(ਸਮਾਜ ਵੀਕਲੀ)
ਕਿੱਥੇ ਖ਼ਤ ਮੈਂ ਲਿਖ ਕੇ ਪਾਵਾਂ,ਗਿਆ ਨਾ ਦੱਸ ਟਿਕਾਣਾ।
ਅੰਦਰੋਂ ਅੰਦਰੀਂ ਰੋਵੇ ਸੲੀਓ, ਮੇਰਾ ਦਿਲ ਨਿਮਾਣਾ।
ਬਿਨਾ ਦਵਾਈਉਂ ਅੱਜ ਸਵੇਰੇ,ਮਾਂ ਤੁਰਗੀ ਘਰ ਰੱਬ ਦੇ,
ਚਾਰੋਂ ਪੁੱਤਰ ਆਖਣ ਪਤਾ ਨ੍ਹੀਂ,ਵਰਤ ਗਿਆ ਕੀ ਭਾਣਾ।
ਇੱਕ ਗਰੀਬ ਦੇ ਘਰ ਨੂੰ ਚੋਰਾਂ,ਰਲ ਕੇ ਸੰਨ੍ਹ ਸੀ ਲਾਈ,
ਹੱਥ ਨਾ ਆਈ ਫੁੱਟੀ ਕੌਡੀ, ਪਿਆ ਵੇਖਣਾ ਥਾਣਾ।
ਧਰਮ ਸਥਾਨਾਂ ਦੇ ਪੁਜਾਰੀ,ਘੁੰਮਦੇ ਪਏ ਵਿੱਚ ਕਾਰਾਂ,
ਫਿਰ ਵੀ ਆਖੀ ਜਾਵਣ ਪੈਂਦਾ,ਧੂਹ ਕੇ ਵਕਤ ਲੰਘਾਣਾ।
ਇੱਕ ਥੈਲੀ ਦੇ ਚੱਟੇ ਵੱਟੇ,ਅੱਜ ਦੇ ਸਿਆਸੀ ਲੀਡਰ,
ਕੀ ਕਰੋਗੇ ਵੋਟਾਂ ਪਾ ਕੇ, ਇਹ ਸਭ ਲੋਟੂ ਲਾਣਾ।
ਚੋਰ ਲੁਟੇਰੇ ਅੰਦਰੋਂ ਕੋਈ,ਕੋਈ ਛੁਪੇ ਹੋਏ ਕਾਤਿਲ,
ਉਪਰੋਂ ਸੰਤ ਮਹਾਤਮਾ ਲਗਦੇ,ਪਾ ਕੇ ਭਗਵਾ ਬਾਣਾ।
ਜੰਤਾ ਯੁੱਗ ਬਦਲਣ ਲੲੀ ਜੇ,ਤਿਆਰ ਨਹੀਂ ਹੈ’ਬੁਜਰਕ’,
ਭਾਰਤ ਵਰਸ਼ ਦਾ ਏਦਾਂ ਹੀ ਏ,ਉਲਝਿਆ ਰਹਿਣਾ ਤਾਣਾ।
ਹਰਮੇਲ ਸਿੰਘ ਧੀਮਾਨ
ਸੰਪਰਕ ਨੰ:94175–97204
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly