” ਚੰਗੀ ਸਿਹਤ ਨੂੰ ਹਾਂ, ਤੰਬਾਕੂ ਨੂੰ ਨਾ”

(ਸਮਾਜ ਵੀਕਲੀ)

ਸਭ ਨੂੰ ਪਤਾ ਹੈ ਕਿ ਤੰਬਾਕੂ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਸ ਦੇ ਉਪਯੋਗ ਨਾਲ ਸਭ ਤੋਂ ਜ਼ਿਆਦਾ ਅਸਰ ਮੂੰਹ ਤੇ ਪੈਂਦਾ ਹੈ ਅਤੇ ਹਰ ਸਾਲ ਲੱਖਾਂ ਹੀ ਲੋਕ ਮੂੰਹ ਦੇ ਕੈਂਸਰ ਤੋਂ ਪੀੜਤ ਹੁੰਦੇ ਹਨ। ਇਹ ਸਭ ਕੁਝ ਜਾਣਦੇ ਹੋਏ ਵੀ ਲੱਖਾਂ ਹੀ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ ਇਸੇ ਲਈ ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ 31 ਮਈ, 1988 ਤੋਂ ਵਿਸ਼ਵ ਸਿਹਤ ਸੰਸਥਾ ਵੱਲੋਂ ਤੰਬਾਕੂ ਦੀ ਵਿਸ਼ਵ ਪੱਧਰ ’ਤੇ ਵਧ ਰਹੀ ਵਰਤੋਂ ਨੂੰ ਮਹਿਸੂਸ ਕਰਦਿਆਂ ਕੀਤੀ ਗਈ ਸੀ ਹਰ ਸਾਲ 31 ਮਈ ਨੂੰ ਕੌਮਾਂਤਰੀ ਪੱਧਰ ’ਤੇ ਤੰਬਾਕੂ ਵਿਰੋਧੀ ਦਿਵਸ ਵਿਸ਼ਵ ਸਿਹਤ ਸੰਸਥਾ ਅਤੇ ਹੋਰ ਸਮਾਜਿਕ, ਧਾਰਮਿਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਵੱਲੋਂ ਮਨਾਇਆ ਜਾਂਦਾ ਹੈ। ਤੰਬਾਕੂ ਵਿਸ਼ਵ ਪੱਧਰ ’ਤੇ ਭਿਆਨਕ ਬਿਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਮੁੱਖ ਕਾਰਨ ਹੈ।

ਦੁਨੀਆਂ ਵਿੱਚ ਤੰਬਾਕੂ ਨਾਲ ਹਰ ਸਾਲ 8 ਮਿਲੀਅਨ ਦੇ ਕਰੀਬ ਮੌਤਾਂ ਹੁੰਦੀਆ ਹਨ ਅਤੇ ਭਾਰਤ ਵਿੱਚ ਹਰ ਸਾਲ ਲਗਪਗ 1.35 ਮਿਲੀਅਨ ਦੇ ਕਰੀਬ ਲੋਕ ਤੰਬਾਕੂ ਦੀ ਵਰਤੋਂ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਤੰਬਾਕੂ ਕਾਰਨ ਹਰ ਸਾਲ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਲੱਗਭਗ 1.25 ਲੱਖ ਨਵੇਂ ਮਾਮਲੇ ਆਉਂਦੇ ਹਨ ਇਸ ਤੋਂ ਇਲਾਵਾ ਤੰਬਾਕੂ ਨਾਲ ਸਬੰਧਤ ਦਿਲ ਦੀਆਂ ਬਿਮਾਰੀਆਂ ਅਤੇ ਕਈ ਹੋਰ ਖਤਰਨਾਕ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ। ਭਾਰਤ ਵਿੱਚ ਲਗਪਗ 45 ਫ਼ੀਸਦੀ ਕੈਂਸਰ ਦੇ ਕੇਸ ਤੰਬਾਕੂ ਸੇਵਨ ਕਰਨ ਨਾਲ ਹੁੰਦੇ ਹਨ। ਗੈਟਸ (Global adult Tobacco Survey) ਸਰਵੇ ਮੁਤਾਬਕ ਭਾਰਤ ਵਿੱਚ 35 ਫ਼ੀਸਦੀ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ। ਮਰਦਾਂ ਵਿੱਚ ਇਹ ਗਿਣਤੀ 48.5 ਫ਼ੀਸਦੀ ਅਤੇ ਔਰਤਾਂ ਵਿੱਚ 22.5 ਫ਼ੀਸਦੀ ਹੈ।

ਜ਼ਿਆਦਾਤਰ ਤੰਬਾਕੂ ਦਾ ਸੇਵਨ ਕਰਨ ਵਾਲੇ ਹਰ ਰੋਜ਼ ਇਸ ਦੀ ਵਰਤੋਂ ਕਰਦੇ ਹਨ ਤੇ ਖ਼ਤਰਨਾਕ ਤੱਥ ਇਹ ਹੈ ਕਿ ਇਨ੍ਹਾਂ ਵਿੱਚੋਂ 60.2 ਫ਼ੀਸਦੀ ਸਵੇਰੇ ਉੱਠਣ ਦੇ ਅੱਧੇ ਘੰਟੇ ਦੇ ਵਿੱਚ ਹੀ ਤੰਬਾਕੂ ਸ਼ੁਰੂ ਕਰ ਦਿੰਦੇ ਹਨ। ਭਾਰਤ ਵਿੱਚ ਤੰਬਾਕੂ ਦੀ ਵਰਤੋਂ ਔਸਤਨ 15 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦੀ ਹੈ ਪਰ ਲਗਪਗ 25 ਫ਼ੀਸਦੀ ਔਰਤਾਂ ਇਸ ਦੀ ਵਰਤੋਂ 15 ਸਾਲ ਦੀ ਉਮਰ ਤੋਂ ਵੀ ਪਹਿਲਾਂ ਸ਼ੁਰੂ ਕਰ ਦਿੰਦੀਆਂ ਹਨ। ਭਾਵੇਂ ਕਿ ਕਾਨੂੰਨੀ ਤੌਰ ’ਤੇ 18 ਸਾਲ ਤੋਂ ਘੱਟ ਉਮਰ ਵਾਲਾ ਵਿਅਕਤੀ ਤੰਬਾਕੂ ਨਹੀਂ ਖਰੀਦ ਸਕਦਾ ਪਰ 15 ਤੋਂ 17 ਸਾਲ ਦੇ 9.6 ਫ਼ੀਸਦੀ ਵਿਅਕਤੀ ਇਸ ਦੀ ਵਰਤੋਂ ਕਰਦੇ ਹਨ ਤੇ ਇਹ ਅਸਾਨੀ ਨਾਲ ਹਰ ਦੁਕਾਨ ਤੋਂ ਮਿਲ ਜਾਂਦਾ ਹੈ।

ਲਗਪਗ 50 ਫ਼ੀਸਦੀ ਬਾਲਗ ਘਰਾਂ ਵਿੱਚ ਅਤੇ 29 ਫ਼ੀਸਦੀ ਸਰਵਜਨਕ ਥਾਵਾਂ ’ਤੇ ਹੋਰਨਾਂ ਵੱਲੋਂ ਕੀਤੇ ਤੰਬਾਕੂ ਦੇ ਧੂੰਏਂ ਤੋਂ ਪ੍ਰਭਾਵਤ ਹੁੰਦੇ ਹਨ। ਭਾਵੇਂ ਕਿ 90 ਫ਼ੀਸਦੀ ਤੰਬਾਕੂ ਵਰਤਣ ਵਾਲਿਆਂ ਨੂੰ ਇਸ ਦੇ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਹੁੰਦੀ ਹੈ ਪਰ ਇਸ ਦੀ ਆਦਤ ਏਨੀ ਮਾੜੀ ਹੈ ਕਿ ਉਨ੍ਹਾਂ ਵਿੱਚੋਂ ਸਿਰਫ਼ 5 ਫ਼ੀਸਦੀ ਹੀ ਤੰਬਾਕੂ ਦੀ ਵਰਤੋਂ ਪੱਕੇ ਤੌਰ ’ਤੇ ਛੱਡ ਸਕੇ ਹਨ। ਤੰਬਾਕੂ ਵਿੱਚ ਲਗਪਗ 4000 ਰਸਾਇਣ ਹੁੰਦੇ ਹਨ ਜਿਨ੍ਹਾਂ ਵਿੱਚੋਂ 43 ਅਜਿਹੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਤੰਬਾਕੂ ਵਿੱਚ ਭਾਰੀਆਂ ਧਾਤਾਂ ਜਿਵੇਂ ਕਿ ਨਿੱਕਲ, ਲੈੱਡ ਆਦਿ ਵੀ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਸਿਹਤ ਲਈ ਬਹੁਤ ਖ਼ਤਰਨਾਕ ਹਨ। ਤੰਬਾਕੂ ਦਾ ਸੇਵਨ ਕਰਨ ਨਾਲ ਸੁਆਦ ਅਤੇ ਸੁੰਘਣ ਸ਼ਕਤੀ ਘਟ ਜਾਂਦੀ ਹੈ।

ਖਾਂਸੀ ਅਤੇ ਬੁਖਾਰ ਆਮ ਹੁੰਦਾ ਰਹਿੰਦਾ ਹੈ। ਚਿਹਰੇ ’ਤੇ ਉਮਰ ਤੋਂ ਪਹਿਲਾਂ ਹੀ ਝੁਰੜੀਆਂ ਪੈ ਜਾਂਦੀਆਂ ਹਨ। ਦੰਦਾਂ ਦੀਆਂ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਬਲੱਡ ਪੈ੍ਰਸ਼ਰ ਵਧ ਜਾਂਦਾ ਹੈ। ਦਿਲ ਦੀਆਂ ਬਿਮਾਰੀਆਂ ਵਧ ਜਾਂਦੀਆਂ ਹਨ। ਸਾਹ ਦੀਆਂ ਸਮੱਸਿਆਵਾਂ, ਦਮਾ, ਮੂੰਹ, ਜੀਭ, ਗਲੇ ਦਾ ਕੈਂਸਰ, ਹੱਡੀਆਂ ਦੀ ਕਮਜ਼ੋਰੀ ਅਤੇ ਅੱਖਾਂ ਦੀ ਨਿਗ੍ਹਾ ਦਾ ਘਟਣਾ ਜਿਹੀਆਂ ਅਨੇਕਾਂ ਬਿਮਾਰੀਆਂ ਹੋ ਜਾਂਦੀਆਂ ਹਨ। ਤੰਬਾਕੂ ਨੂੰ ‘ਗੇਟਵੇਅ ਆਫ ਡਰੱਗ’ ਕਿਹਾ ਜਾਂਦਾ ਹੈ ਜਿਸ ਦਾ ਭਾਵ ਹੈ ਕਿ ਜੋ ਵਿਅਕਤੀ ਤੰਬਾਕੂ ਦੀ ਵਰਤੋਂ ਕਰਦਾ ਹੈ ਉਸ ਦੇ ਬਾਕੀ ਨਸ਼ਿਆਂ ਦੀ ਵਰਤੋਂ ਕਰਨ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।

ਤੰਬਾਕੂ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਚਾਹੇ ਉਹ ਸਿਗਰਟ ਤੇ ਬੀੜੀ ਹੋਵੇ ਜਾਂ ਜਰਦਾ ਤੇ ਪਾਨ ਮਸਾਲਾ ਹੋਵੇ, ਹਰ ਤਰ੍ਹਾਂ ਖ਼ਤਰਨਾਕ ਹੈ। ਸਿਗਰਟ ਤੇ ਬੀੜੀ ਦੇ ਧੂੰਏਂ ਦਾ ਤੰਬਾਕੂ ਨਾ ਵਰਤਣ ਵਾਲਿਆਂ ’ਤੇ ਵੀ ਬਹੁਤ ਮਾੜਾ ਪ੍ਰਭਾਵ ਹੈ। ਤੰਬਾਕੂ ਦੀ ਵਰਤੋਂ ਇੱਕ ਜਾਨਲੇਵਾ ਆਦਤ ਹੈ ਤੇ ਜਦੋਂ ਵਿਅਕਤੀ ਤੰਬਾਕੂ ਦੀ ਵਰਤੋਂ ਛੱਡਦਾ ਹੈ ਤਾਂ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਤੰਬਾਕੂ ਛੱਡਣ ਦੇ ਕੁਝ ਦਿਨਾਂ ਤੱਕ ਚਿੜਚਿੜਾਪਣ, ਕਾਹਲਾਪਣ, ਨੀਂਦ ਨਾ ਆਉਣਾ, ਸਿਰਦਰਦ ਆਦਿ ਸਮੱਸਿਆਵਾਂ ਆਉਂਦੀਆਂ ਹਨ ਤੇ ਵਿਅਕਤੀ ਦਾ ਮਨ ਵਾਰ-ਵਾਰ ਤੰਬਾਕੂ ਦੀ ਵਰਤੋਂ ਕਰਨ ਲਈ ਕਰਦਾ ਹੈ।

ਤੰਬਾਕੂ ਦੀ ਵਰਤੋਂ ਛੱਡਣ ਦੇ 20 ਮਿੰਟ ਬਾਅਦ ਹੀ ਬਲੱਡ ਪੈ੍ਰਸ਼ਰ ਸਹੀ ਹੋਣ ਲੱਗਦਾ ਹੈ ਅਤੇ ਹੱਥਾਂ ਤੇ ਪੈਰਾਂ ਦਾ ਤਾਪਮਾਨ ਜੋ ਕਿ ਤੰਬਾਕੂ ਸੇਵਨ ਨਾਲ ਘਟਿਆ ਹੁੰਦਾ ਹੈ ਸਹੀ ਹੋਣ ਲੱਗਦਾ ਹੈ। ਤੰਬਾਕੂ ਛੱਡਣ ਦੇ 15 ਦਿਨ ਤੋਂ 3 ਮਹੀਨਿਆਂ ਵਿੱਚ ਖ਼ੂਨ ਦਾ ਦੌਰਾ ਠੀਕ ਹੋ ਜਾਂਦਾ ਹੈ। ਤੰਬਾਕੂ ਛੱਡਣ ਦੇ 9 ਮਹੀਨੇ ਦੇ ਅੰਦਰ-ਅੰਦਰ ਖਾਂਸੀ, ਫੇਫੜਿਆਂ ਦੀਆਂ ਸਮੱਸਿਆਵਾਂ ਤੇ ਹੋਰ ਸਬੰਧਤ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ। ਤੰਬਾਕੂ ਦੀ ਵਰਤੋਂ ਛੱਡਣ ਲਈ ਜ਼ਰੂਰੀ ਹੈ ਕਿ ਇੱਕ ਮਿਤੀ ਪੱਕੀ ਕਰ ਲਈ ਜਾਵੇ ਤੇ ਇਸ ਤੋਂ ਇੱਕ ਹਫ਼ਤਾ ਪਹਿਲਾਂ ਤਿਆਰੀ ਸ਼ੁਰੂ ਕਰ ਦਿੱਤੀ ਜਾਵੇ। ਇਸ ਹਫ਼ਤੇ ਦੌਰਾਨ ਦਿਨ ਵਿੱਚ ਸਿਰਫ਼ ਇੱਕ ਜਾਂ ਦੋ ਬੀੜੀ/ਸਿਗਰਟ ਪੀਤੇ ਜਾਣ, ਜਦੋਂ ਸਰੀਰ ਤੰਬਾਕੂ ਦੀ ਤਲਬ ਮਹਿਸੂਸ ਕਰੇ ਤਾਂ ਕਿਸੇ ਹੋਰ ਰੁਝੇਵੇਂ ਵਿੱਚ ਰੁੱਝ ਕੇ ਇਸ ਦੀ ਵਰਤੋਂ ਘਟਾਈ ਜਾਵੇ।

ਚਾਹ ਤੇ ਕਾਫ਼ੀ ਜੋ ਤੰਬਾਕੂ ਦੀ ਤਲਬ ਵਧਾਉਂਦੇ ਹਨ ਦੀ ਵਰਤੋਂ ਘਟਾਈ ਜਾਵੇ ਤੇ ਤਲਬ ਘਟਾਉਣ ਲਈ ਟੌਫ਼ੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਆਪਣੇ ਰੋਜ਼ਾਨਾ ਦੇ ਕਾਰ-ਵਿਹਾਰ ਵਿੱਚ ਵੀ ਤਬਦੀਲੀ ਲਿਆਉਣੀ ਪਵੇਗੀ। ਕਸਰਤ, ਯੋਗਾ, ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਜੇ ਅਸੀਂ ਬੱਝੇ ਰਹਾਂਗੇ ਤਾਂ ਇਸ ਤੋਂ ਲੰਮੇ ਸਮੇਂ ਲਈ ਬਚਾਅ ਕਰ ਸਕਦੇ ਹਾਂ। ਕਿਤਾਬਾਂ ਪੜ੍ਹਨ ਦੀ ਆਦਤ ਵੀ ਤੰਬਾਕੂ ਛੱਡਣ ਵਿੱਚ ਮਦਦ ਕਰ ਸਕਦੀ ਹੈ। ਤੰਬਾਕੂ ਦੀ ਬੱਚਿਆਂ, ਔਰਤਾਂ ਅਤੇ ਨੌਜਵਾਨਾਂ ਵਿੱਚ ਵਧ ਰਹੀ ਵਰਤੋਂ ਕਾਰਨ ਦੇਸ਼ ਨੂੰ ਹੋ ਰਹੇ ਨੁਕਸਾਨ ਨੂੰ ਮਹਿਸੂਸ ਕਰਦਿਆਂ ਭਾਰਤ ਸਰਕਾਰ ਵੱਲੋਂ ਕੁਝ ਕਾਨੂੰਨ ਬਣਾਏ ਗਏ ਹਨ।

ਇਨ੍ਹਾਂ ਕਾਨੂੰਨਾਂ ਤਹਿਤ ਸਰਵਜਨਕ ਥਾਵਾਂ ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ, ਆਡੀਟੋਰੀਅਮ, ਰੈਸਟੋਰੈਂਟਾਂ, ਅਦਾਲਤਾਂ, ਸਰਕਾਰੀ ਦਫ਼ਤਰਾਂ ਆਦਿ ਵਿੱਚ ਸਿਗਰਟਨੋਸ਼ੀ ਕਰਨ ’ਤੇ ਪਾਬੰਦੀ ਹੈ। ਤੰਬਾਕੂ ਦੀ ਕਿਸੇ ਵੀ ਤਰ੍ਹਾਂ ਮਸ਼ਹੂਰੀ ਕਰਨ ’ਤੇ ਪਾਬੰਦੀ ਹੈ ਤੇ ਇਸ ਸਬੰਧੀ ਬੋਰਡ ਸਿਰਫ਼ ਤੰਬਾਕੂ ਵੇਚਣ ਵਾਲੀ ਦੁਕਾਨ ’ਤੇ ਲੱਗ ਸਕਦਾ ਹੈ। ਕਿਸੇ ਵੀ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਵੇਚਣਾ ਮਨ੍ਹਾਂ ਹੈ ਤੇ ਇਸ ਦੀ ਜ਼ਿੰਮੇਵਾਰੀ ਵੇਚਣ ਵਾਲੇ ਦੀ ਹੁੰਦੀ ਹੈ ਤੇ ਹਰ ਤੰਬਾਕੂ ਵੇਚਣ ਵਾਲੇ ਨੂੰ ਇਸ ਸਬੰਧੀ ਆਪਣੀ ਦੁਕਾਨ ’ਤੇ ਬੋਰਡ ’ਤੇ ਇਹ ਗੱਲ ਲਿਖ ਕੇ ਲਗਾਉਣੀ ਜ਼ਰੂਰੀ ਹੈ।

ਕਿਸੇ ਵੀ ਵਿੱਦਿਅਕ ਅਦਾਰੇ ਦੀ ਬਾਹਰੀ ਦੀਵਾਰ ਦੇ 100 ਗਜ ਦੇ ਅੰਦਰ ਤੰਬਾਕੂ ਵੇਚਣਾ ਮਨ੍ਹਾਂ ਹੈ ਤੇ ਇਸ ਨੂੰ ਲਾਗੂ ਕਰਵਾਉਣਾ ਵਿੱਦਿਅਕ ਅਦਾਰੇ ਦੇ ਮੁਖੀ ਦੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਤੰਬਾਕੂ ਦੀਆਂ ਸਾਰੀਆਂ ਵਸਤਾਂ ਤੇ ਤੰਬਾਕੂ ਦੇ ਸਿਹਤ ’ਤੇ ਨੁਕਸਾਨ ਨਾਲ ਸਬੰਧਤ ਚਿੱਤਰ ਛਾਪਣੇ ਵੀ ਜ਼ਰੂਰੀ ਕਰ ਦਿੱਤੇ ਗਏ ਹਨ। ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਕੈਦ ਅਤੇ ਜੁਰਮਾਨਿਆਂ ਦੀ ਵਿਵਸਥਾ ਵੀ ਕੀਤੀ ਗਈ ਹੈ।

ਆਮ ਤੌਰ ’ਤੇ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਮ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਬਚ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਣ। ਸਰਕਾਰਾਂ ਨੂੰ ਚਾਹੀਦਾ ਹੈ ਕਿ ਤੰਬਾਕੂ ਬਣਾਉਣ ਵਾਲੀਆਂ ਕੰਪਨੀਆਂ ਤੇ ਵੀ ਨਜ਼ਰ ਮਾਰੀ ਜਾਵੇ ਤੰਬਾਕੂ ਵਿੱਚ ਮਿਲਾਉਣ ਵਾਲੇ ਖਤਰਨਾਕ ਪਦਾਰਥਾਂ ਦੀ ਮਾਤਰਾ ਘਟਾਈ ਜਾਵੇ। ਤੰਬਾਕੂ ਦੀ ਜਗ੍ਹਾ ਸਿਹਤ ਨੂੰ ਨੁਕਸਾਨ ਨਾ ਕਰਨ ਵਾਲਾ ਤੋੜ ਲੱਭਿਆ ਜਾਵੇ। ਤੰਬਾਕੂ ਬਣਾਉਣ ਵਾਲੇ ਕਾਰਖਾਨਿਆਂ ਦੀ ਗਿਣਤੀ ਨੂੰ ਹੌਲੀ ਹੌਲੀ ਘਟਾਇਆ ਜਾਵੇ।

ਕੁਲਦੀਪ ਸਿੰਘ ਸਾਹਿਲ

9417990040

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੌਖੇ ਨਾ ਮੈਡਲ ਜਿੱਤਣੇ
Next articleClashes erupt as Chinese Muslims protest to save mosque Yunnan