(ਸਮਾਜ ਵੀਕਲੀ)
ਬੱਚਿਆਂ ਦੇ ਮਾਪਿਉ ਅਧਿਆਪਕ ਅਤੇ ਵਧੀਆ ਦੋਸਤ ਉਹਨਾਂ ਦੇ ਰਾਹ ਦਸੇਰੇ ਹੁੰਦੇ ਹਨ। ਬਾਲ ਮਨਾਂ ’ਤੇ ਜਿਹੜੀ ਛਾਪ ਇੱਕ ਵਾਰ ਲੱਗ ਜਾਂਦੀ ਹੈ ਉਹ ਜੀਵਨ ਭਰ ਓਦਾਂ ਦੇ ਬਣ ਜਾਂਦੇ ਹਨ। ਖੇਡਾਂ ਬੱਚਿਆਂ ਦਾ ਸਰੀਰਕ ਵਿਕਾਸ ਹੀ ਨਹੀਂ ਕਰਦੀਆਂ ਸਗੋਂ ਚੰਗੀ ਸਿੱਖਿਆ ਵੀ ਦਿੰਦੀਆਂ ਹਨ। ਪੁਰਾਣ ਸਮਿਆਂ ਵਿੱਚ ਸਕੂਲਾਂ ਵਿੱਚ ਖੇਡਾਂ ਨੂੰ ਵੱਧ ਤਵਜੋਂ ਦਿੱਤੀ ਜਾਂਦੀ ਰਹੀ ਹੈ ਪਰ ਹੁਣ ਬੱਚਿਆਂ ਤੇ ਵੱਧਦਾ ਪੜ੍ਹਾਈ ਦਾ ਬੋਝ ਅਤੇ ਸੋਸ਼ਲ ਮੀਡੀਆ ਨੇ ਉਹਨਾਂ ਦੀਆਂ ਖੇਡਾਂ ਖੋਹ ਲਈਆਂ ਹਨ।
ਹਥਲੀ ਪੁਸਤਕ ‘ਆਓ ਦੋਸਤੋ ਖੇਡੀਏ’ ਬਾਲ ਸਾਹਿਤਕਾਰ ਹਰਿੰਦਰ ਸਿੰਘ ਗੋਗਨਾ ਦੀ ਅਠਵੀਂ ਬਾਲ ਸਾਹਿਤ ਪੁਸਤਕ ਹੈ ਅਤੇ ਉਸ ਨੇ ਦੋ ਬਾਲ ਪੁਸਤਕਾਂ ਸੰਪਾਦਿਤ ਕਰਨ ਦੇ ਨਾਲ਼-ਨਾਲ਼ ਦੋ ਮਿੰਨੀ ਕਹਾਣੀ ਸੰਗ੍ਰਹਿ ਅਤੇ ਇਕ ਅਨੁਵਾਦਿਕ ਕਹਾਣੀ ਸੰਗ੍ਰਹਿ ਵੀ ਸਾਹਿਤ ਦੀ ਝੋਲੀ ਪਾਏ ਹਨ। ਇਹਨਾਂ ਤੋਂ ਇਲਾਵਾ ਉਸ ਦੀਆਂ ਹਿੰਦੀ ਭਾਸ਼ਾ ਵਿੱਚ ਵੀ ਕਾਫੀ ਰਚਨਾਵਾਂ ਮਿਲਦੀਆਂ ਹਨ ਅਤੇ ਅਕਸਰ ਹਿੰਦੀ ਪੰਜਾਬੀ ਦੇ ਅਖ਼ਬਾਰਾਂ ਮੈਗ਼ਜੀਨਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਹੁਣ ਉਹ ਬਾਲ ਕਵਿਤਾਵਾਂ ਦੀ ਪੁਸਤਕ ‘ਆਓ ਦੋਸਤੋ ਖੇਡੀਏ’ ਬੱਚਿਆਂ ਲਈ ਲੈ ਕੇ ਹਾਜਰ ਹੋਇਆ ਹੈ। ਜਿਸ ਵਿੱਚ ਉਸ ਨੇ 26 ਬਾਲ ਕਵਿਤਾਵਾਂ ਸ਼ਾਮਲ ਕੀਤੀਆਂ ਹਨ।
ਇਸ ਪੁਸਤਕ ਵਿਚੋਂ ਗੁਜ਼ਰਦਿਆਂ ਮਹਿਸੂਸ ਹੋਇਆ ਕਿ ਇਸ ਪੁਸਤਕ ਵਿੱਚ ਬੱਚਿਆਂ ਨੂੰ ਚੰਗੀਆਂ ਆਦਤਾਂ ਵੱਲ ਪ੍ਰੇਰਤ ਕਰਨਾ ਅਤੇ ਮਾੜੀਆਂ ਆਦਤਾਂ ਨੂੰ ਛਡਣ ਦੀ ਪ੍ਰੇਰਨਾ ਮਿਲਦੀ ਹੈ। ਪੁਸਤਕ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉਸ ਦੀਆਂ ਕਵਿਤਾਵਾਂ ਵਿੱਚ ਜੰਕ ਫੂਡ ਚਿਪਸ ਨੂਡਲ ਚਾਕਲੇਟ ਕੋਲਡ ਡਰਿੰਕਸ ਦੇ ਨੁਕਸਾਨ ਦੱਸਦਿਆਂ ਸਿਹਤ ਲਈ ਸੰਤੁਲਤ ਭੋਜਨ ਦੁੱਧ ਸਾਹਿਤ ਨਾਲ ਪ੍ਰੇਮ ਗ੍ਰਹਿਣ ਕਰਨ ਲਈ ਉਕਸ਼ਾਹਤ ਕੀਤਾ ਗਿਆ ਹੈ। ਪੁਸਤਕ ਦੀਆਂ ਕਵਿਤਾਵਾਂ ਮੋਬਾਇਲ ਤੋਂ ਦੂਰ ਰਹਿਣ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ। ਜਿਵੇਂ ਉਹ ਕਵਿਤਾਵਾਂ ਸਿਹਤ ਦੀ ਸੰਭਾਲ ਅਤੇ ਪੱਕੇ ਪੇਪਰ ਵਿੱਚ ਲਿਖਿਆ ਹੈ ਕਿ –
‘ਬਹੁਤੇ ਜੰਕ ਫੂਡ ਨਾ ਖਾਓ ਥੋੜ੍ਹਾ ਖੇਡਣ ਦੀ ਆਦਤ ਪਾਓ।
ਮੋਬਾਇਲਾਂ ਅੱਗੇ ਨਾ ਝੁਕੇ ਰਹਿਣਾ ਨਹੀਂ ਚਸ਼ਮਾ ਲਗਾਉਣਾ ਪੈਣਾ।’ (ਪੰਨਾ 7) ਅਤੇ
‘ਖਾਣਾ ਪੀਣਾ ਸੰਤੁਲਿਤ ਰੱਖੋ ਨੀਂਦ ਵੀ ਪੂਰੀ ਲੈਣੀ
ਮੋਬਾਇਲਾਂ ਅੱਗੇ ਝੁਕੇ ਰਹੇ ਜੇ ਮਿਹਨਤ ਨਾ ਪੱਲੇ ਪੈਣੀ।’ (ਪੰਨਾ 10)
ਇਸ ਤਰ੍ਹਾਂ ਇਸ ਪੁਸਤਕ ਵਿੱਚ ਹੋਰ ਸਿੱਖਿਆਦਾਇਕ ਕਵਿਤਾਵਾਂ ਦਾ ਜਿਕਰ ਕਰਨਾ ਵੀ ਬਣਦਾ ਹੈ ਜਿਵੇਂ ‘ਚੰਗੀਆਂ ਆਦਤਾਂ’ ਅਤੇ ‘ਮਾਪਿਆਂ ਦਾ ਸਤਿਕਾਰ ਕਰੋ’ ਆਦਿ। ਪੁਸਤਕ ਵਿਚਲੀਆਂ ਕਵਿਤਾਵਾਂ ਪਾਠਕ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਦੀਆਂ ਹਨ। ਇਹਨਾਂ ਕਵਿਤਾਵਾਂ ਵਿੱਚ ਪੰਛੀਆਂ ਨਾਲ ਕਰੀਏ ਪਿਆਰ ਡਰਨਾ ਮੁਰਗਾ ਗਣਤੰਤਰ ਦਿਵਸ ਪਟਾਕੇ ਪ੍ਰਦੂਸ਼ਣ ਫੈਲਾਉਂਦੇ ਫੁੱਲਾਂ ਦੀ ਕਿਆਰੀ ਅਤੇ ਮੇਰਾ ਸਕੂਲ ਆਦਿ। ਪੁਸਤਕ ਵਿੱਚ ਸ਼ਾਮਲ ਕੀਤੀਆਂ ਸਾਰੀਆਂ ਹੀ ਕਵਿਤਾਵਾਂ ਸਿੱਖਿਆਦਾਇਕ ਅਤੇ ਮਾਰਗ ਦਰਸ਼ਨ ਦਾ ਕੰਮ ਕਰਨ ਵਾਲੀਆਂ ਹਨ। ਪੁਸਤਕ ਦਾ ਟਾਈਟਲ ਬਹੁਤ ਵਧੀਆ ਅਤੇ ਆਕਰਸ਼ਿਕ ਹੈ। ਇਸ ਪੁਸਤਕ ਲਈ ਲੇਖਕ ਵਧਾਈ ਦਾ ਪਾਤਰ ਹੈ।
ਤੇਜਿੰਦਰ ਚੰਡਿਹੋਕ
ਸਾਬਕਾ ਏ.ਐਸ.ਪੀ ਰਾਸ਼ਟਰਪਤੀ ਐਵਾਰਡ ਜੇਤੂ
ਸੰਪਰਕ 95010-00224
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly