(ਸਮਾਜ ਵੀਕਲੀ)
‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ‘ਇਹ ਸੁਣਦੇ ਆਏ ਹਾਂ, ਸਾਰਾ ਕੁੱਝ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੇ ਪਿੰਡੇ ਤੇ ਹੰਡਿਆਇਆ ਹੈ।ਹਰ ਵਾਰ ਪੰਜਾਬ ਅਤੇ ਪੰਜਾਬ ਦੇ ਲੋਕ ਮੁਸੀਬਤਾਂ ਵਿੱਚ ਸਿਰਜੇ ਨੇ ਅਤੇ ਮੁੜ ਪਿੱਠ ਸਿੱਧੀ ਕਰਕੇ ਖੜ੍ਹੇ ਹੋ ਜਾਂਦੇ ਹਨ।ਬਟਵਾਰੇ ਵੇਲੇ ਪੰਜਾਬ ਦੇ ਦੋ ਹਿੱਸੇ ਹੋਏ ਅਤੇ ਲਹੂ ਲੁਹਾਣ ਹੋ ਗਿਆ।ਪਰ ਪੰਜਾਬ ਸਿਆਂ ਤੂੰ ਉਹ ਦਰਦ ਵੀ ਸਹਾਰ ਲਿਆ।ਤੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਨਾਂਵਾਂ ਵਿੱਚ ਵੰਡਿਆ ਗਿਆ।ਲੋਕਾਂ ਨੇ ਵੀ ਉਹ ਦਰਦ ਹੰਡਿਆਇਆ।ਕਈਆਂ ਦੇ ਆਪਣੇ ਕਿੱਧਰ ਚਲੇ ਗਏ ਪਤਾ ਹੀ ਨਾ ਲੱਗਿਆ।ਇਹ ਫੱਟ ਕਦੇ ਵੀ ਭਰੇ ਨਹੀਂ।ਪੰਜਾਬ ਸਿਆਂ ਤੇਰੇ ਵੀ ਮਲ੍ਹਮ ਪੱਟੀ ਤਾਂ ਬਥੇਰੀ ਕੀਤੀ,ਤੂੰ ਜ਼ਖਮਾਂ ਦੀ ਪੀੜ ਅੱਜ ਵੀ ਹਰ ਪੰਜਾਬੀ ਵਾਂਗ ਹਿੱਕ ਵਿੱਚ ਲੈਕੇ ਬੈਠਾ ਹੈ। ਪੰਜਾਬ ਸਿਆਂ ਤੂੰ ਕਦੋਂ ਸਿਰ ਚੁੱਕਿਆ ਅਤੇ ਕਦੋਂ ਜਵਾਨ ਹੋਇਆ ਪਤਾ ਹੀ ਨਹੀਂ ਲੱਗਿਆ, ਪਰ ਹੈ ਤੂੰ ਸ਼ੇਰ ਪੁੱਤ। ਪੰਜਾਬ ਸਿਆਂ ਤੂੰ ਸਾਰੇ ਦੇਸ਼ ਦਾ ਢਿੱਡ ਭਰਨ ਲਈ ਆਪਣੀ ਹਿੱਕ ਚੋਂ ਦਾਣੇ ਦੇਣ ਦੀ ਕੋਈ ਕਸਰ ਨਹੀਂ ਛੱਡੀ।ਦੇਸ਼ ਨੂੰ ਆਤਮ ਨਿਰਭਰ ਕਰ ਦਿੱਤਾ।ਜੇਕਰ ਇਸ ਵੇਲੇ ਦੀ ਗੱਲ ਕਰੀਏ ਤਾਂ ਪੰਜਾਬ ਸਿਆਂ ਤੇਰੀ ਹਾਲਤ ਵੇਖਕੇ ਬਹੁਤ ਦੁੱਖ ਹੁੰਦਾ ਹੈ।ਰੂਹ ਰੋਂਦੀ ਹੈ।ਪੰਜਾਬ ਸਿਆਂ ਤੇਰੀ ਸਿਹਤ ਦਿਨੋਂ ਦਿਨ ਖਰਾਬ ਹੁੰਦੀ ਗਈ,ਪਰ ਤੂੰ ਫੇਰ ਵੀ ਹੌਂਕਾ ਨਹੀਂ ਲਿਆ।
ਪੰਜਾਬ ਦੇ ਹਸਪਤਾਲ,ਸਕੂਲ,ਪਾਣੀ ਅਤੇ ਹੋਰ ਸਾਰਾ ਸਿਸਟਮ ਦਿਨੋਂ ਦਿਨ ਖਰਾਬ ਹੋ ਗਿਆ।ਵਾੜ ਹੀ ਖੇਤ ਨੂੰ ਖਾਣ ਲੱਗ ਗਈ।ਲੋਕਤੰਤਰ ਦੀਆਂ ਧੱਜੀਆਂ ਉਡਣ ਲੱਗ ਗਈਆਂ।ਸਿਸਟਮ ਵਿੱਚ ਨਿਘਾਰ ਆਉਂਦਾ ਗਿਆ।ਤਿੰਨ ਲੜਾਈਆਂ ਸਰੀਰ ਤੇ ਹੰਡਾਈਆਂ। ਪੰਜਾਬ ਵਲੂੰਧਰਿਆਂ ਗਿਆ ਅਤੇ ਪੰਜਾਬ ਦੇ ਨੌਜਵਾਨ ਸ਼ਹੀਦ ਹੋ ਗਏ।ਸੰਨ 1965 ਦੀ ਲੜਾਈ ਮੈਨੂੰ ਥੋੜ੍ਹੀ ਥੋੜ੍ਹੀ ਯਾਦ ਹੈ।ਬੇਗੋਵਾਲ ਜਿਲਾ ਕਪੂਰਥਲਾ ਵਿੱਚ ਮੇਰੇ ਬੀਜੀ ਦੀ ਨੌਕਰੀ ਸੀ।ਉੱਥੇ ਜੋ ਚੀਕ ਚਿਹਾੜਾ ਅਤੇ ਹਰ ਘਰ ਵਿੱਚੋਂ ਨੈਣਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ,ਉਹ ਅਜੇ ਮੇਰੇ ਜ਼ਿਹਨ ਵਿੱਚ ਹਨ।ਕਿਸੇ ਘਰ ਵਿੱਚ ਇਕ ਪੁੱਤ,ਕਿਸੇ ਘਰ ਵਿੱਚ ਦੋ ਪੁੱਤ,ਕਿੱਧਰੇ ਭਰਾ ਵੀ ਅਤੇ ਕਿੱਧਰੇ ਜਵਾਈ ਵੀ।ਮੈਨੂੰ ਯਾਦ ਹੈ ਕਿ ਰੋਂਦੀਆਂ ਹੋਈਆਂ ਔਰਤਾਂ ਸਾਰੇ ਬੇਗੋਵਾਲ ਦੀਆਂ ਗਲੀਆਂ ਨੂੰ ਰੁਕਵਾ ਰਹੀਆਂ ਸਨ।ਇਹ ਪੰਜਾਬ ਦਾ ਹਾਲ ਸੀ।ਪਰ ਪੰਜਾਬ ਸਿਆਂ ਤੂੰ ਫੇਰ ਖੜ੍ਹਾ ਹੋ ਗਿਆ।ਅਜੇ ਲੱਕ ਸਿੱਧਾ ਕੀਤਾ ਹੀ ਸੀ ਕਿ ਸੰਨ 1971ਨੇ ਫੇਰ ਲੱਕ ਤੋੜ ਦਿੱਤਾ।ਕਾਲਾ ਦੌਰ ਸਰੀਰ ਤੇ ਹੰਡਿਆਇਆ।
ਪੰਜਾਬ ਨੂੰ ਆਪਣਿਆਂ ਨੇ ਵੀ ਜ਼ਖਮ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ।ਅਸੀਂ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਵਾਲੇ ਪਾਸੇ ਤੁਰ ਪਏ।ਅਸੀਂ ਪੰਜਾਬ ਸਿਆਂ ਤੇਰੇ ਸਰੀਰ ਦਾ ਹਰ ਅੰਗ ਤੋੜਿਆ।ਕਦੇ ਅਸੀਂ ਸਿੱਖਿਆ ਦੇ ਸਿਸਟਮ ਨੂੰ ਖਰਾਬ ਕਰਕੇ ਤੇਰੇ ਮੱਥਾ ਫੱਟੜ ਕਰ ਦਿੱਤਾ।ਹਸਪਤਾਲਾਂ ਨੂੰ ਤਹਿਸ ਨਹਿਸ ਕਰ ਦਿੱਤਾ ਅਤੇ ਤੇਰਾ ਇਕ ਹੋਰ ਅੰਗ ਤੱੜ ਦਿੱਤਾ।ਪੀਣ ਵਾਲੇ ਪਾਣੀ ਨੂੰ ਗੰਧਲਾ ਕਰਕੇ ਅਸੀਂ ਤੈਨੂੰ ਵੀ ਕੈਂਸਰ ਕਰ ਦਿੱਤਾ।ਤੇਰੇ ਵਿੱਚੋਂ ਉਡਣ ਵਾਲੀਆਂ ਫਸਲਾਂ ਜ਼ਹਿਰੀਲੀਆਂ ਕਰ ਦਿੱਤੀਆਂ।ਇਸ ਵਿੱਚ ਸਾਡਾ ਆਪਣਾ ਕਸੂਰ ਵੀ ਹੈ ਅਸੀਂ ਸਰਕਾਰਾਂ ਹੀ ਗਲਤ ਚੁਣੀਆਂ।ਕਦੇ ਅਸੀਂ ਰਿਸ਼ਤੇਦਾਰੀ ਨਿਭਾਈ,ਕਦੇ ਅਸੀਂ ਦੋਸਤੀ ਨਿਭਾਈ ਅਤੇ ਕਦੇ ਕੁੱਝ ਲੈਕੇ ਵੋਟ ਪਾ ਦਿੱਤੀ।ਸਾਡੀਆਂ ਆਪਣੀਆਂ ਚੁਣੀਆਂ ਸਰਕਾਰਾਂ ਨੇ,ਇਸ ਕਰਕੇ ਸਾਨੂੰ ਅਤੇ ਸਾਡੇ ਨਾਲ ਪੰਜਾਬ ਸਿਆਂ ਤੈਨੂੰ ਵੀ ਭੁਗਤਣਾ ਪੈ ਰਿਹਾ ਹੈ।ਦਫਤਰਾਂ ਵਿੱਚ ਬੈਠਕੇ ਨੀਤੀਆਂ ਬਣਦੀਆਂ ਹਨ ਅਤੇ ਉੱਥੇ ਹੀ ਕਿੱਧਰੇ ਅਲਮਾਰੀਆਂ ਵਿੱਚ ਦਫਨ ਹੋ ਜਾਂਦੀਆਂ ਹਨ।ਨੀਤੀਆਂ ਅਤੇ ਨੀਅਤਾਂ ਵਿੱਚ ਫਰਕ ਹੈ।
ਪਿੱਛਲੇ ਦਿਨੀਂ ਪੰਜਾਬ ਸਿੱਖਿਆ ਦੇ ਵਿੱਚ ਨੰਬਰ ਵੰਨ ਦੀ ਖਬਰ ਪੜ੍ਹੀ।ਉਸਤੋਂ ਬਾਅਦ ਬਹੁਤ ਬੁੱਧੀਜੀਵੀਆਂ ਦੀ ਗੱਲ ਬਾਤ ਸੁਣੀ,ਜਿਹੜੇ ਬੇਹੱਦ ਫਿਕਰਮੰਦ ਸਨ।ਪੰਜ ਤੋਂ ਦਸ ਪ੍ਰਤੀਸ਼ਤ ਬੱਚਿਆਂ ਨੂੰ ਛੱਡਕੇ ਵਧੇਰੇ ਗਿਣਤੀ ਇੰਟਰਵਿਊ ਵਿੱਚ ਹੀ ਨਹੀਂ ਬੋਲ ਸਕਦੇ।ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਧੇਰੇ ਬੱਚੇ ਕੁੱਝ ਵੀ ਨਹੀਂ ਪੜ੍ਹ ਸਕਦੇ।ਨੌਵੀਂ ਤੱਕ ਫੇਲ ਨਹੀਂ ਕਰਨਾ ਅਤੇ ਦੱਸਵੀਂ ਕਲਾਸ ਦੇ ਬੋਰਡ ਦੇ ਪੇਪਰ।ਅਜਿਹੇ ਬੱਚੇ ਨਾ ਪੜ੍ਹਿਆ ਵਿੱਚ ਹਨ ਅਤੇ ਨਾ ਅਨਪੜ੍ਹਾਂ ਵਿੱਚ। ਨੌਕਰੀਆਂ ਮਿਲ ਨਹੀਂ ਰਹੀਆਂ ਅਤੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ।ਪੰਜਾਬ ਸਿਆਂ ਹੁਣ ਤੇਰੇ ਕੋਲ ਬਜ਼ੁਰਗਾਂ ਨੇ ਹੀ ਰਹਿਣਾ ਹੈ।
ਖੋਹਾਂ ਛਿੰਝਾਂ ਅਤੇ ਚੋਰੀਆਂ ਦਾ ਦੌਰ ਹੈ।ਜਿੰਨਾਂ ਨੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨੀ ਹੈ,ਉਹ ਆਪ ਗੰਨਮੈਨ ਲੈਕੇ ਬਾਹਰ ਨਿਕਲਦੇ ਨੇ।ਕੁੱਝ ਨੇ ਸਟੇਟਸ ਸਿੰਬਲ ਬਣਾਇਆ ਹੋਇਆ ਹੈ,ਬਿਆਨ ਦਿਉ ਕਿਸੇ ਨਾਲ ਨੇੜਤਾ ਹੈ ਤਾਂ ਗੰਨਮੈਨ ਲੈ ਲਵੋ।ਤਨਖਾਹਾਂ ਸਰਕਾਰ ਦੇ ਖਜ਼ਾਨੇ ਚੋਂ ਮੋਟੀਆਂ ਰਕਮਾਂ ਨਿਕਲਦੀਆਂ ਹਨ।ਇਕ ਆਦਮੀ ਦੀ ਸਕਿਉਰਟੀ ਲਈ ਜੇਕਰ ਇਕ ਗੰਨਮੈਨ ਹੈ ਤਾਂ ਸੱਤਰ ਹਜ਼ਾਰ,ਦੋ ਤਿੰਨ ਚਾਰ ਅਤੇ ਬਹੁਤ ਵੱਡੀ ਗਿਣਤੀ ਵੀ ਹੈ।ਲੱਖਾਂ ਰੁਪਏ ਲੋਕਾਂ ਦੇ ਟੈਕਸਾਂ ਦੇ ਉਡਾਏ ਜਾਂਦੇ ਹਨ।
ਜਦ ਕਿ ਪ੍ਰਾਈਵੇਟ ਸਕਿਉਰਟੀ ਏਜੰਸੀਆਂ 10_12ਹਜ਼ਾਰ ਵਿੱਚ ਸਕਿਉਰਟੀ ਗਾਰਡ ਦਿੰਦੇ ਹਨ।ਜਿਸਨੂੰ ਵੀ ਸਕਿਉਰਟੀ ਚਾਹੀਦੀ ਹੋਵੇ,ਉਹ ਆਪਣੇ ਪੈਸੇ ਤੇ ਰੱਖੇ,ਆਪ ਖਰਚੇ।ਬਹੁਤ ਸਾਰਿਆਂ ਨੂੰ ਖਤਰਾ ਹੋਣਾ ਹੀ ਨਹੀਂ।ਪੰਜਾਬ ਦੇ ਪਾਣੀ ਧਰਤੀ ਦੇ ਉਪਰਲੇ ਅਤੇ ਹੇਠਲੇ ਪੀਣ ਯੋਗ ਨਹੀਂ ਰਹੇ,ਉਸਦੀ ਕਿਸੇ ਨੂੰ ਚਿੰਤਾ ਨਹੀਂ।ਨਸ਼ਿਆਂ ਅਤੇ ਕੈਂਸਰ ਨੇ ਪੰਜਾਬ ਦੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ,ਕਿਸੇ ਜ਼ਿੰਮੇਵਾਰ ਅਹੁਦੇ ਤੇ ਬੈਠੇ ਦੇ ਕੰਨ ਤੇ ਜੂੰ ਨਹੀਂ ਸਰਕਦੀ।ਲੋਕਾਂ ਦੇ ਸ਼ਰੇਆਮ ਕਤਲ ਹੋ ਰਹੇ ਹਨ,ਪਰ ਸਿਸਟਮ ਨੂੰ ਸੁਧਾਰਨ ਵਾਲੇ ਬੰਨੇ ਨਹੀਂ ਜਾਂਦੇ।ਹਾਂ,ਦਫਤਰਾਂ ਵਿੱਚ ਕਿੱਧਰੇ ਵੀ ਬੈਠੇ ਆਪਣੀ ਸਕਿਉਰਟੀ ਵਧਾ ਲੈਣਗੇ।ਇਲਾਜ ਲਈ ਪੰਜ ਜਾਂ ਸਤ ਸਿਤਾਰਾ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਚਲੇ ਜਾਣਗੇ।ਪਰ ਵਧੇਰੇ ਲੋਕ ਇਲਾਜ ਦੇ ਬਗੈਰ ਹੀ ਮਰ ਜਾਂਦੇ ਹਨ ਜਾਂ ਕਰਜ਼ਾਈ ਹੋ ਜਾਂਦੇ ਹਨ।
ਹਰ ਸਿਸਟਮ ਉਸ ਦਿਨ ਸੁਧਰੇਗਾ,ਜਿਸ ਦਿਨ ਹਰ ਅਫਸਰ ਅਤੇ ਸਿਆਸਤਦਾਨ ਦਾ ਬੱਚਾ ਸਰਕਾਰੀ ਸਕੂਲ ਵਿੱਚ ਪੜ੍ਹਨ ਜਾਏਗਾ।ਹਸਪਤਾਲਾਂ ਦੀ ਹਾਲਤ ਉਸ ਦਿਨ ਸੁਧਰੇਗਾ ਜਿਸ ਦਿਨ ਬਾਬੂਸ਼ਾਹੀ ਅਤੇ ਸਿਆਸਤਦਾਨਾਂ ਦੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਹੋਣਗੇ।ਯਾਦ ਰੱਖਣਾ ਚਾਹੀਦਾ ਹੈ ਕਿ ਚਾਹੇ ਅਮੀਰ ਹੈ ਜਾਂ ਗਰੀਬ ਹੈ,ਉਹ ਆਪਣੇ ਪਰਿਵਾਰ ਲਈ ਬਰਾਬਰ ਅਹਿਮੀਅਤ ਰੱਖਦਾ ਹੈ।ਹਰ ਬੰਦਾ ਕੰਮ ਕਰਦਾ ਹੈ,ਹਰ ਬੰਦਾ ਟੈਕਸ ਦਿੰਦਾ ਹੈ,ਉਸਨੂੰ ਵੀ ਗੰਨਮੈਨ ਦਿਉ।ਪੁਲਿਸ ਸਟੇਸ਼ਨਾਂ ਵਿੱਚ ਮੁਲਾਜ਼ਮ ਘੱਟ ਹਨ ਕਿਉਂਕਿ ਸਕਿਉਰਟੀ ਲਈ ਵਰਤੇ ਜਾ ਰਹੇ ਹਨ।ਇਸ ਵਕਤ ਸੀ ਸੀ ਟੀਵੀ ਕੈਮਰੇ ਵਧੇਰੇ ਸਕਿਉਰਟੀ ਦੇ ਰਹੇ ਹਨ।ਜਿਵੇਂ ਰੋਜ਼ ਘਪਲੇ ਬਾਹਰ ਆ ਰਹੇ ਹਨ,ਇਹ ਗੰਨਮੈਨ ਵਾਲਾ ਵੀ ਘਪਲਾ ਹੀ ਹੈ।ਪੰਜਾਬ ਸਿਆਂ ਤੂੰ ਸੱਚੀਂ ਸ਼ੇਰ ਪੁੱਤ ਹੈਂ,ਜਦੋਂ ਵੀ ਮਾੜਾ ਜਿਹਾ ਡੋਲਦਾ ਹੈਂ,ਉੱਠਦਾ ਦਹਾੜ ਮਾਰਕੇ ਹੀ ਹੈਂ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly