ਜਿਉਂਦਿਆਂ ਦਾ ਮਰਸੀਆ!

(ਜਸਪਾਲ ਜੱਸੀ)

(ਸਮਾਜ ਵੀਕਲੀ)

ਤੱਤੀਏ ਹਵਾਏ ਮੇਰੇ,
ਸੱਜਣਾਂ ਦੇ ਦੇਸ ਜਾ ਕੇ।
ਕੋਈ ਤੱਤੀ ਗੱਲ ਨਾ ਕਰੀਂ।
ਕਿੰਨੀਆਂ ਕੁ, ਉੱਠ ਗਈਆਂ,
ਲਾਸ਼ਾਂ ਨੀਂ ਪੰਜਾਬ ਵਿਚੋਂ।
ਬੁੱਲ੍ਹਾਂ ਉੱਤੇ ਗੱਲ ਨਾ ਧਰੀਂ।
ਤੱਤੀਏ ਹਵਾਏ ਮੇਰੇ,
ਸੱਜਣਾਂ ਦੇ ਦੇਸ ਜਾ ਕੇ …..।

ਸੱਜਣਾਂ, ਪਿਆਰਿਆਂ ਨੂੰ,
ਮਿਲਿਆਂ ਮਹੀਨੇ ਲੰਘੇ।
ਇਹ ਵੀ ਗੱਲ,
ਨੁੱਕਰੇ ਜੇ ਰਹਿਣ ਦੇਈਂ।
ਆਪਣੀ ਨਾ ਕਰੀਂ ਗੱਲ,
ਉਸ ਦੀ ਸੁਣ ਲਈਂ,
ਭੋਰਾ ਸ਼ੱਕ ਉਸ ਨੂੰ,
ਨਾ ਪੈਣ ਦੇਈਂ।
ਸੁੰਨੀਆਂ ਨੇ ਸੱਥਾਂ ਤੇ,
ਚੁਰਾਹੇ‌ ਉੱਲੂ ਬੋਲਦੇ ਨੇ।
ਇਹੋ ਜਿਹੀ ਗੱਲ ਨਾ ਕਰੀਂ।
ਤੱਤੀਏ ਹਵਾਏ ਮੇਰੇ,
ਸੱਜਣਾਂ ਦੇ ਦੇਸ ਜਾ ਕੇ……।

ਕਿੱਕਲੀ ਤੇ ਗਿੱਧਿਆਂ ਦੀ,
ਥਾਂ ਮੱਲੀ ਸੱਥਰਾਂ ਨੇ।
ਘਰਾਂ ਵਿਚ ਹੁੰਦੇ,
ਵਿਰਲਾਪ ਨੀ।
ਮਾਂਗ ‘ਚੋਂ ਸੰਧੂਰ, ਟਿੱਕੇ,
ਹਾਰ ਸਭ ਗੁੰਮ ਹੋਏ।
ਕਿਹੋ ਜਿਹਾ ਦਿੱਤਾ ਹੈ,
ਸਰਾਪ ਨੀ।
ਹਾਂ,ਹੂੰ ਕਰ ਕੇ ਤੂੰ,
ਵਕਤ ਲੰਘਾਈਂ ਚੱਲੀਂ।
ਅੰਦਰੇ ਹੀ ਦਰਦ ਜ਼ਰੀਂ।
ਤੱਤੀਏ ਹਵਾਏ ਮੇਰੇ,
ਪਿਆਰਿਆਂ ਦੇ ਦੇਸ ਜਾ ਕੇ,
ਹੌਂਸਲੇ ਦੀ ਗੱਲ ਹੀ ਕਰੀਂ।

ਬੀਮਾਰੀ,ਕਾਲ, ਸੋਕੇ ਵਿਚ,
ਖੇਡਦੇ ਨੇ ਰਾਜਨੀਤੀ।
ਲਾਸ਼ਾਂ ਦੇ ਅੰਬਾਰ,
ਵੋਟਾਂ ਹੋ ਗਈਆਂ।
ਲੀਡਰਾਂ ਦੇ ਨੱਕ ਵੱਡੇ,
ਇਨਸਾਨੀਅਤ ਵੀ ਖੁੱਡੇ ਲਾਈ,
ਉਡੀਕਦੀਆਂ ਰੋਟੀ,
ਕੁੱਖਾਂ ਸੋਂ ਗਈਆਂ।
ਹੌਂਸਲੇ ਦੀ ਗੱਲ ਕਰੀਂ,
ਦਿਲ ਤੇ ਦਲੇਰੀ ਨਾਲ।
ਐਵੇਂ ਮਰੂੰ ਮਰੂੰ ਨਾ ਕਰੀਂ।

ਤੱਤੀਏ ਹਵਾਏ ਮੇਰੇ,
ਸੱਜਣਾ ਦੇ ਦੇਸ ਜਾ ਕੇ ….।

(ਜਸਪਾਲ ਜੱਸੀ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਹੱਥ ਕਰ ਲੈ ਦੂਜੇ ਹੱਥ ਭਰ ਲੈ
Next articleਸ਼ਰਧਾਲੂ