(ਸਮਾਜ ਵੀਕਲੀ)
ਨੀਲਮ ਅਤੇ ਪੁਨੀਤ ਦੋਵੇਂ ਬਚਪਨ ਦੀਆ ਸਹੇਲੀਆਂ ਸਨ। ਸੱਬਬ ਨਾਲ਼ ਦੋਵਾਂ ਦਾ ਵਿਆਹ ਵੀ ਇੱਕੋ ਸ਼ਹਿਰ ਵਿੱਚ ਹੋ ਗਿਆ। ਵਿਆਹ ਤੋਂ ਬਾਅਦ ਦੋਵਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਘਰਵਾਲ਼ੇ ਵੀ ਪੱਕੇ ਮਿੱਤਰ ਹਨ ਪਰ ਦੋਵੇਂ ਸ਼ਰਾਬੀ ਵੀ ਹਨ।
ਵਿਆਹ ਤੋਂ ਬਾਅਦ ਪੁਨੀਤ ਦੇ ਘਰਵਾਲ਼ੇ ਨੇ ਸ਼ਰਾਬ ਪੀਣੀ ਘੱਟ ਕਰ ਦਿੱਤੀ ਤੇ ਹੌਲ਼ੀ-ਹੌਲ਼ੀ ਬਿਲਕੁੱਲ ਛੱਡ ਦਿੱਤੀ। ਹੁਣ ਉਸਦਾ ਨੀਲਮ ਦੇ ਘਰਵਾਲ਼ੇ ਨਾਲ਼ ਮਿੱਤਰਪੁਣਾ ਵੀ ਬਹੁਤ ਘੱਟ ਗਿਆ ਸੀ। ਉਹ ਕਦੇ-ਕਦਾਈਂ ਹੀ ਉਸਨੂੰ ਮਿਲ਼ਦਾ ਸੀ। ਹੁਣ ਉਹ ਆਪਣਾ ਜ਼ਿਆਦਾ ਸਮਾਂ ਆਪਣੇ ਕੰਮ ਅਤੇ ਘਰ-ਪਰਿਵਾਰ ਨੂੰ ਦਿੰਦਾ ਸੀ। ਇਹ ਸੱਭ ਪੁਨੀਤ ਦੀ ਸਮਝਦਾਰੀ ਅਤੇ ਮਿਹਨਤ ਦਾ ਨਤੀਜਾ ਸੀ। ਉਸਨੇ ਪਿਆਰ ਨਾਲ ਆਪਣੇ ਘਰਵਾਲ਼ੇ ਦੀ ਸ਼ਰਾਬ ਛੁਡਵਾ ਕੇ ਉਸਨੂੰ ਵਧੀਆ ਇਨਸਾਨ ਬਣਾ ਦਿੱਤਾ।
ਇੱਕ ਦਿਨ ਪੁਨੀਤ ਨੂੰ ਕਿਤੇ ਬਜ਼ਾਰ ਵਿੱਚ ਨੀਲਮ ਮਿਲ਼ ਗਈ। ਗੱਲਾਂ-ਗੱਲਾਂ ਵਿੱਚ ਪੁਨੀਤ ਨੇ ਨੀਲਮ ਨੂੰ ਕਿਹਾ ਕਿ ਤੂੰ ਆਪਣੇ ਘਰਵਾਲ਼ੇ ਨੂੰ ਸ਼ਰਾਬ ਪੀਣ ਤੋਂ ਕਿਉਂ ਨਹੀਂ ਰੋਕਦੀ। ਤੂੰ ਮੇਰੇ ਘਰਵਾਲ਼ੇ ਨੂੰ ਹੀ ਵੇਖ ਕਿ ਉਹ ਵੀ ਰੱਜ ਕੇ ਸ਼ਰਾਬ ਪੀਂਦੇ ਸਨ ਪਰ ਹੁਣ ਕਦੇ ਮੂੰਹ ਵੀ ਨਹੀਂ ਲਗਾਉਂਦੇ।ਦੇਖ, ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ਨਾਲ਼ੇ ਜੇ ਪਿਆਰ ਨਾਲ ਚਾਹੀਏ ਤਾਂ ਕੀ ਨਹੀਂ ਹੋ ਸਕਦਾ?
ਤੂੰ ਤਾਂ ਪਾਗ਼ਲ ਹੈਂ। ਸ਼ਰਾਬ ਭਲਾ ਕੀ ਕਹਿੰਦੀ ਏ। ਮੈਨੂੰ ਤਾਂ ਸਗੋਂ ਵਧੀਆ ਲੱਗਦੀ ਹੈ ਜਦੋਂ ਇਹ ਸ਼ਰਾਬ ਪੀਂਦੇ ਹਨ। ਪੁਨੀਤ ਦੀ ਗੱਲ ਸੁਣ ਕੇ ਨੀਲਮ ਤਪਾਕ ਨਾਲ਼ ਬੋਲੀ।
ਹੈਂ! ਇਹ ਤੂੰ ਕੀ ਕਹਿ ਰਹੀਂ ਹੈਂ? ਸ਼ਰਾਬ ਇਨਸਾਨ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਹੈ ਤੇ ਤੈਨੂੰ ਚੰਗੀ ਲਗਦੀ ਹੈ? ਪੁਨੀਤ ਹੈਰਾਨ ਹੁੰਦਿਆਂ ਬੋਲੀ।
ਨੀਂ ਭੈਣੇ, ਤੂੰ ਛੱਡ ਪਰਾਂ ਸਿਹਤ-ਸੁਹਤ। ਮੈਨੂੰ ਤਾਂ ਬੜਾ ਸੁੱਖ ਹੈ ਸ਼ਰਾਬ ਦਾ। ਜਦੋਂ ਨਾ ਪੀਤੀ ਹੋਵੇ ਉਦੋਂ ਖਿੱਝੇ ਰਹਿੰਦੇ ਹਨ ਸਗੋਂ ਤੇ ਘੁੱਟ ਪੀਤੀ ਹੋਵੇ ਤਾਂ ਜੋ ਮਰਜ਼ੀ ਕਰਵਾ ਲਓ। ਮੇਰੇ ਨਾਲ ਰਸੋਈ ਦਾ ਕੰਮ ਕੀ, ਕੱਪੜੇ ਕੀ, ਭਲਾ ਝਾੜੂ ਪੋਚੇ ਵੀ ਲਗਵਾ ਲਓ। ਤੇ ਹੋਰ ਸੁਣ ਜੇ ਕਿਤੇ ਪੈੱਗ ਬਣਾ ਕੇ ਨਾਲ਼ ਖਾਣ-ਪੀਣ ਦਾ ਸਮਾਨ ਸਜਾ ਕੇ ਦੇ ਦਿਓ ਫ਼ੇਰ ਤਾਂ ਮੇਰੇ ਉੱਤੋਂ ਨੋਟ ਵਾਰ ਵਾਰ ਸੁੱਟ ਦਿੰਦੇ ਹਨ। ਆਪਾਂ ਮਜ਼ੇ ਨਾਲ ਸਵੇਰੇ ਖਰੀਦੀ ਕਰੀਦੀ ਐ।ਹੁਣ ਦੱਸ ਕਿ ਫ਼ਾਇਦਾ ਕਿ ਨੁਕਸਾਨ? ਨੀਲਮ ਨੇ ਚਾਂਵਲਦਿਆਂ ਕਿਹਾ।
ਪਰ ਉਹਦੀ ਸਿਹਤ…..? ਪੁਨੀਤ ਨੇ ਕੁੱਝ ਬੋਲਣਾ ਚਾਹਿਆ ਪਰ ਨੀਲਮ ਨੇ ਵਿੱਚੋਂ ਟੋਕ ਕੇ ਕਿਹਾ, ਨੀਂ ਤੂੰ ਛੱਡ ਸਿਹਤ-ਸੁਹਤ। ਜਦੋਂ ਦੋ ਚਾਰ ਪੈੱਗ ਅੰਦਰ ਗਏ ਤਾਂ ਸੱਭ ਠੀਕ ਹੋ ਜਾਂਦਾ ਹੈ। ਬਿਨ ਪੀਤੀ ਤੋਂ ਕਹਿਣਗੇ ਮੇਰਾ ਆਹ ਦੁੱਖਦਾ,ਮੇਰਾ ਔਹ ਦੁੱਖਦਾ। ਕਹਿ ਕੇ ਨੀਲਮ ਆਪਣੇ ਰਾਹ ਤੁਰ ਗਈ।
ਪੁਨੀਤ ਫ਼ਾਇਦੇ ਤੇ ਨੁਕਸਾਨ ਬਾਰੇ ਸੋਚਦਿਆਂ ਕੁੱਝ ਦੇਰ ਉੱਥੇ ਖੜ੍ਹੀ ਰਹੀ ਤੇ ਫਿਰ ਆਪਣੇ ਘਰ ਨੂੰ ਤੁਰ ਪਈ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly