ਏਹੁ ਹਮਾਰਾ ਜੀਵਣਾ ਹੈ -278

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਹੱਸਣਾ ਇੱਕ ਯੋਗਿਕ ਕਿਰਿਆ ਹੈ। ਆਮ ਕਰਕੇ ਯੋਗਸ਼ਲਾਵਾਂ ਵਿੱਚ ਹੋਰ ਸਰੀਰਕ ਕਿਰਿਆਵਾਂ ਕਰਨ ਦੇ ਨਾਲ ਨਾਲ ਉੱਚੀ ਉੱਚੀ ਹੱਸਣ ਦੀ ਕਿਰਿਆ ਵੀ ਕੀਤੀ ਜਾਂਦੀ ਹੈ ਕਿਉਂਕਿ ਹੱਸਣ ਕਾਰਨ ਫੇਫੜਿਆਂ ਦਾ ਸੰਕੁਚਨ ਅਤੇ ਵਿਸਤਾਰ ਆਮ ਨਾਲੋਂ ਤੇਜ਼ ਅਤੇ ਜ਼ਿਆਦਾ ਹੁੰਦਾ ਹੈ। ਇਸ ਨਾਲ ਸਾਨੂੰ ਜ਼ਿਆਦਾ ਆਕਸੀਜਨ ਮਿਲਦੀ ਹੈ ਅਤੇ ਮੈਟਾਬੋਲਿਜ਼ਮ ‘ਚ ਸੁਧਾਰ ਹੁੰਦਾ ਹੈ। ਸਰੀਰ ਵਿੱਚ ਜ਼ਿਆਦਾਤਰ ਬਿਮਾਰੀਆਂ ਮੈਟਾਬੋਲਿਜ਼ਮ ਦੀ ਗੜਬੜੀ ਕਾਰਨ ਹੁੰਦੀਆਂ ਹਨ।ਇਕੱਤਰਤ ਜਾਣਕਾਰੀ ਅਨੁਸਾਰ ਰੋਜ਼ਾਨਾ ਦਸ ਤੋਂ ਪੰਦਰਾਂ ਮਿੰਟ ਹੱਸਣ ਨਾਲ ਲਗਭਗ ਚਾਲ਼ੀ ਕੈਲੋਰੀ ਬਰਨ ਹੁੰਦੀ ਹੈ।

ਪਰ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਲਗਭਗ 65 ਤੋਂ 70 ਫ਼ੀਸਦੀ ਤੱਕ ਲੋਕਾਂ ਦੇ ਕੋਲ ਹੱਸਣ ਤੱਕ ਦਾ ਸਮਾਂ ਨਹੀਂ ਹੈ | ਸ਼ਾਇਦ ਇਸੇ ਲਈ ਹੀ ਅੱਜ ਦੇ ਮਨੁੱਖ ਨੂੰ ਸ਼ੂਗਰ, ਦਿਲ ਦਾ ਦੌਰਾ, ਬਲੱਡ ਪ੍ਰੈਸ਼ਰ ਤੇ ਹੋਰ ਕਈ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ| ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਹਰ ਦਿਨ ਸਵੇਰੇ ਸਵੇਰੇ ਖੁੱਲ੍ਹ ਕੇ ਹੱਸਿਆ ਜਾਵੇ ਤਾਂ ਦਿਮਾਗ ਨੂੰ ਸਕੂਨ ਮਿਲਦਾ ਹੈ ਅਤੇ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ |

ਜੇ ਆਪਾਂ ਵਿਸ਼ਵ ਹਾਸ ਦਿਵਸ ਦੀ ਗੱਲ ਕਰੀਏ ਤਾਂ ਇਹ ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ | ਉਂਝ ਵਿਸ਼ਵ ਹਾਸ ਦਿਵਸ ਦੀ ਸ਼ੁਰੂਆਤ 11 ਜਨਵਰੀ 1998 ਨੂੰ ਮੁੰਬਈ ਤੋਂ ਹੋਈ ਸੀ ਤੇ ਇਸ ਵਿੱਚ ਅਹਿਮ ਯੋਗਦਾਨ ਡਾ. ਮਦਨ ਕਟਾਰੀਆ ਦਾ ਸੀ ਜਿਹਨਾਂ ਨੇ ਲਾਫ਼ਟਰ ਯੋਗਾ ਮੂਵਮੈਂਟ ਸ਼ੁਰੂ ਕੀਤੀ | ਦੁਨੀਆ ਵਿੱਚ ਲਗਭਗ ਅੱਠ ਹਜ਼ਾਰ ਲਾਫਟਰ ਕਲੱਬ ਹਨ ਅਤੇ ਭਾਰਤ ਵਿੱਚ ਉਨ੍ਹਾਂ ਦੀ ਗਿਣਤੀ 600 ਹੈ |

ਡਾਕਟਰ ਖੋਜਕਾਰਾਂ ਅਨੁਸਾਰ ਹੱਸਣ ਨਾਲ ਮਨੁੱਖ ਦਾ ਇਮਊਨਿਟੀ ਸਿਸਟਮ ਤੇਜ਼ ਹੁੰਦਾ ਹੈ |ਜਿਸ ਨਾਲ ਕੁਦਰਤੀ ਕਿਲਰ ਸੈੱਲਾਂ ਵਿੱਚ ਵਾਧਾ ਹੁੰਦਾ ਹੈ, ਜੋ ਵਿਰਾਸਤ ਵਿੱਚ ਮਿਲੇ ਰੋਗਾਂ ਅਤੇ ਟਿਊਮਰਸ ਸੈੱਲ ਨੂੰ ਖਤਮ ਕਰਦੇ ਹਨ | ਹਾਸਾ ਦਿਲ ਦੀ ਸਰਵਉੱਤਮ ਕਸਰਤ ਹੈ ਜਿਸ ਨਾਲ ਟੀ ਸੈੱਲਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ |ਹਾਸਾ ਨਾ ਸਿਰਫ਼ ਉਨ੍ਹਾਂ ਸੈੱਲਾਂ ਨੂੰ ਵਧਾਉਂਦਾ ਹੈ ਜੋ ਸਮਰੱਥਾ ਵਧਾਉਂਦੇ ਹਨ, ਸਗੋਂ ਟੀ ਸੈੱਲਾਂ ਦੀ ਗਤੀਵਿਧੀ ਨੂੰ ਵੀ ਵਧਾਉਂਦੇ ਹਨ ਜੋ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਹੱਸਣ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਹੱਸਣ ਨਾਲ ਸਾਹ ਨਲੀ ਵਿੱਚ ਹੋਣ ਵਾਲੇ ਇੰਫੈਕਸ਼ਨ ਤੋਂ ਬਚਾਅ ਹੁੰਦਾ ਹੈ | ਹੱਸਣ ਨਾਲ ਤਣਾਓ ਨੂੰ ਜਨਮ ਦੇਣ ਵਾਲੇ ਹਾਰਮੋਨਜ਼ ਦਾ ਪੱਧਰ ਘਟਦਾ ਹੈ |

ਪਾਚਨ ਤੰਤਰ ਸਹੀ ਰੱਖਣ, ਵਜ਼ਨ ਘਟਾਉਣ ਅਤੇ ਚਰਬੀ ਘੱਟ ਕਰਨ ਵਿੱਚ ਵੀ ਹਾਸਾ ਅਹਿਮ ਭੂਮਿਕਾ ਨਿਭਾਉਂਦਾ ਹੈ | ਜ਼ੋਰ ਜ਼ੋਰ ਦੀ ਹੱਸਣ ਨਾਲ ਮਨੁੱਖ ਦੇ ਸਰੀਰ ਵਿੱਚ ਇੱਕ ਤਰੰਗ ਜਿਹੀ ਦੌੜ ਜਾਂਦੀ ਹੈ ਜਿਸ ਵਿੱਚ ਇੰਡਰੋਫਿਨ ਹਾਰਮੋਨ ਵੀ ਹੁੰਦਾ ਹੈ ਜੋ ਕੁਦਰਤੀ ਰੂਪ ਨਾਲ ਸਾਡੇ ਸਰੀਰ ਦਾ ਦਰਦ ਨਿਵਾਰਕ ਹੈ।ਸਾਰਾ ਦਿਨ ਮੱਥੇ ਉੱਤੇ ਸ਼ਿਕਨ, ਦਿਮਾਗ ਵਿੱਚ ਸਕੀਮਾਂ ਅਤੇ ਦਿਲ ਵਿੱਚ ਅੱਗੇ ਨਿਕਲਣ ਦੀ ਹੋੜ ਨਾਲ ਜੂਝਦੇ ਵਿਅਕਤੀ ਜਦੋਂ ਸ਼ਾਮ ਨੂੰ ਘਰ ਜਾਂਦੇ ਹਨ ਤਾਂ ਉਦੋਂ ਬੀਵੀ, ਬੱਚਿਆਂ ਨਾਲ ਸਮਾਂ ਬਿਤਾਉਣਾ ਤਾਂ ਇੱਕ ਪਾਸੇ, ਸਗੋਂ ਉਨ੍ਹਾਂ ਨੂੰ ਕਹਿ ਦਿੰਦੇ ਹਨ ਕਿ ਅੱਜ ਮੈਂ ਬਹੁਤ ਥੱਕ ਗਿਆ ਹਾਂ, ਮੈਂ ਪਰੇਸ਼ਾਨ ਹਾਂ, ਮੈਨੂੰ ਇਕੱਲਾ ਛੱਡ ਦਿਉ | ਉਹ ਇਹ ਭੁੱਲ ਜਾਂਦੇ ਹਨ ਕਿ ਵੱਡੀ ਤੋਂ ਵੱਡੀ ਥਕਾਨ ਤੇ ਪਰੇਸ਼ਾਨੀ ਪਰਿਵਾਰ ਨਾਲ ਹੱਸ-ਖੇਡ ਕੇ ਪਲਾਂ ਵਿੱਚ ਛੂ-ਮੰਤਰ ਹੋ ਜਾਂਦੀ ਹੈ |

ਕਹਿੰਦੇ ਹਨ ਕਿ ਦੁੱਖ ਵੰਡਣ ਨਾਲ ਘਟਦਾ ਹੈ ਤੇ ਹਾਸੇ ਵੰਡਣ ਨਾਲ ਦੁੱਗਣੇ ਹੁੰਦੇ ਹਨ | ਡਾਕਟਰਾਂ ਅਨੁਸਾਰ ਹਾਸਾ ਵੱਖ-ਵੱਖ ਰੋਗਾਂ ਦੀ ਦਵਾਈ ਹੈ | ਇਹ ਇੱਕ ਇਸ ਤਰ੍ਹਾਂ ਦੀ ਦਵਾਈ ਹੈ ਜਿਸ ਦਾ ਸਾਡੇ ਸਰੀਰ ਉੱਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ |ਹਾਸਾ ਸਿਹਤ ਲਈ ਫਾਇਦੇਮੰਦ ਹੈ। ਹਾਸਾ ਡਿਪਰੈਸ਼ਨ ਲਈ ਟੌਨਿਕ ਦਾ ਕੰਮ ਕਰਦਾ ਹੈ। ਹਾਸਾ ਸਰੀਰ ਵਿੱਚ ਮੈਲਾਟੋਨਿਨ ਹਾਰਮੋਨ ਪੈਦਾ ਕਰਦਾ ਹੈ। ਇਹ ਰਾਤ ਨੂੰ ਆਰਾਮਦਾਇਕ ਨੀਂਦ ਲੈਣ ਵਿਚ ਮਦਦ ਕਰਦਾ ਹੈ।ਦਰਦ ਤੋਂ ਰਾਹਤ- ਹੱਸਣ ਨਾਲ ਐਂਡੋਰਫਿਨ ਨਾਂ ਦਾ ਹਾਰਮੋਨ ਨਿਕਲਦਾ ਹੈ। ਇਹ ਸਰੀਰ ਤੋਂ ਤਣਾਅ ਨੂੰ ਦੂਰ ਕਰਨ ਵਿੱਚ ਕਾਫੀ ਹੱਦ ਤੱਕ ਮਦਦ ਕਰਦਾ ਹੈ।

ਤਣਾਅ ਮੁਕਤ ਰਹਿਣ ਲਈ ਹਾਸੇ ਤੋਂ ਵੱਡੀ ਕੋਈ ਦਵਾਈ ਨਹੀਂ ਹੈ।ਜੋ ਲੋਕ ਹੱਸਦੇ ਹਨ, ਉਹੀ ਖੁਸ਼ ਹੁੰਦੇ ਹਨ,ਉਹ ਸਮਾਜ ਵਿੱਚ ਖੁੱਲ੍ਹ ਕੇ ਵਿਚਰਦੇ ਹਨ। ਮੈਨੂੰ ਗਾਇਕ ਗੁਰਦਾਸ ਮਾਨ ਸਾਹਿਬ ਦੇ ਗੀਤ ਦੇ ਬੋਲ ਯਾਦ ਆਉਂਦੇ ਹਨ,” ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ…” , ਗੱਲ ਵੀ ਸੱਚੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜ਼ਦੂਰ ਦਿਵਸ ਤੇ ਮਜ਼ਦੂਰਾਂ ਨੂੰ ਛੁੱਟੀ ਕਿਉ ਨਹੀ
Next articleਚਾਅ ਬਣਿਆ ਰਹਿਣਾ ਜ਼ਰੂਰੀ ਐ! ਮੇਰਾ ਵੀ..ਤੁਹਾਡਾ ਵੀ!!!