ਸੀਸ ਉਠਾ ਕੇ ਤੁਰਿਆ ਕਰ ਤੂੰ, ਹੁੰਮ- ਹੁਮਾ ਕੇ ਤੁਰਿਆ ਕਰ
ਦੋ ਪੈਰ ਤੁਰੀ ਨਾਲ਼ ਮੜੵਕ ਦੇ, ਧਰਤ ਹਿਲਾ ਕੇ ਤੁਰਿਆ ਕਰ
ਜਾਨ ਨਿਛਾਵਰ ਹਰ ਸ਼ੈਅ ਕਰਜੇ, ਤੂੰ ਜਿੱਧਰ ਨਜ਼ਰ ਘੁਮਾਵੇਂ
ਕਿਰਦਾਰ ਰਹੇ ਸੂਰਜ , ਚਾਹੇ ਕਮਲਾ ਬਣ ਕੇ ਤੁਰਿਆ ਕਰ
ਵਿਕਦੇ ਨੋਟ, ਜ਼ਮੀਨਾਂ, ਹੀਰੇ, ਵਿਕਦੇ ਤਖ਼ਤ ਦੁਨੀ ਦੇ ਵੀ
ਔਕਾਤ ਸਭੀ ਦੀ ਆਨੇ ਭਰ , ਖ਼ਾਕ ਰੁਲ਼ਾ ਕੇ ਤੁਰਿਆ ਕਰ
ਨਿਰਭਉ, ਨਿਰਵੈਰ ਖੁਦਾ ਹੈ ਇਕ, ਉਸ ਅੱਗੇ ਸਭ ਮਿੱਟੀ ਹੈ
ਸਿਰ ਚੁੱਕਣ ਤੋਂ ਪਹਿਲਾਂ ਉਸ ਨੂੰ, ਬਾਪ ਬਣਾ ਕੇ ਤੁਰਿਆ ਕਰ
ਮਿੱਟੀਂਓ ਸਿਰਜੇ ਮਿੱਟੀ ਕਰਤੇ, ਪੀਰ ਕਲੰਦਰ ਸੂਰੇ
ਚੰਦਨ ਨਾ ਤੂੰ ਖ਼ਾਕ ਕਬਰ ਦੀ,ਤਿਲਕ ਲਗਾ ਕੇ ਤੁਰਿਆ ਕਰ
ਸ਼ਮਸ਼ਾਨ ਧਰਤ ਦਾ ਹਰ ਜ਼ਰਾ ਹੈ, ਹਰ ਥਾਂ ਹੀ ਪਰ ਕੁੱਖ ਜਿਹੀ
ਹਰ ਛੱਪੜ ਹੀ ਪਾਕਿ ਪਵਿੱਤਰ, ਪਾਪ ਧੁਆ ਕੇ ਤੁਰਿਆ ਕਰ
ਆਪੋ-ਧਾਪੀ ਅੰਦਰ ਸਭ ਹੀ, ਠੁੱਡੋ – ਠੁੱਡੀ ਇੱਥੇ ਸਭ
ਮਾਰਨ ਪਿੱਠ ਕੁਹਾੜੇ ਭਾਂਵੇ, ਨਾ ਧਮਕਾ ਕੇ ਤੁਰਿਆ ਕਰ
ਕੌਣ ਵਫ਼ਾ ਦਾ ਸੌਦਾ ਕਰਦੈ, ਹੈ ਕਦ ਮੁਨਾਫ਼ਾ ਵਿੱਚ ਵਫ਼ਾ
ਪਾਗ਼ਲ ਇਸ਼ਕ ਪੁਜਾਰੀ ਹੁੰਦੇ, ਦਿਲ ਸਮਝਾ ਕੇ ਤੁਰਿਆ ਕਰ
ਗ਼ਜ਼ਲ, ਨਜ਼ਮ ਦੀ ਸਮਝ ਨਹੀਂ ਪਰ, ਹੈ ਨਾਮ ਤੁਖੱਲਸ “ਬਾਲੀ”
ਰੁਕਨ, ਬਹਿਰ ,ਅਲੋਚਕ ਦੇ, ਸੰਵਾਦ ਰਚਾ ਕੇ ਤੁਰਿਆ ਕਰ
ਬਲਜਿੰਦਰ “ਬਾਲੀ ਰੇਤਗੜੵ”
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly