(ਸਮਾਜ ਵੀਕਲੀ)
ਸੁਖਵਿੰਦਰ ਨੂੰ ਅਸੀਂ ਸਾਰੇ ਦੋਸਤ, ਤੋਤਾ ਕਹਿੰਦੇ। ਪਤਾ ਨਹੀਂ ਉਸ ਦੇ ਤੋਤੇ ਨੱਕ ਕਰਕੇ ਜਾਂ ਉਸ ਦੀਆਂ ਮਿੱਠੀਆਂ ਤੋਤਲੀਆਂ, ਤੋਤੇ ਵਰਗੀਆਂ ਗੱਲਾਂ ਕਰ ਕੇ। ਉਸ ਦਾ ਪੱਕਾ ਨਾਮ ਮੈਨੂੰ,ਕਾਫ਼ੀ ਦਿਨਾਂ ਬਾਅਦ ਪਤਾ ਚੱਲਿਆ ਸੀ। ਛੋਟਾ ਵੀ ਸੀ ਸਾਡੇ ਤੋਂ। ਗਾਉਂਣ ਦਾ ਸ਼ੌਕ ਰੱਖਦਾ ਤੋਤਾ, ਹੁਣ ਹਰਮੋਨੀਅਮ ਦੇ ਸਵਰਾਂ ‘ਤੇ ਵੀ ਹੱਥ ਰੱਖਣ ਲੱਗ ਪਿਆ ਸੀ। ਉਹ ਕਦੋਂ ਮੇਰੇ ਲਿਖੇ ਗੀਤਾਂ ਦੀਆਂ ਤਰਜ਼ਾਂ ਬਣਾਉਣ ਲੱਗ ਪਿਆ ਸੀ, ਮੈਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਉਸ ਨੇ ਮੇਰਾ ਗੀਤ
” ਵੇਲਾ ਆਉਣਾ ਨੀ ਤੂੰ,
ਫੇਰਪਛਤਾਉਣਾ,
ਫੱਕਰਾਂ ਦੇ ਕਹਿਣੇ ਮੰਨ ਲੈ”
ਗਾ ਕੇ ਸੁਣਾਇਆ।
ਇਹ ਗੱਲ ਸ਼ਾਇਦ 1981-82 ਦੀ ਹੈ।ਉਸ ਸਮੇਂ ਤੋਤੇ ਦੀ ਉਮਰ ਸੋਲਾਂ ਸਾਲਾਂ ਦੀ ਸੀ। 1983 ਵਿਚ ਮੈਂ ਬੀ.ਏ.ਪਾਸ ਕਰ ਕੇ ਅਧਿਆਪਕ ਦੀ ਟ੍ਰੇਨਿੰਗ ਕਰਨ ਚਲਾ ਗਿਆ ਤੇ ਆਉਣ ਤੋਂ ਬਾਅਦ ਸਿੱਧਾ ਬਠਿੰਡੇ,ਅਧਿਆਪਕ ਲੱਗ ਗਿਆ। ਮਿਲਣਾ ਗਿਲਣਾ ਘੱਟ ਗਿਆ।
ਫ਼ੇਰ ਇੱਕ ਦਿਨ ਪਤਾ ਲੱਗਿਆ ਉਹ ਅਬੋਹਰ ਬਿਜ਼ਨਸ ਕਰਨ ਚਲਾ ਗਿਆ ਹੈ ਆਪਣੇ ਸ਼ਹਿਰ। ਅਸਲ ਵਿਚ ਉਹ ਬੁਢਲਾਡੇ ਆਪਣੇ ਮਾਮੇ ਘਰ ਰਹਿੰਦਾ ਸੀ। ਇੱਕ ਦਿਨ ਜਦੋਂ ਇਸ ਗੀਤ ਨੂੰ ਪੰਜਾਬੀ ਫ਼ਿਲਮ ਲਈ, ਜਸਵਿੰਦਰ ਜੱਸੂ ਦੀ ਆਵਾਜ਼ ਵਿਚ ਰਿਕਾਰਡ ਕਰਨਾ ਸੀ,ਮੈਥੋਂ ਜਦੋਂ ਮਿਊਜ਼ਿਕ ਡਾਇਰੈਕਟਰ ਨੇ ਇਸ ਦਾ ਰੰਗ ਪੁੱਛਿਆ ਤਾਂ ਮੈਨੂੰ ਇੱਕ-ਦਮ ਤੋਤੇ ਦੀ ਬਣਾਈ ਤਰਜ਼ ( ਕੰਪੋਜੀਸ਼ਨ) ਯਾਦ ਆਈ ਤੇ ਨਾਲ ਹੀ ਤੋਤਾ “ਸੁਖਵਿੰਦਰ”। ਮੇਰੇ ਕੋਲ ਉਸ ਦੀ ਯਾਦ ‘ਚ ਬਚਪਨ ਦੀ ਉਸ ਦੀ ਸ਼ਕਲ ਦੀ, ਇੱਕ ਅਕ੍ਰਿਤੀ ਮਾਤਰ ਹੀ ਸੀ।
ਮੈਂ ਕਿਆਸ ਲਗਾ ਰਿਹਾ ਸੀ, 16+41= 57 ਸਾਲਾ ਤੋਤਾ ਹੁਣ ਕਿਸ ਤਰ੍ਹਾਂ ਦਾ ਹੋਵੇਗਾ। ਸ਼ਾਇਦ ਦੂਜੇ ਸਾਥੀਆਂ ਵਾਂਗ ਬੁੱਢਾ ਤਾਂ ਨਹੀਂ ਲੱਗ ਰਿਹਾ ਹੋਵੇਗਾ। ਮੈਨੂੰ ਯਾਦ ਆਇਆ,ਸ਼ਾਇਦ ਇੱਕ ਵਾਰ ਉਹ, ਮੇਰੇ ਨੌਕਰੀ ‘ਤੇ ਆਉਣ ਤੇ 1987 ਵਿਚ ਇੱਕ ਵਾਰ ਬਠਿੰਡੇ ਮਿਲਣ ਆਇਆ ਸੀ।
ਫ਼ੇਰ ਵੀ ਛੱਤੀ ਸਾਲ ਦਾ ਵਕਫਾ ਬਹੁਤ ਅਹਿਮੀਅਤ ਰੱਖਦਾ ਹੈ।
ਕੱਲ੍ਹ ਉਸ ਦੀ ਮੋਬਾਇਲ ਫ਼ੋਨ ‘ਤੇ ਘੰਟੀ ਖੜਕੀ। ਆਵਾਜ਼ ਬੁਲੰਦ ਸੀ ਪਰ ਬਿਲਕੁਲ ਵੀ ਸਿਆਣੀ ਨਹੀਂ ਗਈ।
“ਮੈਂ ਸੁਖਵਿੰਦਰ ਬੋਲ ਜਾਂ ਜੱਸੀ ਵੀਰ ਜੀ”।
ਮੇਰਾ ਅੱਗੋਂ ਸੁਆਲ ਸੀ,
“ਸੁਖਵਿੰਦਰ ਕੌਣ?
“ਤੁਹਾਡਾ ਛੋਟਾ ਵੀਰ, ਤੋਤਾ ਅਬੋਹਰ ਤੋਂ।”
ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ।
ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ। ਮਨ ਦੀ ਮੁਰਾਦ ਪੂਰੀ ਹੋ ਗਈ ਸੀ ਪਰ ਜੋ ਅਜੇ ਵੀ ਮਨ ਵਿਚ ਸੀ, “ਉਸ ਦੀ ਸ਼ਕਲ”।
ਸਭ ਤੋਂ ਪਹਿਲਾਂ ਇੱਕ ਹੀ ਸੁਆਲ, “ਪਹਿਲਾਂ ਆਪਣੀ ਫ਼ੋਟੋ ਭੇਜ, ਵੱਟਸਐਪ ਤੇ। ਸਾਰੀ ਗੱਲ ਬਾਅਦ ਵਿਚ ਕਰਾਂਗਾ।”
ਉਸ ਨੇ ਤੁਰੰਤ ਆਪਣੀ ਤੇ ਪਤਨੀ ਨਾਲ ਫ਼ੋਟੋ ਭੇਜੀ, ਗੱਲਾਂ ਹੋਈਆਂ, ਖੁਸ਼ੀ ਇਸ ਗੱਲ ਦੀ ਸੀ ਕਿ ਉਹ ਅਜੇ ਬੁੱਢਾ ਜਾਂ ਵੱਡਾ ਨਹੀਂ ਸੀ ਲੱਗ ਰਿਹਾ।
ਉਸੇ ਤਰ੍ਹਾਂ ਹੀ ਫਿੱਟ। ਸਗੋਂ ਪਹਿਲਾਂ ਨਾਲੋਂ ਵੀ ਪਿਆਰਾ ਲੱਗ ਰਿਹਾ ਸੀ। ਘਰ ਪਰਿਵਾਰ ਦੀਆਂ ਗੱਲਾਂ ਤੋਂ ਬਾਅਦ ਉਸ ਨੇ ਮੈਨੂੰ ਕਿਹਾ, “ਡਾਕਟਰ ਯਸ਼ ਦਾ ਨੰਬਰ ਦੇਣਾ ਵੀਰ ਜੀ!”
ਯਸ਼ ਜੋ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਿਊਜ਼ਿਕ ਵਿਭਾਗ ਵਿਚ ਪ੍ਰੋਫ਼ੈਸਰ ਹੈ। ਮੈਂ ਉਸ ਨੂੰ ਯਸ਼ ਦਾ ਨੰਬਰ ਦਿੱਤਾ ਤੇ ਨਾਲ ਹੀ ਦੱਸਿਆ ਕਿ ਉਹ ਦੀ ਇਕੱਤੀ ਤਾਰੀਖ਼ ਨੂੰ ਰਿਟਾਇਰਮੈਂਟ ਹੈ। ਉਸ ਦੇ ਮੂੰਹੋਂ ਇੱਕ ਦਮ ਨਿਕਲਿਆ, ਹੈਂ ! ਸੱਚਮੁੱਚ ਵੀਰ ਜੀ, ਅਸੀਂ ਐਨੇ ਵੱਡੇ ਐਨੀ ਜਲਦੀ ਹੋ ਗਏ ਕਿ ਰਿਟਾਇਰਮੈਂਟ!…….!
ਉਸ ਦੇ ਗੱਲ ਦਿਲ ਨਹੀਂ ਸੀ ਲੱਗ ਰਹੀ ਤੇ ਮੈਂ “ਹੈਂ’ ਸੁਣ ਕੇ ਅਤੀਤ ਵੱਲ ਚਲਾ ਗਿਆ ਜਿੱਥੇ ਅਸੀਂ ਇੱਕਠੇ ਰਹਿੰਦੇ ਸਾਂ, ਸ਼ਾਮ ਨੂੰ ਮੈਂ ਤੇ ਯਸ਼ ਖੇਤੋਂ ਪੱਠੇ ਲੈ ਕੇ ਆਉਂਦੇ, ਕੁਤਰਾ ਕਰਦੇ ਤੇ ਫ਼ੇਰ ਹਰਮੋਨੀਅਮ ਲੈ ਕੇ ਗਾਉਣ ਪਾਣੀ ਕਰਨ ਬੈਠ ਜਾਂਦੇ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly