ਮੰਦਬੁੱਧੀ

(ਸਮਾਜ ਵੀਕਲੀ)

ਆਪਣੇ ਸ਼ਹਿਰ ਤੋਂ ਦੂਰ ਨੋਕਰੀ ਕਰਨ ਲਈ ਮੈਂ ਰੋਜ਼ਾਨਾ ਟਰੇਨ ਰਾਹੀ ਸਫ਼ਰ ਕਰਦਾ ਤੇ ਕਦੇ-ਕਦੇ ਕਿਸੇ ਸਟੇਸ਼ਨ ਤੇ ਜਦੋਂ ਦੋ ਗੱਡੀਆਂ ਦੇ ਆਪਸ ਵਿਚ ਕਰਾਸ ਪੈ ਜਾਂਦੇ ਤਾਂ ਉਥੇ ਬਹੁਤ ਸਮਾਂ ਸਟੇਸ਼ਨਾਂ ਤੇ ਟਰੇਨ ਖੜੀ ਰਹਿੰਦੀ। ਸਟੇਸ਼ਨ ਤੇ ਮੁਸਾਫਿਰਾਂ ਦੀ ਚਹਿਲ ਪਹਿਲ ਨਾਲ ਕਈ ਮੰਗਤੇ ਵੀ ਵੱਖੋ ਵੱਖਰੇ ਢੰਗ ਨਾਲ ਭੀਖ ਮੰਗਦੇ ਦਿਖਾਈ ਦਿੰਦੇ ਹਨ। ਉਹਨਾਂ ਵਿਚੋਂ ਸਟੇਸ਼ਨ ਤੇ ਅਕਸਰ ਇਕ ਨੋਜਵਾਨ ਕਿਸੇ ਨਾ ਕਿਸੇ ਤੋਂ ਕੁਝ ਮੰਗ ਕਿ ਖਾ ਰਿਹਾ ਹੁੰਦਾ ਸੀ । ਜਿਸਦਾ ਕੰਮ ਸਿਰਫ ਲੋਕਾਂ ਤੋਂ ਕੁਝ ਨਾ ਕੁਝ ਖਾਣ ਵਾਲੀਆਂ ਚੀਜ਼ਾਂ ਮੰਗਣਾਂ ਹੀ ਨਹੀਂ ਸਗੋਂ ਉਹ ਸਟੇਸ਼ਨ ਉਤੇ ਚਾਹ , ਪਕੋੜੇ ਅਤੇ ਪਾਣੀ ਵਾਲੀ ਛਬੀਲ ਉਪਰ ਵੀ ਕੰਮ ਕਰਦਾ ਦਿਖਾਈ ਦਿੰਦਾ । ਭੋਲਾ ਤੇ ਸਿਧਰਾ ਹੋਣ ਕਰਕੇ ਉਹ ਕਿਸੇ ਨੂੰ ਵੀ ਮਨ੍ਹਾ ਨਹੀਂ ਕਰਦਾ। ਰੋਜ਼ਾਨਾ ਟਰੇਨ ਦਾ ਸਫ਼ਰ ਕਰਨ ਵਾਲੇ ਅਤੇ ਤਕਰੀਬਨ ਸਾਰੇ ਰੇਲਵੇ ਕਰਮਚਾਰੀ ਉਸਨੂੰ ਗੋਗਣੂੰ ਦੇ ਨਾਮ ਤੋਂ ਬੁਲਾਉਂਦੇ ।

ਮੇਰੇ ਮਨ ਵਿਚ ਉਸ ਪ੍ਰਤੀ ਦਿਆ ਭਾਵਨਾ ਪੈਦਾ ਹੋ ਗਈ ਅਤੇ ਉਸ ਦੀ ਜ਼ਿੰਦਗੀ ਅਤੇ ਉਸ ਦੀ ਅਜਿਹੀ ਹਾਲਤ ਬਾਰੇ ਜਾਨਣ ਦੀ ਲਾਲਸਾ ਪੈਦਾ ਹੋ ਗਈ। ਮੈਂ‌ ਅਕਸਰ ਉਸ ਲੲੀ ਕੁਝ ਖਾਣ ਲੲੀ ਲੈ ਆਉਂਦਾ ਅਤੇ ਕਦੇ ਕਦੇ ਉਸ ਨੂੰ ਕੁਝ ਖਾਣ ਲੲੀ ਪੈਸੇ ਵੀ ਦੇ ਦਿੰਦਾ , ਇਸ ਤਰਾਂ ਲਗਾਤਾਰ ਕੲੀ ਸਮੇਂ ਤੋਂ ਮਿਲਣ ਕਰਕੇ ਉਸ ਨਾਲ ਲਗਾਵ ਜਿਹਾ ਹੋ ਗਿਆ। ਸਟੇਸ਼ਨ ਤੇ ਗੱਡੀ ਰੁਕਦੀ ਤਾਂ ਉਹ ਅਕਸਰ ਠੰਡੇ ਪਾਣੀ ਦੀ ਛਬੀਲ ਤੇ ਮੁਸਾਫਿਰਾਂ ਨੂੰ ਪਾਣੀ ਪਿਲਾਉਂਦਾ ਜਾਂ ਖਾਲੀ ਗਿਲਾਸ ਇਕੱਠੇ ਕਰਦਾ ਰਹਿੰਦਾ ਸੀ ।

ਇਕ ਦਿਨ ਮੈਂ ਚਾਹ ਵਾਲੀ ਸਟਾਲ ਤੇ ਖੜਾ ਕਿ ਟਰੇਨ ਦੇ ਚੱਲਣ ਦੀ ਉਡੀਕ ਕਰ ਰਿਹਾ ਸੀ।

ਐਨੇ ਨੂੰ ਗੋਗਣੂੰ ਆ ਗਿਆ , ਗੋਗਣੂੰ ਚਾਹ ਵਾਲੇ ਨੂੰ ਪੁਛਦਾ ਹੋਇਆ :- ਅੰਕਲ ਜੀ ! ਮੈਨੂੰ ਬਿਸਕੁਟ ਦੇਦੇ ।

ਚਾਹ ਵਾਲਾ :- “ਜਾ ਪਹਿਲੇ ਜਾ ਕਰ ਸਾਹਮਨੇ ਗਾਡੀ ਮੇਂ ਸਵਾਰੀ ਨੂੰ ਚਾਏ ਪਕੜਾ ਕਰ ਆ, ਫਿਰ ਲੇ ਲੇਨਾ ਜੋ ਬੀ ਕੁਛ ਲੇਨਾ ਹੈ”।

ਗੋਗਣੂੰ :- “ਫੇਰ ਤਾਂ ਮੈਂ ਚਾਹ ਵੀ ਪੀਉਂਗਾ ” ।

ਚਾਹ ਵਾਲਾ :- ਮੇਰੇ ਨਾਲ ਗੱਲਾਂ ਕਰਦਾ ਹੋਇਆ ਗੋਗਣੂੰ ਬਾਰੇ ਦੱਸਦਾ ਹੈ , “ਬਿਨ ਮਾਂ ਬਾਪ ਕਾ ਬੱਚਾ ਹੈ ਜੀ ਯੇ , ਆਜ ਸੇ ਬੀਸ ਬਾਈਸ (20-22 ਸਾਲ) ਬਰਸ ਪਹਿਲੇ ਲੁਧਿਆਣਾ ਕੇ ਨਜ਼ਦੀਕ ਖੰਨਾ ਸ਼ਹਿਰ ਕੇ ਪਾਸ ਟਰੇਨੋਂ ਕੇ ਐਕਸੀਡੈਂਟ ਮੇਂ ਇਸ ਕੇ ਮਾਤਾ ਪਿਤਾ ਕਿ ਮੌਤ ਹੋ ਗਈ, ਤੱਬ ਯੇ ਦੋ ਮਹੀਨੇ ਕਾ ਥਾ, ਇਸ ਕੇ ਸਿਰ ਪੇ ਬੀ ਚੋਟ ਲੱਗੀ ਤੱਬ ਸੇ ਇਸ ਕੇ ਸਰੀਰ ਕਾ ਵਿਕਾਸ ਤੋਂ ਹੋ ਗਿਆ ਪਰ ਇਸ ਕੇ ਦਿਮਾਗ ਕਾ ਨਾ ਹੋ ਸਕਾ ਔਰ ਯੇ ਐਸਾ ਹੀ ਮੰਦਬੁੰਧੀ ਸਾ ਹੋ ਗਿਆ , ਯੇ ਸਟੇਸ਼ਨ ਕਿ ਆਸ ਪਾਸ ਘੁੰਮਤਾ ਫਿਰਤਾ ਰਹਿਤਾ ਹੈ । ਕਿਸੀ ਸੇ ਕੁਝ ਮਾਂਗ ਕਰ ਖਾਂ ਲਿਆ ਔਰ ਕਿਸੀ ਕਿ ਸਾਥ ਕਾਮ ਕਰਵਾ ਦੇਤਾ ਹੈ , ਕੁਝ ਲੋਗ ਇਸ ਕਾ ਨਜਾਇਜ਼ ਫਾਇਦਾ ਉਠਾ ਲੇਤੇ ਹੈ , ਸਾਰਾ ਦਿਨ ਕਾਮ ਕਰਵਾਤੇ ਹੈਂ‌, ਔਰ ਕੁਛ ਦੇਤੇ ਬੀ ਨਹੀ ”

“ਇਸ ਦਾ ਆਪਣਾਂ ਕੋਈ ਨਹੀਂ ਇਸ ਦੁਨੀਆਂ ਤੇ” ਮੈਂ ਗੰਭੀਰਤਾ ਨਾਲ ਪੁਛਿਆ ?

ਚਾਹ ਵਾਲਾ :- ਹੈ , “ਸਰਦਾਰ ਜੀ , ਏਕ ਚਾਚਾ ਹੈ, ਵੋ ਭੀ ਸ਼ਰਾਬ ਪੀ ਕਿ ਇਧਰ ਉਧਰ ਗਿਰਾ ਰਹਿਤਾ, ਬੱਸ ਪਲੇਟਫਾਰਮ ਹੀ ਇਸ ਕਾ ਘਰ ਹੈ ਔਰ ਪਰਿਵਾਰ ਹੈ । ਇਸ ਕੋ ਕੋਈ ਮਨ੍ਹਾ ਨਹੀਂ ਕਰਤਾ ਸੱਭ ਜਾਨਤੇ ਹੈ”।

ਮੇਰੀ ਨਿਗ੍ਹਾ ਗੋਗਣੂੰ ਤੇ ਪੈਂਦੀ ਹੈ , ਤੇ ਮੈਂ ਆਪਣੇ ਦਿਮਾਗ ਵਿਚ ਸੋਚਣ ਲੱਗਾ, ਹੇ ਰੱਬਾ! ਕਿਹੜੇ ਜਨਮ ਦਾ ਬਦੱਲਾ ਲੈ ਰਿਹਾ ਇਸ ਵਿਚਾਰੇ ਤੋਂ , ਇਹਨੇ ਕਿਹੜਾ ਰੱਬ ਦੇ ਬੰਦੇ ਨੇ ਕਿਸੇ ਦਾ ਕੀ ਮਾੜਾ ਕੀਤਾ ਹੋਣਾ ।

(ਗੱਡੀ ਵਿਚ ਚਾਹ ਫੜਾ ਕਿ ਆਪਣੀ ਬਿਸਕੁਟ ਤੇ ਚਾਹ ਦਾ ਗਿਲਾਸ ਲੈ ਕਿ ਸਾਈਡ ਤੇ ਬੈਠ ਕਿ ਪੀਣ ਲੱਗਦਾ )

ਥੋੜੀ ਦੇਰ ਬਾਦ ਫੇਰ ਮੈਂ ਦੇਖਦਾਂ ਹਾਂ ਕਿ ਗੋਗਣੂੰ ਇਕ ਯਾਤਰੀ(ਔਰਤ) ਦੇ ਬੱਚੇ ਨਾਲ ਖੇਡਣ ਵਿਚ ਮੱਸਤ ਸੀ। ( ਉਹ ਅਕਸਰ ਹੀ ਯਾਤਰੀਆਂ ਦੇ ਛੋਟੇ ਬੱਚਿਆਂ ਖੇਡਦਾ ਤੇ ਬੱਚਿਆਂ ਨੂੰ ਖਿਡਾਉਂਦਾ ਰਹਿੰਦਾ ਸੀ)

ਬੱਚੇ ਦੀ ਮਾਂ ਗੋਗਣੂੰ ਨੂੰ ਗ਼ੈਰਤ ਭਰੀ ਨਜ਼ਰ ਅਤੇ ਘੂਰੀ ਵੱਟ ਕਿ ਵੇਖ ਰਹੀ ਸੀ ਅਤੇ ਇਕ ਦੋ ਝਿੜਕਾਂ ਮਾਰ ਕਿ ਗੋਗਣੂੰ ਨੂੰ ਦੂਰ ਕਰਨ ਲੱਗ ਪਾਈ , ਸ਼ਾਇਦ ਉਸਨੂੰ ਗੋਗਣੂੰ (ਮੰਦਬੁੱਧੀ) ਦਾ ਆਪਣੇ ਬੱਚੇ ਨਾਲ ਖੇਡਣਾ ਪਸੰਦ ਨਹੀ ਆ ਰਿਹਾ ਸੀ, ਜਾਂ ਉਸ ਨੂੰ ਇਹ ਡਰ ਸੀ ਕਿ ਕਿਤੇ ਉਹ ਉਸਦਾ ਬੱਚਾ ਹੀ ਨਾ ਚੁੱਕ ਕਿ ਭੱਜ ਜਾਵੇ। ਔਰਤ ਨੇ ਗੋਗਣੂੰ ਨੂੰ ਦੁਰਕਾਰਿਆ ਤੇ ਆਪਣੇ ਬੱਚੇ ਨੂੰ ਸਾਇਡ ਤੇ ਲੈਜਾ ਕਿ ਬੈਠ ਗਈ । ਗੋਗਣੂੰ ਬੱਚੇ ਨਾਲ ਖੇਡਣਾ ਚਾਹੁੰਦਾ ਸੀ ਪਰ ਔਰਤ ਦੀ ਘੂਰੀ ਨੂੰ ਸਮਝਦੇ ਹੋਏ ਉਹ ਬੱਚੇ ਤੋਂ ਪਿੱਛੇ ਹੋ ਗਿਆ ਤੇ ਉਥੋਂ ਚਲਾ ਗਿਆ ।
ਅਚਾਨਕ ਔਰਤ ਦੇ ਫੋਨ ਦੀ ਘੰਟੀ ਵੱਜੀ ਤੇ ਉਹ ਕੰਨ ਨਾਲ ਫੋਨ ਲਗਾ ਕਿ ਕਿਸੇ ਨਾਲ ਗੱਲਾਂ ਵਿਚ ਰੁੱਝ ਗਈ, ਬੱਚਾ ਪਲੇਟਫਾਰਮ ਤੇ ਖੇਡਦਾ-ਖੇਡਦਾ ਕਦੋਂ ਰੇਲ ਦੀ ਪੱਟੜੀ ਤੇ ਡਿੱਗ ਗਿਆ ਔਰਤ ਨੂੰ ਪਤਾ ਵੀ ਨਾ ਲੱਗਿਆ।

ਇਸ ਦੋਰਾਨ ਸੁਪਰ ਫਾਸਟ ਟਰੇਨ ਦੇ ਹਾਰਨ ਦੀ ਅਵਾਜ਼ ਸਾਰਿਆਂ ਦੀ ਕੰਨੀ ਸੁਣਾਈ ਦਿੱਤੀ, ਟਰੇਨ ਨੇ ਜਿਸ ਪੱਟੜੀ ਤੋਂ ਗੁਜ਼ਰਾਨਾ ਸੀ ਉਸ ਪੱਟੜੀ ਵਿਚ ਉਹ ਬੱਚਾ ਡਿੱਗਿਆ ਪਿਆ ਸੀ । ਜਿਸ ਨਾਲ ਗੋਗਣੂੰ ਖੇਡ ਰਿਹਾ ਸੀ, ਔਰਤ ਨੇ ਬੱਚਾ ਵੇਖਦੇ ਸਾਰ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਤੇਜ਼ ਰਫ਼ਤਾਰ ਗੱਡੀ ਆਉਂਦੀ ਵੇਖ ਕਿਸੇ ਦਾ ਹੋਂਸਲਾ ਨਹੀਂ ਹੋ ਰਿਹਾ ਕਿ ਲਾਈਨਾਂ ਵਿਚ ਜਾ ਕਿ ਕੋਈ ਬੱਚੇ ਨੂੰ ਚੁੱਕ ਕੇ ਬਾਹਰ ਕੱਢ ਲਿਆਵੇ। ਕੋਈ ਵੀ ਆਪਣੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਪਾਉਣਾ ਚਾਹੁੰਦਾ ਸੀ। ਸਾਰੇ ਰੋਲਾਂ ਪਾਉਣ ਲੱਗੇ ਕੋਈ ਗੱਡੀ ਰੋਕਣ ਦੀਆਂ ਕੋਸ਼ਿਸ਼ਾਂ ਕਰਨ ਲੱਗ ਗਿਆ, ਟਰੇਨ ਹਾਰਨ ਵਜਾਉਂਦੀ ਹੋਈ ਬਹੁਤ ਨਜ਼ਦੀਕ ਆ ਰਹੀ ਸੀ , ਕਈ ਤਾਂ ਮੋਬਾਇਲ ਕੱਢ ਵੀਡੀਓ ਬਣਾਉਣ ਲੱਗ ਪਾਏ , ਮੌਤ ਦੇ ਡਰ ਕਾਰਨ ਕੋਈ ਅੱਗੇ ਨਹੀਂ ਆ ਰਿਹਾ ਸੀ ।

ਸਟੇਸ਼ਨ ਮਾਸਟਰ ਦਾ ਕਮਰਾ ਮੇਰੇ ਤੋਂ ਨਜ਼ਦੀਕ ਸੀ ਮੈਂ ਸਟੇਸ਼ਨ ਮਾਸਟਰ ਦੇ ਕਮਰੇ ਵੱਲ ਭੱਜਿਆ ਕਿ ਸ਼ਾਇਦ ਗੱਡੀ ਨੂੰ ਰੋਕਿਆ ਜਾ ਸਕੇ ।
ਐਨੇ ਨੂੰ ਇਕ ਨੋਜਵਾਨ ਮੁੰਡਾ ਭੱਜਿਆ ਭੱਜਿਆ ਆਇਆ ਤੇ ਛਾਲ ਮਾਰ ਕਿ ਪਲੇਟਫਾਰਮ ਤੋ ਥੱਲੇ ਉਤਰਿਆ ਅਤੇ ਉਸਨੇ ਫੱਟਾ-ਫੱਟ ਬੱਚਾ ਚੁੱਕ ਕੇ ਪਲੇਟਫਾਰਮ ਤੇ ਖੜੀ ਔਰਤ ਬੱਚੇ ਦੀ ਮਾਂ ਨੂੰ ਪਕੜਾ ਦਿੱਤਾ। ਅਤੇ ਆਪ ਉਪਰ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ , ਪਰ ਟਰੇਨ ਦੀ ਸਪੀਡ ਤੇਜ਼ ਹੋਣ ਕਾਰਨ , ਵੇਖਦੇ ਹੀ ਵੇਖਦੇ ਟਰੇਨ ਨੋਜਵਾਨ ਨੂੰ ਲਤੱੜਦੀ ਹੋਈ ਕਾਫੀ ਅੱਗੇ ਜਾ ਕਿ ਰੁਕੀ । ਪਰ ਉਦੋਂ ਤੱਕ ਬਹੁਤ ਦੇਰ ਹੋ ਚੁਕੀ ਸੀ , ਉਹ ਨੋਜਵਾਨ ਟਰੇਨ ਦੀ ਚਪੇਟ ਵਿਚ ਆ ਗਿਆ।

ਰੇਲ ਕਰਮਚਾਰੀਆਂ ਅਤੇ ਪਲੇਟਫਾਰਮ ਤੇ ਖੜੇ ਮੁਸਾਫਿਰਾਂ ਨੇ ਭੱਜ ਕਿ ਟਰੇਨ ਥੱਲੋਂ ਨੋਜਵਾਨ ਨੂੰ ਕੱਢਿਆ ਤਾਂ ਪਤਾ ਚੱਲਿਆ ਉਹ ਨੋਜਵਾਨ ਕੋਈ ਹੋਰ ਨਹੀ ਉਹੀ ਮੰਦਬੁੰਧੀ ਗੋਗਣੂੰ ਸੀ। ਇਹ ਦੇਖ ਕਿ ਔਰਤ ਦੇ ਮੰਨ ਨੂੰ ਬਹੁਤ ਸਦਮਾ ਲੱਗਾ ਅਤੇ ਉਹ ਪਛਤਾਉਣ ਲੱਗੀ । ਜਿਸ ਨੂੰ ਉਹ ਮੰਦਬੁੱਧੀ ਸਮਝ ਕਿ ਆਪਣੇ ਬੱਚੇ ਨਾਲ ਖੇਡਣ ਤੋਂ ਰੋਕ ਰਹੀ ਸੀ ਅੱਜ ਉਸ ਬੱਚੇ ਨੇ ਹੀ ਉਸਦੇ ਘਰ ਦਾ ਚਿਰਾਗ ਬੁਝਣ ਤੋਂ ਬਚਾ ਲਿਆ। ਅਸੀ ਸਾਰੇ ਅਕਲਾਂ ਅਤੇ ਦਿਮਾਗਾਂ ਵਾਲੇ ਜੋ ਕੰਮ ਕਰਨ ਤੋਂ ਡਰ ਰਹੇ ਸੀ , ਉਹ ਕੰਮ ਗੋਗਣੂੰ ਨੇ ਮੋਤ ਦੀ ਪਰਵਾਹ ਨਾ ਕਰਦੇ ਹੋਏ , ਕਿਸੇ ਮਾਂ ਦੀ ਗੋਦ ਉਜੜਨ ਤੋਂ ਬਚਾ ਗਿਆ। ਉਸ ਸਮੇਂ ਮੈਨੂੰ ਇਹ ਮਹਿਸੂਸ ਹੋਇਆ ਕਿ ਮੰਦਬੁੰਧੀ ਗੋਗਣੂੰ ਨਹੀਂ ਅਸੀ ਸਾਰੇ ਤਮਾਸ਼ਾ ਵੇਖਣ ਵਾਲੇ ਸੀ।

ਗੁਰਪ੍ਰੀਤ ਸਿੰਘ (ਪ੍ਰੀਤ ਸਫ਼ਰੀ)
7508147356 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTazia procession, festive season leads to traffic jams in Delhi
Next articleਵਿਕਾਊ ਸਨਮਾਨ ਪੱਤਰ