**ਔਰਤ ਅਬਲਾ ਨਹੀਂ ਨਾਰੀ**

ਵਿਰਕ ਪੁਸ਼ਪਿੰਦਰ

(ਸਮਾਜ ਵੀਕਲੀ)

ਔਰਤਾਂ ਕਿੱਸੇ ਅਤੇ ਕਹਾਣੀਆਂ ਦੀਆਂ
ਦੁਖਾਂਤਕ ਪਾਤਰ ਹੀ ਨਹੀਂ ਹੁੰਦੀਆਂ
ਲਿਖਾਰੀ ਵੀ ਹੁੰਦੀਆਂ
ਜੋ ਵਾਲਮੀਕ ਦੇ ਹੱਥੋਂ ਕਲਮ ਫੜ੍ਹ
ਨਿਰਧਾਰਿਤ ਕਰ ਸਕਦੀਆਂ
ਇਸ ਮਰਦ-ਪ੍ਰਧਾਨ ਸਮਾਜ ਲਈ ਵੀ
ਇਕ ਲਕਸ਼ਮਣ ਰੇਖਾ

ਔਰਤਾਂ ਦੇਵ-ਦਾਸੀਆਂ ਹੀ ਨਹੀਂ ਹੁੰਦੀਆਂ
ਖਿਡਾਰੀ ਵੀ ਹੁੰਦੀਆਂ
ਜੋ ਧੋਬੀ ਪਛਾੜ ਲਾ
ਹਵਸ ਵਿੱਚ ਅੰਨ੍ਹੇ
ਵੱਡੇ-ਵੱਡੇ ਮਹਾਂਰਥੀਆਂ ਨੂੰ
ਪਟਕਾ ਦਿੰਦੀਆਂ
ਅਸਮਾਨ ਤੋਂ ਧਰਤੀ ਉੱਤੇ
ਇਕ ਹੀ ਝਟਕੇ ਵਿੱਚ

ਔਰਤਾਂ ਅਬਲਾ ਹੀ ਨਹੀਂ ਹੁੰਦੀਆਂ
ਨਾਰੀ ਵੀ ਹੁੰਦੀਆਂ
ਜੋ ਦੁਰਗਾ ਦਾ ਰੂਪ ਧਾਰ
ਮਹਿਖਾਸੁਰ ਸੁੰਭ ਨਿਸੁੰਭ
ਦੈਂਤਾਂ ਦਾ ਵਧ ਕਰ
ਸਿਉਂ ਲੈਂਦੀਆਂ
ਆਪਣਾ ਰੱਤਾ ਸਾਲੂ

ਔਰਤਾਂ ਸੂਖ਼ਮ ਸੋਹਲ
ਪੱਤੀਆਂ ਹੀ ਨਹੀਂ ਹੁੰਦੀਆਂ
ਗੁਲਾਬ ਕੌਰ ਵੀ ਹੁੰਦੀਆਂ
ਜੋ ਖੜ੍ਹ ਜਾਂਦੀਆਂ ਹਕੂਮਤ ਅੱਗੇ
ਸਰਾਭੇ ਦੀਆਂ ਵਾਰਿਸ ਹੋ

ਔਰਤਾਂ ਬਲਬੀਰੋ ਭਾਬੀ ਹੀ ਨਹੀਂ ਹੁੰਦੀਆਂ
ਦੁਰਗਾ ਭਾਬੀ ਵੀ ਹੁੰਦੀਆਂ
ਜੋ ਉਡਾ ਦਿੰਦੀਆਂ
ਕਿਸੇ ਸਾਂਡਰਸ ਦੇ ਸਿਰ ਦਾ ਤਾਜ

ਔਰਤਾਂ ਹਮੇਸ਼ਾਂ ਸਰਾਪੀ
ਅਹੱਲਿਆ ਹੀ ਨਹੀਂ ਹੁੰਦੀਆਂ
ਸਗੋਂ ਖ਼ੁਦ ਰਿਸ਼ੀਵਰ ਹੋ
ਬਣ ਸਕਦੀਆਂ ਕਿਸੇ
ਸਿਰ ਫਿਰੇ ਇੰਦਰ ਦਾ ਕਾਲ

ਜੇਕਰ ਮਰਦ ਸ਼ੈਤਾਨ ਹੋ ਜਾਵੇ
ਔਰਤ ਅਬਲਾ ਨਹੀਂ ਰਹਿੰਦੀ
ਤਿੱਖੀ ਸ਼ਮਸ਼ੀਰ ਹੋ ਜਾਂਦੀ।

ਵਿਰਕ ਪੁਸ਼ਪਿੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUkraine activates nationwide air raid alerts
Next articleਕੂਕ