(ਸਮਾਜ ਵੀਕਲੀ)
ਕੇਰਲਾ ਨਿਵਾਸੀ ਜ਼ੌਜ਼ਫ ਬੀ. ਐਸ. ਐਫ. ਵਿੱਚ ਹਵਲਦਾਰ ਸੀ। ਅੱਤਵਾਦ ‘ਤੇ ਕਾਬੂ ਪਾਉਣ ਲਈ ਉਸ ਦੀ ਬਟਾਲੀਅਨ ਪੰਜਾਬ ਭੇਜੀ ਗਈ।
ਬਟਾਲੀਅਨ ਨੂੰ ਵਿਦਾ ਕਰਦੇ ਸਮੇਂ ਉੱਚ ਅਧਿਕਾਰੀਆਂ ਨੇ ਪੰਜਾਬ ਸਮੱਸਿਆ ‘ ਤੇ ਚਾਨਣਾ ਪਾਇਆ। ਜਵਾਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਵਿੱਚ ਮੁੱਖ ਤੌਰ ‘ਤੇ ਦੋ ਕੌਮਾਂ ਵਸਦੀਆਂ ਹਨ। ਬਹੁ ਗਿਣਤੀ ਸਿੱਖਾਂ ਦੀ ਹੈ। ਉਹ ਘੱਟ ਗਿਣਤੀ ਹਿੰਦੂਆਂ ਨੂੰ ਬਾਹਰ ਕੱਢ ਕੇ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਹ ਹਿੰਸਾ ‘ਤੇ ਉਤਰ ਆਏ ਹਨ। ਆਏ ਦਿਨ ਹਿੰਦੂਆਂ ਦੇ ਕਤਲ ਹੁੰਦੇ ਹਨ। ਹਿੰਦੂਆਂ ‘ਚ ਸਹਿਮ ਹੈ। ਦੋਹਾਂ ਫਿਰਕਿਆਂ ਵਿੱਚ ਬੇਹਦ ਨਫ਼ਰਤ ਹੈ। ਜਵਾਨਾਂ ਨੇ ਅੱਤਵਾਦ ‘ਤੇ ਕਾਬੂ ਪਾਉਣਾ ਹੈ ਤੇ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ।
ਪਹਿਲੇ ਦਿਨ ਜ਼ੌਜ਼ਫ ਦੀ ਡਿਊਟੀ ਇਕ ਬਰਾਤ ਦੀ ਹਿਫ਼ਾਜ਼ਤ ‘ਤੇ ਲੱਗੀ। ਵਿਆਹ ਹਿੰਦੂ ਲੜਕੀ ਦਾ ਸੀ। ਅਜਿਹੇ ਸਮੇਂ ਮੁੰਡਿਆਂ ਵੱਲੋਂ ਠੂਹ-ਠਾਹ ਦਾ ਖਤਰਾ ਹੋ ਸਕਦਾ ਸੀ।
ਜ਼ੌਜ਼ਫ ਮੁਕਾਬਲਾ ਕਰਨ ਲਈ ਤਿਆਰ ਸੀ।
ਬਰਾਤ ਆਈ ਤਾਂ ਜ਼ੋਜ਼ਫ ਚਕਰਾ ਗਿਆ। ਲਾੜਾ ਹਿੰਦੂ ਸੀ ਮਾਮਾ ਸਿੱਖ। ਮੁੰਡੇ ਦੇ ਦੋਸਤ ਭੰਗੜਾ ਪਾ ਰਹੇ ਸਨ। ਨੋਟ ਵਾਰਨ ਵਾਲੇ ਅੱਧਿਆਂ ਨਾਲੋਂ ਵੱਧ ਸਿੱਖ ਸਨ। ਬਰਾਤ ਵੱਲ ਤੱਕਿਆ ਸਿੱਖਾਂ ਦੀ ਗਿਣਤੀ ਆਟੇ ਵਿਚ ਲੂਣ ਵਾਂਗ ਨਹੀਂ ਸਗੋਂ ਖਿੱਚੜੀ ਵਿਚ ਘਿਓ ਵਾਂਗ ਸੀ।
ਅਗਲੇ ਦਿਨ ਉਸ ਦੀ ਡਿਊਟੀ ਪੁਲਿਸ ਮੁਕਾਬਲੇ ਵਿਚ ਮਰੇ ਇਕ ਨੌਜਵਾਨ ਦਾ ਸਸਕਾਰ ਕਰਵਾਉਣ ‘ਤੇ ਲੱਗੀ।
ਨੜੂਆ ਵੇਖ ਕੇ ਉਹ ਚੱਕਰ ਵਿਚ ਪੈ ਗਿਆ। ਅਰਥੀ ਨੂੰ ਮੋਢਾ ਦੇਣ ਵਾਲੇ ਚਾਰਾਂ ਵਿਚੋਂ ਦੋ ਹਿੰਦੂ ਸਨ। ਕੰਧ ਨਾਲ ਟੱਕਰਾਂ ਮਾਰ ਮਾਰ ਬਿਹਾਲ ਹੋਣ ਵਾਲਾ ਮੁੰਡੇ ਦਾ ਮਾਸੜ ਵੀ ਹਿੰਦੂ ਸੀ। ਨੜੋਏ ਵਿਚ ਸ਼ਾਮਲ ਹਿੰਦੂ ਦਾਲ ਵਿਚਲੇ ਕੋੜਕੂ ਵਾਂਗ ਨਹੀਂ ਸਨ ਰੜਕਦੇ ਸਗੋਂ ਘਿਉ ਵਿਚ ਸ਼ੱਕਰ ਵਾਂਗ ਰਲੇ ਪਏ ਸਨ।
ਅੱਜ ਉਸਦੀ ਡਿਊਟੀ ਚੌਂਕ ਵਿਚ ਹੈ। ਇਥੇ ਉਹ ਹੋਰ ਵੀ ਭੰਬਲਭੂਸੇ ਵਿਚ ਪੈ ਗਿਆ। ਮੋਟਰਸਾਈਕਲ ਵਾਲਾ ਸਿੱਖ ਹੈ ਤੇ ਪਿੱਛੇ ਬੈਠਣ ਵਾਲਾ ਹਿੰਦੂ। ਜੀਪ ਦਾ ਡਰਾਈਵਰ ਹਿੰਦੂ ਤੇ ਵਿਚ ਬੈਠਾ ਪਰਿਵਾਰ ਸਿੱਖ। ਜ਼ੌਜ਼ਫ ਹੈਰਾਨ ਹੈ। ਉਸਨੂੰ ਸਮਝ ਨਹੀਂ ਆਉਂਦੀ ਪੰਜਾਬ ਸਮੱਸਿਆ ਬਾਰੇ।
ਚੌਂਕ ‘ਚ ਖੜ੍ਹਾ ਉਹ ਖੁਦ ਭੰਬਲਭੂਸੇ ਵਿਚ ਹੈ ਜਾਂ ਦਿੱਲੀ ‘ਚ ਬੈਠੇ ਉਸ ਦੇ ਉੱਚ ਅਧਿਕਾਰੀ।
ਲੇਖਕ – ਮਿੱਤਰ ਸੈਨ ਮੀਤ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly