ਜਥੇਬੰਦੀ ਦੇ ਪ੍ਰਧਾਨ ਦੀ ਸ਼ਖਸ਼ੀਅਤ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ – ਸੱਤਵਾਂ (ਭਾਗ ਪਹਿਲਾ)
 

ਹਰੇਕ ਬੰਦੇ ਦਾ ਆਪਣਾ ਸੁਭਾਅ ਅਤੇ ਸ਼ੌਕ ਹੁੰਦਾ ਹੈ। ਕਿਸੇ ਨੂੰ ਇਕਾਂਤ ਪਿਆਰਾ, ਕਿਸੇ ਨੂੰ ਗੀਤ ਸੰਗੀਤ, ਕਿਸੇ ਨੂੰ ਵਿਚਾਰ ਚਰਚਾ, ਕਿਸੇ ਨੂੰ ਭਾਸ਼ਣ ਪ੍ਰੇਮ। ਜੇਲ੍ਹ ਵਿਚ ਵੀ ਸਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਜੀ ਦਾ ਲੈਕਚਰ ਸੁਣਨ ਲਈ ਸਾਰੇ ਉਤਾਵਲੇ ਹੁੰਦੇ।
ਪ੍ਰਧਾਨ ਜੀ ਦਾ ਭਾਸ਼ਣ ਬੜਾ ਭਾਵਪੂਰਤ, ਸ਼ਬਦਾਂ ਦੀ ਚੋਣ, ਉਹਨਾਂ ‘ਚੋਂ ਦਿਸਦਾ ਪੱਕਾ ਇਰਾਦਾ, ਸਭ ਲਈ ਟਾਨਿਕ ਦਾ ਕੰਮ ਕਰਦਾ। ਯੂਨੀਅਨ ਦੀਆਂ ਬਾਹਰਲੀਆਂ ਗਤੀਵਿਧੀਆਂ ‘ਤੇ ਰੁਜ਼ਾਨਾ ਦੀ ਕਾਰਵਾਈ ਦੀ ਰਿਪੋਰਟ ਉਦੋਂ ਤੱਕ ਪ੍ਰਧਾਨ ਜੀ ਨੂੰ ਮਿਲ ਜਾਂਦੀ ਸੀ। ਸਵੇਰ ਤੋਂ ਸ਼ਾਮ ਤੱਕ ਕੁਝ ਬੁਝੇ ਹੋਏ ਚਿਹਰਿਆਂ ‘ਤੇ ਲੈਕਚਰ ਸੁਣਨ ਨਾਲ, ਇੱਕ ਜੇਤੂ ਨਸ਼ੇ ਵਰਗੀ,ਉਮੀਦ ਦੀ ਕਿਰਨ, ਸਭ ਨੂੰ ਸ਼ਾਂਤ ਕਰ ਦਿੰਦੀ।

ਉਹਨਾਂ ਦੇ ਭਾਸ਼ਣ ‘ਚ ਸਰਕਾਰ ਪ੍ਰਤੀ ਨਫ਼ਰਤ, ਅਧਿਆਪਕਾਂ ਨੂੰ ਨਤਮਸਤਕ, ਹਰੇਕ ਹੱਕ ਹਿੱਕ ‘ਤੇ ਗੋਡਾ ਧਰਕੇ ਲੈਣੇ ਹਨ” ਸਾਰਿਆਂ ਵਿਚ ਫ਼ੇਰ ਤੋਂ ਜੋਸ਼ ਭਰ ਦਿੰਦੇ। ਉਹ ਸਟੇਜ ‘ਤੇ , ਬੈਰਕ ਵਿਚ,ਗਰਾਊਂਡ ਵਿਚ ਗੱਲਾਂ ਕਰਦੇ,ਸਭ ਤੋਂ ਵੱਧ ਹੌਂਸਲੇ ਵਿਚ ਜਾਪਦੇ। ਸਵੇਰੇ ਜਲਦੀ ਉੱਠਣਾ, ਰਾਤ ਨੂੰ ਸਾਰਿਆਂ ਨੂੰ ਸੁਆ ਕੇ ਫਿਰ ਸੌਣਾ, ਅਲੱਗ ਅਲੱਗ ਬੈਰਕਾਂ ਵਿਚ ਜਾ ਕੇ,ਵਿਚਾਰ ਚਰਚਾ ਕਰਨੀ,ਨਵੇਂ ਨਵੇਂ ਪ੍ਰੋਗਰਾਮ ਉਲੀਕਣੇ, ਜੇਲ੍ਹ ਤੋਂ ਬਾਹਰ ਕੰਮ ਕਰ ਰਹੇ ਯੋਧਿਆਂ ਨੂੰ ਸੇਧਾਂ ਦੇਣੀਆਂ, ਉਹਨਾਂ ਦੇ ਹਰ ਪਲ ਦਿਮਾਗ਼ ‘ਚ ਰਹਿੰਦਾ। ਇੱਕ ਦੋ ਵਾਰ ਤੋਂ ਸਿਵਾਏ, ਮੈਂ ਉਹਨਾਂ ਨੂੰ ਕਦੇ ਤਣਾਓ ਵਿਚ ਨਹੀਂ ਵੇਖਿਆ।

ਆਪੇ ਤੋਂ ਬਾਹਰ ਉਨ੍ਹਾਂ ਕਦੇ ਗੱਲ ਨਹੀਂ ਸੀ ਕੀਤੀ। ਜਿਸ ਫ਼ੌਜ ਦਾ ਜਰਨੈਲ, ਐਨਾ ਤਕੜਾ ਅਣਥੱਕ, ਸੂਝਵਾਨ ਹੋਵੇ, ਉਹ ਫ਼ੌਜਾਂ ਕਦੇ ਮਾਰ ਨਹੀਂ ਖਾਂਦੀਆਂ। ਪ੍ਰਧਾਨ ਜੀ ਦਾ ਸਟੇਜ ਤੇ ਕਹਿਣਾ,

ਮੇਰੇ ਬਾਂਕੇ ਵੀਰੋ!
ਪੰਜਾਬ ਦੀਆਂ ਸਾਰੀਆਂ ਟਰੇਡ ਯੂਨੀਅਨਾਂ,ਜਥੇਬੰਦੀਆਂ ਤੁਹਾਡੀ ਸਟ੍ਰਾਈਕ ਵੱਲ ਵੇਖ ਰਹੀਆ ਹਨ। ਜੇ ਤੁਸੀਂ ਮਾਰ ਖਾ ਗਏ, ਹੌਂਸਲਾ ਛੱਡ ਗਏ, ਤੁਹਾਡਾ ਤਾਂ ਕੀ ਵੱਟਨੈਂ, ਦੂਜੀਆਂ ਜਥੇਬੰਦੀਆਂ ਦਾ ਵੀ ਕੁਝ ਨਹੀਂ ਵੱਟੀਂਦਾ। ਗੱਲ ਵੀ ਠੀਕ ਸੀ। ਵੱਖ-ਵੱਖ ਜਥੇਬੰਦੀਆਂ ਅਲੱਗ-ਅਲੱਗ ਗਰੁੱਪਾਂ ‘ਚ, ਅਲੱਗ-ਅਲੱਗ ਵਿਚਾਰਧਾਰਾ ਦੀਆਂ। ਪਰ ਸਹਾਇਤਾ ਪ੍ਰਾਪਤ ਸਕੂਲਾਂ ਦੀ ਜਥੇਬੰਦੀ, ਇੱਕ ਝੰਡਾ,ਇੱਕ ਨਿਸ਼ਾਨ, ਇੱਕ ਐਲਾਨ, ਇੱਕ ਪੈਗ਼ਾਮ। ਸੇਵਾਦਾਰ ਤੋਂ ਪ੍ਰਿੰਸੀਪਲ ਤੱਕ, ਕਲਰਕ ਤੋਂ ਸੇਵਾਮੁਕਤ ਅਧਿਆਪਕ ਤੱਕ ਸਭ ਇੱਕ ਝੰਡੇ ਥੱਲੇ। ਫੇਰ ਸਾਨੂੰ ਡਰ ਕਾਹਦਾ ਵੇ ਧੀਂਗਾ।

1-1-96 ਤੋਂ ਗ੍ਰੇਡ ਲਏ ਬਿਨਾਂ ਮੇਰੀ ਲਾਸ਼ ਬੂੜੈਲ ਜੇਲ੍ਹ ‘ਚੋਂ ਜਾ ਸਕਦੀ ਹੈ,ਪਰ ਮੈਂ ਇੱਕ ਹਾਂਡੀ ਦੋ ਪੇਟ ਨਹੀਂ ਕਰਨ ਦਿਆਂਗਾ। ਇਹ ਸ਼ਬਦ ਜਦੋਂ ਪ੍ਰਧਾਨ ਜੀ ਸਟੇਜ ‘ਤੇ ਕਹਿੰਦੇ, ਤਾਂ ਸਭ ਅਡੋਲ ਹੋ ਜਾਂਦੇ। ਮੈਂ ਅਕਸਰ ਉਹਨਾਂ ਨਾਲ ਦੇਰ ਰਾਤ ਤੱਕ ਰਹਿੰਦਾ ਵਿਚਾਰ-ਚਰਚਾ ਕਰਦਾ,ਪਰ ਕਦੇ ਵੀ ਨਾ ਇਹ ਪੁੱਛਦਾ‌, ਕਿ “ਇਹ ਸਿਲਸਿਲਾ ਕਿੰਨਾ ਸਮਾਂ ਚੱਲੇਗਾ।” ਜੇਲ੍ਹ ‘ਚੋ ਉਹ ਦੋ,ਚਾਰ ਬੰਦਿਆਂ ਨਾਲ ਹੀ ਗੁਪਤ ਗੱਲਬਾਤ ਕਰਦੇ।

ਉਹਨਾਂ ਦੀ ਮੁਲਾਕਾਤ ਵੇਲੇ ਮੈਂ ਅਕਸਰ ਨਾਲ ਹੁੰਦਾ। ਮੈਂ ਜੇ ਨਾਂਹ ਵੀ ਕਰਦਾ, ਤਾਂ ਵੀ ਉਹ ਮੈਨੂੰ ਨਾਲ ਲੈ ਜਾਂਦੇ। ਉਹਨਾਂ ਦੀ ਮੁਲਾਕਾਤ ਅਕਸਰ ਜੇਲ੍ਹ ਸੁਪਰਡੈਂਟ ਦੇ ਨਿੱਜੀ ਕਮਰੇ ਵਿਚ ਹੁੰਦੀ। ਵੱਡੇ ਵੱਡੇ ਮਨਿਸ਼ਟਰ, ਐੱਮ.ਐੱਲ. ਏ. ਵਕੀਲ , ਯੂਨੀਅਨ ਨੇਤਾ, ਉਹਨਾਂ ਨੂੰ ਮਿਲਣ ਆਉਂਦੇ। ਸਰਕਾਰ ਨਾਲ ਗੱਲਬਾਤ ਦੀ ਰਿਪੋਰਟ ਦੱਸਦੇ, ਖਾਣ ਪੀਣ ਦਾ ਸਮਾਨ ਤੇ ਫੰਡ ਵੀ ਦੇ ਕੇ ਜਾਂਦੇ। ਵਿੱਤ ਮੰਤਰੀ ਦੇ ਅੜੀਅਲ ਵਤੀਰੇ ਦੀ ਹਰ ਵਾਰ ਚਰਚਾ ਹੁੰਦੀ। ਇਹ ਮੁਲਾਕਾਤਾਂ ਅਕਸਰ ਹੀ ਰਾਤੀਂ, 8 ਵਜੇ ਤੋਂ ਬਾਅਦ ਜਾਂ ਸਵੇਰੇ ਵੱਡੇ ਤੜਕੇ ਹੁੰਦੀਆਂ। ਉਸੇ ਮੁਤਾਬਕ ਅੱਗ਼ੇ ਪ੍ਰੋਗਰਾਮ ਉਲੀਕੇ ਜਾਂਦੇ।

ਪ੍ਰਧਾਨ ਜੀ ਸਦਾ ਹੀ ਟਿੱਪ ਟਾਪ ਰਹਿੰਦੇ, ਉਨ੍ਹਾਂ ਦੇ ਬਿਸਤਰ ਨਾਲ ਪ੍ਰੇਮ ਦੀ ਭਾਟੀਆ (ਅੰਮ੍ਰਿਤਸਰ ਸਾਹਿਬ) ਤੇ ਉਨ੍ਹਾਂ ਦਾ ਸਾਰਾ ਜੱਥਾ ਬੜਾ ਜ਼ਿੰਦਾ-ਦਿਲ, ਸਾਰਾ ਦਿਨ ਰੌਣਕਾਂ-ਜਿਵੇਂ ਕਿਸੇ ‘ਤੇ ਕੋਈ ਭਾਰ ਹੀ ਨਾ ਹੋਵੇ- ਘਰ ਦਾ ਖ਼ਿਆਲ ਆਉਂਦਾ ਹੀ ਨਾ ਹੋਵੇ। ਅਕਸਰ ਹੀ ਆਪਣੀ ਪੱਗ ਦੀ ਪੂਣੀ ਕਰਵਾਉਣ ਲਈ ਪ੍ਰਧਾਨ ਜੀ ਮੈਨੂੰ ਆਵਾਜ਼ ਮਾਰ ਤੇ ਕਹਿੰਦੇ,” ਜੱਸੀ ਪੁੱਤਰ! ਆਪਣਾ ਵੱਡਾ ਸ਼ੀਸ਼ਾ ਵੀ ਲੈਂਦਾ ਆਈਂ। ਜਦੋਂ ਰਾਤੀਂ ਸਾਰੀਆਂ ਬੈਰਕਾਂ ‘ਚੋਂ, ਦੁੱਖ ਤਕਲੀਫ਼ਾਂ ਸੁਣਨ ਤੋਂ ਬਾਅਦ, ਆਪਣੇ ਵਾਲੀ ਬੈਰਕ ‘ਚ ਆਉਂਦੇ, ਤਾਂ ਕਮੀਜ ਪਜਾਮਾ ਪਾ ਕੇ ਸਿਰ ‘ਤੇ ਪਰਨਾ ਬੰਨ੍ਹ ਕੇ ਸਾਡੇ ਬਿਸਤਰ ‘ਤੇ ਆ ਜਾਂਦੇ। ਸਾਡੇ ਬਿਸਤਰਿਆਂ ਤੇ ਆ ਕੇ ਉਹ ਪੂਰੀ ਤਰ੍ਹਾਂ ਤਣਾਅ ਮੁਕਤ ਮਹਿਸੂਸ ਕਰਦੇ,ਕਿਉਂਕਿ ਸਟੇਟ ਵਾਈਸ ਪ੍ਰੈਜ਼ੀਡੈਂਟ ਸ੍ਰੀ ਓਮ ਪ੍ਰਕਾਸ਼ ਵਰਮਾ ਜੀ , ਪ੍ਰਿੰਸੀਪਲ ਸ੍ਰ ਹਰਨੇਕ ਸਿੰਘ ਸਿੱਧੂ (ਖਾਲਸਾ ਸਕੂਲ ਬਠਿੰਡਾ) ਮੈਂ ਤੇ ਪਰਮਜੀਤ ਸਿੰਘ ਬਠਿੰਡਾ, ਉਹਨਾਂ ਦੇ ਖ਼ਾਸ ਦੀਵਾਨੇ ਸਾਂ। ਉਹ ਵੀ ਸਾਡਾ ਬਹੁਤ ਸਤਿਕਾਰ ਕਰਦੇ। ਰਾਤੀਂ ਦੇਰ ਤੱਕ ਵਿਚਾਰ ਚਰਚਾ ਦੇ ਨਾਲ-ਨਾਲ ਹਾਸਾ ਠੱਠਾ ਵੀ ਹੁੰਦਾ। ਯੂਨੀਅਨ ਦੇ ਸਵੇਰੇ ਪ੍ਰੈੱਸ ਨੋਟ ਲਿਖਣ ਲਈ ਮੈਨੂੰ ਤੇ ਪਰਮਜੀਤ ਸਿੰਘ ਨੂੰ ਦਿਸ਼ਾ-ਨਿਰਦੇਸ਼, ਰਾਤ ਨੂੰ ਹੀ ਦਿੰਦੇ।

ਸਾਡੇ ਬਿਸਤਰਿਆਂ ‘ਤੇ ਸਾਰੀ ਸਾਰੀ ਰਾਤ ਰੌਣਕਾਂ ਲੱਗੀਆਂ ਰਹਿੰਦੀਆਂ। ਸਾਡੇ ਸਿਰ੍ਹਾਣੇ ਵਾਲੇ ਪਾਸੇ ਖਾਲਸਾ ਸਕੂਲ ਬਠਿੰਡਾ ਤੇ ਸਾਡਾ ਐੱਸ.ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਸਟਾਫ਼ ਦੇਰ ਰਾਤ ਤੱਕ ਤਾਸ਼ ਖੇਡਦਾ ਰਹਿੰਦਾ। ਖੇਡ ਵੀ ਕੀ ਭਾਬੀ ਦਿਓਰ। ਬਸ ਜਿਹੜੀ ਭਾਬੀ ਬਣ ਗਈ, ਸਮਝੋ ਉਸ ਦੀ ਸ਼ਾਮਤ ਆ ਗਈ। ਭਾਬੀ ਭਾਬੀ ਦਾ ਅਲਾਪ ਜਦੋਂ ਸਾਰੀ ਬੈਠਕ ਵਿਚ ਗੂੰਜਦਾ, ਸਾਰੇ ਜੇਲ੍ਹੀ ਸਾਥੀ ਉੱਠ ਉੱਠ ਦੇਖਦੇ।

ਦਿਲ ਖੁਸ਼ ਕਰਨ ਤੇ ਮਸ਼ਕਰੀਆਂ ਕਰਨ ਲਈ,ਭਾਬੀ ਬਣਨ ਵਾਲੇ ਦੀਆਂ ਗੱਲ੍ਹਾਂ ਤੱਕ ਪਲੋਸੀਆਂ ਜਾਂਦੀਆਂ। ਇਸ ਸ਼ਰਾਰਤ ਦਾ ਕੋਈ ਗੁੱਸਾ ਨਾ ਕਰਦਾ ਕਿਉਂਕਿ ਮੈਨੂੰ ਤੇ ਪਰਮਜੀਤ ਸਿੰਘ ਨੂੰ ਤਾਸ਼ ਖੇਡਣੀ ਘੱਟ ਆਉਂਦੀ ਸੀ, ਫ਼ੇਰ ਵੀ ਕਿਵੇਂ ਨਾ ਕਿਵੇਂ ਅਸੀਂ ਨਿਕਲ ਜਾਂਦੇ ਜਾਂ ਦਰਸ਼ਨ ਤੇ ਵੇਦ ਪ੍ਰਕਾਸ਼ ਵਰਗਾ ਤਾਸ਼ ਬਾਜ਼, ਸਾਡੇ ਪੱਤੇ ਫੜਕੇ ਸਾਨੂੰ ਭਾਬੀ ਬਣਨ ਤੋਂ ਬਚਾ ਲੈਂਦਾ।

ਇਕ ਦਿਨ ਮੈਂ ਤਾਸ਼ ਖੇਡ ਨਹੀਂ ਸੀ ਰਿਹਾ। ਕੋਲ ਬੈਠਾ ਦੇਖ ਰਿਹਾ ਸੀ। ਭਾਬੀ ਸਾਡਾ ਅਧਿਆਪਕ ਸਾਥੀ ਪ੍ਰਦੀਪ ਬਣ ਗਿਆ। ਮੈਂ ਜਦੋਂ ਭਾਬੀ ਕਹਿਕੇ ਉਹ ਉਸਦੀ ਗੱਲ੍ਹ ਤੇ ਹੱਥ ਲਾਇਆ, ਤਾਂ ਉਹ ਛਾਲ ਮਾਰ ਕੇ ਖੜ੍ਹਾ ਹੋ ਗਿਆ। ਮੈਨੂੰ ਕਹਿੰਦਾ,”ਜਸਪਾਲ ਜੀ, ਇਹ ਗੱਲ ਮਾੜੀ ਐ, ਜਿਹੜੇ ਬੰਦੇ ਖੇਡਦੇ ਨੇ, ਉਹ ਹੀ ਮੇਰੀ ਗੱਲ੍ਹ ਤੇ ਹੱਥ ਲਗਾ ਸਕਦੇ ਨੇ। ਤੁਸੀਂ ਤਾਂ ਖੇਡ ਹੀ ਨਹੀਂ ਰਹੇ। ਬੜਾ ਹਾਸਾ ਪਿਆ।

ਸਾਡੇ ਦੋ ਸਾਥੀ ਸ੍ਰੀ ਆਦੇਸ਼ ਚੰਦ ਸ਼ਰਮਾ, ਸ. ਪ੍ਰਿਤਪਾਲ ਸਿੰਘ ਜੀ, ਜਦੋਂ ਭਾਬੀ ਬਣਦੇ ਤਾਂ ਅੱਖਾਂ ਮੀਚ ਲੈਂਦੇ, ਤੇ ਕਹਿੰਦੇ ਲਾ ਲਵੋ ਹੱਥ। ਆਦੇਸ਼ ਜੀ ਦੀਆਂ ਗੱਲ੍ਹਾਂ ‘ਤੇ ਤਾਂ ਸਾਰੇ ਹੱਥ ਲਗਾ ਲੈਂਦੇ, ਪਰ ਜਦੋਂ ਪ੍ਰਿਤਪਾਲ ਜੀ ਦੇ ਹੱਥ ਲਗਾਉਂਦੇ, ਤਾਂ ਵੱਡੀ ਵੱਡੀ ਦਾੜ੍ਹੀ ਹੋਣ ਕਰ ਕੇ ਕੇਵਲ ਉਂਗਲ ਹੀ ਬਿਨਾਂ ਦਾੜ੍ਹੀ ਵਾਲੀ ਥਾਂ ‘ਤੇ ਲਗਾ ਛੱਡਦੇ। ਕੀ ਜ਼ਿੰਦਗੀ ਸੀ। ਕੀ ਸੁਆਦ ਸੀ ! ਸਾਰੇ ਦਿਨ ਦੀ ਥਕਾਵਟ ਇੱਕ ਪਲ ‘ਚ ਹੀ ਦੂਰ। ਹਾਸੇ ਵਿਚ ਕਿੰਨੀ ਜਾਨ ਹੁੰਦੀ ਹੈ। ਜੇ ਅੱਗੋਂ ਕੋਈ ਗੁੱਸਾ ਕਰਨ ਵਾਲਾ ਨਾ ਹੋਵੇ।

ਇੱਕ ਦਿਨ ਤਾਂ ਹੱਦ ਹੀ ਹੋ ਗਈ। ਅਸੀਂ ਸਾਰੇ ਦਿਨੇਂ ਸਵੇਰੇ ਹੀ, ਬੈਰਕ ਦੇ ਬਾਹਰ ਤਾਸ਼, ਭਾਬੀ ਦਿਓਰ ਖੇਡੀ ਜਾ ਰਹੇ ਸਾਂ। ਦਸ,ਬਾਰਾਂ ਅਧਿਆਪਕ ਹੋਵਾਂਗੇ। ਸਾਡੇ ਕੁਝ ਸਾਥੀ ਨਾਲ ਹੀ ਬੈਠੇ, ਤੇਲ ਮਾਲਸ਼ ਕਰੀ ਜਾ ਰਹੇ ਸਨ। ਜਦੋਂ ਸਾਥੀ ਪਵਨ ਭਾਬੀ ਬਣਿਆ ਤਾਂ ਸਾਡਾ ਡੀ. ਪੀ. ਈ. ਜਿਹੜਾ ਥੋੜ੍ਹਾ ਦੂਰ ਬੈਠਾ ਤੇਲ ਮਾਲਸ਼ ਕਰ ਰਿਹਾ ਸੀ, ਉਸਨੇ ਪਵਨ ਦੇ ਪੱਟਾਂ ਤੇ ਭਾਬੀ ਭਾਬੀ ਕਹਿੰਦਿਆਂ ਆ ਛਾਲ ਮਾਰੀ। ਸਾਰੇ ਹੈਰਾਨ, ਪ੍ਰਬੀਨ ਪੁਰੀ ਦਾ ਅਚਨਚੇਤ ਹਮਲਾ, ਸਾਰੇ ਹੱਸ-ਹੱਸ ਦੂਹਰੇ ਹੁੰਦੇ ਜਾਈਏ । ਸਿਆਣੇ ਕਹਿੰਦੇ ਹਨ:-
ਹੱਸਦਿਆਂ ਦੇ ਘਰ ਵਸਦੇ।

ਹੱਸਣ ਨਾਲ ਕਿੰਨਾ ਸੋਹਣਾ ਸਮਾਂ ਨਿਕਲਦਾ ਹੈ। ਕਿਸੇ ਨੂੰ ਘਰ ਦੀ ਕੋਈ ਯਾਦ ਵੀ ਨਹੀਂ ਆਉਂਦੀ। ਜੇਲ੍ਹ ਵਿਚ ਹੋਰ ਕੰਮ ਵੀ ਕੀ ਹੁੰਦਾ ਹੈ।
ਹੱਸ ਲੇ, ਖੇਡ ਲੇ, ਖਾ ਲਿਆ ਪੀ ਲਿਆ। ਮਾਲਸ਼ ਕਰ ਲਈ, ਗੀਤ ਗਾ ਲੇ।
ਚਲਦਾ……

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -277
Next articleਸਕੂਲੀ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਆ ਬਾਰੇ ਜਾਣਕਾਰੀ ਦਿੱਤੀ