ਏਹੁ ਹਮਾਰਾ ਜੀਵਣਾ ਹੈ -281

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਵਿਆਹ ਦੋ ਜ਼ਿੰਦਗੀਆਂ ਨੂੰ ਜੋੜਨ ਵਾਲ਼ਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ। ਇਸ ਰਾਹੀਂ ਦੋ ਪ੍ਰਾਣੀਆਂ ਵਿੱਚ ਜ਼ਿੰਦਗੀ ਭਰ ਲਈ ਬੰਧਨ ਵਿੱਚ ਬੱਝ ਜਾਣ ਦਾ ਪ੍ਰਣ ਹੁੰਦਾ ਹੈ। ਸਾਡੇ ਸਮਾਜ ਵਿੱਚ ਲੜਕਾ ਅਤੇ ਲੜਕੀ ਨੂੰ ਇਸ ਪਵਿੱਤਰ ਬੰਧਨ ਵਿੱਚ ਬੰਨ੍ਹਣ ਲਈ ਦੋ ਪਰਿਵਾਰਾਂ ਦੇ ਆਪਸੀ ਗੱਲਬਾਤ ਰਾਹੀਂ ਤੈਅ ਕਰਨ ਤੋਂ ਬਾਅਦ ਆਸ਼ੀਰਵਾਦ ਦਿੰਦੇ ਹੋਏ ਉਹਨਾਂ ਨੂੰ ਨਵੇਂ ਜੀਵਨ ਵਿੱਚ ਪ੍ਰਵੇਸ਼ ਕਰਵਾ ਕੇ ਨਵਾਂ ਪਰਿਵਾਰ ਸਿਰਜਣ ਲਈ ਇੱਕ ਦੂਜੇ ਨਾਲ ਰਿਸ਼ਤਾ ਜੋੜ ਕੇ ਬੰਨ੍ਹ ਦਿੱਤਾ ਜਾਂਦਾ ਸੀ ਜੋ ਉਮਰਾਂ ਭਰ ਦੇ ਸਾਥ ਬਣ ਕੇ ਨਿਭਦੇ ਸਨ। ਇਸ ਵਿੱਚ ਦੋਹਾਂ ਧਿਰਾਂ ਦੇ ਵਾਅਦੇ ਅਤੇ ਵਿਆਹ ਵਾਲੀ ਜੋੜੀ ਦਾ ਅੰਗੂਠੀਆਂ ਦਾ ਆਦਾਨ ਪ੍ਰਦਾਨ ਕਰਕੇ ਇਸ ਪਿਆਰ ਭਰੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਾ ਆਮ ਜਿਹੀ ਗੱਲ ਹੈ। ਵਿਆਹ ਹਰ ਕਿਸੇ ਦੀ ਜ਼ਿੰਦਗੀ ਦੇ ਸਭ ਤੋਂ ਯਾਦਗਾਰੀ ਪਲ ਹੁੰਦੇ ਹਨ।

ਇਸ ਤਰ੍ਹਾਂ ਇੱਕ ਚੰਗਾ ਪਰਿਵਾਰ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ ,ਪਰ ਸਾਡੇ ਅੱਜ ਦੇ ਸਮਾਜ ਵਿੱਚ ਇਸ ਪਵਿੱਤਰ ਰਿਸ਼ਤੇ ਨੂੰ ਇੱਕ ਮਜ਼ਾਕ ਵਾਂਗ ਵਰਤਿਆ ਜਾਣ ਲੱਗ ਪਿਆ ਹੈ। ਸਾਡੇ ਸਮਾਜ ਵਿੱਚ ਪਹਿਲਾਂ ਵਿਆਹ ਨਾਲ ਜੁੜੀ ਦਹੇਜ ਦੀ ਪ੍ਰਥਾ ਤਾਂ ਘਰਾਂ ਅਤੇ ਜ਼ਿੰਦਗੀਆਂ ਨੂੰ ਤਬਾਹ ਕਰ ਹੀ ਰਹੀ ਸੀ ਪਰ ਉਸ ਤੋਂ ਵੀ ਭੈੜੀ ਇੱਕ ਨਾਮੁਰਾਦ ਪ੍ਰਥਾ ਹੋਰ ਚਾਲੂ ਹੋ ਗਈ ਹੈ। ਇਹ ਪ੍ਰਥਾ ਹੈ ‘ਵਿਆਹਾਂ ਦਾ ਵਧ ਰਿਹਾ ਵਪਾਰੀਕਰਨ’। ਸਾਡੇ ਅੱਜ ਦੇ ਨੌਜਵਾਨਾਂ ਨੂੰ ਜਿੱਥੇ ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀ ਲਾਲਸਾ ਵਧ ਰਹੀ ਹੈ ,ਉੱਥੇ ਉਨ੍ਹਾਂ ਵੱਲੋਂ ਹੀ ਰਿਸ਼ਤਿਆਂ, ਜਜ਼ਬਾਤਾਂ, ਭਾਵਨਾਵਾਂ ਅਤੇ ਸੱਧਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਸ਼ਰਮ ਹਯਾ ਵਾਲ਼ੇ ਪਰਦਿਆਂ ਨੂੰ ਨਵੀਂ ਤਹਿਜ਼ੀਬ ਵਾਲ਼ੀ ਕੈਂਚੀ ਨਾਲ ਲੀਰਾਂ ਲੀਰਾਂ ਕੀਤਾ ਜਾ ਰਿਹਾ ਹੈ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਵਿਆਹਾਂ ਵਿੱਚ ਵਪਾਰਕ ਸੌਦੇ ਕਰਦੇ ਹੋਏ ਮੁੰਡਿਆਂ ਅਤੇ ਕੁੜੀਆਂ ਦੇ ਮਾਪਿਆਂ ਦਾ ਪੂਰਾ ਪੂਰਾ ਹੱਥ ਹੁੰਦਾ ਹੈ।

ਪਹਿਲਾਂ ਰਿਸ਼ਤੇ ਕੁੜੀ ਅਤੇ ਮੁੰਡੇ ਵਾਲਿਆਂ ਵੱਲੋਂ ਕੁੜੀ ਜਾਂ ਮੁੰਡੇ ਦਾ ਰੰਗ-ਰੂਪ ਜਾਂ ਪਰਿਵਾਰਾਂ ਦੇ ਰੁਤਬਿਆਂ ਦੀ ਬਰਾਬਰੀ ਜਾਂ ਫਿਰ ਦੋਹਾਂ ਧਿਰਾਂ ਦੀ ਆਰਥਿਕ ਬਰਾਬਰੀ ਦੇ ਪੈਮਾਨੇ ਤੇ ਤਹਿ ਕੀਤੇ ਜਾਂਦੇ ਸਨ ਜਿਸ ਕਰਕੇ ਦਾਜ ਦੀ ਪ੍ਰਮੁੱਖਤਾ ਭਾਰੂ ਹੁੰਦੀ ਸੀ। ਕਈ ਵਾਰ ਦਹੇਜ ਉਹਨਾਂ ਰਿਸ਼ਤਿਆਂ ਨੂੰ ਤੁੜਵਾਉਣ ਲਈ ਜਾਂ ਕੁੜੀ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ ।ਪਰ ਫਿਰ ਵੀ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਜੁੜੇ ਰਿਸ਼ਤਿਆਂ ਵਿੱਚ ਪਿਆਰ ਅਤੇ ਸਤਿਕਾਰ ਦੀਆਂ ਭਾਵਨਾਵਾਂ ਪ੍ਰਬਲ ਹੁੰਦੀਆਂ ਸਨ। ਐਨਾ ਜ਼ਰੂਰ ਹੁੰਦਾ ਸੀ ਕਿ ਸਤਿਕਾਰ ਸਹਿਤ ਦੋ ਜ਼ਿੰਦਗੀਆਂ ਅਤੇ ਦੋ ਪਰਿਵਾਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਸੀ। ਪਰ ਅੱਜ ਕੱਲ੍ਹ ਰਿਸ਼ਤੇ ਤੈਅ ਕਰਨ ਦੇ ਤੌਰ ਤਰੀਕੇ ਅਤੇ ਭਾਵਨਾਵਾਂ ਨੂੰ ਜੇ ਕਿਤੇ ਸਾਡੇ ਵਡੇਰੇ ਆ ਕੇ ਦੇਖਣ ਤਾਂ ਉਹਨਾਂ ਨੂੰ ਯਕੀਨ ਈ ਨੀ ਹੋਣਾ ਕਿ ਇਹ ਲੋਕ ਉਹਨਾਂ ਦੇ ਵਾਰਸ ਹੀ ਹਨ।

ਅੱਜ ਕੱਲ੍ਹ ਮੁੰਡੇ ਵਾਲਿਆਂ ਵੱਲੋਂ ਦੇਖਿਆ ਜਾਂਦਾ ਹੈ ਕਿ ਕੁੜੀ ਆਇਲੈਟਸ ਪਾਸ ਹੈ ਕਿ ਨਹੀਂ, ਉਹਨਾਂ ਲਈ ਪਿਆਰ,ਰੁਤਬੇ ,ਕਦਰਾਂ ਕੀਮਤਾਂ ਜਾਂ ਘਰੇਲੂ ਸੰਸਕਾਰਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ,ਬੱਸ ਐਨਾ ਹੀ ਕਾਫੀ ਹੁੰਦਾ ਹੈ ਕਿ ਉਹ ਲੜਕੇ ਨੂੰ ਵਿਦੇਸ਼ ਲਿਜਾਣ ਲਈ ਰਾਜ਼ੀ ਹੈ ਜਾਂ ਨਹੀਂ। ਓਧਰੋਂ ਕੁੜੀ ਵਾਲਿਆਂ ਵੱਲੋਂ ਵੀ ਮੁੰਡੇ ਵਾਲਿਆਂ ਨਾਲ ਕੁੜੀ ਦੀ ਆਈਲੈਟਸ ਦੇ ਖਰਚੇ ਤੋਂ ਲੈ ਕੇ ਕੁੜੀ ਦੇ ਵੀਜ਼ਾ ਲੱਗਣ, ਜਹਾਜ਼ ਦੀ ਟਿਕਟ ਖ਼ਰੀਦਣ, ਵਿਦੇਸ਼ ਪਹੁੰਚ ਕੇ ਉਸ ਦੇ ਕਾਲਜ ਦੀ ਪੜਾਈ ਦੇ ਖਰਚੇ ਦੇ ਲੱਖਾਂ ਰੁਪਏ ਲਗਾ ਕੇ ਕੁੜੀ ਨੂੰ ਬਾਹਰ ਭੇਜਣ ਲਈ ਕੀਮਤ ਤੈਅ ਕੀਤੀ ਜਾਂਦੀ ਹੈ, ਫਿਰ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਵਿਆਹ ਦਾ ਖਰਚਾ ਵੀ ਮੁੰਡੇ ਵਾਲਿਆਂ ਵੱਲੋਂ ਹੀ ਕਰਨਾ ਤੈਅ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੇ ਭਵਿੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਦੀ ਨੀਂਹ ਕੁਛ ਇਸ ਪ੍ਰਕਾਰ ਰੱਖੀ ਜਾਂਦੀ ਹੈ।

ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਸੌਦੇਬਾਜ਼ੀਆਂ ਤਾਂ ਦਹੇਜ ਪ੍ਰਥਾ ਤੋਂ ਵੀ ਦੋ ਕਦਮ ਅੱਗੇ ਦੀਆਂ ਲਾਹਨਤਾਂ ਅਤੇ ਕੁਰੀਤੀਆਂ ਹਨ। ਇਸ ਤਰ੍ਹਾਂ ਦੀਆਂ ਰੇਤ ਦੀਆਂ ਨੀਹਾਂ ਤੇ ਉਸਰੇ ਰਿਸ਼ਤਿਆਂ ਦੇ ਮਹਿਲ ਸਕਿੰਟਾਂ ਵਿੱਚ ਢਹਿ ਢੇਰੀ ਹੋ ਜਾਂਦੇ ਹਨ। ਇਹਨਾਂ ਰਿਸ਼ਤਿਆਂ ਵਿੱਚ ਜਜ਼ਬਾਤਾਂ ਲਈ ਕੋਈ ਥਾਂ ਨਹੀਂ ਹੁੰਦੀ, ਇਹਨਾਂ ਰਿਸ਼ਤਿਆਂ ਵਿੱਚ ਸਮਾਜਿਕ ਕਦਰਾਂ ਕੀਮਤਾਂ ਨੂੰ ਛਿੱਕੂ ਵਿੱਚ ਪਾ ਕੇ ਟੰਗਿਆ ਜਾਂਦਾ ਹੈ, ਇਹਨਾਂ ਰਿਸ਼ਤਿਆਂ ਵਿੱਚ ਸਾਡੇ ਵਡੇਰਿਆਂ ਦੀਆਂ ਉਮਰ ਭਰ ਰਿਸ਼ਤੇ ਨਿਭਾਉਣ ਵਾਲੀਆਂ ਚਲਾਈਆਂ ਹੋਈਆਂ ਰੀਤਾਂ ਨੂੰ ਦਫ਼ਨ ਕਰ ਦਿੱਤਾ ਜਾਂਦਾ ਹੈ ਜਦ ਇੱਕ ਧਿਰ ਦੂਜੀ ਧਿਰ ਨੂੰ ਕੰਗਾਲ ਕਰਕੇ,ਉਸ ਨੂੰ ਲੁੱਟ ਪੁੱਟ ਕੇ ਧੋਖਾ ਦੇ ਜਾਂਦੀ ਹੈ।

ਇਸ ਤਰ੍ਹਾਂ ਵਿਆਹ ਦੇ ਨਾਂ ਤੇ ਕੀਤੇ ਜਾਂਦੇ ਵਪਾਰਾਂ ਵਿੱਚ ਜਿੱਥੇ ਕੁੜੀਆਂ ਸ਼ਰੇਆਮ ਵਿਆਹ ਕਰਵਾ ਕੇ ਆਪਣੇ ਪਿੱਛੇ ਛੱਡ ਕੇ ਗਏ ਸਹੁਰੇ ਪਰਿਵਾਰ ਅਤੇ ਪਤੀ ਨਾਲ ਧੋਖਾ ਕਰ ਕੇ ਆਪਣੇ ਨਵੇਂ ਬਣੇ ਦੋਸਤਾਂ ਨਾਲ ਨਵੇਂ ਸੁਪਨੇ ਸਿਰਜ ਰਹੀ ਹੁੰਦੀ ਹੈ ਅਤੇ ਉਸ ਦੇ ਮਾਪੇ ਉਸ ਦਾ ਭਰੀ ਕਚਹਿਰੀ ਵਿੱਚ ਸਾਥ ਦੇ ਰਹੇ ਹੁੰਦੇ ਹਨ ਤਾਂ ਉਹ ਲੋਕ ਸਾਡੇ ਪਿਛੋਕੜ ਤੋਂ ਸਾਡੇ ਨਾਲ ਚੱਲਣ ਵਾਲੀਆਂ ਰਹੁ ਰੀਤਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੀ ਦਫ਼ਨ ਕਰ ਰਹੇ ਹੁੰਦੇ ਹਨ। ਵਿਆਹਾਂ ਦੇ ਵਪਾਰਾਂ ਵਿੱਚ ਨਿਰੇ ਲੋਕ ਹੀ ਘਾਟਾ ਨਹੀਂ ਖਾ ਰਹੇ ਹੁੰਦੇ ਸਗੋਂ ਸਾਡਾ ਨੈਤਿਕ ਕਦਰਾਂ ਕੀਮਤਾਂ ਭਰਪੂਰ ਅਮੀਰ ਵਿਰਸਾ ਵੀ ਲੁੱਟਿਆ ਜਾ ਰਿਹਾ ਹੁੰਦਾ ਹੈ। ਕਈ ਵਾਰ ਇਹ ਗੱਲਾਂ ਆਮ ਲੋਕਾਂ ਨੂੰ ਇਹ ਸੋਚਣ ਤੇ ਮਜ਼ਬੂਰ ਕਰ ਦਿੰਦੀਆਂ ਹਨ ਕਿ ਰਿਸ਼ਤਿਆਂ ਵਿੱਚ ਧੋਖੇ ਅਤੇ ਲੁੱਟ ਹੀ ਕੀ ਏਹੁ ਹਮਾਰਾ ਜੀਵਣਾ ਹੈ?

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਕਾਸ਼ ਕਿਸ ਨੂੰ ਕਹਿੰਦੇ ਹਨ?
Next articleਮੇਰੇ ਮਾਲਕ