ਏਹੁ ਹਮਾਰਾ ਜੀਵਣਾ ਹੈ -277

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਲੰਗਰ ,ਸਾਂਝੀ ਰਸੋਈ ਲਈ ਵਰਤਿਆ ਜਾਣ ਵਾਲਾ ਉਹ ਸ਼ਬਦ ਹੈ, ਜਿਸ ਅਨੁਸਾਰ ਗੁਰੂ ਘਰ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਬਹੁਤ ਸਾਰੇ ਲੋਕਾਂ ਵੱਲੋਂ ਬਹੁਤ ਸ਼ਰਧਾ ਨਾਲ ਖਾਣਾ ਬਣਾਇਆ ਜਾਂਦਾ ਹੈ ਤੇ ਫਿਰ ਸਾਰੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਖਾਣਾ ਛਕਾਇਆ ਜਾਂਦਾ ਹੈ। ਲੰਗਰ ਵਿੱਚ ਆਮ ਤੌਰ ਉੱਤੇ ਖਾਣਾ ਸਾਰੀ ਸੰਗਤ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਇਸ ਤਰ੍ਹਾਂ ਪਰੋਸਿਆ ਜਾਂਦਾ ਹੈ ਕਿ ਸਾਰੇ ਲੋਕ ਆਪਣੇ ਪਿਛੋਕੜ ਦੇ ਵਿਤਕਰੇ ਨੂੰ ਭੁਲਾ ਕੇ ਛਕ ਸਕਣ।ਜਿਸ ਤਰ੍ਹਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਏਕਤਾ ਅਤੇ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ ਉਸੇ ਤਰ੍ਹਾਂ ਲੰਗਰ ਪਕਾਉਣ ਅਤੇ ਛਕਾਉਣ ਦੀ ਸੇਵਾ ਕਰਨ ਨਾਲ ਹਉਮੈ ਦੀ ਨਵਿਰਤੀ ਹੁੰਦੀ ਹੈ। ਲੰਗਰ ਦੀ ਸੇਵਾ ਅਸਲ ’ਚ ਗੁਰੂ ਦੀ ਸੇਵਾ ਹੈ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨਾ ਹੈ। ਰਸਮੀ ਤੌਰ ਤੇ ਲੰਗਰ ਪ੍ਰਥਾ ਦੀ ਸ਼ੁਰੂਆਤ ਤੀਜੇ ਗੁਰੂ ਅਮਰਦਾਸ ਜੀ ਦੇ ਦੌਰ ਵਿੱਚ ਹੋਈ। ਉਂਝ ਜੇ ਦੇਖਿਆ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੇ ਵੀਹ ਰੁਪਏ ਦੇ ਸੱਚੇ ਸੌਦੇ ਤੋਂ ਹੀ ਇਹ ਪ੍ਰਥਾ ਚਾਲੂ ਹੋ ਗਈ ਸੀ। ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥

ਬਾਣੀ ਦੀਆਂ ਉਪਰੋਕਤ ਤੁਕਾਂ ਅਨੁਸਾਰ ਹੁਣ ਜੇ ਲੰਗਰ ਪਕਾਉਣ ਦੀ ਗੱਲ ਕਰੀਏ ਤਾਂ ਅਧਿਆਤਮਿਕ ਮਾਰਗ ‘ਤੇ ਚੱਲਦਿਆਂ ਗੁਰੂ ਘਰ ਵਿੱਚ ਨਿਰ-ਇੱਛਤ ਅਤੇ ਸ਼ਰਧਾ ਨਾਲ ਕੀਤੀ ਗਈ ਸੇਵਾ ਦੀ ਬੜੀ ਮਹਾਨਤਾ ਹੈ ਅਤੇ ਉਹ ਗੁਰੂ ਦੇ ਦਰ ‘ਤੇ ਪਰਵਾਨ ਹੁੰਦੀ ਹੈ। ਸੇਵਾ ਕਰਨ ਵਾਲੇ ਸੇਵਕ ਦਾ ਹਉਮੈ ਰੋਗ ਕੱਟਿਆ ਜਾਂਦਾ ਹੈ। ਸੇਵਾ ਕਰਨ ਨਾਲ ਮਨ ਵਿੱਚ ਹਲੀਮੀ ਆਉਂਦੀ ਹੈ। ਲੰਗਰ ਪਕਾਉਣ ਸਮੇਂ ਜੋ ਸੇਵਾ ਭਾਵ ਉਪਜਦਾ ਹੈ ਉਸ ਸਮੇਂ ਮਨੁੱਖ ਦੇ ਅੰਦਰ ਦੀ ਪ੍ਰਵਿਰਤੀ ਐਨੀ ਸ਼ੁੱਧ ਹੋਈ ਹੁੰਦੀ ਹੈ ਕਿ ਉਸ ਦੇ ਹਿਰਦੇ ਵਿੱਚ ਸ਼ਰਧਾ ਭਾਵਨਾ ਠਾਠਾਂ ਮਾਰ ਰਹੀ ਹੁੰਦੀ ਹੈ,ਉਸ ਦੀ ਜ਼ੁਬਾਨ ਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਚੱਲ ਰਿਹਾ ਹੁੰਦਾ ਹੈ ਅਤੇ ਰੋਮ ਰੋਮ ਵਿੱਚੋਂ ਪਰਮਾਤਮ ਪਿਆਰ ਦੀਆਂ ਤਰੰਗਾਂ ਜਦ ਨਿਕਲਦੀਆਂ ਹਨ ਤਾਂ ਉਨ੍ਹਾਂ ਹੱਥਾਂ ਨਾਲ ਬਣਾਇਆ ਖਾਣਾ ਲੰਗਰ ਬਣ ਜਾਂਦਾ ਹੈ ਜਿਸ ਨੂੰ ਪੰਗਤ ਵਿੱਚ ਬੈਠ ਕੇ ਛਕਣ ਵਾਲੀ ਸੰਗਤ ਬਹੁਤ ਆਨੰਦਿਤ ਮਹਿਸੂਸ ਕਰਦੀ ਹੈ।

ਜਿਵੇਂ ਜਿਵੇਂ ਅਬਾਦੀ ਵਧ ਰਹੀ ਹੈ ਅਤੇ ਵਿਸ਼ਵੀਕਰਨ ਹੋ ਰਿਹਾ ਹੈ ਤਿਵੇਂ ਤਿਵੇਂ ਲੋਕਾਂ ਅੰਦਰ ਲੰਗਰ ਪਕਾਉਣ ਪ੍ਰਤੀ ਸੇਵਾ ਭਾਵਨਾ ਘਟਦੀ ਜਾ ਰਹੀ ਹੈ। ਜਿੱਥੇ ਸਮੇਂ ਦੀ ਲੋੜ ਮੁਤਾਬਿਕ ਸੰਗਤਾਂ ਦੀ ਸੁੱਖ ਸਹੂਲਤ ਲਈ ਇਤਿਹਾਸਕ ਗੁਰੂ ਘਰਾਂ ਵਿੱਚ ਲੰਗਰ ਪਕਾਉਣ ਵਾਲ਼ੀਆਂ ਮਸ਼ੀਨਾਂ ਆ ਗਈਆਂ ਹਨ,ਉੱਥੇ ਸੰਗਤਾਂ ਦੀ ਸਮੇਂ ਦੀ ਬੱਚਤ ਹੁੰਦੀ ਹੈ ਕਿਉਂਕਿ ਨਹੀਂ ਤਾਂ ਜ਼ਿਆਦਾ ਸੰਗਤ ਹੋਣ ਕਰਕੇ ਕਈ ਗੁਰਦੁਆਰਿਆਂ ਵਿੱਚ ਲੰਗਰ ਛਕਣ ਲਈ ਲਾਈਨਾਂ ਵਿੱਚ ਖੜ੍ਹ ਕੇ ਲੰਗਰ ਛਕਣ ਲਈ ਵਾਰੀ ਆਉਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ।ਪਰ ਇਹ ਗੱਲ ਵੱਡੇ ਇਤਿਹਾਸਕ ਗੁਰਦੁਆਰਿਆਂ ਵਿੱਚ ਤਾਂ ਢੁਕਦੀ ਹੈ ਕਿਉਂਕਿ ਉੱਥੇ ਹਰ ਵੇਲੇ ਦੂਰ ਦੂਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਆਉਣ ਕਰਕੇ ਉਨ੍ਹਾਂ ਦੀ ਸੁੱਖ ਸਹੂਲਤਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਦੂਜੀ ਗੱਲ ਮਸ਼ੀਨਾਂ ਰਾਹੀਂ ਤਿਆਰ ਹੋ ਰਹੇ ਲੰਗਰ ਲਈ ਵੀ ਸੈਂਕੜੇ ਸੇਵਾਦਾਰ ਪ੍ਰਭੂ ਸਿਮਰਨ ਕਰਦੇ ਹੋਏ ਪੂਰੀ ਸੇਵਾ ਭਾਵਨਾ ਨਾਲ ਲੰਗਰ ਪਕਾਉਣ ਵਿੱਚ ਯੋਗਦਾਨ ਪਾ ਰਹੇ ਹੁੰਦੇ ਹਨ।

ਅੱਜ ਕੱਲ੍ਹ ਪਿੰਡਾਂ, ਨਗਰਾਂ ਅਤੇ ਮੁਹੱਲਿਆਂ ਵਿੱਚ ਬਣੇ ਗੁਰਦੁਆਰਿਆਂ ਵਿੱਚ ਲੰਗਰ ਪਕਾਉਣ ਲਈ ਲੋਕਾਂ ਵਿੱਚ ਸੇਵਾ ਭਾਵਨਾ ਘਟਦੀ ਜਾ ਰਹੀ ਹੈ । ਇਸ ਦਾ ਕਾਰਨ ਸਮੇਂ ਦੀ ਕਮੀਂ ਹੋਣ ਕਰਕੇ ਜਾਂ ਐਸ਼ ਇਸ਼ਰਤ ਭਰਪੂਰ ਅਤੇ ਅਰਾਮ ਪ੍ਰਸਤ ਜੀਵਨ ਸ਼ੈਲੀ ਅਪਣਾਉਣ ਕਰਕੇ ਜਾਂ ਫਿਰ ਕਈ ਹੋਰ ਕਾਰਨ ਹੋਣ ਕਰਕੇ । ਹਜੇ ਕੁਝ ਵਰ੍ਹੇ ਪਹਿਲਾਂ ਤੱਕ ਹੀ ਲੰਗਰ ਪਕਾਉਣ ਲਈ ਸਬੰਧਤ ਨਗਰਾਂ ਦੀਆਂ ਵਾਸੀ ਔਰਤਾਂ, ਬੱਚਿਆਂ ਅਤੇ ਬੰਦਿਆਂ ਵਿੱਚ ਸੇਵਾ ਭਾਵਨਾ ਐਨੀ ਪ੍ਰਬਲ ਹੁੰਦੀ ਸੀ ਕਿ ਰੋਟੀ ਪਕਾਉਣ ਲਈ ਔਰਤਾਂ ਨੂੰ ਸੇਵਾ ਕਰਨ ਲਈ ਇੰਤਜ਼ਾਰ ਕਰਕੇ ਮੌਕਾ ਲੱਭਣਾ ਪੈਂਦਾ ਸੀ। ਦਾਲਾਂ ਸਬਜ਼ੀਆਂ ਬਣਾਉਣ ਲਈ ਇੱਕ ਦਿਨ ਪਹਿਲਾਂ ਹੀ ਔਰਤਾਂ,ਬੱਚੇ ਸਬਜ਼ੀਆਂ ਕੱਟਣ ਲਈ ਪਹੁੰਚ ਜਾਂਦੇ ਸਨ। ਸਾਰਿਆਂ ਅੰਦਰ ਸ਼ਰਧਾ ਭਾਵ ਐਨਾ ਪ੍ਰਬਲ ਹੁੰਦਾ ਸੀ ਕਿ ਜਿੱਥੇ ਇੱਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਕਰਦੇ ਸਨ ਉੱਥੇ ਹੀ ਉਹ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਸਨ ਕਿ ਉਹਨਾਂ ਨੂੰ ਇਹ ਸੁਭਾਗਾ ਮੌਕਾ ਪ੍ਰਾਪਤ ਹੋਇਆ ਹੈ।

ਪਿਛਲੇ ਕੁਝ ਕੁ ਸਾਲਾਂ ਤੋਂ ਲੰਗਰ ਪਕਾਉਣ ਲਈ ਸੇਵਾ ਭਾਵਨਾ ਵਿੱਚ ਕਮੀ ਆਈ ਹੈ,ਇਸ ਗੱਲ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਲੰਗਰ ਵਿੱਚ ਪ੍ਰਸ਼ਾਦੇ ਪਕਾਉਣ ਲਈ ਬੀਬੀਆਂ ਦਿਹਾੜੀ ਤੇ ਲਿਆਂਦੀਆਂ ਜਾਂਦੀਆਂ ਹਨ। ਆਮ ਕਰਕੇ ਘਰਾਂ ਵਿੱਚ ਖਾਣ ਵਾਲੀ ਰੋਟੀ ਨੂੰ ਗੁਰੂ ਘਰ ਵਿੱਚ ਪ੍ਰਸ਼ਾਦੇ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਉਹ ਲੰਗਰ ਵਿੱਚ ਸ਼ਰਧਾ,ਪਿਆਰ ਅਤੇ ਸਤਿਕਾਰ ਨਾਲ ਬਣੇ ਹੋਣ ਕਰਕੇ ਪ੍ਰਸ਼ਾਦ ਰੂਪ ਹੋ ਜਾਂਦਾ ਹੈ। ਵਪਾਰੀਕਰਨ ਵਧਣ ਨਾਲ ਬੇਸ਼ੱਕ ਔਰਤਾਂ ਦਿਹਾੜੀ ਤੇ ਪ੍ਰਸ਼ਾਦੇ ਬਣਾ ਕੇ ਆਪਣੇ ਪਰਿਵਾਰ ਲਈ ਕਮਾਈ ਕਰਦੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਦਿਹਾੜੀ ਤੇ ਕੰਮ ਕਰਨ ਵਾਲੇ ਵਿਅਕਤੀ ਅੰਦਰ ਧਾਰਮਿਕ ਭਾਵਨਾਵਾਂ ਦੀ ਕਮੀ ਹੁੰਦੀ ਹੈ, ਉਸ ਅੰਦਰ ਸ਼ਰਧਾ ਘੱਟ ਤੇ ਲਾਲਚ ਵੱਧ ਹੁੰਦਾ ਹੈ, ਉਹ ਤਿੰਨ ਚਾਰ ਔਰਤਾਂ ਰੋਟੀਆਂ ਪਕਾਉਂਦੀਆਂ ਹੋਈਆਂ ਨਾਮ ਸਿਮਰਨ ਦੀ ਬਿਜਾਏ ਘੁਸਰ ਮੁਸਰ ਕਰਦੀਆਂ ਚੁਗ਼ਲੀਆਂ ਕਰਦੀਆਂ ਪਾਈਆਂ ਜਾਂਦੀਆਂ ਹਨ। ਇਹੋ ਜਿਹੀਆਂ ਮਕਾਰ ਭਾਵਨਾਵਾਂ ਨਾਲ ਪਕਾਈਆਂ ਰੋਟੀਆਂ ਪ੍ਰਸ਼ਾਦਾ ਕਿਵੇਂ ਬਣ ਸਕਣਗੀਆਂ, ਉਹਨਾਂ ਅੰਦਰ ਪਰਮਾਤਮ ਰਸ ਕਿਵੇਂ ਪੈਦਾ ਹੋਵੇਗਾ,ਇਹ ਡੂੰਘਾਈ ਨਾਲ ਸੋਚਣ ਦਾ ਵਿਸ਼ਾ ਹੈ।

ਪਿਛਲੇ ਦਿਨੀਂ ਸਾਡੇ ਬਜ਼ੁਰਗ ਅਕਾਲ ਚਲਾਣਾ ਕਰ ਗਏ। ਸਸਕਾਰ ਕਰਨ ਉਪਰੰਤ ਗੁਰੂ ਘਰ ਅਰਦਾਸ ਲਈ ਪੁੱਜੇ।ਆਈ ਸੰਗਤ ਲਈ ਘਰੋਂ ਕੰਮ ਵਾਲ਼ੀ ਨੇ ਗੁਰਦੁਆਰਾ ਸਾਹਿਬ ਆ ਕੇ ਵਧੀਆ ਗਾੜ੍ਹੀ ਜਿਹੀ ਦਾਲ ਬਣਾ ਕੇ ਰੱਖ ਦਿੱਤੀ ਸੀ ਤੇ ਦਿਹਾੜੀ ਤੇ ਰੋਟੀਆਂ ਬਣਾਉਣ ਵਾਲੀਆਂ ਨੂੰ ਪ੍ਰਸ਼ਾਦਾ ਪਕਾਉਣ ਲਈ ਆਖ ਦਿੱਤਾ ਗਿਆ ਸੀ। ਜਦ ਸਸਕਾਰ ਕਰ ਕੇ ਆਏ ਲੋਕ ਗੁਰਦੁਆਰੇ ਅਰਦਾਸ ਉਪਰੰਤ ਲੰਗਰ ਛਕਣ ਲਈ ਬੈਠੇ ਤਾਂ ਦਾਲ ਫੁਲਕਾ ਪਰੋਸਿਆ ਗਿਆ। ਪਰ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਰੋਟੀ ਦਾਲ ਨਾਲ਼ ਖਾ ਰਹੇ ਸਨ ਜਾਂ ਨਮਕ ਹਲਦੀ ਪਾਕੇ ਉਬਲੇ ਹੋਏ ਪਾਣੀ ਨਾਲ਼ ਖਾ ਰਹੇ ਸਨ। ਸਾਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਪਰ ਮੌਕਾ ਇਹੋ ਜਿਹਾ ਸੀ ਕਿ ਕੋਈ ਖਾਣੇ ਬਾਰੇ ਗੱਲ ਕਰਦਾ ਚੰਗਾ ਨਹੀਂ ਲੱਗਦਾ ਸੀ। ਪਰ ਕੁਝ ਦਿਨਾਂ ਵਿੱਚ ਗੱਲ ਨਿਕਲ ਆਈ ਕਿ ਦਿਹਾੜੀ ਤੇ ਪ੍ਰਸ਼ਾਦੇ ਬਣਾਉਣ ਵਾਲ਼ੀਆਂ ਬੀਬੀਆਂ ਨੇ ਆਪਣੇ ਆਪਣੇ ਘਰਾਂ ਨੂੰ ਦਾਲ ਭੇਜ ਕੇ ਬਾਕੀ ਬਚੀ ਦਾਲ ਵਿੱਚ ਦੋ ਬਾਲਟੀਆਂ ਪਾਣੀ ਤੇ ਨਮਕ ਹਲਦੀ ਪਾ ਕੇ ਉਬਾਲ਼ ਦਿੱਤਾ ਸੀ। ਗੁਰਦੁਆਰਿਆਂ ਵਿੱਚ ਇਹੋ ਜਿਹੀ ਭਾਵਨਾ ਨਾਲ ਤਿਆਰ ਕਰਨ ਵਾਲੀਆਂ ਔਰਤਾਂ ਦੁਆਰਾ ਪਕਾਇਆ ਲੰਗਰ ਕਿੰਨਾ ਕੁ ਮਹੱਤਵ ਰੱਖਦਾ ਹੈ?

ਗੁਰਪੁਰਬ ਦੇ ਮੌਕਿਆਂ ਤੇ ਜਾਂ ਹੋਰ ਧਾਰਮਿਕ ਸਮਾਗਮਾਂ ਦੇ ਮੌਕਿਆਂ ਤੇ ਲੰਗਰ ਪਕਾਉਣ ਲਈ ਦਿਹਾੜੀ ਤੇ ਪ੍ਰਸ਼ਾਦੇ ਬਣਵਾਉਣਾ ਕਿੰਨਾ ਕੁ ਸਹੀ ਹੈ ਜਾਂ ਗ਼ਲਤ ਹੈ,ਇਸ ਬਾਰੇ ਤਾਂ ਮੈਂ ਬਹੁਤਾ ਕਿੰਤੂ ਪ੍ਰੰਤੂ ਨਹੀਂ ਕਰਦੀ ਪਰ ਐਨਾ ਜ਼ਰੂਰ ਹੈ ਕਿ ਸ਼ਰਧਾ ਭਾਵਨਾ ਨਾਲ ਪਕਾਈ ਰੋਟੀ ਜਦ ਪ੍ਰਸ਼ਾਦਾ ਬਣਦੀ ਹੈ ਤਾਂ ਅਧਿਆਤਮਕ ਭਾਵਨਾ ਵਿੱਚ ਰੰਗਿਆ ਉਹ ਪ੍ਰਸ਼ਾਦਾ ਮਨੁੱਖ ਦੇ ਲੱਖਾਂ ਰੋਗ ਤੋੜਨ ਵਾਲੀ ਦਾਰੂ ਬਣ ਜਾਂਦਾ ਹੈ ਜਿਸ ਦਾ ਮੁਕਾਬਲਾ ਦਿਹਾੜੀ ਦੇ ਕੇ ਤਿਆਰ ਕਰਵਾਇਆ ਪ੍ਰਸ਼ਾਦਾ ਕਦੇ ਨਹੀਂ ਕਰ ਸਕਦਾ। ਇਸ ਲਈ ਸਾਨੂੰ ਲੰਗਰ ਪਕਾਉਣ ਦੀ ਸੇਵਾ ਨਾਲ ਆਪ ਜੁੜ ਕੇ ਉਸ ਦਾ ਮਹੱਤਵ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਚਾਹੀਦਾ ਹੈ ਅਤੇ ਇਸ ਨਾਲ ਵੱਧ ਤੋਂ ਵੱਧ ਜੋੜਨਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵੀਰਾਜ ਡਾ.ਰਵਿੰਦਰ ਨਾਥ ਟੈਗੋਰ ਦੇ ਜਨਮ ਦਿਨ ‘ਤੇ ਵਿਸ਼ੇਸ —
Next articleਜਥੇਬੰਦੀ ਦੇ ਪ੍ਰਧਾਨ ਦੀ ਸ਼ਖਸ਼ੀਅਤ।