ਏਹੁ ਹਮਾਰਾ ਜੀਵਣਾ ਹੈ -285

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸ਼ਨੀਵਾਰ ਦਾ ਦਿਨ ਸੀ। ਸਵੀਟੀ ਰੋਜ਼ ਦੀ ਤਰ੍ਹਾਂ ਸਕੂਲੋਂ ਆਈ ਸੀ।ਉਹ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਸੀ। ” ….ਮੰਮੀ ….. ਮੰਮੀ……..ਕਿੱਥੇ ਓਂ…..?…. ਮੰਮੀ ਜਲਦੀ ਖਾਣਾ ਦੇਵੋ……. ਮੈਨੂੰ ਬਹੁਤ ਭੁੱਖ ਲੱਗੀ ਆ…. ।” ਸਵੀਟੀ ਨੇ ਉੱਚੀ ਉੱਚੀ ਅਵਾਜ਼ਾਂ ਮਾਰਦੇ ਹੋਏ ਆਖਿਆ।

ਸਵਿੱਤਰੀ ਨੇ ਕਿਹਾ,” ਬੇਟਾ ਤੂੰ ਕੱਪੜੇ ਬਦਲ ਤੇ ਮੈਂ ਜਦ ਤੱਕ ਤੈਨੂੰ ਖਾਣਾ ਗਰਮ ਕਰਕੇ ਦਿੰਦੀ ਹਾਂ……ਬੱਸ ਇੱਕ ਮਿੰਟ ਦੀ ਗੱਲ ਐ ਬੇਟਾ।”

“ਤੁਹਾਨੂੰ ਪਤਾ ਨਹੀਂ…..ਮੈਂ ਪੂਰੇ ਦੋ ਵਜੇ ਘਰ ਆ ਜਾਂਦੀ ਆਂ….. ਤੁਸੀਂ ਫੇਰ ਗਰਮ ਕਰਦੇ ਲੇਟ ਕਰ ਦਿੰਦੇ ਓ…ਪਤਾ …. ਕਿੰਨੀ ਭੁੱਖ ਲੱਗੀ ਹੋਈ ਆ…..?” ਸਵੀਟੀ ਮੱਥੇ ਤੇ ਤਿਊੜੀ ਭਰਕੇ ਖਿਝ ਕੇ ਬੋਲੀ।

ਸਵਿੱਤਰੀ ਪਲੇਟ ਵਿੱਚ ਰੱਖ ਕੇ ਇੱਕ ਕੌਲੀ ਗਰਮ ਗਰਮ ਦਾਲ਼ ਵਿੱਚ ਦੇਸੀ ਘਿਓ ਪਾ ਕੇ,ਦੋ ਲਹਿੰਦੀਆਂ ਲਹਿੰਦੀਆਂ ਗੋਲਗੱਪੇ ਵਾਂਗ ਫੁੱਲੀਆਂ ਗਰਮ ਰੋਟੀਆਂ, ਨਾਲ਼ ਦਹੀਂ,ਸਲਾਦ ਅਤੇ ਚਟਨੀ ਰੱਖ ਕੇ ਬੜੇ ਪਿਆਰ ਨਾਲ ਸਜਾ ਕੇ ਲਿਆਈ ਜਿਸ ਨੂੰ ਦੇਖ ਕੇ ਕਿਸੇ ਦੇ ਵੀ ਮੂੰਹ ਵਿੱਚ ਪਾਣੀ ਆ ਜਾਵੇ……” ਲੈ ਬੇਟਾ ! ਤੈਨੂੰ ਮੈਂ ਹੋਰ ਰੋਟੀ ਨਾਲ਼ ਦੀ ਨਾਲ਼ ਪਕਾ ਕੇ ਦਿੰਦੀ ਆਂ….।”
“ਆਏ ਹਾਏ………ਮੰਮੀ……ਇਹ ਕੀ ਦਾਲ਼ ਜਿਹੀ…… ਰੋਟੀਆਂ……. ਮੈਂ ਨੀ ਖਾਣੀਆਂ ……. ਤੁਹਾਨੂੰ ਪੰਜਾਹ ਵਾਰੀ ਕਿਹਾ ਕੁਛ ਹੋਰ ਬਣਾ ਲਿਆ ਕਰੋ।” ਸਵੀਟੀ ਖਿਝ ਕੇ ਬੋਲੀ।

“ਹੋਰ ਕੀ ਖਾਣਾ ਮੇਰੇ ਪੁੱਤ ਨੇ…. ਮੈਂ ਉਹ ਬਣਾ ਦਿੰਦੀ ਆਂ……।”ਸਵਿੱਤਰੀ ਜਵਾਬ ਉਡੀਕਣ ਲੱਗੀ।

“ਮੰਮੀ ਮੈਨੂੰ ਤਾਂ ਆਹ ਘਰ ਦੀਆਂ ਬਣੀਆਂ ਰੋਟੀਆਂ ਰੂਟੀਆਂ ਜਾਂ ਦਾਲਾਂ ਸਬਜ਼ੀਆਂ ਜਮ੍ਹਾਂ ਚੰਗੀਆਂ ਨੀ ਲੱਗਦੀਆਂ…..ਛੱਡੋ ਪਰੇ …. ਮੈਂ ਆਰਡਰ ਕਰ ਕੇ ਬਾਹਰੋਂ ਈ ਕੁਛ ਮੰਗਾ ਲੈਂਦੀ ਆਂ ।”ਸਵੀਟੀ ਨੇ ਨਖ਼ਰੇ ਨਾਲ ਸਿਰ ਝਟਕਦੇ ਹੋਏ ਕਿਹਾ।

“ਸਵੀਟੀ ਮੈਂ ਤੈਨੂੰ ਕਿੰਨੀ ਵਾਰ ਕਿਹਾ, ਤੂੰ ਬਾਹਰਲੀਆਂ ਚੀਜ਼ਾਂ ਖਾਣੀਆਂ ਬੰਦ ਕਰਦੇ,ਇਹ ਸਿਹਤ ਲਈ ਠੀਕ ਨਹੀਂ ਹੁੰਦੀਆਂ।” ਸਵਿੱਤਰੀ ਨੇ ਸਮਝਾਉਂਦੇ ਹੋਏ ਕਿਹਾ।

“ਮੰਮੀ ਪਲੀਜ਼…….. ਮੈਨੂੰ ਪਹਿਲਾਂ ਈ ਬਹੁਤ ਭੁੱਖ ਲੱਗੀ ਹੋਈ ਆ, ਹੁਣ ਤੁਹਾਡਾ ਲੈਕਚਰ ਸੁਣਨ ਦੀ ਹਿੰਮਤ ਨਹੀਂ ਮੇਰੇ ਵਿੱਚ।”ਕਹਿਕੇ ਸਵੀਟੀ ਆਪਣੇ ਕਮਰੇ ਵਿੱਚ ਚਲੀ ਗਈ।

ਸਵਿੱਤਰੀ ਮਾਯੂਸ ਹੋ ਕੇ ਆਪਣੇ ਪੁੱਤਰ ਰਵੀ ਨੂੰ ਉਡੀਕਣ ਲੱਗੀ। ਤਿੰਨ ਵਜੇ ਰਵੀ ਆਇਆ ਤਾਂ ਉਸ ਤੋਂ ਖਾਣਾ ਪੁੱਛਿਆ ਤਾਂ ਉਹ ਕਹਿੰਦਾ ਅਸੀਂ ਕਾਲਜ ਦੀ ਕੰਨਟੀਨ ਤੇ ਖਾ ਲਿਆ ਸੀ।ਚਾਰ ਵਜੇ ਕੁੜੀ ਨੂੰ ਟਿਊਸ਼ਨ ਭੇਜਣ ਲਈ ਚਾਹ ਪਾਣੀ ਤਿਆਰ ਕਰਨ ਲੱਗ ਜਾਂਦੀ ਹੈ।ਪੰਜ ਵਜੇ ਪਤੀ ਦੇ ਘਰ ਆਉਣ ਦੀ ਉਡੀਕ ਕਰਦੀ ਹੈ।ਉਸ ਨੂੰ ਚਾਹ ਪਾਣੀ ਬਣਾ ਕੇ ਦਿੰਦੀ।ਫਿਰ ਰਾਤ ਦੀ ਰੋਟੀ ਪਾਣੀ ਬਣਾਉਣ ਲੱਗ ਜਾਂਦੀ।ਜਿੰਨੇ ਜੀਅ ਓਨੇ ਮੂੰਹ…. ਕਿਸੇ ਨੂੰ ਕੁਛ ਪਸੰਦ, ਕਿਸੇ ਨੂੰ ਕੁਛ…!

ਸਵੇਰ ਨੂੰ ਵੀ ਸਵਿੱਤਰੀ ਦਾ ਇਹੀ ਹਾਲ ਹੁੰਦਾ। ਪਹਿਲਾਂ ਕੁੜੀ ਨੂੰ ਸਕੂਲ ਨੂੰ ਤੋਰਦੀ, ਫਿਰ ਮੁੰਡੇ ਨੂੰ ਕਾਲਜ, ਫਿਰ ਪਤੀ ਨੂੰ ਆਫ਼ਿਸ ਤੋਰਦੀ, ਫਿਰ ਦੁਪਹਿਰ ਦਾ ਖਾਣਾ ਬਣਾਉਣ ਲੱਗ ਜਾਂਦੀ। ਖਾਣਾ ਖਾਣ ਲੱਗੇ ਵੀ ਸਾਰੇ ਸੌ ਸੌ ਗੱਲਾਂ ਬੋਲਦੇ,ਕਿਸੇ ਨੂੰ ਨਮਕ ਵੱਧ ਲੱਗਦਾ, ਕਿਸੇ ਨੂੰ ਘੱਟ,ਜਿਸ ਦਿਨ ਕਿਸੇ ਨੂੰ ਖਾਣਾ ਪਸੰਦ ਆਉਂਦਾ, ਉਹ ਦਿਨ ਤਾਂ ਕਰਮਾਂ ਵਾਲਾ ਹੀ ਹੁੰਦਾ ਸੀ। ਸਾਰਿਆਂ ਦੀ ਇੱਕ ਗੱਲ ਸੁਣਨ ਨੂੰ ਜ਼ਰੂਰ ਮਿਲਦੀ,….”ਸਾਰਾ ਦਿਨ ਵਿਹਲਿਆਂ ਨੇ ਕੀ ਕਰਨਾ ਹੁੰਦਾ…ਸਾਡੇ ਪਸੰਦ ਦਾ ਖਾਣਾ ਤਾਂ ਬਣਾ ਲਿਆ ਕਰੋ।” ਸਾਰਿਆਂ ਨੂੰ ਖੁਸ਼ ਕਰਨ ਲਈ ਸਵਿੱਤਰੀ ਦਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਦੀ ਦਾ ਹੀ ਸਾਰਾ ਦਿਨ ਲੰਘ ਜਾਂਦਾ, ਓਨਾਂ ਖਾਣਾ ਘਰ ਵਿੱਚ ਨਾ ਖਾਧਾ ਜਾਂਦਾ ਜਿੰਨਾ ਬਚਿਆ ਹੋਇਆ ਖਾਣਾ ਸਫ਼ਾਈ ਵਾਲੀ ਨੂੰ ਰੋਜ਼ ਬੰਨ੍ਹ ਕੇ ਦਿੰਦੀ।ਇਸ ਤਰ੍ਹਾਂ ਹੀ ਜ਼ਿੰਦਗੀ ਅੱਗੇ ਵਧਦੀ ਜਾਂਦੀ।

ਸਵਿੱਤਰੀ ਨੇ ਆਪਣੇ ਪਰਿਵਾਰ ਦਾ ਧਿਆਨ ਨਾਲ ਪਾਲਣ‌ ਪੋਸ਼ਣ ਕਰਨ ਲਈ ਸਰਕਾਰੀ ਅਧਿਆਪਕਾ ਦੀ ਵਧੀਆ ਨੌਕਰੀ ਛੱਡੀ ਸੀ।ਉਹ ਇੱਕੋ ਗੱਲ ਕਹਿੰਦੀ ਹੁੰਦੀ ਸੀ,”ਔਰਤ ਨੌਕਰੀ ਕਰਦੀ ਹੈ ਤਾਂ ਬੱਚੇ ਰੁਲ਼ ਜਾਂਦੇ ਹਨ, ਮੈਂ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇ ਕੇ ਪਾਲਾਂਗੀ। ਮੈਂ ਆਪਣੇ ਬੱਚੇ ਰੁਲ਼ਣ ਨਹੀਂ ਦੇਣੇ।” ਪਰ ਜਿਵੇਂ ਜਿਵੇਂ ਬੱਚੇ ਵੱਡੇ ਹੋ ਰਹੇ ਸਨ ਉਹਨਾਂ ਉੱਤੇ ਵੀ ਬਾਹਰਲੀ ਦੁਨੀਆ ਦੀ ਰੰਗਤ ਚੜ੍ਹਨ ਲੱਗ ਪਈ ਸੀ।ਪਰ ਉਹ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਗੱਲਾਂ ਗੱਲਾਂ ਵਿੱਚ ਚੰਗੀਆਂ ਉਦਾਹਰਣਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ।

ਅਗਲੇ ਦਿਨ ਸਵਿੱਤਰੀ ਰੋਜ਼ ਦੀ ਤਰ੍ਹਾਂ ਸਵੇਰੇ ਸਵੱਖਤੇ ਉੱਠ ਕੇ, ਨਹਾ- ਧੋ ਕੇ,ਪਾਠ-ਪੂਜਾ ਕਰਕੇ ਸਾਰਿਆਂ ਦੇ ਸੁੱਤੇ ਪਏ ਪਏ ਅਰਾਮ ਨਾਲ ਨਾਸ਼ਤਾ ਤਿਆਰ ਕਰਨ ਲੱਗੀ ਕਿਉਂਕਿ ਅੱਜ ਛੁੱਟੀ ਹੋਣ ਕਰਕੇ ਕਿਸੇ ਨੂੰ ਵੀ ਜਲਦੀ ਉੱਠਣ ਦੀ ਕਾਹਲ ਨਹੀਂ ਸੀ।ਰਾਤ ਦੇ ਆਰਡਰ ਮੁਤਾਬਕ ਪਤੀ ਲਈ ਪੂਰੀਆਂ-ਛੋਲੇ, ਸਵੀਟੀ ਲਈ ਡੋਸਾ-ਸਾਂਭਰ ਅਤੇ ਰਵੀ ਲਈ ਪੀਜ਼ਾ ਤਿਆਰ ਕਰਨਾ ਸੀ। ਸਵਿੱਤਰੀ ਸਾਰਿਆਂ ਲਈ ਖਾਣਾ ਬਣਾਉਂਦੀ ਹੋਈ ਬਹੁਤ ਅਨੰਦਤ ਮਹਿਸੂਸ ਕਰਦੀ। ਜਿਵੇਂ ਜਿਵੇਂ ਉਹ ਪਿਆਰ ਨਾਲ ਖਾਣਾ ਤਿਆਰ ਕਰਦੀ ਉਸ ਦੀ ਰੂਹ ਅੰਦਰ ਅਜੀਬ ਤਰ੍ਹਾਂ ਦਾ ਖੇੜਾ ਪੈਦਾ ਹੁੰਦਾ ਜਾਂਦਾ। ਦਸ ਕੁ ਵਜੇ ਜਦੋਂ ਸਾਰੇ ਉੱਠੇ ਤਾਂ ਉਸ ਨੇ ਸਭ ਨੂੰ ਚਾਹ ਨਾਲ ਬਿਸਕੁਟ ਪਰੋਸੇ। ਕੁੜੀ ਉੱਠਦੇ ਹੀ ਬੋਲੀ ,”ਮੰਮੀ…… ਤੁਸੀਂ ਵੀ ਕਮਾਲ ਦੇ ਓ……. ਮੈਂ ਤੇ ਵੀਰੇ ਨੇ ਤੁਹਾਨੂੰ ਮਦਰਜ਼ ਡੇਅ ਦੀ ਵਿਸ਼ ਕਰਕੇ ਫੋਟੋਆਂ ਖਿੱਚਣੀਆਂ ਨੇ….. ਆਪਣੇ ਸ਼ਹਿਰ ਵਿੱਚ “ਮਦਰਜ਼ ਡੇਅ” ਦਾ ਮੁਕਾਬਲਾ ਰੱਖਿਆ ਗਿਆ।

ਉਸ ਵਿੱਚ ਜਿਸ ਦੀ ਮੰਮੀ ਨੂੰ ਵੱਧ ਲਾਈਕ ਮਿਲਣਗੇ ,ਉਸ ਨੂੰ ਫੈਮਿਲੀ ਸਮੇਤ ਡਿਨਰ ਪਾਰਟੀ ਅਤੇ “ਸੁਪਰ ਮਾਂ” ਦਾ ਸਨਮਾਨ ਮਿਲੇਗਾ। ਤੁਸੀਂ ਹਜੇ ਤੱਕ ਤਿਆਰ ਈ ਨੀ ਹੋਏ……?ਸਾਡੇ ਸਾਰੇ ਫਰੈਂਡਜ਼ ਨੇ ਫੋਟੋਆਂ ਅਪਲੋਡ ਵੀ ਕਰ ਦਿੱਤੀਆਂ……ਉਰੇ ਆ ਕੇ ਦੇਖੋ….!” ਸਾਰਿਆਂ ਦੀਆਂ ਮਾਵਾਂ ਨੇ ਬਹੁਤ ਮਹਿੰਗੇ ਪਹਿਰਾਵਿਆਂ ਅਤੇ ਗਹਿਣਿਆਂ ਨਾਲ ਸਜ ਧਜ ਕੇ ਵੱਖ ਵੱਖ ਪੋਜ਼ ਬਣਾ ਕੇ ਫੋਟੋਆਂ ਖਿੱਚ ਕੇ ਪਾਈਆਂ ਹੋਈਆਂ ਸਨ।ਸਵੀਟੀ ਮੰਮੀ ਨੂੰ ਕੋਲ਼ ਬੁਲਾ ਕੇ ਆਪਣੀਆਂ ਸਹੇਲੀਆਂ ਅਤੇ ਵੀਰੇ ਦੇ ਦੋਸਤਾਂ ਦੀਆਂ ਪਾਈਆਂ ਫੋਟੋਆਂ ਦਿਖਾਉਣ ਲੱਗੀ। ਸਵਿੱਤਰੀ ਸਾਰਿਆਂ ਨੂੰ ਇਸ ਦਿਨ ਤੇ ਸਬਕ ਸਿਖਾਉਣਾ ਚਾਹੁੰਦੀ ਸੀ। ਉਸ ਨੇ ਆਪਣੇ ਬੱਚਿਆਂ ਨੂੰ ਅਸਲੀ ਜ਼ਿੰਦਗੀ ਨਾਲ ਜੁੜੇ ਰਹਿਣ ਦੀ ਸਿੱਖਿਆ ਦਿੰਦੇ ਹੋਏ ਕਿਹਾ,”ਬੇਟਾ…… ਦੁਨੀਆਂ ਦੇ ਰੰਗਾਂ ਨਾਲ ਘੁਲਮਿਲ ਜਾਣਾ ਜ਼ਿੰਦਗੀ ਹੈ ਪਰ ਦੁਨੀਆਂ ਅੰਦਰਲੀ ਮੈਲ਼ ਨੂੰ ਆਪਣੇ ਉੱਪਰ ਚੜ੍ਹਾਉਣਾ ਆਪਣੀ ਸ਼ਖ਼ਸੀਅਤ ਦਾ ਕਤਲ ਕਰਨਾ ਹੈ।”

ਦੋਵੇਂ ਬੱਚੇ ਬੋਲੇ ,”ਮੰਮੀ ਸਾਨੂੰ ਕੁਝ ਸਮਝ ਨਹੀਂ ਆਇਆ ?” ਸਵਿੱਤਰੀ ਕਹਿਣ ਲੱਗੀ,”…. ਚਲੋ…. ਮੈਂ ਨਾਸ਼ਤਾ ਤਿਆਰ ਕਰਕੇ ਖਾਣੇ ਦੇ ਮੇਜ਼ ਤੇ ਰੱਖਿਆ ਹੈ…. ਤੁਸੀਂ ਉਸ ਕੋਲ ਖੜ੍ਹੇ ਹੋ ਕੇ ਮੇਰੀ ਇਸੇ ਸਾਦਗੀ ਵਿੱਚ ਫੋਟੋ ਖਿੱਚ ਕੇ ਪਾਵੋ…..ਫਿਰ ਤੁਸੀਂ ਸਮਝ ਜਾਵੋਗੇ ਕਿ ਅਸਲੀ ਜ਼ਿੰਦਗੀ ਜਿਊਣ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ। ”

ਬੱਚਿਆਂ ਨੇ ਉਵੇਂ ਕੀਤਾ, ਮਾਂ ਦੇ ਢੇਰ ਸਾਰੇ ਤਿਆਰ ਕੀਤੇ ਪਕਵਾਨਾਂ ਨਾਲ, ਮਾਂ ਦੇ‌ ਨਾਲ਼ ਆਪਣੀ ਫੋਟੋ ਖਿੱਚ ਕੇ ਪਾਈ ਅਤੇ ਮਾਂ ਦਿਵਸ ਦੀ ਵਧਾਈ ਦਿੱਤੀ ਤਾਂ ਸਭ ਤੋਂ ਵੱਧ ਸਰਾਹੀ ਜਾਣ ਵਾਲੀ ਫੋਟੋ ਬਣੀ। ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਵਿੱਚ ਲੋਕਾਂ ਨੇ ਕਿਹਾ…
“ਵਾਹ ਆਂਟੀ ਦੀ ਸਾਦਗੀ ਹੀ ਖ਼ੂਬਸੂਰਤੀ ਹੈ।”

“ਵਾਹ ਕਿਸੇ ਦਿਨ ਆਂਟੀ ਦੇ ਹੱਥ ਦਾ ਬਣਿਆ ਖਾਣਾ ਖਾਣਾ ਹੈ” “ਵਾਹ ਆਂਟੀ ਐਨੀ ਜਲਦੀ ਐਨੇ ਸਾਰੇ ਪਕਵਾਨ….”

ਇਸ ਤਰ੍ਹਾਂ ਦੀਆਂ ਅਨੇਕਾਂ ਟਿੱਪਣੀਆਂ ਪੜ੍ਹ ਕੇ ਬੱਚੇ ਖੁਸ਼ ਹੋ ਰਹੇ ਸਨ। ਸਵੀਟੀ ਬੋਲੀ ,”ਮੰਮੀ…..ਵਾਓ …..ਅੱਜ ਤਾਂ ਤੁਸੀਂ ਛਾ ਗਏ ਓ…..ਸਾਰੇ ਫਰੈਂਡਜ਼ ਦੀਆਂ ਮਦਰਜ਼ ਤੋਂ ਜ਼ਿਆਦਾ ਤੁਹਾਨੂੰ ਸਰਾਹਿਆ ਗਿਆ ਹੈ।” ਰਵੀ ਬੋਲਿਆ,” ਬਈ ਅੱਜ ਤਾਂ ਸਾਡੀ ਮੰਮੀ ਸੁਪਰ ਮਾਮ ਬਣ‌ ਕੇ ਰਹੇਗੀ।” ਜਿਹੜੀ ਸੰਸਥਾ ਵੱਲੋਂ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਸੀ ਉਹਨਾਂ ਵੱਲੋਂ ਸ਼ਾਮ ਨੂੰ ਸਮਾਗਮ ਤੇ ਪਹੁੰਚਣ ਦਾ ਸੱਦਾ ਆਇਆ। ਉਹਨਾਂ ਵੱਲੋਂ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਜਿੰਨੀਆਂ ਮਾਵਾਂ ਨੇ ਉਸ ਵਿੱਚ ਹਿੱਸਾ ਲਿਆ ਸੀ ਉਹ ਸਾਰੀਆਂ ਉੱਥੇ ਮੌਜੂਦ ਸਨ।

ਉਹਨਾਂ ਦੀ ਚਮਕ-ਦਮਕ ਵਿੱਚੋਂ ਸਵਿੱਤਰੀ ਦੀ ਸਾਦਗੀ ਅਲੱਗ ਹੀ ਝਲਕ ਰਹੀ ਸੀ। ਸਵਿੱਤਰੀ ਨੂੰ”ਸੁਪਰ ਮਾਂ” ਦਾ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸਵਿੱਤਰੀ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਨਮਾਨ ਪ੍ਰਾਪਤ ਕਰਦੀ ਹੋਈ ਅੱਜ ਸੱਚ ਮੁੱਚ ਆਪਣੇ ਆਪ ਨੂੰ”ਸੁਪਰ ਮਾਂ” ਮਹਿਸੂਸ ਕਰ ਰਹੀ ਸੀ।ਉਸ ਦੇ ਬੱਚੇ ਆਪਣੀ “ਸੁਪਰ ਮਾਂ” ਦੇ ਕਾਇਲ ਹੋ ਗਏ ਸਨ । ਉਹਨਾਂ ਵੱਲੋਂ ਆਪਣੀ ਮਾਂ ਦੀ ਸ਼ਾਨ ਵਿੱਚ ਧੰਨਵਾਦ ਕਰਦੇ ਹੋਏ ਉਸ ਦੇ ਨਕਸ਼ੇ ਕਦਮਾਂ ਤੇ ਤੁਰਨ ਦਾ ਪ੍ਰਣ ਕੀਤਾ ਗਿਆ ਤੇ ਕਿਹਾ ਕਿ ਸਾਦਗੀ ਭਰਿਆ ਜੀਵਨ ਬਤੀਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਵਾਂ
Next articleਮਾਂ