ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਮਹੀਨਾਵਾਰ ਔਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਕਰਵਾਇਆ ਗਿਆ

(ਸਮਾਜ ਵੀਕਲੀ)- ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਔਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਕਰਵਾਇਆ ਗਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਪ੍ਰਧਾਨ ਰਿੰਟੂ ਭਾਟੀਆ ਨੇ ਪ੍ਰੋਗਰਾਮ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ । ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਜੀ ਦੇ ਸੁਹਿਰਦ ਯਤਨਾਂ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋ ਕੁਲਜੀਤ ਕੌਰ ਨੇ ਕੀਤਾ ਅਤੇ ਪ੍ਰਸਿੱਧ ਕਵਿੱਤਰੀ ਮਨਜੀਤ ਇੰਦਰਾ ਨਾਲ ਉਹਨਾਂ ਦੇ ਪਰਿਵਾਰਕ ਸਫ਼ਰ ਤੋਂ ਲ਼ੈ ਕੇ ਉਨ੍ਹਾਂ ਦੀ ਸਾਹਿਤਕ ਯੋਗਦਾਨ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਮਨਜੀਤ ਇੰਦਰਾ ਜੀ ਨੇ 10 ਕਾਵਿ ਪੁਸਤਕਾਂ, ਦੋ ਆਲੋਚਨਾ ਦੀਆਂ ਪੁਸਤਕਾਂ ਲਿਖੀਆਂ। ਉਹਨਾਂ ਦੇ ਲਿਖੇ ਹੋਏ ਬਹੁਤ ਸਾਰੇ ਗੀਤ ਪ੍ਰਸਿੱਧ ਗਾਇਕਾਂ ਨੇ ਗਾਏ ਹਨ। ਉਹਨਾਂ ਨੇ ਆਪਣੇ ਪਿਤਾ ਸ੍ਰੀ ਹਰਭਜਨ ਸਿੰਘ ਕਲਸੀ ਅਤੇ ਮਾਤਾ ਨਰਿੰਜਨ ਕੌਰ ਦਾ ਆਪਣੇ ਜੀਵਨ ਉਪਰ ਅਟੁੱਟ ਪ੍ਰਭਾਵ ਦੱਸਿਆ। ਆਪਣੇ ਅਧਿਆਪਕ ਗਿਆਨੀ ਭਾਗ ਸਿੰਘ ਦੇ ਪ੍ਰਭਾਵ ਨਾਲ ਮਨਜੀਤ ਨੇ ਸਾਹਿਤਕ ਰਚਨਾਵਾਂ ਸ਼ੁਰੂ ਕੀਤੀਆਂ ਅਤੇ ਡਾ ਐਮ. ਐਸ ਰੰਧਾਵਾ ਅਤੇ ਪ੍ਰੋ ਮੋਹਨ ਸਿੰਘ ਦੀ ਅਗਵਾਈ ਵਿੱਚ ਪਹਿਲੀ ਪੁਸਤਕ ਛਪਵਾਈ।

ਮਨਜੀਤ ਇੰਦਰਾ ਨੇ ਕਾਵਿਕ ਸਾਂਝ ਪਾਉਂਦਿਆਂ ਹੋਇਆਂ ਆਪਣੀ ਕਾਵਿ ਰਚਨਾਵਾਂ ਗਾਕੇ ਅਤੇ ਬੋਲ ਕੇ ਸਾਂਝੀਆਂ ਕੀਤੀਆਂ। 1974 ਤੋਂ ਸਾਹਿਤਕ ਜਗਤ ਵਿੱਚ ਪਛਾਣੀ ਜਾਂਦੀ ਮਨਜੀਤ ਇੰਦਰਾ ਨੇ ਨਾਰੀ ਸੰਵੇਦਨਾ, ਮਾਨਵੀ ਰਿਸ਼ਤਿਆਂ, ਸਵੈਮਾਣ, ਸਮਰਪਣ ਅਤੇ ਰੋਹ ਵਿਦਰੋਹ ਨਾਲ ਸਬੰਧਤ ਕਾਵਿ ਰਚਨਾਵਾਂ ਕੀਤੀਆਂ ਹਨ।ਉਹਨਾਂ ਬੜੀ ਬੇਬਾਕੀ ਨਾਲ ਰਾਜਨੀਤਕ ਦੰਭ ਅਤੇ ਸਮਾਜਿਕ ਮਸਲਿਆਂ ਬਾਰੇ ਕਾਵਿ ਰਚਨਾਵਾਂ ਕੀਤੀਆਂ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਆਈਆਂ ਚੁਨੌਤੀਆਂ ਅਤੇ ਮੁਸ਼ਕਲਾਂ ਦਾ ਜ਼ਿਕਰ ਵੀ ਕੀਤਾ। ਉਹਨਾਂ ਆਪਣੇ ਕਾਵਿ ਪੁਸਤਕਾਂ ਦੇ ਹੋਂਦ ਵਿੱਚ ਆਓਣ ਅਤੇ ਇਹਨਾਂ ਪੁਸਤਕਾਂ ਦੇ ਪਿਛੋਕੜ ਅਤੇ ਵਿਸ਼ਿਆਂ ਸੰਬੰਧੀ ਜਾਣਕਾਰੀ ਦਿੱਤੀ। ਮਨਜੀਤ ਇੰਦਰਾ ਨੇ ਇਹ ਵੀ ਦੱਸਿਆ ਕਿ ਮੇਰੀਆਂ ਨਜ਼ਮਾਂ ਮੇਰੀ ਔਲਾਦ ਨੇ

ਮੇਰੀ ਸ਼ਾਇਰੀ ਮੇਰੇ ਦੋਸਤ । ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਸੁਰਜੀਤ ਕੌਰ ਟਰਾਂਟੋ ਨੇ ਮਨਜੀਤ ਇੰਦਰਾ ਦੀ ਕਵਿਤਾ ਵਿਚ ਪੇਸ਼ ਵਿਸ਼ਿਆਂ ਬਾਰੇ ਆਪਣੇ ਵਿਚਾਰ ਦਿੱਤੇ ਅਤੇ ਉਹਨਾਂ ਦੀ ਕਵਿਤਾ ਨੂੰ ਸਮੇਂ ਅਤੇ ਸੱਚ ਦੀ ਆਵਾਜ਼ ਦੱਸਿਆ। ਪ੍ਰਸਿੱਧ ਚਿੰਤਕ ਕੰਵਲਜੀਤ ਕੌਰ ਢਿੱਲੋਂ ਨੇ ਵਰਤਮਾਨ ਸਮੇਂ ਨਾਰੀ ਦੀਆਂ ਵਿਸ਼ਵ ਪੱਧਰ ਦੀਆਂ ਚੁਨੌਤੀਆਂ ਬਾਰੇ ਚਰਚਾ ਕਰਦਿਆਂ ਮਨਜੀਤ ਇੰਦਰਾ ਨਾਲ ਕੀਤੀ ਗਈ ਸਾਰੀ ਗੱਲਬਾਤ ਨੂੰ ਸਾਰਥਕ ਦੱਸਿਆ। ਉਪਰੰਤ ਰਮਿੰਦਰ ਰੰਮੀ ਜੀ ਨੇ ਮਨਜੀਤ ਇੰਦਰਾ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੁਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨੇ ਪੂਰੇ ਪ੍ਰੋਗਰਾਮ ਬਾਰੇ ਆਪਣੇ ਪ੍ਰਤੀਕਰਮ ਦੇਂਦਿਆਂ ਇਸ ਪ੍ਰੋਗਰਾਮ ਨੂੰ ਸਾਹਿਤਕ ਅਤੇ ਸਮਾਜਕ ਸਭਿਆਚਾਰਕ ਤੌਰ ਤੇ ਲਾਹੇਵੰਦ ਦੱਸਿਆ ਕਿਓਂਕਿ ਇਸ ਰਾਂਹੀ ਜਿੱਥੇ ਮਨਜੀਤ ਇੰਦਰਾ ਦੇ ਕਾਵਿਕ ਸਫ਼ਰ ਬਾਰੇ ਜਾਣਕਾਰੀ ਮਿਲੀ ਉਥੇ ਨਾਲ ਹੀ ਪੰਜਾਬੀ ਸਮਾਜ ਸੱਭਿਆਚਾਰ ਵਿੱਚ ਆਏ ਪਰਿਵਰਤਨਾਂ ਦਾ ਵੀ ਸੰਕੇਤ ਮਿਲਿਆ। ਉਹਨਾਂ ਨੇ ਇਸ ਪ੍ਰੋਗਰਾਮ ਦੇ ਸਫਲ ਸੰਚਾਲਨ ਅਤੇ ਪ੍ਰਂਬੰਧ ਲਈ ਪ੍ਰੋ ਕੁਲਜੀਤ ਕੌਰ ਅਤੇ ਮੈਡਮ ਰਮਿੰਦਰ ਰੰਮੀ ਨੂੰ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਸਾਹਿਤਕਾਰਾਂ ਨੇ ਆਪਣੀ ਸ਼ਮੂਲੀਅਤ ਕੀਤੀ । ਡਾ. ਹਰਜਿੰਦਰ ਸਿੰਘ ਦਿਲਗੀਰ, ਸ. ਅਜੈਬ ਸਿੰਘ ਚੱਠਾ ਚੇਅਰਮੈਨ, ਬਲਵਿੰਦਰ ਕੌਰ ਚੱਠਾ, ਗੁਰਚਰਨ ਸਿੰਘ ਜੋਗੀ, ਮਨਜੀਤ ਸੇਖੋਂ, ਜੈ ਪਾਲ, ਹਰਮੀਤ ਵਿਦਿਆਰਥੀ, ਹਰਦਿਆਲ ਸਿੰਘ ਝੀਤਾ, ਡਾ. ਪੁਸ਼ਵਿੰਦਰ ਕੌਰ ਖੋਖਰ, ਆਸ਼ਾ ਸ਼ਰਮਾ, ਮੀਨਾ ਮਹਿਰੋਕ, ਦਵਿੰਦਰ ਕੌਰ ਖ਼ੁਸ਼ ਧਾਲੀਵਾਲ, ਰਾਜਬੀਰ ਗਰੇਵਾਲ, ਨਰਿੰਦਰ ਕੌਰ ਭੱਚੂ, ਆਦਿ ਹਾਜ਼ਰ ਹੋਏ । ਇਹ ਰਿਪੋਰਟ ਪ੍ਰੋ . ਕੁਲਜੀਤ ਕੌਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਕੁਲਜੀਤ ਕੌਰ ਜੀ ਦਾ ਰੂਬਰੂ ਕਰਨ ਦਾ ਇੱਕ ਨਿਵੇਕਲੀ ਢੰਗ ਤੇ ਵਿਲੱਖਣ ਅੰਦਾਜ਼ ਹੁੰਦਾ ਹੈ ਜੋਕਿ ਬਹੁਤ ਕਾਬਿਲੇ ਤਾਰੀਫ਼ ਹੁੰਦਾ ਹੈ । ਧੰਨਵਾਦ ਸਹਿਤ ।

ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

Previous articleKings Sports Club
Next articleਜੰਮੂ ਕਸ਼ਮੀਰ: ਪੁਣਛ ’ਚ ਕੰਟਰੋਲ ਰੇਖਾ ’ਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਕਾਮ, ਤਿੰਨ ਗ੍ਰਿਫ਼ਤਾਰ