(ਸਮਾਜ ਵੀਕਲੀ)
ਮਾਂ ਗੱਲ ਗੱਲ ਤੇ ਵਰਜਦੀ
ਤਾੜਦੀ, ਅੱਖ ਦੀ ਘੂਰ ਦਿੰਦੀ
ਨਸੀਹਤਾਂ ਹੀ ਨਸੀਹਤਾਂ ਦਿੰਦੀ
ਤੜਾਕ. !! ਦੇਣੇ ਜੜ ਵੀ ਦਿੰਦੀ
ਮਾਂ ਜੋ ਹੋਈ…!
ਕੀ ਮਜ਼ਾਲ ਹੁਣ ਵੀ ਅਣਸੁਣੀ ਕਰਾਂ
ਸਾਢੇ ਅੱਠ ਦਹਾਕੇ ਦੇਖ ਤੇ ਮਾਣ ਚੁੱਕੀ
ਲੰਮੇ ਉਮਰਾਂ ਦੇ ਪੰਧ,
ਪਿਐ ਕੁੱਬ ਕਮਰੋੜ ਦਾ
ਬੁੱਟ ਘਸੇ, ਸਭ ਝੜ ਗਏ ਦੰਦ
ਅਸੀਸਾਂ ਦੀ ਪੰਡ ਲੈ ਕੇ
ਉਡੀਕਦੀ ਹਰ ਸ਼ਾਮ ਵੇਲੇ
ਆਂਦਰਾਂ ਦੇ ਕਿੱਥੇ ਮੇਰੇ ਚੰਦ
ਪਰਦੇਸ ਬੈਠੇ ਜਾ ਕੇ ਪੁੱਤ-ਪੋਤੇ
ਛੱਡ ਸੁੰਞੀਆਂ ਹਵੇਲੀਆਂ
ਯਾਦ ਤੀਆਂ ਦੇ ਪੂਰ ਕਰੇ
ਯਾਦ ਪੇਕੇ ਪਿੰਡ ਦੀਆਂ ਸਹੇਲੀਆਂ
ਬਾਤਾਂ ਮਾਂ ਸੁਣਾਉਂਦੀ ਸੀ ਕਲਾਵੇ ਲੈ ਕੇ
ਬੁੱਝਣ ਲਈ ਪਾਉਂਦੀ ਸੀ ਪਹੇਲੀਆਂ
ਚੇਤੇ ਆਉਂਦੇ ਟੋਭਿਆਂ ਦੇ ਪਾਣੀ
ਨਿੰਮਾਂ-ਟਾਹਲੀਆਂ ਦੀ ਟਾਹਣੀ
ਕੁੱਟ ਪਵਾਉਣ ਲਈ ਸ਼ਕਾਇਤਾਂ ਲਾਉਂਦੇ ਹਾਣੀ
ਛੜੀ ਸ਼ੂਕਦੀ, ਪੈਂਦੀ ਪਿੱਠੇ.. ਮਾਂ ਤੋਂ ਪਰਾਣੀ
ਫੜੵ ਧੱਕੇ ਨਾਲ਼ ਨਹਾਉਣਾ
ਤੇਲ ਵਾਲਾਂ ‘ਚ ਲਗਾਉਣਾ
ਰੁੱਸਿਆਂ ਨੂੰ ਮਾਂ ਨੇ ਮਨਾਉਣਾ
ਇਕ ਦਿਨ ਮਾਂ ਦਾ ਹੀ ਕਿਉਂ !
ਹਰ ਯੁੱਗ ਨਾਂਅ ਮਾਂ ਦੇ ਮੈਂ ਲਾਉਣਾ
ਮਾਂ ਰੱਬ ਮੇਰੀ, ਮੈਂ ਤਾਂ ਮਾਂ ਦਾ ਖਿੜੌਣਾ।
ਮਾਂ ਰੱਬ ਮੇਰੀ………।
ਮਾਂ ਮੇਰੀ ਮੇਰੇ ਦੇਖ ਸਕਦੀ ਨਾ ਹੰਝ
ਮਨ ਨਾ ਉਲਾਭਾਂ ਕੋਈ,
ਨਾ ਰੱਖੇ ਸ਼ਿਕਵਾ ਨਾ ਕੋਈ ਰੰਝ
ਇਬਾਦਤ ਦੀ ਹੈ ਦੁਆਵਾਂ ਵਰਗੀ
ਮੇਰੀ ਮਾਂ ਮੇਰੇ ਸਾਹਵਾਂ ਵਰਗੀ।
ਬਾਲੀ ਰੇਤਗੜੵ
9465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly