(ਸਮਾਜ ਵੀਕਲੀ)
ਕਵੀ ਸੰਵੇਦਨਸ਼ੀਲ ਅਤੇ ਸੂਖ਼ਮ ਮਨ ਦਾ ਲੇਖਕ ਹੁੰਦਾ ਹੈ ਅਤੇ ਆਪਣੇ ਆਲੇ ਦੁਆਲੇ ਵਾਪਰਦੀਆਂ ਸਾਰੀਆਂ ਘਟਨਾਵਾਂ ਦਾ ਬਹੁਤ ਬਾਰੀਕੀ ਨਾਲ ਚਿੰਤਨ ਕਰਦਾ ਹੈ। ਮਨ ਵਿੱਚ ਉਠੇ ਵਲਵਲਿਆਂ ਨੂੰ ਆਪਣੀ ਕਵਿਤਾ ਰਾਹੀਂ ਸਮਾਜ ਤੱਕ ਪਹੁੰਚਾਉਂਦਾ ਹੈ। ਰਾਮਪਾਲ ਸ਼ਾਹਪੁਰੀ (ਡਾ.) ਪ੍ਰਬੁੱਧ ਕਵੀ ਹੈ ਜਿਸ ਦੀ ਹੱਥਲੀ ਪੁਸਤਕ ‘ਅੱਖਰਾਂ ਦੇ ਸਰਚਸ਼ਮੇਂ’ ਹਾਲ ਹੀ ਵਿੱਚ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਹੋਈ ਹੈ। ਸ਼ਾਹਪੁਰੀ ਦੋ ਕਾਵਿ ਸੰਗ੍ਰਹਿ ‘ਗੁਲਦਸਤਾ’ ਤੋਂ ‘ਮਲਾਲ’ ਤੋਂ ਬਾਅਦ ‘ਅੱਖਰਾਂ ਦੇ ਸਰਚਸ਼ਮੇਂ’ ਲੈ ਕੇ ਆਇਆ ਹੈ। ਇਸ ਤੋਂ ਇਲਾਵਾ ਤਿੰਨ ਆਲੋਚਨਾਂ ਦੀਆਂ ਪੁਸਤਕਾਂ ਵੀ ਸਾਹਿਤ ਜਗਤ ਨੂੰ ਭੇਟ ਕਰ ਚੁੱਕਾ ਹੈ। ਉਸ ਦੀਆਂ ਸਾਰੀਆਂ ਕਵਿਤਾਵਾਂ ਹੀ ਭਾਵੁਕ ਕਰਨ ਵਾਲੀਆਂ ਹਨ।
ਉਸ ਦੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਉਸ ਵਿੱਚੋਂ ਵਾਰਸਾਂ ਦੀ ਜਾਇਦਾਦ ਦਿ੍ਰੜਤਾ ਮਨੁੱਖ ਦੀ ਤਿ੍ਰਸਨਾਂ ਖੁਸ਼ੀਆਂ ਅਤੇ ਵੈਣਾਂ ਵਿੱਚਲਾ ਘਟਦਾ ਫਾਸਲਾ ਪੀੜਾ ਹਉਮੈ ਈਰਖਾ ਖ਼ੁਦਗ਼ਰਜੀ ਸੰਵੇਦਨਾ ਕਲਪਨਾ ਇਕਲਤਾ ਸਿਆਸਤ ਅਤੇ ਆਸ਼ਾਵਾਂ-ਨਿਰਾਸ਼ਾਵਾਂ ਵਰਗੀਆਂ ਸੰਗਤੀਆਂ-ਵਿਸੰਗਤੀਆਂ ਨਜ਼ਰੀਂ ਪੈਂੇਦੀਆਂ ਹਨ। ਉਸ ਦੀਆਂ ਕਵਿਤਾਵਾਂ ਵਿੱਚ ਸੰਵਦਨਾ ਬਹੁਤ ਜਿਆਦਾ ਹੈ।
ਪੁਸਤਕ ਵਿਚਲੀਆਂ ਕਵਿਤਾਵਾਂ ਦਾ ਅਧਿਐਨ ਕਰਦਿਆਂ ਉਹਨਾਂ ਵਿੱਚ ਬਹੁਤ ਗਹਿਰਾਈ ਨਜ਼ਰ ਆਉਂਦੀ ਹੈ। ਉਂਝ ਵੀ ਕਵੀ ਨੇ ਆਪਣੀ ਮਨ ਦੀ ਗੱਲ ਕਿਸ ਸੰਦਰਭ ਵਿੱਚ ਕਹਿਣੀ ਹੈ ਇਹ ਉਸ ਨੂੰ ਜਿਆਦਾ ਪਤਾ ਹੁੰਦਾ ਹੈ। ਉਸ ਦੀ ਕਵਿਤਾ ਅਨੁਸਾਰ ਮਨੁੱਖ ਦਾ ਉਸ ਦੀ ਕਵਿਤਾ ਵਿੱਚੋਂ ਗੰਭੀਰਤਾ ਨਾਲ ਗੁਜਰਨਾ ਪੈਂਦਾ ਹੈ। ਤਕਰੀਬਨ ਸਾਰੀਆਂ ਕਵਿਤਾਵਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹੋਈਆਂ ਹਨ। ਕਵੀ ਹਰ ਕਵਿਤਾ ਵਿਚ ਬਹੁਤ ਗਹਿਰਾ ਉਤਰ ਜਾਂਦਾ ਹੈ ਅਤੇ ਪਾਠਕ ਆਪਣੇ ਹਿਸਾਬ ਨਾਲ ਉਸ ਦੀ ਵਿਆਖਿਆ ਕਰਦਾ ਜਾਪਦਾ ਹੈ। ਕਵੀ ਮਨੁੱਖਤਾ ਬਾਰੇ ਕਾਫੀ ਚਿੰਤਤ ਜਾਪਦਾ ਹੈ। ਕਵਿਤਾ ‘ਪ੍ਰਭੂ ਜੀ’ ਸੰਸਾਰੀ ਮਨੁੱਖ ਨੂੰ ਉਦਾਸ ਦਰਸਾਉਂਦਿਆਂ ਕਾਇਨਾਤ ਨੂੰ ਮੁੜ ਖੁਸ਼ਹਾਲ ਕਰਨ ਲਈ ਅਰਜ਼ ਕਰਦਾ ਹੈ ਜਦੋਂ ਉਹ ਕਹਿੰਦਾ ਹੈ ਕਿ –
‘ਪ੍ਰਭੂ ਜੀ
ਇਸ ਉਦਾਸ ਕਾਇਨਾਤ ਨੂੰ
ਕੁੱਝ ਰਸ ਦਿਓ
ਕੁਝ ਰੰਗ ਦਿਓ
ਤੇਰੇ ਇਸ ਬੰਦੇ ਨੂੰ
ਸੁਮੱਤ ਦਿਓ
ਕੁਝ ਸੰਗ ਦਿਓ।’ (ਪੰਨਾ 20)
ਮਨੁੱਖ ਦੇ ਅੰਦਰਲੀ ਟੁੱਟ-ਭੱਜ ਅਕਸਰ ਚਲਦੀ ਰਹਿੰਦੀ ਹੈ। ਉਹ ਰੋਜਾਨਾ ਦੇ ਜੀਵਨ ਵਿੱਚ ਜਿਉਂਦਾ ਮਰਦਾ ਰਹਿੰਦਾ ਹੈ। ਸਮਾਜ ਦੀ ਬਦਲਦੀ ਸਥਿਤੀ ਨੂੰ ਧਿਆਨ ਗੋਚਰ ਕਰਦਿਆਂ ਉਸ ਦੀ ਕਵਿਤਾ ‘ਬਾਰਬੀ ਸੰਸਾਰ’ ਪ੍ਰਤੱਖ ਪ੍ਰਮਾਣ ਪੇਸ਼ ਕਰਦੀ ਹੈ। ਅੱਜ ਦਾ ਮਨੁੱਖ ਅੰਦਰੋਂ ਖਾਲੀ ਅਤੇ ਖੋਖਲਾ ਹੁੰਦਾ ਜਾ ਰਿਹਾ ਹੈ ਇੱਕਲਾ ਹੁੰਦਾ ਜਾ ਰਿਹਾ ਹੈ। ਇਹਨਾਂ ਸਭਨਾਂ ਦਾ ਅਸਰ ਅੱਜ ਦੀ ਪਨੀਰੀ ਤੇ ਵੀ ਪੈਂਦਾ ਨਜ਼ਰ ਆਉਂਦਾ ਹੈ ਜਦੋ ਉਹ ਆਪਣੇ ਮਾਂ-ਪਿਓ ਨਾਲ ਗ਼ੱਲਾਂ ਕਰਨ ਦੀ ਬਜਾਏ ਬਾਰਬੀ ਡਾਲ ਨਾਲ ਕਰਦੇ ਹਨ। ਇੱਥੇ ਇਹ ਕਵਿਤਾ ਦੇ ਪੈਰੇ ਪੇਸ਼ ਹੁੰਦੇ ਹਨ-
‘ਅੰਦਰੋਂ ਸੱਖਣੇ
ਇੱਕਲਤਾ ਦੇ ਮਾਰੇ
ਖਿਡਾਉਣਿਆਂ ’ਤੇ
ਆਸ਼ਰਿਤ ਹੋ ਗਏ ਹਾਂ।’ ਅਤੇ
‘ਹੁਣ ਬੱਚੇ
ਦਿਲ ਦੀਆਂ ਗੱਲਾਂ
ਮਾਂ ਜਾਂ ਪਿਤਾ ਨਾਲ ਨਹੀਂ
ਬਾਰਬੀ ਡਾਲ ਨਾਲ ਕਰਦੇ ਨੇ।’ (ਪੰਨਾ 37)
ਕਵੀ ਵਰਤਮਾਨ ਦੀ ਤਰਾਸਦੀ ਬਾਰੇ ਵੀ ਚਿੰਤਤ ਦਿਖਾਈ ਦਿੰਦਾ ਹੈ ਜੋ ਸਾਡੇ ਸਮਾਜ ਵਿੱਚ ਮਨੁੱਖਤਾ ਨੂੰ ਡਸ ਰਿਹਾ ਹੈ ਉਹ ਹੈ ਚਿੱਟੇ ਦਾ ਨਸ਼ਾ। ਨਸ਼ਾ ਪਹਿਲਾਂ ਸਿਰਫ ਸ਼ਰਾਬ ਬੀੜੀ ਆਦਿ ਦਾ ਹੁੰਦਾ ਸੀ ਪਰ ਹੁਣ ਦੇਸ਼ ਵਿੱਚ ਆ ਰਹੇ ਨਵੇਂ-ਨਵੇਂ ਨਸ਼ਿਆਂ ਨੇ ਸਮਾਜ ਦੀ ਜਵਾਨੀ ਨੂੰ ਖਤਮ ਕਰਦੀ ਜਾ ਰਹੀ ਹੈ। ਇਸ ਬਾਰੇ ਉਸ ਦੀ ਕਵਿਤਾ ‘ਖੋਖਲਾ ਹਾਸਾ’ ਵਿੱਚ ਵਰਨਣ ਮਿਲਦਾ ਹੈ-
‘ਚਿੱਟੇ ਦੇ ਡੰਗ ਨੇ
ਇਹਨਾਂ ਦੇ ਚਿਹਰਿਆਂ ਦਾ ਰੰਗ
ਜਾਮੁਨੀ ਤੋਂ ਨੀਲਾ ਕਰ ਦਿੱਤਾ ਹੈ।’ (ਪੰਨਾ 40)
ਇੱਥੇ ਇੱਕ ਗੱਲ ਦਾ ਖਦਸ਼ਾ ਜਾਪਦਾ ਹੈ ਕਿ ਕਵੀ ਚਿਹਰਿਆਂ ਦਾ ਰੰਗ ਜਾਮੁਨੀ ਤੋਂ ਨੀਲਾ ਕਿਉਂ ਕਹਿ ਰਿਹਾ ਹੈ ਹਾਲਾਂਕਿ ਉਸ ਨੂੰ ਚਿਹਰਿਆਂ ਦਾ ਰੰਗ ਲਾਲ ਤੋਂ ਨੀਲਾ ਕਹਿਣਾ ਚਾਹੀਦਾ ਸੀ। ਇਸੇ ਤਰ੍ਹਾਂ ਕਵਿਤਾ ‘ਲਲਕ’ ਵੀ ਗੰਭੀਰਤਾ ਲਿਆਉਂਦੀ ਹੈ। ਮਨੁੱਖ ਦੀ ਸਾਦਗੀ ਜਿਹੜੀ ਮਨੁੱਖ ਦੀ ਸਖ਼ਸ਼ੀਅਤ ਨੂੰ ਪ੍ਰਭਾਵਿਤ ਕਰਦੀ ਹੈ ਕਦੇ ਇੱਕ ਗੁਣ ਮੰਨਿਆ ਜਾਂਦਾ ਰਿਹਾ ਹੈ ਹੁਣ ਇੱਕ ਮਾਨਸਿਕ ਰੋਗ ਵਾਂਗ ਬਣ ਗਈ ਹੈ। ਕਵਿਤਾ ਵਿਚ ਜਿਕਰ ਆਉਂਦਾ ਹੈ ਕਿ-
‘ਹੁਣ ਸਾਦਗੀ
ਸਖ਼ਸ਼ੀਅਤ ਦਾ ਗੁਣ ਨਹੀਂ
ਮਾਨਸਿਕ ਰੋਗ ਬਣ ਗਈ ਏ।’ (ਪੰਨਾ 53)
ਅੱਜ ਦਾ ਜੀਵਨ ਇੰਨਾਂ ਮੁਸ਼ਕਿਲ ਕਿਉਂ ਹੋ ਗਿਆ ਹੈ ਕਿ ਉਹ ਇੱਕਲਤਾ ਹੀ ਭਾਲਦਾ ਹੈ। ਕਿਸੇ ਵਿਚ ਰਚ-ਮਿਚ ਨਹੀਂ ਸਕਦਾ ਭਾਵੇਂ ਉਹ ਪਰਿਵਾਰਕ ਤੌਰ ਤੇ ਹੋਵੇ ਜਾਂ ਸਮਾਜਿਕ ਤੌਰ ਤੇ। ਸਮਾਜ ਦੀ ਇਕ ਹੋਰ ਦੁਖਾਂਤ ਵੀ ਸਿਰਜਦੀ ਹੈ ਕਵਿਤਾ ‘ਡਰ’ ਜਿਸ ਤਹਿਤ ਇੱਕ ਜਵਾਨ ਧੀ ਦੀ ਚਿੰਤਾ ਕਿਸ ਕਦਰ ਬਣੀ ਰਹਿੰਦੀ ਹੈ। ਭਾਵੇਂ ਜ਼ਮਾਨਾ ਕਿੰਨਾਂ ਵੀ ਅੱਗੇ ਵੱਧ ਗਿਆ ਹੈ ਪਰ ਆਪਣੀ ਇੱਜਤ ਬਚਾਉਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਉਹ ਭੇੜੀਏ ਸ਼ਿਕਾਰ ਲਈ ਮੂੰਹ ਅਡੀ ਬੈਠੇ ਰਹਿੰਦੇ ਹਨ ਜਿਨ੍ਹਾਂ ਦੀਆਂ ਆਪਣੀਆਂ ਵੀ ਧੀਆਂ-ਭੈਣਾਂ ਹੁੰਦੀਆਂ ਹਨ। ਇਸ ਕਵਿਤਾ ਦਾ ਅੰਸ ਪੇਸ਼ ਹੈ-
‘ਜਦੋਂ ਵੀ ਘਰੋਂ ਬਾਹਰ ਜਾਂਦੀ ਮਾਂ ਮੈਨੂੰ
ਅੱਗੇ ਲਾ ਮੇਰੇ ਪਿੱਛੇ ਤੁਰਦੀ ਦੱਬੀ ਜੇਹੀ ਆਵਾਜ਼ ’ਚ
ਆਖਦੀ ਸੁਣਦੀ
ਵੇਖ ਖਾਂ ਕਿਵੇਂ ਵੇਖਦੇ ਨੇ ਕੰਜਰ।’ (ਪੰਨਾ 74)
ਕਵਿਤਾ ਵਿਚੋਂ ਵਿਦੇਸ਼ਾ ਵੱਲ ਜਾਣ ਦੀ ਤਰਾਟ ਵੀ ਉਠਦੀ ਹੈ। ਲੋਕ ਆਪਣੀ ਮਿੱਟੀ ਦਾ ਮੋਹ ਛੱਡ ਕੇ ਗੈਰਾਂ ਦੀ ਮਿੱਟੀ ਨਾਲ ਮੋਹ ਕਰਨ ਲਗ ਪਏ ਹਨ। ਜਿਹੜੇ ਲੋਕ ਸਾਲਾਂ ਤੋਂ ਆਜ਼ਾਦੀ ਲਈ ਜੂਝਦੇ ਰਹੇ ਕਿੰਨੇ ਲੋਕਾਂ ਨੇ ਸਾਡੇ ਲਈ ਸ਼ਹੀਦੀਆਂ ਪਾਈਆਂ ਪਰ ਫਿਰ ਵੀ ਅਸੀਂ ਉਸ ਗ਼ੁਲਾਮੀ ਵੱਲ ਵੱਧ ਰਹੇ ਹਾਂ। ਕਵਿਤਾ ‘ਮਿੱਟੀ ਦੇ ਲੋਕ’ ਕਹਿੰਦੀ ਹੈ ਕਿ-
‘ਗ਼ੈਰ ਧਰਤੀਆਂ ਨੂੰ ਪਰਨਾਏ
ਸਬਜ਼ਬਾਗ਼ਾਂ ਦੀ ਮਨਮੋਹਣੀ ਮਿ੍ਰਗਤਿ੍ਰਸ਼ਨਾ ਦੇ ਭਰਮਾਏ
ਦੁਸ਼ਵਾਰੀਆਂ ਝੱਲਦੇ ਔਖਿਆਈਆਂ ਨਾਲ ਜੂਝਦੇ
ਬੇਚੈਨੀਆਂ ਨਾਲ ਘੁਲਦੇ ਕਸੀਸੀ ਜ਼ਿੰਦਗੀ ਹੱਸ ਕੇ ਜਿਉਂ ਰਹੇ ਨੇ। (ਪੰਨਾ 91)
ਕਵਿਤਾ ‘ਤਲਾਸ਼’ ਭਵਿੱਖ ਦੇ ਸੂਰਜਾਂ ਦੀ ਤਲਾਸ਼ ਕਰਦੀ ਜਾਪਦੀ ਹੈ। ਮਨੁੱਖ ਉੱਪਰ ਫ਼ਿਕਰ ਚਿੰਤਾ ਭਾਰੀਆਂ ਹਨ। ਕਵਿਤਾ ਦੀਆਂ ਇਹ ਸਤਰਾਂ ਵੀ ਗੋਰ ਤਲਬ ਹਨ ਕਿ-
‘ਫ਼ਿਕਰਾਂ ਚਿੰਤਾਵਾਂ ਤੇ ਸਵੈ ਭਰੋਸੇ ਦੀ ਅਣਹੋਂਦ ਦੀਆਂ
ਟਾਕੀਆਂ ਲੱਗਿਆ ਜੀਵਨ ਦਾ ਚੋਲਾ ਉੱਧੜ ਗਿਆ ਏ
ਥਾਂ-ਥਾਂ ਤੋਂ –।’ (ਪੰਨਾ 94)
ਪੁਸਤਕ ਵਿੱਚ ਭਾਵੇਂ ਊਹਨਾਂ ਸ਼ਬਦਾਂ ਦੇ ਅਰਥ ਫੁੱਟ ਨੋਟ ਤੇ ਦਿੱਤੇ ਗਏ ਹਨ ਜਿਨ੍ਹਾਂ ਦੇ ਅਰਥ ਆਪ ਪਾਠਕ ਦੀ ਪਹੁੰਚ ਤੋਂ ਬਾਹਰ ਹਨ ਜਿਵੇਂ ਹਸਦ ਮੁਅੱਸਰ ਅਜਮ ਮੁਅੱਜ਼ਜ਼ ਆਦਿ। ਪੁਸਤਕ ਵਿੱਚ ਜਿੱਥੇ ਸੰਵੇਦਨਾ ਹੈ ਉੱਥੇ ਸੰਜੀਦਗੀ ਵੀ ਬਣੀ ਰਹਿੰਦੀ ਹੈ। ਪੁਸਤਕ ਦਾ ਪਾਠ ਕਰਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਵੀ ਸੰਜੀਦਾ ਸੁਭਾਅ ਦਾ ਮਾਲਕ ਹੈ ਅਤੇ ਉਸ ਦੀ ਕਵਿਤਾ ਆਪਣੇ ਵਿੱਚ ਬਹੁੱਤ ਕੁਝ ਲੁਕੋਈ ਬੈਠੀ ਹੈ। ਕਵਿਤਾ ਦਾ ਪੱਧਰ ਉਚੇ ਸਥਾਨ ਵਾਲਾ ਹੈ। ਇਸ ਸੰਜੀਦਾ ਪੁਸਤਕ ਦਾ ਖ਼ੈਰ-ਮਰਦਮ ਕਰਨਾ ਬਣਦਾ ਹੈ ਅਤੇ ਭਵਿੱਖ ਵਿੱਚ ਆਉਣ ਵਾਲੀ ਕਵਿਤਾ ਪਾਠਕਾਂ ਨੂੰ ਹੋਰ ਵੀ ਪ੍ਰਭਾਵਿਤ ਕਰੇਗੀ।
ਤੇਜਿੰਦਰ ਚੰਡਿਹੋਕ
ਸਾਬਕਾ ਏ.ਐਸ.ਪੀ ਰਾਸ਼ਟਰਪਤੀ ਐਵਾਰਡੀ
ਸੰਪਰਕ 95010-00224
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly