ਏਹੁ ਹਮਾਰਾ ਜੀਵਣਾ ਹੈ -288

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਮਰਿਆਦਾ ਸ਼ਬਦ ਦਾ ਅਰਥ ਹੁੰਦਾ ਹੈ ਰੀਤੀ ਰਿਵਾਜ ਜਾਂ ਨਿਯਮਾਂ ਦੀ ਪਾਬੰਦੀ। ਅੱਜ ਆਪਾਂ ਨੇ ਦੋਹਾਂ ਕਿਸਮਾਂ ਨੂੰ ਮਿਲਾ ਕੇ ਹੀ ਗੱਲ ਕਰਨੀ ਹੈ। ਜੇ ਆਪਣੇ ਆਲੇ ਦੁਆਲੇ ਝਾਤੀ ਮਾਰੀਏ ਤਾਂ ਦੁਨੀਆ ਦੀ ਹਰ ਇੱਕ ਚੀਜ਼ ਮਰਿਆਦਾ ਵਿੱਚ ਚੱਲਦੀ ਹੈ ਭਾਵ ਕਿਸੇ ਨਾ ਕਿਸੇ ਨਿਯਮ ਤਹਿਤ ਚੱਲਦੀ ਹੈ। ਜੇ ਉਹ ਆਪਣੇ ਨਿਯਮਾਂ ਤੋਂ ਉਲਟ ਪੁਲਟ ਹੋਣ ਦੀ ਕੋਸ਼ਿਸ਼ ਕਰੇ ਤਾਂ ਉਹ ਠੀਕ ਤਰ੍ਹਾਂ ਨਹੀਂ ਚੱਲ ਸਕਦੀ। ਇੱਕ ਛੋਟੀ ਜਿਹੀ ਮਸ਼ੀਨ ਤੋਂ ਲੈ ਕੇ ਵੱਡੀਆਂ ਵੱਡੀਆਂ ਮਸ਼ੀਨਾਂ, ਕਾਰਾਂ, ਟਰੱਕ, ਜਹਾਜ਼ ਆਦਿ ਦੇ ਸਾਰੇ ਪੁਰਜ਼ੇ ਛੋਟੇ ਤੋਂ ਵੱਡੇ ਤੱਕ ਕਿਸੇ ਨਾ ਕਿਸੇ ਨਿਯਮ ਅਧੀਨ ਕੰਮ ਕਰਦੇ ਹਨ। ਜੇ ਕਰ ਇੱਕ ਨਿੱਕੇ ਤੋਂ ਨਿੱਕੇ ਪੁਰਜ਼ੇ ਦਾ ਨਿਯਮ ਟੁੱਟ ਜਾਵੇ ਤਾਂ ਵੱਡੇ ਤੋਂ ਵੱਡੇ ਜਹਾਜ਼ ਵਿੱਚ ਖਰਾਬੀ ਪੈਦਾ ਹੋ ਜਾਂਦੀ ਹੈ । ਮਨੁੱਖ, ਘਰ, ਸਮਾਜ , ਦੇਸ਼ ਅਤੇ ਸੰਸਾਰ ਬਿਲਕੁਲ ਠੀਕ ਇਸੇ ਨਿਯਮ ਅਨੁਸਾਰ ਚੱਲਦਾ ਹੈ।ਹਰ ਜਗ੍ਹਾ ,ਹਰ ਕੰਮ ਨੂੰ ਕਰਨ ਲਈ ਅਤੇ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਕੁਝ ਨਿਯਮ ਬਣਾਏ ਜਾਂਦੇ ਹਨ। ਹਰ ਇੱਕ ਨਾਗਰਿਕ ਦਾ ਫਰਜ਼ ਹੁੰਦਾ ਹੈ ਕਿ ਉਹ ਇਹਨਾਂ ਨਿਯਮਾਂ ਦੀ ਪਾਲਣਾ ਕਰੇ।

ਅੱਜ ਆਪਾਂ ਨੇ ਸਾਡੀ ਸਮਾਜਿਕ ਖੁੱਲ੍ਹ ਅਤੇ ਸੋਸ਼ਲ ਮੀਡੀਆ ਦੇ ਸਟਾਰ ਬਣਨ ਦੀ ਹੋੜ ਵਿੱਚ ਸਾਡੀ਼ ਪੁਰਾਤਨ ਸਭਿਅਤਾ ਦੀ ਮਰਿਆਦਾ ਦੇ ਕੀਤੇ ਜਾ ਰਹੇ ਘਾਣ ਦੀ ਗੱਲ ਕਰਨੀ ਹੈ। ਅੱਜ ਹਰ ਕਿਸੇ ਦੇ ਹੱਥ ਵਿੱਚ ਮਹਿੰਗੇ ਤੋਂ ਮਹਿੰਗਾ ਫੋਨ ਜ਼ਰੂਰ ਵੇਖਣ ਨੂੰ ਮਿਲ ਜਾਏਗਾ ਘਰ ਚਾਹੇ ਦੋ ਵਕ਼ਤ ਦੇ ਖਾਣੇ ਦੀ ਪੂਰੀ ਨਾ ਪੈਂਦੀ ਹੋਵੇ। ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਲੋਕ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਜਾਂ ਵਟਸਐਪ ਰਾਹੀਂ ਚੈਟ ਜਾਂ ਫੋਟੋਆਂ ਦੀ ਨੁਮਾਇਸ਼ ਕਰਕੇ ਲਾਈਕ ਜਾਂ ਕੁਮੈਂਟਾਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਸਨ ।ਪਰ ਜਿਵੇਂ ਜਿਵੇਂ ਇਹਨਾਂ ਦੀ ਵਰਤੋਂ ਵਧਦੀ ਜਾਂਦੀ ਹੈ ਤਾਂ ਇਹਨਾਂ ਐਪਾਂ ਦੇ ਮਾਲਕਾਂ ਵੱਲੋਂ ਸਮੇਂ ਸਮੇਂ ਤੇ ਇਹਨਾਂ ਵਿੱਚ ਸੁਧਾਰ ਕਰਕੇ ਵਰਤੋਂ ਦੇ ਨਵੇਂ ਤੌਰ ਤਰੀਕੇ ਪਰੋਸੇ ਜਾਂਦੇ ਹਨ ਜਿਵੇਂ ਅੱਜ ਕੱਲ੍ਹ ਵਾਇਰਲ ਵੀਡੀਓ,ਰੀਲ,ਵਲੌਗ (vlog) ਆਦਿ। ਇਹਨਾਂ ਰਾਹੀਂ ਹਰ ਆਮ ਵਿਅਕਤੀ ਖ਼ਾਸ ਬਣਨ ਦੀ ਦੌੜ ਵਿੱਚ ਲੱਗਿਆ ਹੋਇਆ ਹੈ। ਇਹਨਾਂ ਰਾਹੀਂ ਗਰੀਬ ਤੋਂ ਗਰੀਬ ਵਰਗ ਦੇ ਲੋਕ ਵੀ ਆਪਣੇ ਲੱਖਾਂ ਫੌਲੋਅਰ ਬਣਾ ਕੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਦਾ ਸਟਾਰ ਹੋਣ ਦਾ ਦਾਅਵਾ ਕਰਦੇ ਹਨ। ਇਸ ਦੌੜ ਵਿੱਚ ਸਾਡੇ ਸਮਾਜ ਦਾ ਹਰ ਵਰਗ ਭਾਵ ਗਰੀਬ ਤੋਂ ਅਮੀਰ ਤੱਕ ਅਤੇ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸ਼ਾਮਲ ਹਨ।

ਅੱਜ ਆਪਾਂ ਨੇ ਇਹਨਾਂ ਰਾਹੀਂ ਸਾਡੀ ਨਿੱਜੀ ਜ਼ਿੰਦਗੀ ਅਤੇ ਸਮਾਜਿਕ ਜੀਵਨ ਵਿਚਲੀ ਮਰਿਆਦਾ ਦੇ ਹੋ ਰਹੇ ਘਾਣ ਦੀ ਗੱਲ ਕਰਨੀ ਹੈ। ਪਦਾਰਥਵਾਦੀ ਯੁੱਗ ਹੋਣ ਕਰਕੇ ਹਰ ਇਨਸਾਨ ਘੱਟ ਸਮੇਂ ਵਿੱਚ ਛੇਤੀ ਨਾਂ ਤੇ ਪੈਸਾ ਕਮਾਉਣਾ ਚਾਹੁੰਦਾ ਹੈ ,ਕੁਝ ਲੋਕ ਤਾਂ ਇਹਨਾਂ ਰਾਹੀਂ ਕਾਮਯਾਬ ਹੋ ਜਾਂਦੇ ਹਨ, ਉਹਨਾਂ ਨੂੰ ਦੇਖਾ ਦੇਖੀ ਹੋਰ ਲੋਕ ਆਪਣੇ ਫੌਲੋਅਰ,ਲਾਈਕ ਅਤੇ ਵੀਊ ਵਧਾਉਣ ਲਈ ਨਵੇਂ ਨਵੇਂ ਤਰੀਕੇ ਲੱਭਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਬਾਲ ਮਜ਼ਦੂਰੀ ਵਰਗੇ ਕਾਨੂੰਨ ਦੀ ਦੁਰਵਰਤੋ ਵੀ ਇਹਨਾਂ ਰਾਹੀਂ ‘ਟੈਲੈਂਟ’ ਨਾਂ ਦਾ ਸ਼ਬਦ ਵਰਤ ਕੇ ਕੀਤੀ ਜਾਂਦੀ ਹੈ। ਨਿੱਕੇ ਨਿੱਕੇ ਬੱਚਿਆਂ ਦੀਆਂ ਵੀਡੀਓਜ਼ ਮਾਪਿਆਂ ਦੁਆਰਾ ਬਣਾ ਕੇ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਉਹਨਾਂ ਨੂੰ ਦਿਲਚਸਪ ਬਣਾਉਣ ਲਈ ਬੱਚਿਆਂ ਕੋਲੋਂ ਇਹੋ ਜਿਹੀਆਂ ਗੱਲਾਂ ਕਹਾਈਆਂ ਜਾਂਦੀਆਂ ਹਨ ਜੋ ਉਸ ਦੇ ਅੰਦਰ ਵਾਲਾ ਮਾਸੂਮ ਬਚਪਨ ਖ਼ਤਮ ਕਰਕੇ ਉਮਰੋਂ ਪਹਿਲਾਂ ਜਵਾਨ ਕਰ ਦਿੰਦਾ ਹੈ।ਇਹ ਮਰਿਆਦਾ ਦੇ ਉਲਟ ਨਹੀਂ ਤਾਂ ਹੋਰ ਕੀ ਹੈ?

ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਖ਼ਾਤਰ ਚੰਗੇ ਭਲੇ ਘਰਾਂ ਦੀਆਂ ਕੁੜੀਆਂ, ਔਰਤਾਂ ਤੇ ਬੁੱਢੀਆਂ ਵੀਡੀਓ ਬਣਾਉਣ ਖਾਤਰ ਦੁਨੀਆਂ ਦੀ ਭੀੜ ਵਿੱਚ ਸੜਕਾਂ ਤੇ, ਆਪਣੇ ਘਰਾਂ ਦੀਆਂ ਛੱਤਾਂ ਤੇ ਨੱਚਦੀਆਂ, ਊਟ ਪਟਾਂਗ ਕੱਪੜੇ ਪਾ ਕੇ , ਆਪਣੇ ਜਵਾਨ ਪੁੱਤਾਂ ਨਾਲ ਉਹਨਾਂ ਦੀਆਂ ਸਹੇਲੀਆਂ ਵਾਂਗ ਦਿੱਖ ਅਤੇ ਵਰਤਾਰਾ ਕਰਕੇ, ਅੰਗ ਪ੍ਰਦਰਸ਼ਨ ਕਰਕੇ, ਅਸ਼ਲੀਲ ਹਰਕਤਾਂ ਕਰ ਕਰ ਕੇ ਵੀਡੀਓ ਬਣਾਉਣਾ ਸਿਰਫ਼ ਫੌਲੋਅਰ ਵਧਾਉਣਾ ਹੀ ਮਕਸਦ ਹੁੰਦਾ ਹੈ। ਨਵੇਂ ਵਿਆਹੇ ਜੋੜੇ ਸਾਰੀ ਦੁਨੀਆਂ ਤੋਂ ਪ੍ਰਾਈਵੇਟ ਜ਼ਿੰਦਗੀ ਭਾਵ ਆਪਣੇ ਬੈੱਡਰੂਮ ਵਿੱਚ ਪਿਆਰ ਮੁਹੱਬਤ ਦਾ ਦਿਖਾਵਾ ਕਰਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਨੂੰ ਪਰੋਸਣਾ ਤੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਨਾ, ਹਨੀਮੂਨ ਮਨਾਉਣ ਜਾਣ ਦੀਆਂ ਛੋਟੇ ਛੋਟੇ ਕੱਪੜਿਆਂ ਵਿੱਚ ਫੋਟੋਆਂ ਤੇ ਵੀਡੀਓ ਪਾਉਣਾ ਆਮ ਲੋਕਾਂ ਨੂੰ ਦੇਖਣ ਵਿੱਚ ਹੀ ਬਹੁਤ ਸ਼ਰਮਨਾਕ ਹਰਕਤਾਂ ਲੱਗਦੀਆਂ ਹਨ ਤੇ ਬਹੁਤ ਘਟੀਆ ਲੱਗਦਾ ਹੈ । ਉਹਨਾਂ ਨੂੰ ਵੇਖ ਕੇ ਹੀ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਤੇ ਅਸੀਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਜੇ ਮਰਿਆਦਾ ਦਾ ਇਸ ਤਰਾਂ ਹੀ ਘਾਣ ਹੁੰਦਾ ਰਿਹਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਬਣੇਗਾ? ਇਸ ਤੋਂ ਵੀ ਵੱਧ ਸ਼ਰਮ ਦੀ ਗੱਲ ਇਹ ਹੁੰਦੀ ਹੈ ਕਿ ਉਹਨਾਂ ਦੇ ਪਰਿਵਾਰ ਵੀ ਇਸ ਵਿੱਚ ਉਹਨਾਂ ਦਾ ਸਾਥ ਦੇ ਰਹੇ ਹੁੰਦੇ ਹਨ। ਇਹਨਾਂ ਗੱਲਾਂ ਵਿੱਚ ਤਾਂ ਸਾਡੇ ਦੇਸ਼ ਦੇ ਲੋਕ ਪੱਛਮੀ ਸਭਿਅਤਾ ਲੋਕਾਂ ਤੋਂ ਵੀ ਦੋ ਕਦਮ ਅੱਗੇ ਹੀ ਨਿਕਲ਼ ਗਏ ਹਨ।

ਸਾਡੇ ਸਿਆਣੇ “ਸਹਿਜ ਪਕੇ ਸੋ ਮੀਠਾ ਹੋਇ” ਦੇ ਸਿਧਾਂਤ ਅਨੁਸਾਰ ਜੀਵਨ ਬਤੀਤ ਕਰਦੇ ਸਨ। ਉਹ “ਇੱਕ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ” ਵਾਲੀ ਗੱਲ ਕਰਦੇ ਸਨ ਕਿਉਂਕਿ ਉਹ ਅਣਖ ਨਾਲ ਜਿਊਣਾ ਜਾਣਦੇ ਸਨ।ਇਹ ਗੱਲਾਂ ਸਾਨੂੰ ਮਰਿਆਦਾ ਵਿੱਚ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਮਰਿਆਦਾ ਨੂੰ ਭੰਗ ਕਰਕੇ ਜੀਵਨ ਬਿਤਾਉਣ ਨੂੰ ਹਰਗਿਜ਼ ਨਵਾਂ ਜ਼ਮਾਨਾ ਨਹੀਂ ਕਿਹਾ ਜਾ ਸਕਦਾ। ਨਵਾਂ ਜ਼ਮਾਨਾ ਤਾਂ ਉਹ ਹੁੰਦਾ ਹੈ ਜੋ ਪ੍ਰਗਤੀਸ਼ੀਲ ਗਤੀਵਿਧੀਆਂ ਰਾਹੀਂ ਸਾਨੂੰ ਕਾਮਯਾਬੀਆਂ ਦੇ ਲੀਹੇ ਚਾੜ੍ਹੇ । ਨਵੇਂ ਜ਼ਮਾਨੇ ਦੇ ਨਾਂ ਤੇ ਤਾਂ ਸਿਰਫ਼ ਘਰਾਂ, ਪਰਿਵਾਰਾਂ ਅਤੇ ਸਮਾਜ ਵਿਚਲੀ ਮਰਿਆਦਾ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ ਜੋ ਆਉਣ ਵਾਲੇ ਵਕਤ ਵਿੱਚ ਚੁਣੌਤੀਆਂ ਭਰਪੂਰ ਹੋ ਸਕਦਾ ਹੈ ਕਿਉਂਕਿ ਮਰਿਆਦਾ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯਾਦਗਾਰ ਚੁੱਭਦੀ ਕਿਉਂ ‘ਰਵਿਦਾਸ’ ਜੀ ਦੀ ?
Next articleਡੇਂਗੂ ਤੋਂ ਬਚਾਅ ਲਈ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਕੀਤਾ ਜਾਗਰੂਕ