ਅਖ਼ੀਰੀਂ ਪੈੜਾਂ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ -22(ਭਾਗ ਦੂਜਾ ਤੇ ਅੰਤਿਮ)
ਮਿਲਣ ਤੋਂ ਪਹਿਲਾਂ,
ਕਦੇ ਸੋਚਿਆ ਨਹੀਂ ਸੀ।
ਕਿ ਵਿਛੁੜਾਂਗੇ ਹਿਜ਼ਰਾਂ ਦੇ,
ਸੱਲ ਬਣ ਕੇ।
ਵਿਛੁੜਨ ਤੋਂ ਪਹਿਲਾਂ,
ਕਦੇ ਸੋਚਿਆ ਨਹੀ ਹੈ,
ਕਿ ਯਾਦ ਆਵਾਂਗੇ ਕਿਸੇ ਨੂੰ,
ਗੱਲ ਬਣ ਕੇ।
“ਜੱਸੀ” ਘੁੰਮੀ ਸੀ ਦੁਨੀਆਂ,
ਦੁਰਾਡੇ ਚੁਫੇਰੀ,
ਨਹੀਂ ਸੀ ਪਤਾ,
ਨਕਸ਼ਾ ਜੇਲ੍ਹ ਦਾ,
ਘੁੰਮੇਗਾ, ਇੱਕ ਇੱਕ,
ਪਲ ਬਣ ਕੇ।
ਹੁਣ ਤਾਂ ਸੱਜਣਾਂ,ਪਿਆਰਿਆਂ ਨੂੰ,
ਇਹੋ ਕਹਿਨਾਂ,
ਕਿ ਅੱਖ਼ਾਂ ਹੁਣ ਨਮ ਨਾ ਕਰੋ।
ਇਹ ਹਿਜ਼ਰਾਂ ਦੇ ਗੀਤ,
ਵਿਛੋੜੇ ਦੀ ਸਰਗਮ,
ਮਿਲਾਂਗੇ ਕਿਸੇ ਮੋੜ ‘ਤੇ,
ਕੋਈ ਗ਼ਮ ਨਾ ਕਰੋ।
ਮਿਲਾਂਗੇ ਕਿਸੇ ਮੋੜ…।

ਓਥੋਂ ਮੈਂ ਜਲਦੀ ਹੀ ਫ਼ਾਰਗ ਹੋ ਗਿਆ। ਸਾਰੇ ਸਾਥੀਆਂ ਨੇ ਆਪਣਾ ਸਾਮਾਨ ਬੰਨ੍ਹ ਲਿਆ ਸੀ। ਸਾਢੇ ਬਾਰਾਂ ਸੌ ਅਧਿਆਪਕਾਂ ਨੂੰ ਜੇਲ੍ਹ ਦਾ ਸਮਾਨ ਜਮ੍ਹਾਂ ਕਰਾਉਣ ‘ਚ ਵੀ, ਸਮਾਂ ਲੱਗਣਾ ਸੀ। ਉਸ ਤੋਂ ਬਾਅਦ ਕਚਹਿਰੀ ਵੀ ਮਜਿਸਟਰੇਟ ਦੇ,ਸਭ ਨੇ ਪੇਸ਼ ਹੋਣਾ ਸੀ ਕਿਉਂਕਿ ਓਥੇ ਸਾਡੇ ‘ਤੇ ਬਣਾਏ ਕੇਸ ਵੀ ਵਾਪਸ ਹੋਣੇ ਸਨ। ਜਿਸ ਤਰ੍ਹਾਂ ਨੰਬਰਵਾਰ ਗਰਿਫ਼ਤਾਰੀ ਹੋਈ ਸੀ, ਓਸੇ ਤਰ੍ਹਾਂ ਹੀ ਜ਼ਿਲ੍ਹਾ-ਵਾਰ ਸਮਾਨ ਜਮ੍ਹਾਂ ਹੋਣਾ ਸੀ। ਬਹੁਤੇ ਅਧਿਆਪਕ ਸਮਾਨ ਬੰਨ੍ਹ ਕੇ, ਵਿਹਲੇ ਹੋ ਗਏ ਸਨ। ਚਾਰੇ ਪਾਸੇ ਸਰਕਾਰ ਨਾਲ ਹੋਏ ਸਮਝੌਤੇ ਦੀ ਚਰਚਾ ਗਰਮ ਸੀ। ਸਰਕਾਰ ਵੱਲੋਂ ਦਿੱਤੇ 6 ਕਿਸ਼ਤਾਂ ਵਿਚ ਬਕਾਏ ਤੇ ਸਰਕਾਰ ਦੀ ਚਲਾਕੀ ਦੀ ਵੀ ਚਰਚਾ ਹੋ ਰਹੀ ਸੀ। ਪਰ ਸਭ ਨੂੰ ਸਬਰ ਸੀ ਕਿ ਅਸੀਂ ਗਰੇਡ 1-1-1996 ਤੋਂ ਲੈਣ ਲਈ ਹੱਕਦਾਰ ਹੋ ਗਏ ਹਾਂ।

ਜਿਹੜੀ ਸਰਕਾਰ ਆਪਣਾ ਦਿਵਾਲਾ ਕੱਢੀ ਬੈਠੀ ਹੋਵੇ, ਉਸ ਤੋਂ ਜੋ ਮਿਲ ਜਾਵੇ ਸੋ ਭਲਾ, ਏਥੇ ਤਾਂ ਬਹੁਤ ਕੁਝ ਮਿਲ਼ ਗਿਆ ਸੀ। ਕਈਆਂ ਦੀ ਦਲੀਲ ਸੀ ਕੋਰਟਾਂ ‘ਚ ਧੱਕੇ ਖਾਣ ਨਾਲੋਂ, ਘੱਟ ਖਾ ਲਓ। ਮੈਂ ਵੀ ਕਾਫ਼ੀ ਰੁੱਝ ਗਿਆ ਸਾਂ, ਸਾਰੇ ਜ਼ਿਲ੍ਹਿਆਂ ਦੇ ਅਧਿਆਪਕ ਸਾਥੀ ਮੇਰਾ ਪਤਾ, ਐਡਰੈੱਸ ਮੰਗ ਰਹੇ ਸਨ ਤੇ ਮੈਂ ਉਹਨਾਂ ਦਾ ਪਤਾ ਡਾਇਰੀ ‘ਤੇ ਲਿਖ ਰਿਹਾ ਸਾਂ। ਸਾਰੇ ਜੇਲ੍ਹ ਜੀਵਨ ਦੌਰਾਨ ਜੋ ਮਾਣ ਤੇ ਸਤਿਕਾਰ ਮਿਲਿਆ ਸੀ, ਉਸ ਦਾ ਅੱਜ ਮੈਨੂੰ ਪਤਾ ਲੱਗ ਗਿਆ ਸੀ। ਬਾਕੀ ਬਠਿੰਡੇ ਜਿਲ੍ਹੇ ਨੇ ਹਰ ਥਾਂ, ਜੈ ਜੈ ਕਾਰ ਕਰਵਾ ਦਿੱਤੀ ਸੀ। ਹਰੇਕ ਅਧਿਆਪਕ ਨੇ ਭਾਵੇਂ ਮੈੱਸ ਹੋਵੇ, ਖੇਡ ਦਾ ਮੈਦਾਨ ਹੋਵੇ ਜਾਂ ਸਟੇਜ ਹੋਵੇ, ਵੱਧ ਚੜ੍ਹ ਕੇ ਹਿੱਸਾ ਲਿਆ ਸੀ।

ਸਾਡੇ ਸਕੂਲ ਦੇ ਇੱਕ ਸਾਥੀ ਹਿਸਾਬ ਦੇ ਲੈਕਚਰਾਰ ਸ੍ਰੀ ਸੱਤਪਾਲ ਜੀ ਕਿਉਂਕਿ ਦੂਜੀ ਬੈਰਕ ਵਿੱਚ ਸਾਡੇ ਸਥਾਨਕ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਅਸ਼ੋਕ ਜੀ ਹੋਰਾਂ ਨਾਲ ਚਲੇ ਗਏ ਸਨ,ਕਿਉਂਕਿ ਦੋਵੇਂ ਹੀ ਬਰਨਾਲਾ ਤੋਂ ਆਉਂਦੇ ਸਨ। ਉਹਨਾਂ ਤੋਂ ਬਿਨਾਂ ਇਕ ਪੱਖ ਸੱਖਣਾ ਮਹਿਸੂਸ ਕੀਤਾ। ਜੋ ਅਨੰਦ ਇਕੱਠੇ ਸਾਰੇ ਬਿਸਤਰ ‘ਤੇ ਬਹਿ ਕੇ ਗੱਲਾਂ ਕਰਨ ਦਾ ਆਉਂਦਾ ਹੈ, ਉਸ ਤੋਂ ਮੈਂ ਸੱਤ ਪਾਲ ਜੀ ਕੋਲੋਂ ਦੂਰ ਰਿਹਾ।
ਸਾਰਾ ਸਮਾਨ ਜਮ੍ਹਾਂ ਕਰਵਾ ਕੇ ਅਸੀਂ ਬਠਿੰਡਾ ਵਾਲੇ ਸਾਥੀ ਇੱਕ ਬੱਸ ਵਿਚ ਸਵਾਰ ਹੋਏ। ਹੁਣ ਸਾਨੂੰ ਕੋਰਟ ਲੈ ਕੇ ਜਾਣਾ ਸੀ, ਜਿੱਥੇ ਸਾਡੀ ਰਿਹਾਈ ਦੇ ਹੁਕਮ ਦੇਣੇ ਸਨ।

ਚੰਡੀਗੜ੍ਹ ਪਹੁੰਚ ਕੇ ਸਾਨੂੰ ਥਾਣੇ ਅਤੇ ਕਚਹਿਰੀ ਦੇ ਵਿਚਕਾਰ ਵਾਲੀ ਸੜਕ ‘ਤੇ ਰੋਕ ਲਿਆ ਕਿਉਂਕਿ ਸਾਰੇ ਅਧਿਆਪਕਾਂ ਨੂੰ ਕੋਰਟ ਅੰਦਰ ਜਾਣ ਦੀ ਜ਼ਰੂਰਤ ਨਹੀਂ ਸੀ। ਜਦੋਂ ਮਹੀਨੇ ਬਾਅਦ ਬੱਸ ਤੋਂ ਉੱਤਰ ਕੇ, ਖੁੱਲ੍ਹੇ ਵਾਤਾਵਰਨ ਵਿਚ ਸਾਹ ਲਿਆ, ਤਾਂ ਇਸ ਤਰ੍ਹਾਂ ਲੱਗੇ ਜਿਵੇਂ ਕੋਈ ਪੰਛੀ ਪਿੰਜਰੇ ਤੋਂ ਆਜ਼ਾਦ ਹੋ ਕੇ ਉੱਚੀ ਉਡਾਰੀ ਭਰਦਾ ਹੈ। ਸਾਡੇ ਕੋਲ ਹੀ ਰਾਮਪੁਰੇ ਤੋਂ ਆਏ ਭੈਣ “ਸਰੋਜ ਸ਼ਾਹੀ’ ਤੇ ਅਸ਼ੋਕ ਕੁਮਾਰ ਖੜ੍ਹੇ ਸਨ। ਉਹਨਾਂ ਨੂੰ ਦੁਆ ਸਲਾਮ ਕੀਤੀ। ਉਹਨਾ ਦੱਸਿਆ ਕਿ ਤੁਹਾਨੂੰ ਸਾਰਿਆਂ ਨੂੰ ਬਠਿੰਡਾ ਤੋਂ ਬੱਸ ਲੈਣ ਆਈ ਹੈ, ਜਿਸ ਵਿਚ ਜਿਲ੍ਹਾ ਸਕੱਤਰ ਸਰਦਾਰ ਕਰਨੈਲ ਸਿੰਘ ਜੀ ਤੇ ਸ਼ਿਵ ਕੁਮਾਰ ਜਿੰਦਲ ਲੈਕਚਰਾਰ ਵੀ ਆਏ ਹਨ। ਸਾਡੀ ਸਾਰਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਅਸੀਂ ਤਾਂ ਆਪਣੀ ਬੱਸ ਕਰ ਕੇ ਜਾਣ ਨੂੰ ਤਿਆਰ ਸਾਂ।

“ਸਰੋਜ ਸ਼ਾਹੀ” ਭੈਣ ਜੀ ਹੋਰਾਂ ਸਾਨੂੰ ਦੱਸਿਆ ਕਿ ਉਹ ਤੁਹਾਨੂੰ ਲੈਣ, ਬੁੜੈਲ ਜੇਲ੍ਹ ਗਏ ਹਨ। ਸਾਡੀ ਪਰੇਸ਼ਾਨੀ ਵੱਧ ਗਈ ਕਿਉਂਕਿ ਜੇ ਉਹਨਾਂ ਨੂੰ ਉੱਥੇ, ਕਿਸੇ ਨੇ ਕਹਿ ਦਿੱਤਾ ਕੀ ਉਹ ਤਾਂ ਇਥੋਂ ਚਲੇ ਗਏ, ਸਾਡੇ ਸਾਥੀ ਬਹੁਤ ਖੱਜਲ ਖੁਆਰ ਤੇ ਪ੍ਰੇਸ਼ਾਨ ਹੋਣਗੇ। ਪਰ 15 ਮਿੰਟਾਂ ਬਾਅਦ ਹੀ ਕਰਨੈਲ ਸਿੰਘ ਜੀ ਅਤੇ ਸ਼ਿਵ ਕੁਮਾਰ ਕਚਹਿਰੀ ਸਾਡੇ ਕੋਲ ਪਹੁੰਚ ਗਏ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਮਿਲ ਕੇ, ਬਠਿੰਡੇ ਘਰ ਫ਼ੋਨ ਕੀਤਾ ਕਿ ਅਸੀਂ ਰਾਤ ਨੂੰ 12 ਵਜੇ ਤੋਂ ਬਾਅਦ ਪਹੁੰਚਾਂ ਗੇ।

ਹੁਣ ਸਭ ਦੇ ਮਨ ਵਿਚ ਇੱਕ ਗੱਲ ਸੀ ਕਿ ਕਿਵੇਂ ਨਾ ਕਿਵੇਂ, ਭੱਜ ਕੇ ਘਰ ਪਹੁੰਚ ਜਾਈਏ। ਬੱਸ ਚੰਡੀਗੜ੍ਹ ਦੀਆਂ ਸੜਕਾਂ ਨੂੰ ਪਿੱਛੇ ਛੱਡ ਰਹੀ ਸੀ। ਚੰਡੀਗੜ੍ਹ ਨਿਕਲਦੇ ਹੀ, ਬੱਸ ਠੇਕੇ ਅੱਗੇ ਰੁਕੀ। ਪੀਣ ਵਾਲਿਆਂ ਆਪਣਾ ਰਾਸ਼ਨ ਖ਼ਰੀਦ ਲਿਆ ਸੀ। ਖੁਸ਼ੀ ਦੇ ਦੌਰ ਬੱਸ ਵਿਚ ਹੀ ਚੱਲ ਰਹੇ ਸਨ। ਸਾਨੂੰ ਮਿੱਤਰਾਂ ਦੱਸਿਆ ਕਿ, ਬਠਿੰਡੇ ਸਾਰੇ ਸਕੂਲਾਂ ਦੇ ਅਧਿਆਪਕ ਤੁਹਾਡਾ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਾਤੀਂ ਸਾਢੇ ਬਾਰਾਂ ਕੁ ਵਜੇ ਅਸੀਂ ਬਠਿੰਡੇ ਜਦੋਂ ਐੱਸ.ਐੱਸ.ਡੀ.ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਸਾਹਮਣੇ ਪਹੁੰਚੇ,ਓਥੇ ਸਾਡੀ ਉਮੀਦ ਤੋਂ ਜ਼ਿਆਦਾ ਇਕੱਠ ਸੀ। ਗੁਲਜ਼ਾਰ ਸਿੰਘ ਤੇ ਧਰਮ ਚੰਦ ਜੀ ਹੋਰਾਂ ਮਠਿਆਈ ਦੇ ਡੱਬੇ ਮੰਗਵਾ ਰੱਖੇ ਸਨ। ਸੈਂਕੜਿਆਂ ਦੀ ਗਿਣਤੀ ਵਿਚ ਅਧਿਆਪਕ, ਅਧਿਆਪਕਾਵਾਂ, ਰਿਸ਼ਤੇਦਾਰ, ਯਾਰ, ਦੋਸਤ ਸਾਡੇ ਸਵਾਗਤ ਵਿਚ ਖੜ੍ਹੇ ਸਨ।

ਜਿੱਤ ਦੀ ਖੁਸ਼ੀ ਵਿਚ ਜਦੋਂ ਸਾਰਿਆਂ ਉਤਰ ਕੇ ਨਾਹਰਾ ਲਾਇਆ, ਜਿਵੇਂ ਸਾਰੇ ਬਠਿੰਡੇ ਸ਼ਹਿਰ ਦੀਆਂ ਕੰਧਾਂ ਨੂੰ ਵੀ ਪਤਾ ਲੱਗ ਗਿਆ ਹੋਵੇ।
ਸਭ ਤੋਂ ਪਹਿਲਾਂ ਮੈਨੂੰ ਮੇਰੇ ਬੱਚਿਆਂ, ਅਭਿਜੀਤ, ਰਿਸ਼ਮ ਤੇ ਮੇਰੀ ਛੋਟੀ ਜਿਹੀ ਭਾਣਜੀ ਕਮਲਪ੍ਰੀਤ ਨੇ ਘੇਰ ਲਿਆ।

ਸਾਰੇ ਆਪਣੇ ਤੋਂ ਵੱਡੇ ਅਧਿਆਪਕਾਂ, ਮਿੱਤਰਾਂ ਨੂੰ ਚਰਨ-ਬੰਦਨਾ ਕੀਤੀ। ਸਭ ਨੇ ਸਾਨੂੰ ਪਿਆਰ ਨਾਲ ਗਲ ਲਾਇਆ। ਜਿਵੇਂ ਚਿਰਾਂ ਦੇ ਵਿਛੁੜੇ ਭੈਣ-ਭਰਾ ਮਿਲਦੇ ਹਨ, ਜਿਵੇਂ ਸਦੀਆਂ ਬਾਅਦ ਬਹਾਰ ਆਉਂਦੀ ਹੈ। ਆਪਣੀ ਵੱਡੀ ਭੈਣ ਦੇ ਪੈਰੀਂ ਹੱਥ ਲਾਉਣ ਤੋਂ ਬਾਅਦ ਮੈਂ ਆਪਣੀ ਪਤਨੀ “ਮੰਜੂ ਮਹਿਤਾ” ਨੂੰ ਮਿਲਿਆ, ਜਿਹੜੀ ਸਕੂਲ ਦੇ ਗੇਟ ਦੇ ਇੱਕ ਖੂੰਜੇ ਲੱਗੀ, ਮੇਰਾ ਇੰਤਜ਼ਾਰ ਕਰ ਰਹੀ ਸੀ। ਉਸ ਦੀਆਂ ਅੱਖਾਂ ਵਿਚ ਜਿੱਤ ਦਾ ਨਸ਼ਾ ਤੇ ਵਿਛੋੜੇ ਦਾ ਦਰਦ ਸ਼ਾਇਦ ਮੇਰੇ ਤੋਂ ਵੀ ਵੱਧ ਸੀ। ਉਸਨੇ ਮੇਰੇ ਪਿੱਛੋਂ, ਸੀਨੇ ਦੇ ਨਾਲ ਸੱਟ ਦਾ, ਸਰੀਰਕ ਦਰਦ ਵੀ ਹੰਢਾਇਆ ਸੀ। ਜਦੋਂ ਮੈਂ ਅਧਿਆਪਕ ਸਾਥੀਆਂ ਦੇ ਯੋਗਦਾਨ ਬਾਰੇ ਸੋਚਿਆ, ਪਹਿਲਾਂ ਮੈਨੂੰ ਉਹਨਾਂ ਦੇ ਘਰ ਵਾਲਿਆਂ ਲਈ ਚੰਦ ਸਤਰਾਂ ਸ਼ੇਅਰ ਦੀਆਂ, ਯਾਦ ਆਈਆਂ ਕਿਉਂਕਿ ਸਾਡੇ ਨਾਲੋਂ ਵੱਡਾ ਸੱਲ ਪਰਿਵਾਰਾਂ ਨੇ ਹੰਢਾਇਆ ਸੀ:-
” ਹਮੇਂ ਭੀ ਯਾਦ ਰੱਖੇਂ,
ਜਬ ਲਿਖੇਂ ਤਾਰੀਖ਼ ਗੁਲਸ਼ਨ ਕੀ।
ਕਿ ਹਮ ਨੇ ਭੀ, ਲੁਟਾਇਆ ਹੈ,
ਚਮਨ ਮੇਂ ਆਸ਼ਿਆਂ ਅਪਨਾ।”

ਅੱਧਾ ਘੰਟਾ ਸਾਰੇ ਸਾਥੀਆਂ ਨੂੰ ਮਿਲਣ ਤੋਂ ਬਾਅਦ ਮੈਂ, ਘਰ ਬੈਠੀ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਸਾਂ। ਹਰੇਕ ਮਾਂ ਨੂੰ, ਆਪਣੇ ਪੁੱਤਰ ਦੀ ਜਿੱਤ ਦੀ,ਸਭ ਤੋਂ ਵੱਧ ਖੁਸ਼ੀ ਹੁੰਦੀ ਹੈ। ਉਹ ਵੀ ਦਰਾਂ ‘ਤੇ ਅੱਖ਼ਾਂ ਵਿਛਾਈ ਮੇਰਾ ਇੰਤਜ਼ਾਰ ਕਰ ਰਹੀ ਸੀ।

ਘਰ ਪਹੁੰਚਦੇ ਹੀ ਮੈਂ, ਮਾਂ ਦੇ ਚਰਨੀਂ ਹੱਥ ਲਾਇਆ। ਉਸ ਦੇ ਬੁੱਲ੍ਹਾਂ ‘ਤੇ ਉਹੀ ਸ਼ਬਦ ਹੈ ਆਏ,ਜੋ ਹਰੇਕ ਮਾਂ ਦੇ ਬੁੱਲ੍ਹਾਂ ‘ਤੇ ਹੁੰਦੇ ਹਨ।
“ਜਿਊਂਦਾ ਰਹਿ, ਜਵਾਨੀਆਂ ਮਾਣੇ,”

ਕਹਿ ਕੇ ਮਾਂ ਨੇ ਮੈਨੂੰ ਗਲ ਨਾਲ ਲਾਇਆ ਤੇ ਕਿਹਾ,” ਮੇਰਾ ਪੁੱਤ, ਕਮਜ਼ੋਰ ਹੋ ਗਿਆ। ਮੈਂ ਕਿਹਾ,” ਮਾਤਾ ! ਮੈਂ ਤਾਂ ਤਕੜਾਂ, ਉਹਨਾਂ ਬਾਰੇ ਸੋਚ ਜੋ ਬੀਮਾਰ ਹੀ ਗਏ ਸਨ ਤੇ ਬਿਮਾਰ ਹੀ ਵਾਪਸ ਆਏ ਨੇ। ”

ਸਵੇਰੇ 3 ਵਜੇ ਤੱਕ ਗੱਲਾਂ ਕਰਦੇ ਰਹੇ।

ਬੱਚੇ ਓਪਰਿਆਂ ਵਾਂਗ ਅਜੇ ਵੀ ਮੇਰੇ ਵੱਲ ਵੇਖ ਰਹੇ ਸਨ ਤੇ ਗੱਲਾਂ ਨੂੰ ਧਿਆਨ ਨਾਲ ਸੁਣ ਰਹੇ ਸਨ।

ਸਵੇਰੇ ਜਿਹੇ ਮੈਂ ਸੌਣ ਦੀ ਤਿਆਰੀ ਕਰ ਰਿਹਾ ਸੀ। ਅੱਖ਼ਾਂ ਬੰਦ ਕਰਦਿਆਂ ਹੀ ਬੁੜੈਲ ਜੇਲ੍ਹ ਦਾ ਨਜ਼ਾਰਾ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ। ਜੇਲ੍ਹ ਦੀਆਂ ਕੰਧਾਂ ਦੇ ਆਪਣੇ ਹੱਥੀਂ ਕੋਲੇ ਨਾਲ ਲਿਖੀਆਂ ਲਾਈਨਾਂ,ਬੰਦ ਅੱਖਾਂ ਦੇ ਸਾਹਮਣੇ ਆ ਗਈਆਂ:-
” ਅਸੀਂ ਜਿਤਨਾ,
ਲੁਟੇਰਿਆਂ ਨੇ ਹਾਰਨਾ,
ਯੁੱਧ ਲੰਮਾ ਤੇ ਲਮਕਵਾਂ।”
“ਜੈ ਜਨਤਾ, ਜੈ ਸੰਘਰਸ਼,
ਜਿੱਤ ਲੋਕਾਂ ਦੀ।”

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBirmingham elects first ever British-Indian Lord Mayor
Next articleImran draws flak for spreading misinformation