਸ਼ਾ ਸਰਲ ਹੈ ਜਿਹੜੀ ਪਾਠਕਾਂ ਨੂੰ ਆਪਣੇ ਨਾਲ ਤੋਰਦੀ ਹੈ। ਲੇਖਕਾ ਕਹਾਣੀਆਂ ਦੀ ਸ਼ੁਰੂਆਤ ਅਚਨਚੇਤੀ ਛਿਣ ਨਾਲ ਕਰਦੀ ਹੈ। ਪੁਸਤਕ ਦੀ ਸਮੁੱਚੀ ਕਹਾਣੀ ਔਰਤ ਉੱਪਰ ਹੁੰਦੇ ਤਸ਼ਦਦ ਅਤੇ ਸ਼ੱਕ ਨੂੰ ਉਭਾਰਨ ਦਾ ਯਤਨ ਕਰਦੀ ਜਾਪਦੀ ਹੈ।
ਰਿਟਾ. ਏ.ਐਸ.ਪੀ­ ਰਾਸ਼ਟਰਪਤੀ ਐਵਾਰਡ ਜੇਤੂ­

ਤੇਜਿੰਦਰ ਚੰਡਿਹੋਕ

ਬਰਨਾਲਾ। ਸੰਪਰਕ : 95010-00224

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤਾਂ ਕਿੱਸੇ ਅਤੇ ਕਹਾਣੀਆਂ ਦੀਆਂ
Next articleਗੀਤ