(ਸਮਾਜ ਵੀਕਲੀ)
(ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ)
ਸ਼ਾਂਤੀ ਦੇ ਪੁੰਜ -ਸ੍ਰੀ ਗੁਰੂ ਅਰਜਨ ਦੇਵ ਜੀ
ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਗੁਰੂ ਰਾਮ ਦਾਸ ਤੇ ਮਾਤਾ ਭਾਨੀ ਦੇ ਘਰ ਗੋਇੰਦਵਾਲ ਵਿਖੇ ਹੋਇਆ। ਉਨ੍ਹਾਂ ਦੇ ਦੋ ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਦੇਵ ਸਨ। ਆਪਜੀ ਦੇ ਬਚਪਨ ਦੇ ਸਾਢ਼ੇ ਗਿਆਰਾਂ ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਲਾਡ ਪਿਆਰ ਲੈਂਦਿਆਂ ਅਤੇ ਉਹਨਾਂ ਦੀ ਦੇਖ ਰੇਖ ਵਿੱਚ ਗੋਇੰਦਵਾਲ ਸਾਹਿਬ ਵਿੱਚ ਹੀ ਬੀਤੇ । ਮੁਢਲੀ ਵਿੱਦਿਆ ਦੇਵਨਾਗਰੀ ਤੇ ਗਣਿਤ ਪਿੰਡ ਦੇ ਪਾਂਧੇ ਤੋਂ ਸਿੱਖੀ । ਫਾਰਸੀ ਪਿੰਡ ਦੇ ਮਦਰੱਸੇ ਤੋਂ ਤੇ ਪੰਜਾਬੀ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਨੇ ਆਪ ਸਿਖਾਈ। ਆਪ ਜੀ ਨੇ ਰਾਗ ਵਿੱਦਿਆ, ਸ਼ਸਤਰ ਵਿੱਦਿਆ, ਨੇਜੇਬਾਜ਼ੀ ਤੇ ਘੋੜ ਸਵਾਰੀ ਵਿੱਚ ਵੀ ਨਿਪੁੰਨਤਾ ਹਾਸਲ ਕੀਤੀ। ਸਿਰੰਦਾ ਉਹ ਬਹੁਤ ਹੀ ਸੁੰਦਰ ਵਜਾਉਂਦੇ ਸੀ। ਰਾਗ ਵਿਦਿਆ ਵਿੱਚ ਉਹ ਐਨੇ ਮਾਹਿਰ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਰਾਗਾਂ ਦੇ ਵਖ ਵੱਖ ਭੇਦਾਂ ਤੋਂ ਜਾਣਿਆ ਜਾ ਸਕਦਾ ਹੈ। ਵੇਦ , ਕਤੇਬ, ਕੁਰਾਨ ਦਾ ਸਾਰ ਕੁਝ ਤੁਕਾਂ ਵਿੱਚ ਦੇ ਜਾਣਾ, ਉਹਨਾਂ ਕੋਲ ਹਰ ਧਰਮ ਦਾ ਗਿਆਨ ਹੋਣਾ ਦਰਸਾਉਂਦਾ ਹੈ।
ਬਚਪਨ ਤੋਂ ਹੀ ਉਨ੍ਹਾਂ ਦੀ ਵੱਡਿਆਂ ਵਾਲੀ ਸੋਚ, ਸੇਵਾ, ਸਿਮਰਨ ਤੇ ਬਾਣੀ ਨਾਲ ਅਸੀਮ ਪਿਆਰ ਦੇਖ ਕੇ ਗੁਰੂ ਅਮਰਦਾਸ ਜੀ ਉਨ੍ਹਾਂ ਨੂੰ ਅਕਸਰ ਵੱਡਾ ਪੁਰਖ, ਦੋਹਿਤਾ ਬਾਣੀ ਦਾ ਬੋਹਿਥਾ ਕਿਹਾ ਕਰਦੇ ਸਨ । ਛੋਟੀ ਉਮਰ ਤੋਂ ਹੀ ਆਪ ਗੁਰੂ ਰਾਮਦਾਸ ਜੀ ਨਾਲ ਸੇਵਾ ਅਤੇ ਉਸਾਰੀ ਦੇ ਕੰਮਾਂ ਵਿਚ ਮਦਦ ਕਰਨ ਲਈ ਜਾਂਦੇ ਤੇ ਬਹੁਤ ਸਾਰੇ ਕੰਮ, ਜੋ ਗੁਰ ਰਾਮਦਾਸ ਜੀ ਨੇ ਸ਼ੁਰੂ ਕੀਤੇ ਸੀ, ਉਹਨਾਂ ਦੀ ਸੰਪੂਰਨਤਾ ਆਪਜੀ ਨੇ ਕੀਤੀ। ਉਸਾਰੀ ੳਤੇ ਸ਼ਿਲਪ ਕਲਾ ਵਿੱਚ ਨਿਪੁੰਨਤਾ ਹੀ ਉਨ੍ਹਾਂ ਦਾ ਹਰਿਮੰਦਰ ਸਾਹਿਬ ਦੀ ਸਥਾਪਨਾ, ਤਰਨਤਾਰਨ, ਲਾਹੌਰ, ਬਉਲੀ ਸਾਹਿਬ, ਦੀਵਾਨ ਖਾਨਾ , ਕਰਤਾਰ ਪੁਰ, ਅੰਮ੍ਰਿਤਸਰ, ਖਾਸ ਕਰਕੇ ਸ਼ੀਸ਼ ਮਹਲ ਤੇ ਲਗਾਏ ਬਾਗ ਤੇ ਹੋਰ ਅਨੇਕਾਂ ਮਿਸਾਲਾਂ ਹਨ। ਸਤੰਬਰ 1574 ਵਿਚ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਦੇਕੇ ਹੁਕਮ ਕੀਤਾ ਕਿ ਸ਼ਹਿਰ ਅੰਮ੍ਰਿਤਸਰ ਵਿਚ ਸਿੱਖੀ ਪ੍ਰਚਾਰ ਅਰੰਭਿਆ ਜਾਏ। ਸੋ ਗੁਰੂ ਰਾਮਦਾਸ ਜੀ ਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਪ੍ਰਿਥੀਚੰਦ ਤੇ ਮਹਾਦੇਵ, ਗੋਵਿੰਦਵਾਲ ਤੋਂ ਅੰਮ੍ਰਿਤਸਰ ਵਸ ਗਏ ਜਿਸਦਾ ਪਹਿਲਾ ਨਾਮ ਗੁਰੂ ਕਾ ਚੱਕ ਤੇ ਫੇਰ ਰਾਮਦਾਸ ਪੁਰਾ ਅਤੇ ਬਾਅਦ ਵਿੱਚ ਅੰਮ੍ਰਿਤਸਰ ਦੇ ਨਾਂ ਨਾਲ ਮਸ਼ਹੂਰ ਹੋ ਗਿਆ।
ਆਪ ਜੀ ਇਕ ਉੱਚ ਕੋਟੀ ਦੇ ਵਿਦਵਾਨ , ਸਹਿਤਕਾਰ, ਇੱਕ ਚੰਗੇ ਚਿਤ੍ਰਕਾਰ, ਸੰਗੀਤਕਾਰ, ਤੇਜੱਸਵੀ ਆਗੂ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ । ਮਹਾ-ਪਰਉਪਕਾਰੀ, ਕੌਮ ਦੇ ਉਸਰੱਈਏ ਆਪ ਦੀ ਸ਼ਖ਼ਸੀਅਤ ਦੇ ਵਿਲੱਖਣ ਸਰੂਪ ਸਨ। ਉਹ ਇੱਕ ਉੱਚ ਕੋਟੀ ਦੇ ਵਿਦਵਾਨ ਵੀ ਸਨ ਜਿਨ੍ਹਾਂ ਨੇ ਆਪਣੀ ਸੋਚ ਅਤੇ ਆਪਣੀ ਕਥਨੀ ਨੂੰ ਕਰਨੀ ਵਿੱਚ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਲੋਕਾਂ ਨੂੰ ਸਿਰਫ ਧਾਰਮਿਕ ਸਿੱਖਿਆ ਤੇ ਅਧਿਆਤਮਕ ਗਿਆਨ ਹੀ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਆਚਾਰ ਤੇ ਸਦਾਚਾਰ ਦੇ ਉਪਦੇਸ਼ ਦਿੰਦੇ ਹੋਏ ਉਹਨਾਂ ਦੇ ਅੰਗ ਸੰਗ ਰਹਿ ਕੇ ਉਹਨਾਂ ਦੇ ਦੁੱਖ, ਸੁੱਖ ਨਾਲ ਸਾਂਝ ਪਾਈ ਹੈ। ਲੋਕਾਂ ਦੀਆਂ ਜ਼ਰੂਰਤਾਂ ਨੂੰ ਦਿਲੋਂ ਮਹਿਸੂਸ ਕੀਤਾ, ਤੇ ਪੂਰਾ ਕਰਨ ਦੇ ਸੰਭਵ ਯਤਨ ਵੀ ਕੀਤੇ, ਲੋੜ ਪਈ ਤਾਂ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ।
ਆਪ ਜੀ ਦੀ ਪਤਨੀ ਦਾ ਨਾਂ ਗੰਗਾ ਜੀ ਸੀ ਤੇ ਇਹ ਪਿੰਡ ਮਿਓ ਜ਼ਿਲ੍ਹਾ ਜਲੰਧਰ ਦੇ ਵਾਸੀ ਸਨ। ਉਹਨਾਂ ਦੇ ਇੱਕ ਹੀ ਪੁੱਤਰ ਹਰਿਗੋਬਿੰਦ ਜੀ ਸਨ, ਜੋ ਛੇਵੇਂ ਗੁਰੂ ਹੋਏ।ਗੁਰੂ ਜੀ ਦਾ ਆਪਣੇ ਜੀਵਨ ਕਾਲ ਵਿੱਚ ਕੀਤੇ ਕਾਰਜਾਂ ਵਿਚੋਂ ਸਭ ਤੋਂ ਮਹੱਤਵਪੂਰਨ ਕਾਰਜ ਆਦਿ ਗ੍ਰੰਥ ਦੀ ਸੰਪਾਦਨਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ।ਇਸ ਗ੍ਰੰਥ ਦਾ ਸੰਕਲਨ 1604 ਈ. ਵਿੱਚ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਵਿੱਚ ਪਹਿਲੇ 4 ਗੁਰੂਆਂ,15 ਭਗਤਾਂ, 11 ਭੱਟਾਂ ਅਤੇ ਗੁਰੂ ਘਰ ਦੇ ਨਿਕਟੀਆਂ ਦੀ ਬਾਣੀ ਨੂੰ ਸ਼ਾਮਿਲ ਕੀਤਾ। ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ 31 ਰਾਗਾਂ ਵਿਚੋਂ ਜੈਜਾਵੰਤੀ ਰਾਗ ਨੂੰ ਛੱਡ ਬਾਕੀ ਸਾਰੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਹੈ।ਆਪ ਜੀ ਦੇ 2218 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।ਇਹਨਾਂ ਨੇ ਸਾਰੀ ਬਾਣੀ 1581 ਈ. ਤੋਂ 1604 ਈ. ਸਮੇਂ ਦੌਰਾਨ ਰਚੀ।ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ ਗਉੜੀ ਸੁਖਮਨੀ, ਬਾਰਹਮਾਹ ਮਾਝ, ਬਾਵਨ ਅਕਰੀ, ਬਿਰਹੜੇ, ਗੁਣਵੰਤੀ, ਅੰਜੁਲੀ , ਪਹਿਰੇ, ਦਿਨ ਰੈਣਿ ਰਾਗ ਬੱਧ ਬਾਣੀਆਂ ਹਨ।ਸਲੋਕ ਵਾਰਾਂ ਤੇ ਵਧੀਕ , ਗਾਥਾ, ਫੁਨਹੇ, ਚਉ ਬੋਲੇ, ਸਲੋਕ ਸਹਸਕ੍ਰਿਤੀ, ਮੁੰਦਾਵਣੀ ਮਹਲਾ ੫ ਆਦਿ ਰਾਗ ਮੁਕਤ ਬਾਣੀਆਂ ਹਨ।
ਆਪਣੇ ਬੱਚਿਆਂ ਨੂੰ ਪਰਖਣ ਲਈ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਲਾਹੌਰ ਉਨ੍ਹਾਂ ਦੇ ਭਰਾ ਦੇ ਲੜਕੇ ਦੀ ਸ਼ਾਦੀ ਹੈ ਤੇ ਪ੍ਰਿਥੀ ਚੰਦ ਉੱਥੇ ਚਲੇ ਜਾਣ। ਉਹ ਕਹਿਣ ਲੱਗੇ ਕਿ ਮੈਂ ਕਿਵੇਂ ਜਾ ਸਕਦਾ ਹਾਂ ਕਿਉਂਕਿ ਇਥੇ ਬਹੁਤ ਜ਼ਿੰਮੇਵਾਰੀਆਂ ਹਨ। ਅਸਲ ਵਿੱਚ ਉਸ ਨੂੰ ਇਹ ਗੱਲ ਦਾ ਡਰ ਸੀ ਕਿ ਕਿਤੇ ਅਰਜਨ ਦੇਵ ਜੀ ਨੂੰ ਉਸ ਦੀ ਗ਼ੈਰ ਹਾਜ਼ਰੀ ਵਿਚ ਗੁਰਗੱਦੀ ਨਾ ਮਿਲ ਜਾਵੇ। ਗੁਰੂ ਅਰਜਨ ਦੇਵ ਜੀ ਛੋਟੇ ਅਤੇ ਗੁਰੂ ਮਾਰਗ ਤੇ ਚੱਲਣ ਵਾਲੇ ਮਹਾਨ ਤਪੱਸਵੀ ਸਨ। ਉਹ ਗੁਰੂ ਰਾਮਦਾਸ ਜੀ ਨੂੰ ਜਾਣ ਲਈ ਨਾਂਹ ਨਾ ਕਰ ਸਕੇ ਤੇ ਨੇਤਰਾਂ ਵਿਚ ਅੱਥਰੂ ਆ ਗਏ ਤੇ ਕਹਿਣ ਲੱਗੇ ਕਿ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰਾ ਜਿਊਣਾ ਔਖਾ ਹੈ:
”ਜਿਉ ਮਛੁਲੀ ਬਿਨੁ ਪਾਣੀਐ, ਕਿਉ ਜੀਵਣੁ ਪਾਵੈ।”
ਗੁਰੂ ਰਾਮਦਾਸ ਜੀ ਨੇ ਇਨ੍ਹਾਂ ਨੂੰ ਹੋਰ ਆਗਿਆ ਕੀਤੀ ਕਿ ਉੱਥੇ ਰਹਿ ਕੇ ਹੀ ਸਤਿਸੰਗ ਕਰਨਾ ਹੈ ਤੇ ਤੀਜੀ ਗੱਲ ਹੈ ਕਿ ਜਦ ਤਕ ਅਸੀ ਨਾ ਬੁਲਾਈਏ, ਤਦ ਤੱਕ ਵਾਪਸ ਨਹੀਂ ਆਉਣਾ। ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਹੁਕਮਾਂ ਦੀ ਪਾਲਣਾ ਕੀਤੀ । ਅਰਜਨ ਦੇਵ ਜੀ ਨੂੰ ਉਡੀਕਦੇ-ਉਡੀਕਦੇ ਇੱਕ ਸਾਲ ਹੋ ਗਿਆ। ਆਪ ਜੀ ਨੇ ਪਿਤਾ ਗੁਰੂ ਰਾਮਦਾਸ ਜੀ ਨੂੰ ਦੋ ਚਿੱਠੀਆਂ ਲਿਖ ਕੇ ਭੇਜੀਆਂ । ਪਹਿਲੀ ਚਿੱਠੀ “ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰਦੇ ਚਾਤ੍ਰਿਕ ਕੀ ਨਿਆਈ॥” ਅਤੇ ਦੂਜੀ ਚਿੱਠੀ” ਤੇਰਾ ਮੁਖ ਸਹਾਵਾ ਜੀਉ ਸਹਿਜ ਧੁਨਿ ਬਾਣੀ॥ ਚਿਰ ਹੋਆ ਦੇਖੇ ਸਾਰਿੰਗ ਪਾਣੀ॥” ਇਹਨਾਂ ਨੂੰ ਪ੍ਰਿਥੀ ਚੰਦ ਨੇ ਆਪਣੇ ਕੋਲ ਹੀ ਲੁਕੋ ਲਿਆ ਤੇ ਗੁਰੂ ਰਾਮਦਾਸ ਜੀ ਤੱਕ ਪਹੁੰਚਣ ਹੀ ਨਾ ਦਿੱਤੀਆਂ। ਤੀਜੀ ਚਿੱਠੀ ਦੇ ਕੇ ਸਿੱਖ ਨੂੰ ਤਾਕੀਦ ਕੀਤੀ ਕਿ ਖ਼ੁਦ ਗੁਰੂ ਰਾਮਦਾਸ ਜੀ ਨੂੰ ਚਿੱਠੀ ਦੇਣੀ ਹੈ। ਬਿਰਹੋਂ ਦੀ ਹਾਲਤ ਨੂੰ ਚੌਥੇ ਪਾਤਸ਼ਾਹ ਨੇ ਵਾਚਿਆ :
ਇਕ ਘੜੀ ਨਾ ਮਿਲਤੇ ਹਾਂ ਕਲਜੁਗੁ ਹੋਤਾ। ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ।
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਇਹ ਮਹਿਸੂਸ ਕੀਤਾ ਕਿ ਗੁਰਗੱਦੀ ਦਾ ਭਾਰ ਤਾਂ ਉਹੀ ਸੰਭਾਲ ਸਕਦਾ ਹੈ ਜਿਸ ਵਿਚ ਧੀਰਜ ਤੇ ਨਿਮਰਤਾ ਹੋਵੇ। ਬਾਬਾ ਬੁੱਢਾ ਜੀ, ਪੰਜ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਤੋਂ ਅਰਜਨ ਦੇਵ ਜੀ ਨੂੰ ਲੈ ਆਏ ਤੇ ਸਿੱਖੀ ਮਰਯਾਦਾ ਅਨਸਾਰ ਉਨ੍ਹਾਂ ਨੂੰ ਤਿਲਕ ਲਗਾਇਆ। ਕੇਵਲ ਦੋ ਦਿਨ ਗੁਰੂ ਰਾਮਦਾਸ ਜੀ, ਅੰਮ੍ਰਿਤਸਰ ਰਹਿ ਕੇ ਤੀਜੇ ਦਿਨ ਗੁਰੂ ਅਰਜਨ ਦੇਵ ਜੀ ਨਾਲ ਗੋਇੰਦਵਾਲ ਸਾਹਿਬ ਆ ਗਏ ਤੇ ਫਿਰ ਉਸੇ ਦਿਲ ਉਥੇ ਜੋਤੀ ਜੋਤ ਸਮਾ ਗਏ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਇੱਕ ਇਨਕਲਾਬੀ ਮੋੜ ਸੀ ਜਿਸਤੋਂ ਬਾਅਦ ਸ਼ਹੀਦੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ।ਇਸੇ ਲਈ ਉਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ।
ਮੁਗਲ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਅਕਤੂਬਰ 1605 ਵਿਚ ਜਹਾਂਗੀਰ ਮੁਗਲ ਸਾਮਰਾਜ ਦਾ ਬਾਦਸ਼ਾਹ ਬਣਿਆ। ਜਿਵੇਂ ਹੀ ਉਸਨੇ ਸਾਮਰਾਜ ‘ਤੇ ਕਬਜ਼ਾ ਕੀਤਾ ਗੁਰੂ ਅਰਜਨ ਦੇਵ ਜੀ ਦੇ ਵਿਰੋਧੀ ਸਰਗਰਮ ਹੋ ਗਏ ਅਤੇ ਉਨ੍ਹਾਂ ਨੇ ਜਹਾਂਗੀਰ ਨੂੰ ਉਹਨਾਂ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਸ਼ਹਿਜ਼ਾਦਾ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਵਿਰੁੱਧ ਬਗ਼ਾਵਤ ਕਰ ਦਿੱਤੀ। ਫਿਰ ਜਹਾਂਗੀਰ ਨੇ ਆਪਣੇ ਪੁੱਤਰ ਦਾ ਪਿੱਛਾ ਕੀਤਾ, ਇਸ ਲਈ ਉਹ ਪੰਜਾਬ ਨੂੰ ਭੱਜ ਗਿਆ। ਖੁਸਰੋ ਤਰਨਤਾਰਨ ਗੁਰੂ ਸਾਹਿਬ ਕੋਲ ਪਹੁੰਚ ਗਿਆ ਫਿਰ ਗੁਰੂ ਅਰਜਨ ਦੇਵ ਜੀ ਨੇ ਉਸ ਦਾ ਸੁਆਗਤ ਕੀਤਾ ਅਤੇ ਸ਼ਰਨ ਦਿੱਤੀ। ਜਦੋਂ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਅਰਜੁਨ ਦੇਵ ਜੀ ‘ਤੇ ਗੁੱਸੇ ਹੋ ਗਿਆ। ਉਸ ਨੇ ਅਰਜੁਨ ਦੇਵ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ।
ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ।ਸਾਂਈਂ ਮੀਆਂ ਮੀਰ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਗਏ ਤਸੀਹਿਆਂ ਨੂੰ ਦੇਖ ਕੇ ਬਹੁਤ ਦੁਖੀ ਹੋਏ। ਉਨ੍ਹਾਂ ਨੇ ਗੁਰੂ ਜੀ ਤੋਂ ਦਿੱਲੀ ਸਰਕਾਰ ਅੱਗੇ ਰੋਸ ਪ੍ਰਗਟ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਸਾਂਈਂ ਮੀਆਂ ਮੀਰ ਜੀ ਨੂੰ ਕਿਹਾ ਕਿ ਇਹ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿੱਚ ਹੈ। ਭਾਣੇ ਵਿੱਚ ਰਹਿਣਾ ਹੀ ਪਰਮਾਤਮਾ ਦੀ ਖੁਸ਼ੀ ਹੈ। ਉਨ੍ਹਾਂ ਨੇ ਸੰਸਾਰ ਨੂੰ ਭਾਣੇ ਵਿਚ ਰਹਿਣ ਦਾ ਸੰਦੇਸ਼ ਦਿੱਤਾ ਅਤੇ ਪ੍ਰਤੱਖ ਰੂਪ ਵਿੱਚ ਭਾਣਾ ਮੰਨ ਕੇ ਗੁਰਮੁਖ ਦੇ ਆਦਰਸ਼ ਨੂੰ ਸਾਕਾਰ ਕੀਤਾ:
ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥
ਆਪਣੇ ਵਿਚਾਰਾਂ ਲਈ ਦ੍ਰਿੜਤਾ ਤੇ ਨਿਸਚੇ ਨੂੰ ਪ੍ਰਗਟਾਉਂਦਿਆਂ ਗੁਰੂ ਜੀ ਨੇ, ਸਮੇਂ ਦੀ ਸਰਕਾਰ ਦੀ ਈਨ ਨਾ ਮੰਨ, 1606 ਈ. ਵਿੱਚ ਸ਼ਹਾਦਤ ਦਾ ਜਾਮ ਪੀ ਕੇ ਸਿੱਖਾਂ ਵਿੱਚ ਸ਼ਹਾਦਤ ਦੀ ਸੁਨਿਹਰੀ ਰੀਤ ਨੂੰ ਤੋਰਿਆ। ਗੁਰੂ ਜੀ ਤੱਤੀ ਤਵੀ ‘ਤੇ ਬੈਠ ਕੇ ਵੀ ਸ਼ਾਂਤ-ਚਿੱਤ ਅਤੇ ਅਡੋਲ ਸਨ ਇਸੇ ਲਈ ਉਹਨਾਂ ਨੂੰ “ਸ਼ਾਂਤੀ ਦੇ ਪੁੰਜ” ਅਤੇ “ਸ਼ਹੀਦਾਂ ਦੇ ਸਿਰਤਾਜ” ਆਖਿਆ ਜਾਂਦਾ ਹੈ। ਉਹਨਾਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਬਤੀਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ ਅਤੇ ਇਹੋ ਹੀ ਸੱਚੀ ਸ਼ਰਧਾਂਜਲੀ ਹੋਵੇਗੀ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly