(ਸਮਾਜ ਵੀਕਲੀ)
ਅੱਜ ਵਿਸ਼ਵ ਦੂਰਸੰਚਾਰ ਦਿਵਸ ਮਨਾਇਆ ਜਾ ਰਿਹਾ ਹੈ ਕੁਝ ਮਹਾਨ ਖੋਜਕਾਰ ਵਿਗਿਆਨੀ ਦੁਨੀਆਂ ਲਈ ਉਹ ਕੁਝ ਕਰ ਗਏ ਹਨ ਜਿਨ੍ਹਾਂ ਦੀ ਬਦੌਲਤ ਅੱਜ ਸਾਰਾ ਸੰਸਾਰ ਉਨ੍ਹਾਂ ਵੱਲੋਂ ਕੱਢੀਆਂ ਕਾਢਾ ਕਾਰਨ ਆਰਾਮ ਭਰੀ ਜ਼ਿੰਦਗੀ ਬਿਤਾ ਰਿਹਾ ਹੈ। ਸਾਇਕਲ ਤੋਂ ਲੈਕੇ ਜਹਾਜ਼ ਵਰਗੀਆਂ ਚੀਜ਼ਾਂ ਬਣਾਉਣ ਵਾਲੇ ਖੋਜੀਆਂ ਨੂੰ ਬਹੁਤ ਘੱਟ ਲੋਕੀ ਜਾਣਦੇ ਹਨ ਪਰ ਸੱਚਮੁੱਚ ਅਜਿਹੇ ਮਹਾਨ ਖੋਜਕਾਰ ਪੂਜਣ ਯੋਗ ਹਨ ਜਿਨ੍ਹਾਂ ਦੀ ਬਦੌਲਤ ਅੱਜ ਦੁਨੀਆਂ ਸੁੱਖ ਸਹੂਲਤਾਂ ਦਾ ਅਨੰਦ ਮਾਣ ਰਹੀ ਹੈ ਪਰ ਅਫਸੋਸ ਕਿ ਭਾਰਤ ਵਿੱਚ ਅਜਿਹੇ ਮਹਾਨ ਖੋਜਕਾਰਾਂ ਅਤੇ ਵਿਗਿਆਨੀਆ ਦੀ ਸੋਚ ਨੂੰ ਪ੍ਰਭੁੱਲਤ ਕਰਨ ਦੀ ਬਜਾਏ ਅੰਧਵਿਸ਼ਵਾਸ, ਰੂੜੀਵਾਦੀ ਸੋਚ ਅਤੇ ਅਖੌਤੀ ਬਾਬਿਆਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਅੱਜ ਤੋਂ ਕਈ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸੀਂ ਘਰ ਬੈਠੇ ਦੁਨੀਆ ਦੇ ਹਰ ਕੋਨੇ ਵਿਚ ਆਪਣੇ ਚਹੇਤਿਆਂ ਨਾਲ ਗੱਲਬਾਤ ਕਰ ਸਕਾਂਗੇ। ਟੈਲੀਫੋਨ ਦੀ ਘੰਟੀ ਐਵੇਂ ਨਹੀਂ ਵੱਜਣ ਲੱਗੀ ਸੀ।
ਇਸ ਪਿੱਛੇ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੀ ਮਿਹਨਤ ਲੱਗੀ ਹੋਈ ਹੈ ਜਿਸ ਦੀ ਬਦੌਲਤ ਅੱਜ ਦੁਨੀਆਂ ਦਾ ਹਰ ਵਿਅਕਤੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਵਿਚ ਲੈਕੇ ਘੁਮ ਰਿਹਾ ਹੈ ਭਾਵ ਕਿ ਹਰ ਕਿਸੇ ਕੋਲ ਮੋਬਾਇਲ ਹੈ ਬੇਸ਼ੱਕ ਕੁੱਝ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ ਪਰ ਸੱਚ ਇਹ ਹੈ ਕਿ ਮੋਬਾਈਲ ਤੋਂ ਬਿਨਾਂ ਜ਼ਿੰਦਗੀ ਰੁਕ ਜਾਂਦੀ ਹੈ ਅੱਜ ਇਨਸਾਨ ਰੋਟੀ ਤੋਂ ਬਿਨਾਂ ਚਾਰ ਦਿਨ ਰਹਿ ਸਕਦਾ ਹੈ ਪਰ ਮੋਬਾਈਲ ਤੋਂ ਬਿਨਾਂ ਗੁਜ਼ਾਰਾ ਨਹੀਂ ਕਿਉਂ ਕਿ ਅੱਜ ਸਾਰਾ ਬਿਜ਼ਨਸ, ਬੈਂਕਾਂ ਦੇ ਕੰਮ, ਦਫ਼ਤਰਾਂ ਦੇ ਕੰਮ, ਆਨਲਾਈਨ ਸ਼ਾਪਿੰਗ, ਬਿਲ ਪੇਮੈਂਟ ਆਦਿ ਬਹੁਤ ਸਾਰੇ ਕੰਮ ਮੋਬਾਈਲ ਤੇ ਹੀ ਹੋਣ ਲੱਗ ਪਏ ਹਨ ਅਤੇ ਇਸ ਨੇ ਦੁਨੀਆ ਵਿੱਚ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ ਕੀਤਾ ਹੈ। ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਚ ਬੈਠੇ ਵਿਅਕਤੀ ਨਾਲ ਗੱਲ ਕਰ ਸਕਦੇ ਹਾਂ ਉਹ ਵੀ ਤਸਵੀਰਾਂ ਨਾਲ ਕੋਈ ਵਕਤ ਸੀ ਜਦੋਂ ਟੈਲੀਫੋਨ ਇਜ਼ਾਦ ਨਹੀਂ ਹੋਇਆ ਸੀ ਲੋਕੀ ਆਪਣੇ ਸੁਨੇਹੇ ਢੋਲ ,ਨਗਾਰੇ ਅਤੇ ਕਬੂਤਰਾਂ ਦੇ ਪੈਰਾਂ ਵਿੱਚ ਚਿਠੀ ਬੰਨ੍ਹ ਕੇ ਭੇਜਦੇ ਸੀ ਫਿਰ ਹੌਲੀ ਹੌਲੀ ਚਿੱਠੀਆਂ ਦਾ ਦੌਰ ਚੱਲਿਆ।
ਫਿਰ ਵਕਤ ਨੇ ਨਵੀਂ ਕਰਵਟ ਲਈ ਅਤੇ ਸਟਾਕਲੈਂਡ ਦੇ ਸ਼ਹਿਰ ਐਡਨਬਰਗ ਵਿਚ 3 ਮਾਰਚ 1847 ਨੂੰ ਟੈਲੀਫੋਨ ਦੀ ਬੈਲ ਬਜਾਉਣ ਵਾਲੇ ਐਲੇਗਜ਼ੈਂਡਰ ਗ੍ਰਾਹਮ ਬੈੱਲ ਦਾ ਜਨਮ ਹੋਇਆ ਇਸ ਤੋਂ ਪਹਿਲਾਂ ਕਿਸੇ ਦੇ ਵੀ ਘਰੇ ਟੈਲੀਫੋਨ ਦੀ ਘੰਟੀ ਨਹੀਂ ਸੀ ਵੱਜਦੀ। ਬੈੱਲ ਨੂੰ ਵਿਗਿਆਨੀ, ਖੋਜਕਾਰ, ਇੰਜੀਨੀਅਰ ਅਤੇ ਅਧਿਆਪਕ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਉਹ ਪਹਿਲਾ ਵਿਗਿਆਨੀ ਅਤੇ ਖੋਜੀ ਹੈ ਜਿਸ ਨੇ 14 ਫਰਵਰੀ 1876 ਨੂੰ ਟੈਲੀਫੋਨ ਦੇ ਅਮਲੀ ਰੂਪ ਵਿਚ ਕੰਮ ਕਰਨ ਦੀ ਕਾਢ ਕੱਢੀ ਅਤੇ ਹੁਣ ਤਕ ਉਸ ਦੇ ਨਾਂ ਉੱਤੇ ਪੇਟੈਂਟ ਹੈ ਭਾਵ ਸਰਕਾਰੀ ਮੋਹਰ ਹੈ। ਬੈੱਲ ਉਮਰ ਦੇ ਮੁੱਢਲੇ ਸਾਲਾਂ ਵਿਚ ਹੀ ਸੰਵੇਦਨਸ਼ੀਲ, ਕੁਦਰਤ ਨੂੰ ਪਿਆਰ ਕਰਨ ਵਾਲਾ ਅਤੇ ਕਲਾ ਦੀ ਕਦਰ ਕਰਨ ਵਾਲਾ ਸੀ। ਉਹ ਕਵਿਤਾਵਾਂ ਤੇ ਸੰਗੀਤ ਨਾਲ ਵੀ ਲਗਾਅ ਰੱਖਦਾ ਸੀ। ਇਸ ਕਲਾ ਨੂੰ ਨਿਖਾਰਨ ਲਈ ਉਸ ਦੀ ਮਾਤਾ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਪਿਆਨੋ ਵਜਾਉਣਾ ਸਿਖਾਇਆ।
ਉਹ ਆਪਣੀ ਆਵਾਜ਼ ਦੀ ਕਲਾ ਦਾ ਇਜ਼ਹਾਰ ਕਰਦਾ ਹੋਇਆ ਪਵਿਰਾਰ ਅਤੇ ਲੋਕਾਂ ਦਾ ਮਨੋਰੰਜਨ ਕਰਦਾ ਸੀ। ਬੈੱਲ ਨੂੰ ਉਸ ਦੀ ਮਾਤਾ ਦੇ ਬੋਲ਼ੇ ਹੋਣ ਨੇ ਕਾਫ਼ੀ ਪ੍ਰਭਾਵਿਤ ਕੀਤਾ ਸੀ। ਜਦੋਂ ਬੈੱਲ ਕੇਵਲ 12 ਸਾਲਾਂ ਦਾ ਸੀ ਉਦੋਂ ਉਸ ਦੀ ਮਾਤਾ ਦੀ ਸੁਣਨ ਦੀ ਸ਼ਕਤੀ ਚਲੀ ਗਈ। ਇਸ ਲਈ ਉਸ ਨੇ ਇਸ਼ਾਰਿਆਂ ਦੀ ਭਾਸ਼ਾ ਸਿੱਖੀ। ਬੈੱਲ ਨੇ ਸਿੱਧੇ ਤੌਰ ਉੱਤੇ ਇਕ ਤਕਨੀਕ ਤਿਆਰ ਕੀਤੀ ਜਿਸ ਨਾਲ ਉਸ ਦੀ ਮਾਤਾ ’ਚ ਸਭ ਸਮਝਣ ਅਤੇ ਸੁਣਨ ਵਰਗੀ ਸ਼ਕਤੀ ਪੈਦਾ ਹੋਈ। ਮਾਤਾ ਦੇ ਬੋਲ਼ੇਪਣ ਕਾਰਨ ਬੈੱਲ ਅੰਦਰ ਤਰੰਗਾਂ ਤੋਂ ਸੁਣਨ ਦੀ ਭਾਸ਼ਾ ਦੇ ਗਿਆਨ ਵਿਚ ਵਾਧਾ ਹੋਇਆ। ਉਹ ਸਕੂਲ ਦੀ ਪੜ੍ਹਾਈ ਛੱਡ ਕੇ ਆਪਣੇ ਦਾਦੇ ਨਾਲ ਲੰਡਨ ਚਲਾ ਗਿਆ। ਆਪਣੇ ਦਾਦੇ ਕੋਲ ਰਹਿੰਦੇ ਹੋਏ ਉਸ ਅੰਦਰ ਸਿੱਖਣ ਲਈ ਪਿਆਰ ਅਤੇ ਲੰਬਾ ਸਮਾਂ ਗੰਭੀਰ ਮਸਲਿਆਂ ਉੱਤੇ ਤਰਕ-ਵਿਤਰਕ ਕਰਨ ਦਾ ਮੌਕਾ ਮਿਲਿਆ। ਉਸ ਨੇ ਲਤੀਨੀ ਸਕਾਟਿਸ਼, ਸੰਸਕਿ੍ਤ ਅਤੇ ਯੂਨਾਨੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕੀਤਾ। ਬੈੱਲ 1865 ਵਿਚ ਪਰਿਵਾਰ ਸਮੇਤ ਲੰਡਨ ਚਲਾ ਗਿਆ। ਉੱਥੇ ਉਸ ਨੇ ਆਵਾਜ਼ ਪ੍ਰਤੀ ਬਿਜਲੀ ਦੇ ਸਬੰਧ ਵਿਚ ਪ੍ਰਯੋਗ ਕੀਤੇ।
ਗ੍ਰਾਹਮ ਬੈੱਲ ਬੋਲ਼ਿਆਂ ਦੇ ਸਕੂਲ ਵਿਚ ਆਵਾਜ਼ ਅਤੇ ਫਿੰਗਰ ਭਾਸ਼ਾ ਉੱਤੇ ਕੀਤੇ ਕੰਮ ਦੇ ਆਧਾਰ ਤੇ ਸਕੂਲ ’ਚ ਸਿੱਖਿਆ ਦੇਣ ਵਾਲੇ ਇੰਸਟਰਕਟਰਾਂ ਨੂੰ ਟਰੇਨਿੰਗ ਦੇਣ ਵਿੱਚ ਵੀ ਕਾਮਯਾਬ ਰਿਹਾ। ਉਸ ਨੇ ਬੋਲ਼ੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਵੀ ਸ਼ੁਰੂ ਕੀਤਾ। ਗ੍ਰਾਹਮ ਬੈੱਲ ਵਲੋਂ 1876 ਵਿੱਚ ਪਹਿਲਾਂ ਟੈਲੀਫੋਨ ਇਜ਼ਾਦ ਕੀਤਾ ਗਿਆ ਅਤੇ 1888 ਵਿੱਚ ਅਲਮੋਨ ਸਟਰਔਜਰ ਵਲੋਂ ਪਹਿਲੀ ਟੈਲੀਫੋਨ ਐਕਸਚੇਂਜ ਦੀ ਕਾਢ ਕੱਢੀ ਗਈ। ਇਸ ਤੋਂ ਬਾਅਦ 1970 ਤੋਂ 1980 ਦੇ ਵਿਚਾਲੇ ਡਿਜੀਟਲ ਐਕਸਚੇਂਜਾ ਦਾ ਦੌਰ ਸ਼ੁਰੂ ਹੋਇਆ ਜਿਨਾਂ ਵਿੱਚ ਕਰੌਸਵਾਰ, ਅਤੇ ਈ.ਐਸ.ਐਸ ਐਕਸਚੇਂਜਾ ਮੁੱਖ ਸਨ।
ਇਸ ਤੋਂ ਬਾਅਦ ਨਵੀਂ ਤਕਨਾਲੋਜੀ ਵਾਲੀਆਂ ਬਹੁਤ ਸਾਰੀਆਂ ਐਕਸਚੇਜਾਂ ਇਜ਼ਾਦ ਹੋਈਆਂ ਜਿਨ੍ਹਾਂ ਵਿੱਚ ਈ ਟੈਨ ਬੀ ,ਸੀ. ਡਾਟ, 5 ਈਐਸ ਐਸ ਅਦਿ ਮੁੱਖ ਸਨ। ਇਸ ਤੋਂ ਬਾਅਦ 3 ਅਪ੍ਰੈਲ 1973 ਨੂੰ ਦੁਨੀਆਂ ਦਾ ਪਹਿਲਾ ਮੋਬਾਈਲ ਫੋਨ ਇਜ਼ਾਦ ਹੋਇਆ ਜਿਸ ਦਾ ਵਜ਼ਨ ਕਰੀਬ 2 ਕਿਲੋ ਸੀ। ਭਾਰਤ ਵਿੱਚ ਪਹਿਲਾਂ ਮੋਬਾਈਲ ਫੋਨ 21 ਜੁਲਾਈ 1995 ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜਿਉਤੀ ਬਾਸੂ ਜੀ ਵਲੋਂ ਲਾਂਚ ਕੀਤਾ ਗਿਆ। ਭਾਰਤ ਅਜੇ ਵੀ ਵਿਗਿਆਨ, ਤਕਨਾਲੋਜੀ, ਅਤੇ ਖੋਜਕਾਰੀ ਵਿੱਚ ਵਿਕਾਸਸ਼ੀਲ ਦੇਸ਼ਾਂ ਤੋਂ ਕਾਫੀ ਫਾਡੀ ਰਹਿ ਗਿਆ ਹੈ ਅੱਜ ਦੇਸ਼ ਨੂੰ ਜ਼ਰੂਰਤ ਹੈ ਕਿ ਆਉਣ ਵਾਲੇ ਭਵਿੱਖ ਲਈ ਅੰਧਵਿਸ਼ਵਾਸੀ ,ਅਤੇ ਰੂੜੀਵਾਦੀ ਸੋਚ ਤੋਂ ਬਾਹਰ ਨਿਕਲ ਕੇ ਵਿਗਿਆਨਕ, ਨਵੀਂ ਤਕਨਾਲੋਜੀ ਅਤੇ ਖੋਜਕਾਰੀ ਦੇ ਨਵੇਂ ਰਸਤੇ ਖੋਜੇ ਜਾਣ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly