ਨਵੀਂ ਦਿੱਲੀ (ਸਮਾਜ ਵੀਕਲੀ) : ਡੇਵੋਨ ਕਾਨਵੇ ਅਤੇ ਰਿਤੂਰਾਜ ਗਾਇਕਵਾੜ ਦੇ ਨੀਮ ਸੈਂਕੜਿਆਂ ਤੇ ਦੀਪਕ ਚਾਹਰ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਚੇਨੱਈ ਸੁਪਰ ਕਿੰਗਜ਼ ਨੇ ਅੱਜ ਆਈਪੀਐੱਲ ਦੇ ਆਪਣੇ ਆਖਰੀ ਲੀਗ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 77 ਦੌੜਾਂ ਨਾਲ ਹਰਾ ਕੇ ਪਲੇਅ-ਆਫ ਲਈ ਕੁਆਲੀਫਾਈ ਕਰ ਲਿਆ ਹੈ। ਚੇਨੱਈ 14 ਮੈਚਾਂ ਵਿੱਚ 17 ਅੰਕਾਂ ਨਾਲ ਗੁਜਰਾਤ ਟਾਈਟਨਜ਼ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਦਿੱਲੀ ਦੀ ਟੀਮ ਪਲੇਅ-ਆਫ ਦੀ ਦੌੜ ’ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ।
ਚੇਨੱਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਜੋ ਉਸ ਦੇ ਸਲਾਮੀ ਬੱਲੇਬਾਜ਼ਾਂ ਨੇ ਸਹੀ ਸਾਬਤ ਕੀਤਾ। ਗਾਇਕਵਾੜ ਤੇ ਕਾਨਵੇ ਵਿਚਾਲੇ ਪਹਿਲੀ ਵਿਕਟ ਲਈ 87 ਗੇਂਦਾਂ ਵਿੱਚ 141 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਚੇਨੱਈ ਨੇ ਨਿਰਧਾਰਤ 20 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 223 ਦੌੜਾਂ ਬਣਾਈਆਂ। ਜਵਾਬ ਵਿੱਚ ਦਿੱਲੀ ਦੀ ਟੀਮ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ ਸਿਰਫ 146 ਦੌੜਾਂ ਹੀ ਬਣਾ ਸਕੀ। ਦਿੱਲੀ ਲਈ ਸਿਰਫ ਕਪਤਾਨ ਡੇਵਿਡ ਵਾਰਨਰ ਨੇ ਹੀ ਟਿਕ ਕੇ ਖੇਡਿਆ, ਜਿਸ ਨੇ 58 ਗੇਂਦਾਂ ਵਿੱਚ 86 ਦੌੜਾਂ ਬਣਾਈਆਂ। ਚੇਨੱਈ ਲਈ ਦੀਪਕ ਚਾਹਰ ਨੇ ਤਿੰਨ, ਐੱਮ ਤੀਕਸ਼ਨਾ ਤੇ ਮਥੀਸ਼ਾ ਪਥੀਰਾਣਾ ਨੇ ਦੋ-ਦੋ ਤੇ ਤੁਸ਼ਾਰ ਦੇਸ਼ਪਾਂਡੇ ਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਲਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly