ਏਹੁ ਹਮਾਰਾ ਜੀਵਣਾ ਹੈ-299

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਤੰਬਾਕੂ ਇੱਕ ਅਜਿਹਾ ਕੋਹੜ ਹੈ ਜੋ ਸਾਡੇ ਸਮਾਜ ਵਿੱਚ ਇੱਕ ਨਾਮੁਰਾਦ ਬੀਮਾਰੀ ਵਾਂਗ ਫ਼ੈਲਦਾ ਹੈ। ਇਹ ਸਾਡੀ ਪੁੰਗਰ ਰਹੀ ਪਨੀਰੀ ਭਾਵ ਛੋਟੀ ਉਮਰ ਤੋਂ ਹੀ ਬੱਚਿਆਂ ਵਿੱਚ ਚੋਰੀ ਛਿਪੇ ਸੇਵਨ ਕਰਨ ਦੀ ਆਦਤ ਤੋਂ ਲੈ ਕੇ ਤਾਉਮਰ ਨਾਲ਼ ਨਾਲ਼ ਹੀ ਨਿਭਦਾ ਹੈ । ਆਪਣੇ ਵੱਡਿਆਂ ਨੂੰ ਸ਼ਰੇਆਮ ਇਸ ਦਾ ਸੇਵਨ ਕਰਦੇ ਦੇਖ ਕੇ ਉਹ ਰੀਸ ਕਰਦੇ ਕਰਦੇ ਇਸ ਨਸ਼ੇ ਦੇ ਆਦੀ ਹੋ ਜਾਂਦੇ ਹਨ। ਇਸ ਨੂੰ ਘਰ, ਪਰਿਵਾਰ ਅਤੇ ਸਮਾਜ ਦੇ ਲੋਕ ਵੀ ਬੜੇ ਹਲਕੇ ਵਿੱਚ ਲੈਂਦੇ ਹੋਏ ਇਸ ਨੂੰ ਆਮ ਕਰਕੇ ਅਣਗੌਲਿਆ ਹੀ ਕਰ ਜਾਂਦੇ ਹਨ। ਜਦ ਕਿ ਇਸ ਦਾ ਸੇਵਨ ਕਰਨ ਵਾਲ਼ਾ ਇਸ ਤੋਂ ਨਿਕਲਣ ਵਾਲੇ ਭਿਆਨਕ ਸਿੱਟਿਆਂ ਤੋਂ ਬੇਖ਼ਬਰ ਹੁੰਦਾ ਹੈ।

ਬੇਸ਼ੱਕ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਇੱਕ ਛੋਟੀ ਤੋਂ ਛੋਟੀ ਇਕਾਈ ਤੋਂ ਲੈਕੇ ਵਿਸ਼ਵ ਸਿਹਤ ਸੰਗਠਨ ਤੱਕ ਵੱਖ ਵੱਖ ਤਰੀਕਿਆਂ ਨਾਲ ਉਪਰਾਲੇ ਕੀਤੇ ਜਾਂਦੇ ਹਨ। ਵਿਸ਼ਵ ਨਸ਼ਾ ਮੁਕਤ ਦਿਵਸ 28 ਜੂਨ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਪਰੰਤੂ ਉਸ ਤੋਂ ਕੁਝ ਦਿਨ ਪਹਿਲਾਂ ਤੰਬਾਕੂ ਵਿਰੋਧੀ ਦਿਵਸ ਵੀ ਮਨਾਇਆ ਜਾਂਦਾ ਹੈ।ਜਦ ਕਿ ਤੰਬਾਕੂ ਵੀ ਇੱਕ ਨਸ਼ਾ ਹੀ ਹੈ।ਇਸ ਦਾ ਸੇਵਨ ਲੋਕ ਬਹੁਮਾਤਰਾ ਵਿੱਚ ਕਰਦੇ ਹਨ। ਇਹ ਨਸ਼ਾ ਸਸਤਾ ਅਤੇ ਛੇਤੀ ਉਪਲਬਧ ਹੋ ਜਾਣ ਕਰਕੇ ਆਰਥਿਕ ਤੌਰ ਤੇ ਪਿਛੜੇ ਲੋਕ ਵੀ ਇਸ ਨੂੰ ਆਸਾਨੀ ਨਾਲ ਪ੍ਰਾਪਤ ਕਰ ਲੈਂਦੇ ਹਨ। ਤੰਬਾਕੂ ਆਮ ਬਜ਼ਾਰਾਂ ਵਿੱਚ ਉਪਲਬੱਧ ਹੁੰਦਾ ਹੈ। ਇੱਕ ਪਾਸੇ ਤਾਂ ਵਿਸ਼ਵ ਪੱਧਰ ਤੇ ਇਹੋ ਜਿਹੇ ਨਸ਼ਿਆਂ ਦੇ ਵਿਰੋਧ ਵਿੱਚ ਦਿਵਸ ਮਨਾਏ ਜਾਂਦੇ ਹਨ ਦੂਜੇ ਪਾਸੇ ਇਸ ਦੀ ਵਿੱਕਰੀ ਕੀਤੀ ਜਾਂਦੀ ਹੈ। ਜਿਹੜੀਆਂ ਵਸਤਾਂ ਨੂੰ ਮਾਰਕੀਟ ਵਿੱਚ ਅਸਾਨੀ ਨਾਲ ਖਰੀਦਿਆ ਜਾ ਸਕਦਾ ਹੋਵੇ,ਉਸ ਨੂੰ ਬੰਦ ਕਰਨ ਲਈ ਫਿਰ ਉਪਰਾਲੇ ਕਰਨੇ, ਬਹੁਤ ਸੋਚਣ ਦਾ ਵਿਸ਼ਾ ਹੈ।

ਤੰਬਾਕੂਨੋਸ਼ੀ ਕਾਰਨ ਕਈ ਨਾਮੁਰਾਦ ਅਤੇ ਲਾਇਲਾਜ ਬੀਮਾਰੀਆਂ ਲੱਗ ਜਾਂਦੀਆਂ ਹਨ ਜਿਹਨਾਂ ਵਿੱਚ ਕੈਂਸਰ, ਦਮਾ, ਚਮੜੀ ਦੇ ਰੋਗ, ਦਿਲ ਦੀਆਂ ਬੀਮਾਰੀਆਂ, ਬੋਲਾਪਣ, ਫੇਫੜਿਆਂ ਦੇ ਰੋਗ ਤੇ ਹੋਰ ਅਨੇਕਾਂ ਬੀਮਾਰੀਆਂ ਸ਼ਾਮਲ ਹਨ। ਭਾਵੇਂ ਬਹੁਤ ਸਾਰੇ ਦੇਸ਼ਾਂ ਵਿੱਚ ਜਨਤਕ ਥਾਵਾਂ ’ਤੇ ਤੰਬਾਕੂ ਦੀ ਵਰਤੋਂ ਕਰਨ ਤੋਂ ਰੋਕਣ ਲਈ ਕਾਨੂੰਨ ਬਣਾਇਆ ਗਿਆ ਹੈ ਤਾਂ ਕਿ ਇਸ ਮਾਰੂ ਬਿਮਾਰੀ ਤੋਂ ਬਚਿਆ ਜਾ ਸਕੇ।ਕੌਮਾਂਤਰੀ ਤੰਬਾਕੂਮੁਕਤ ਦਿਵਸ ਪੂਰੀ ਦੁਨੀਆ ਵਿੱਚ 31 ਮਈ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ 7 ਅਪ੍ਰੈਲ 1988 ਨੂੰ ਤੰਬਾਕੂ ਵਿਰੋਧੀ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ ਗਈ ਸੀ।ਇਸ ਦਿਨ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਤੰਬਾਕੂਨੋਸ਼ੀ ਤੋਂ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਤੰਬਾਕੂਨੋਸ਼ੀ ਕਰਨ ਨਾਲ ਫੇਫੜਿਆਂ ਦੇ ਕੈਂਸਰ ਹੋਣ ਦਾ ਗੰਭੀਰ ਖਤਰਾ ਹੈ।ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਵਿੱਚ ਤੀਹ ਤੋਂ ਪੈਂਤੀ ਪ੍ਰਤੀਸ਼ਤ ਮਰੀਜ਼ ਵੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਹੀ ਹੁੰਦੇ ਹਨ।

65 ਸਾਲ ਤੋਂ ਘੱਟ ਉਮਰ ਵਿੱਚ ਦਿਲ ਦੇ ਦੌਰੇ ਨਾਲ ਮਰਨ ਵਾਲਿਆਂ ਵਿੱਚ ਚਾਲ਼ੀ ਪ੍ਰਤੀਸ਼ਤ ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ। ਸਾਹ ਦੀਆਂ ਬਿਮਾਰੀਆਂ ਵੀ ਜ਼ਿਆਦਾਤਰ ਤੰਬਾਕੂਨੋਸ਼ੀ ਕਾਰਨ ਹੁੰਦੀਆਂ ਹਨ।ਤੰਬਾਕੂ ਦੇ ਸੇਵਨ ਨਾਲ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ।ਇਸ ਦੇ ਸੇਵਨ ਨਾਲ ਪੈਦਾ ਹੋਈ ਜ਼ਹਿਰੀਲੀ ਗੈਸ ਨਿਕੋਟੀਨ ਦਾ ਕੁੱਖ ਵਿੱਚ ਪਲ ਰਹੇ ਭਰੂਣ ਦੇ ਦਿਮਾਗੀ ਵਿਕਾਸ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ ਲਗਭਗ ਨੱਬੇ ਲੱਖ ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਹਨ ਅਤੇ ਭਾਰਤ ਵਿੱਚ ਅੱਠ ਲੱਖ ਲੋਕ ਸਿਗਰਟ ਨੋਸ਼ੀ ਕਰ ਕੇ ਮਰਦੇ ਹਨ।ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਦੇ ਮੂੰਹ ਵਿੱਚੋਂ ਨਿਕਲਿਆ ਧੂੰਆਂ ਨੇੜੇ ਬੈਠੇ ਵਿਅਕਤੀ ਨੂੰ ਵੀ ਬਿਮਾਰੀ ਦੀ ਲਪੇਟ ਵਿੱਚ ਲੈ ਸਕਦਾ ਹੈ। ਤੰਬਾਕੂਨੋਸ਼ੀ ਵਾਤਾਵਰਨ ਲਈ ਵੀ ਮਾਰੂ ਹੈ।

ਪੰਜਾਬ ਵਿੱਚ ਸਿਹਤ ਵਿਭਾਗ ਵੱਲੋਂ ਸਕੂਲ ਅਤੇ ਕਾਲਜਾਂ ਦੇ ਆਲੇ ਦੁਆਲੇ ਦੇ 100 ਗਜ਼ ਦੇ ਘੇਰੇ ਨੂੰ ਤੰਬਾਕੂ ਮੁਕਤ ਜ਼ੋਨ ਐਲਾਨ ਕਰਨ ਤਹਿਤ ਯੈਲੋ ਲਾਈਨ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਸਕੂਲਾਂ ਤੇ ਕਾਲਜਾਂ ਦੇ ਬਾਹਰ ਤੰਬਾਕੂ ਮੁਕਤ ਜ਼ੋਨ ਦੁਆਲੇ ਪੀਲੀ ਪੱਟੀ ਲਗਾਈ ਜਾਂਦੀ ਹੈ ਜੋ ਕਿ ਤੰਬਾਕੂ ਮੁਕਤ ਖੇਤਰ ਘੋਸ਼ਿਤ ਕੀਤਾ ਜਾਂਦਾ ਹੈ। ਵਿੱਦਿਅਕ ਅਦਾਰਿਆਂ ਦੇ ਬਾਹਰ ਤੰਬਾਕੂ ਮੁਕਤ ਜ਼ੋਨ ਯੈਲੋ ਲਾਈਨ ਲਗਾਉਣ ਦੀ ਹਦਾਇਤ ਕੀਤੀ ਜਾਂਦੀ ਹੈ ਇਸ ਖੇਤਰ ਵਿੱਚ ਕੋਈ ਵੀ ਵਿਅਕਤੀ ਨਾਂ ਤਾਂ ਤੰਬਾਕੂ ਪਦਾਰਥ ਵੇਚ ਸਕਦਾ ਹੈ ਅਤੇ ਨਾ ਹੀ ਇਸਤੇਮਾਲ ਕਰ ਸਕਦਾ ਹੈ।ਸਿਹਤ ਵਿਭਾਗ ਵੱਲੋਂ ਅਜਿਹਾ ਤੰਬਾਕੂ ਕੰਟਰੋਲ ਐਕਟ (ਕੋਟਾਪਾ) 2003 ਦੀ ਧਾਰਾ 6 ਬੀ ਦੀ ਪਾਲਣਾ ਕਰਦੇ ਹੋਏ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਲਈ ਅਹਿਮ ਕਦਮ ਚੁੱਕਿਆ ਗਿਆ ਹੈ।

ਤੰਬਾਕੂ ਦੀ ਭੈੜੀ ਅਤੇ ਜਾਨਲੇਵਾ ਆਦਤ ਤੋਂ ਆਪਣੀ ਨਵੀਂ ਪੀੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।ਇਸ ਲਈ ਤੰਬਾਕੂ ਕੰਟਰੋਲ ਐਕਟ ਦੀ ਪਾਲਣਾ ਕਰਦੇ ਹੋਏ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਤੰਬਾਕੂ ਵਿਰੋਧੀ ਸੰਹੁ ਚੁਕਾਈ ਜਾਂਦੀ ਹੈ ਅਤੇ ਤੰਬਾਕੂ ਦੇ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਸੌ ਗਜ਼ ਦੇ ਘੇਰੇ ਅੰਦਰ ਕੋਈ ਵੀ ਵਿਅਕਤੀ ਤੰਬਾਕੂ ਦੀ ਵਿੱਕਰੀ ਨਹੀਂ ਕਰ ਸਕਦਾ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਇਹ ਇੱਕ ਕਾਨੂੰਨੀ ਤੌਰ ਤੇ ਸਜ਼ਾ ਯੋਗ ਅਪਰਾਧ ਹੈ। ਇਸ ਨੂੰ ਠੱਲ੍ਹ ਪਾਉਣ ਲਈ ਇਸ ਦੀ ਵਿਕਰੀ ਤੇ ਲਾਈਸੈਂਸ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਹੈ।

ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਸੌ ਗਜ਼ ਦੇ ਘੇਰੇ ਅੰਦਰ ਤੰਬਾਕੂ ਮੁਕਤ ਖੇਤਰ ਬਣਾਉਣਾ ਕਾਫ਼ੀ ਹੈ? ਕੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਸੌ ਗਜ਼ ਤੋਂ ਪਾਰ ਜਾਣਾ ਔਖਾ ਹੈ?ਜਿਹੜਾ ਨਸ਼ਾ ਆਮ ਦੁਕਾਨਾਂ ਤੇ ਅਸਾਨੀ ਨਾਲ ਉਪਲਬੱਧ ਹੋ ਸਕਦਾ ਹੋਵੇ,ਉਸ ਲਈ ਐਨੀਆਂ ਕੁ ਕੋਸ਼ਿਸ਼ਾਂ ਨਾ ਕਾਫ਼ੀ ਜਾਪਦੀਆਂ ਹਨ। ਜਿਹੜੇ ਤੰਬਾਕੂ ਦੇ ਵਿਰੋਧ ਵਿੱਚ ਵਿਸ਼ਵ ਪੱਧਰ ਤੇ ਦਿਵਸ ਮਨਾਇਆ ਜਾਂਦਾ ਜਾਵੇ ਉਸ ਦਾ ਉਤਪਾਦਨ ਹੀ ਕਿਉਂ ਕੀਤਾ ਜਾਂਦਾ ਹੈ?

ਕਿਸੇ ਵੀ ਚੀਜ਼ ਦਾ ਉਤਪਾਦਨ ਕਰਕੇ ਉਸ ਨੂੰ ਮਾਰਕੀਟ ਵਿੱਚ ਵੇਚਣ ਲਈ ਲਿਆਉਣ ਦਾ ਸਿੱਧੇ ਤੌਰ ਤੇ ਮਤਲਬ ਇਹ ਹੁੰਦਾ ਹੈ ਕਿ ਉਸ ਦੇ ਖ਼ਰੀਦਦਾਰ ਪੈਦਾ ਕੀਤੇ ਜਾਣ। ਜਦ ਸਰਕਾਰਾਂ ਨੂੰ ਪਤਾ ਹੈ ਕਿ ਇਹ ਇੱਕ ਨੁਕਸਾਨਦੇਹ ਨਸ਼ੀਲਾ ਪਦਾਰਥ ਹੈ ਤਾਂ ਇਸ ਨੂੰ ਇਸ ਦੀਆਂ ਜੜ੍ਹਾਂ ਤੋਂ ਮੁਕਤ ਕਰਨ ਲਈ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਨੂੰ ਵੀ ਤੰਬਾਕੂ ਦੇ ਵਿਰੋਧ ਵਿੱਚ ਜਾਗਰੁਕ ਕਰਨ ਦਾ ਤਾਂ ਹੀ ਫਾਇਦਾ ਹੋ ਸਕਦਾ ਹੈ ਜੇ ਇਸ ਦੀ ਖੁੱਲ੍ਹੀ ਵਿਕਰੀ ਬੰਦ ਕੀਤੀ ਜਾਵੇ ਅਤੇ ਘਰੇਲੂ ਪੱਧਰ ਤੋਂ ਉੱਚਿਤ ਉਪਰਾਲੇ ਕਰਕੇ ਇਸ ਕੋਹੜ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਨਸ਼ ਮੁਕਤ ਜੀਵਨ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਾਨੂੰ ਭੋਜਨ ਦੀ ਲੋੜ ਹੈ ਤੰਬਾਕੂ ਦੀ ਨਹੀਂ ” ਸਲੋਗਨ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ
Next articleJunior Asia Cup hockey: India reign supreme with 2-1 win over Pakistan; bag record fourth title