(ਸਮਾਜ ਵੀਕਲੀ)
ਜ਼ਿੰਦਗੀ ਵਿੱਚ ਕਈ ਉਤਰਾਅ ਚੜ੍ਹਾਅ ਆਉਂਦੇ ਹਨ।ਜ਼ਿੰਦਗੀ ਖੁਸ਼ੀਆਂ ਗਮੀਆਂ,ਦੁੱਖਾਂ ਸੁੱਖਾਂ ਅਤੇ ਬਹੁਤ ਕੁੱਝ ਦਾ ਮਿਸ਼ਰਣ ਹੈ।ਕਿਸੇ ਦੀ ਵੀ ਜ਼ਿੰਦਗੀ ਇਕੋ ਜਿਹੀ ਹਮੇਸ਼ਾਂ ਨਹੀਂ ਰਹਿੰਦੀ।ਕੁਦਰਤ ਦੁੱਖਾਂ ਵਾਲੇ ਹਾਲਾਤ ਪੈਦਾ ਕਰਦੀ ਹੈ ਤਾਂ ਕਿ ਸਾਨੂੰ ਸੁੱਖੀ ਜ਼ਿੰਦਗੀ ਤੇ ਸਮੇਂ ਦਾ ਅਹਿਸਾਸ ਹੋਵੇ।ਜੇਕਰ ਬੁਰਾ ਵਕਤ ਨਹੀਂ ਆਏਗਾ ਤਾਂ ਚੰਗੇ ਦੀ ਵੀ ਕਦਰ ਨਹੀਂ ਹੋਏਗੀ। ਮਨੁੱਖ ਦੀ ਆਦਤ ਹੈ ਜੋ ਉਸ ਕੋਲ ਹੁੰਦਾ ਹੈ,ਉਸ ਵਿੱਚ ਖੁਸ਼ ਨਹੀਂ ਹੁੰਦਾ।ਜੋ ਉਸਦੇ ਕੋਲ ਨਹੀਂ ਹੁੰਦਾ,ਉਸਦੇ ਲਈ ਦੌੜਦਾ ਰਹਿੰਦਾ ਹੈ।ਤਰੱਕੀ ਲਈ ਅਤੇ ਅੱਗੇ ਵੱਧਣ ਲਈ ਮਿਹਨਤ ਕਰਦੇ ਰਹਿਣਾ ਰਹਿਣਾ ਚਾਹੀਦਾ ਹੈ।ਪਰ ਆਪਣੇ ਆਪਨੂੰ ਪ੍ਰੇਸ਼ਾਨ ਕਰਨਾ ਅਤੇ ਟੈਂਨਸ਼ਨਾ ਲੈਣ ਨਾਲ ਸਿਹਤ ਵਿਗੜਦੀ ਹੈ।ਜੋ ਕੁੱਝ ਆਪਣੇ ਕੋਲ ਹੈ,ਉਸ ਵਿੱਚ ਸੰਤੁਸ਼ਟ ਹੋਣਾ ਤੇ ਰਹਿਣਾ ਜ਼ਿੰਦਗੀ ਨੂੰ ਸੌਖਾ ਬਣਾਉਂਦੀ ਹੈ।ਮ੍ਰਿਗ ਤ੍ਰਿਸ਼ਨਾ ਸਾਰੀ ਜ਼ਿੰਦਗੀ ਦੌੜਨ ਵਿੱਚ ਹੀ ਲਗਾਈ ਰੱਖਦੀ ਹੈ।
ਕੁਦਰਤ ਨੇ ਜੇਕਰ ਰੋਟੀ,ਕੱਪੜੇ ਅਤੇ ਮਕਾਨ ਤੁਹਾਨੂੰ ਦਿੱਤਾ ਹੈ ਤਾਂ ਆਪਣੇ ਆਪਨੂੰ ਭਾਗਾਂ ਵਾਲੇ ਸਮਝਣਾ ਚਾਹੀਦਾ ਹੈ।ਹਾਂ,ਉਸਨੂੰ ਬਿਹਤਰ ਕਰਨ ਲਈ ਮਿਹਨਤ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ।ਪਰ ਦੂਸਰੇ ਦੇ ਮਹਿਲ ਵੇਖਕੇ ਆਪਣੀ ਝੁੱਗੀ ਨੂੰ ਤੋੜਨਾ ਮੂਰਖਤਾ ਹੈ।ਮਹਿਲ ਨੂੰ ਵੇਖਕੇ ਪ੍ਰੇਰਨਾ ਲੈਕੇ ਮਿਹਨਤ ਦਾ ਰਸਤਾ ਫੜਨਾ ਸਮਝਦਾਰੀ ਹੈ।ਪਰ ਦੂਸਰੇ ਦੇ ਮਹਿਲ ਨੂੰ ਵੇਖਕੇ ਸੜਨਾ,ਕੁੜਨਾ ਅਤੇ ਘਰ ਵਿੱਚ ਲੜਾਈ ਝਗੜਾ ਕਰਨਾ ਅਸੰਤੁਸ਼ਟੀ ਦੀ ਨਿਸ਼ਾਨੀ ਹੈ।ਸਿਆਣੇ ਕਹਿੰਦੇ ਹਨ ਕਿ ਸਮੇਂ ਤੋਂ ਪਹਿਲਾਂ ਅਤੇ ਭਾਗਾਂ ਤੋਂ ਵੱਧ ਕਦੇ ਕਿਸੇ ਨੂੰ ਨਹੀਂ ਮਿਲਦਾ।ਰੱਬ ਦਾ ਲੱਖ ਲੱਖ ਸ਼ੁਕਰ ਕਰਨਾ ਚਾਹੀਦਾ ਹੈ ਜੋ ਸਾਨੂੰ ਦਿੱਤਾ ਹੈ।ਦੁਨੀਆਂ ਵਿੱਚ ਵੱਧ ਤੋਂ ਵੱਧ ਅਮੀਰ ਲੋਕ ਨੇ ਅਤੇ ਗਰੀਬੀ ਦਾ ਵੀ ਕੋਈ ਹਿਸਾਬ ਨਹੀਂ।
ਅੱਜ ਪਰਿਵਾਰਾਂ ਵਿੱਚ ਲੜਾਈਆਂ ਝਗੜੇ ਹੋ ਰਹੇ ਹਨ।ਇਹ ਸਾਰਾ ਕੁੱਝ ਵਧੇਰੇ ਪੈਸੇ ਅਤੇ ਅਮੀਰ ਵਿਖਾਈ ਦੇਣ ਕਰਕੇ ਹੋ ਰਿਹਾ ਹੈ।ਹਰ ਵੇਲੇ ਮੁਕਾਬਲੇ ਦੀ ਸੋਚ ਹੁੰਦੀ ਹੈ।ਕਿਸੇ ਨੇ ਕੁੱਝ ਨਵਾਂ ਖਰੀਦ ਲਿਆ, ਉਸੇ ਵੇਲੇ ਬੇਚੈਨੀ ਸ਼ੁਰੂ ਹੋ ਜਾਂਦੀ ਹੈ।ਜਲਦੀ ਸਾਰਾ ਕੁੱਝ ਇਕੱਠਾ ਕਰਨ ਦੀ ਸੋਚ ਹੈ।ਹਰ ਵੇਲੇ ਦਿਮਾਗ਼ ਤੇ ਬੋਝ ਪਿਆ ਰਹਿੰਦਾ ਹੈ।ਇਸ ਵਕਤ ਨੌਜਵਾਨਾਂ ਦੀਆਂ ਵੀ ਹਾਰਟ ਅਟੈਕ ਨਾਲ ਮੌਤਾਂ ਹੋ ਰਹੀਆਂ ਹਨ।ਸੁਪਨੇ ਵੇਖਣੇ ਬਹੁਤ ਜ਼ਰੂਰੀ ਹਨ।ਅੱਗੇ ਵੱਧਣਾ ਵੀ ਜ਼ਰੂਰੀ ਹੈ।ਪਰ ਜੇਕਰ ਆਪਣੇ ਵਰਤਮਾਨ ਹੀ ਖਰਾਬ ਕਰ ਲਿਆ ਤਾਂ ਕੀ ਫਾਇਦਾ।ਸੰਤੁਸ਼ਟ ਹੋਣਾ ਅਤੇ ਸੰਤੁਸ਼ਟੀ ਜ਼ਿੰਦਗੀ ਵਿੱਚ ਹੋਣੀ ਬਹੁਤ ਜ਼ਰੂਰੀ ਹੈ।
ਦੁਨੀਆਂ ਤੋਂ ਸਿਕੰਦਰ ਵਰਗੇ ਵੀ ਖਾਲੀ ਹੱਥ ਹੀ ਗਏ ਨੇ।ਵਧੇਰੇ ਧੰਨ ਦੌਲਤ ਨਾਲ ਨਾ ਸਾਂਤੀ ਖਰੀਦ ਜਾ ਸਕਦੀ ਹੈ,ਨਾ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਹਨ ਅਤੇ ਨਾ ਸਾਹਾਂ ਨੂੰ ਖਰੀਦਿਆ ਜਾ ਸਕਦਾ ਹੈ।ਹਾਂ,ਇਲਾਜ ਕਰਵਾਇਆ ਜਾ ਸਕਦਾ ਹੈ।ਪਰ ਆਪਣੀ ਮਰਜ਼ੀ ਮੁਤਾਬਿਕ ਜ਼ਿੰਦਗੀ ਲੰਬੀ ਨਹੀਂ ਕੀਤੀ ਜਾ ਸਕਦੀ।
ਸੰਤੁਸ਼ਟ ਹੋਵੋਗੇ ਤਾਂ ਸਿਹਤ ਠੀਕ ਰਹੇਗੀ ਅਤੇ ਕੰਮ ਕਰਨ ਦੀ ਊਰਜਾ ਬਣੀ ਰਹੇਗੀ।ਪੈਸਾ ਧੰਨ ਦੌਲਤ ਕਦੇ ਕਿਸੇ ਇਕ ਕੋਲ ਟਿੱਕਦਾ ਨਹੀਂ। ਸਮੇਂ ਅਨੁਸਾਰ ਹਰ ਕਿਸੇ ਦਾ ਚੰਗਾ ਮਾੜਾ ਵਕਤ ਆਉਂਦਾ ਹੈ।ਜੇਕਰ ਜ਼ਿੰਦਗੀ ਆਸਾਨ ਅਤੇ ਬਿਹਤਰ ਜਿਊਣੀ ਹੈ ਤਾਂ ਸੰਤੁਸ਼ਟੀ ਅਤੇ ਸਾਦਾਪਣ ਹੋਣਾ ਬਹੁਤ ਜ਼ਰੂਰੀ ਹੈ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ ਮੋਬਾਈਲ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly