ਚਰਖਾ ਕੱਤਦੀ,

ਨਵਜੋਤ ਕੌਰ ਨਿਮਾਣੀ

(ਸਮਾਜ ਵੀਕਲੀ)

ਪੂਣੀਆਂ ਵੱਟਦੀ
ਸਾਡੀਆਂ ਤੋਤਲੀਆਂ ਗੱਲਾਂ ਸੁਣਦੀ
ਸਾਥੋਂ ਕਦੀਂ ਨਾ ਅੱਕਦੀ
ਉਹ ਦਾਦੀ ਸੀ ਮੇਰੀ
ਮੈਨੂੰ ਸੋਹਣੀ ਲੱਗਦੀ

ਕਈ ਵਾਰ ਮਾਲ਼,
ਤਕਲਾ,ਮੁੱਠੀ ਤੋੜੇ
ਅੱਟੀਆਂ ਦੇ ਧਾਗੇ ੳਲਝਾਏ
ਜ਼ਰਾ ਘੂਰੀ ਵੱਟਦੀ
ਫਿਰ ਹੱਸ ਪੈਂਦੀ
ਉਹ ਦਾਦੀ ਸੀ ਮੇਰੀ
ਮੈਨੂੰ ਸੋਹਣੀ ਲੱਗਦੀ

ਬਾਤਾਂ ਪਾਉਂਦੀ
ਕਹਾਣੀਆਂ ਸੁਣਾਉਂਦੀ
ਤਾਰਿਆਂ ਦੀ ਛਾਵੇਂ
ਨਿੱਤ ਵਾਣੀ ਮੰਜੀ ਢਾਉਂਦੀ
ਬੀਬੀ ਬੀਬੀ ਕਹਿੰਦੇ
ਅਸੀਂ ਨਾ ਥੱਕੀਏ
ਉਹ ਦਾਦੀ ਸੀ ਮੇਰੀ
ਮੈਨੂੰ ਸੋਹਣੀ ਲੱਗਦੀ

ਬਨੇਰੇ ਬੈਠੇ ਕਾਵਾਂ ਸੰਗ ਗੱਲਾਂ ਕਰਦੀ
ਆਉਣਾ ਅੱਜ ਬੱਚਿਆਂ ਸ਼ਹਿਰੋਂ?
ਕਾਂਵਾਂ ਤੋਂ ਪੁਛਦੀ ਰਹਿੰਦੀ
ਅੱਖੋਂ ਭਾਂਵੇ ਦਿਸੇ ਨਾ
ਸਾਡੇ ਪੈਰਾਂ ਦੀ ਆਹਟ ਸਮਝਦੀ
ਉਹ ਦਾਦੀ ਸੀ ਮੇਰੀ
ਮੈਨੂੰ ਸੋਹਣੀ ਲੱਗਦੀ

ਕਈ ਅਰਸੇ ਹੋਏ ਉਸਨੂੰ ਗਿਆਂ
ਅੱਜ ਵੀ ਲੱਗੇ ਜਿਓਂ
ਚੰਨ ਤੇ ਬੈਠੀ ਚਰਖ਼ਾ ਕੱਤਦੀ
ਸਾਨੂੰ ਤੱਕਦੀ ਰਹਿੰਦੀ
ਸਾਡੇ ਸੁੱਖ ਮੰਗਦੀ ਰਹਿੰਦੀ
ਉਹ ਦਾਦੀ ਸੀ ਮੇਰੀ
ਮੈਨੂੰ ਸੋਹਣੀ ਲੱਗਦੀ।

ਨਵਜੋਤ ਕੌਰ ਨਿਮਾਣੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਡ ਚੱਲੇ ਦਿਲਜਾਨੀ..
Next articleਜਦੋਂ ਹੋਇਆ ਚੰਨਾ ਸਾਡਾ ਵੇ ਵਿਆਹ ਸੀ