(ਸਮਾਜ ਵੀਕਲੀ)
ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ – ਪੰਜ
ਜੇਲ੍ਹ ਵਿਚ ਰੋਟੀ ਭਾਵੇਂ ਅਸੀਂ ਆਪ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਪਰ ਢਾਈ ਸੌ ਬੰਦੇ ਦੀ ਦੋ ਟਾਈਮ ਦੀ ਰੋਟੀ ਇੱਕ ਮੈੱਸ ਵਿਚ ਬਣਾਉਣੀ ਬਹੁਤ ਮੁਸ਼ਕਿਲ ਸੀ। ਮੈੱਸ ਡਿਊਟੀ ਵਾਲੇ ਬੰਦੇ ਸਾਰਾ ਦਿਨ(ਤੜਕੇ ਤੋਂ ਲੈ ਕੇ ਰਾਤ ਤੱਕ) ਇਸ ਕੰਮ ਵਿਚ ਹੀ ਰੁੱਝੇ ਰਹਿੰਦੇ ਸਨ। ਜੇ ਉਹ ਸਵੇਰ ਦਾ ਨਾਸ਼ਤਾ ਵੀ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਤਾਂ ਉਹ ਕਿਸੇ ਤਰੀਕੇ ਵੀ ਸੰਭਵ ਨਹੀਂ ਸੀ। ਸੋ ਸਵੇਰ ਦੀ ਚਾਹ ਨਾਲ਼ ਆਪਣਾ ਖਾਣ ਪੀਣ ਦਾ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ। ਬਾਹਰੋਂ ਅਜੇ ਕੋਈ ਸਾਡੇ ਸਕੂਲ ਦਾ ਜਾਂ ਆਪਣਾ ਕੋਈ ਖ਼ਾਸ ਕਰੀਬੀ ਮੁਲਾਕਾਤੀ ਨਹੀਂ ਆਇਆ ਸੀ, ਜਿਸ ਤੋਂ ਬਾਹਰੋਂ ਕੁਝ ਖਾਣ ਨੂੰ ਮੰਗਵਾ ਸਕਦੇ।
ਸਵੇਰ ਦੇ 10 ਕੁ ਵੱਜੇ ਹੋਣਗੇ। ਜੇਲ੍ਹ ਸੁਪਰਡੈਂਟ ਸ਼ਰਮਾ ਸਾਹਿਬ ਦਾ ਸੁਨੇਹਾ ਲੈ ਕੇ “ਰਾਣਾ ਹੌਲਦਾਰ” ਆ ਗਿਆ। “ਆਪ ਮੇਂ ਸੇ ਜਸਪਾਲ ਮਹਿਤਾ ਔਰ ਵਰਮਾ ਜੀ ਕੌਣ ਹੈ ?
ਉਨ ਕੋ ਸਾਹਿਬ ਨੇ ਬੁਲਾਇਆ ਹੈ।” ਮੈਂ ਸ਼ਸ਼ੋਪੰਜ ਵਿਚ ਪੈ ਗਿਆ। ਡੀ.ਆਈ.ਜੀ ਸਾਹਿਬ ਨੂੰ ਸਾਡੇ ਤੱਕ ਕੀ ਲੋੜ ਪੈ ਗਈ! ਮੈਂ ਫਟਾਫਟ ਚੱਪਲਾਂ ਪਾ ਕੇ ਵਰਮਾ ਜੀ ਨੂੰ ਦੇਖਣ ਭੱਜਿਆ। ਉਹੀ ਬੈਰਕ ਤੋਂ ਬਾਹਰ ਹੀ ਧੁੱਪੇ ਬੈਠੇ ਸਨ।
ਵਰਮਾ ਜੀ ਨੂੰ ਜਦੋਂ ਮੈਂ ਦੱਸਿਆ, ਉਹ ਉੱਠ ਖੜ੍ਹੇ ਹੋਏ ਤੇ ਮੇਰੇ ਨਾਲ ਹੀ ਚੱਲ ਪਏ। ਡੀ.ਆਈ.ਜੀ. ਸਾਹਿਬ ਜੋ ਬਾਹਰ ਹੀ ਆਪਣਾ ਦਫ਼ਤਰ, ਖੁੱਲ੍ਹੀ ਥਾਂ ਤੇ ਲਗਾਈ ਬੈਠੇ ਸਨ, ਪਹੁੰਚੇ ਤਾਂ ਉਹਨਾਂ ਕੋਲ ਕੁਰਸੀਆ ‘ਤੇ ਆਪਣੇ ਪਰਮ ਮਿੱਤਰਾਂ ਸ੍ਰੀ ਸ਼ਿਵ ਕੁਮਾਰ ਜਿੰਦਲ ਲੈਕਚਰਾਰ ਤੇ ਸ੍ਰੀ ਗੁਲਜ਼ਾਰ ਸਿੰਘ ਜੀ ਨੂੰ ਦੇਖ ਕੇ ਅੱਖਾਂ ਖੁਸ਼ੀ ਨਾਲ ਭਰ ਆਈਆਂ। ਉਹ ਵੀ ਸਾਨੂੰ ਦੂਰੋਂ ਹੀ ਦੇਖ ਕੇ ਖੜ੍ਹੇ ਹੋ ਗਏ। ਜੇਲ੍ਹ ਸੁਪਰਡੈਂਟ ਸਾਹਿਬ ਨੂੰ ਫ਼ਤਹਿ ਬੁਲਾ ਕੇ ਅਸੀਂ ਦੋਵਾਂ ਨੂੰ ਗਲਵਕੜੀ ਪਾ ਕੇ ਮਿਲੇ। ਡੀ.ਆਈ.ਜੀ ਸ਼ਰਮਾ ਜੀ ਨੇ ਸਾਨੂੰ ਵੀ, ਉੱਥੇ ਹੀ ਬੈਠਣ ਲਈ ਕੁਰਸੀਆਂ ਦੇ ਦਿੱਤੀਆ। ਸਕੂਲ ਵਗੈਰਾ ਦਾ ਤੇ ਬਾਹਰ ਦੀਆਂ ਯੂਨੀਅਨ ਗਤੀਵਿਧੀਆਂ ਦਾ ਹਾਲ ਪੁੱਛਣ ਤੋਂ ਬਾਅਦ ਘਰ ਬਾਰੇ ਪੁੱਛਿਆ।
ਸਭ ਪਾਸੋਂ ਨਿਸਚਿੰਤ ਹੋਣ ਤੋਂ ਬਾਅਦ, ਸ਼ਿਵ ਕੁਮਾਰ ਤੇ ਗੁਲਜ਼ਾਰ ਸਿੰਘ ਜੀ ਨੇ ਦੱਸਿਆ ਕਿ ਤੁਹਾਡੇ ਜੇਲ੍ਹ ਆਉਣ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਵਧ ਗਈਆਂ ਹਨ। ਪ੍ਰੈੱਸ ਨੋਟ ਵੀ ਸਾਨੂੰ ਖ਼ੁਦ ਹੀ ਲਿਖਣੇ ਪੈਂਦੇ ਹਨ। ਸਕੂਲ ਪੱਕੇ ਤੌਰ ਤੇ ਬੰਦ ਕਰਵਾ ਕੇ ਰੋਜ਼ ਰੈਲੀਆਂ, ਧਰਨੇ, ਮੁਜ਼ਾਹਰੇ ਵੀ ਸਾਨੂੰ ਕਰਵਾਉਣੇ ਪੈਂਦੇ ਹਨ। ਓਧਰੋਂ ਸਭ ਜੇਲ੍ਹੀ ਅਧਿਆਪਕਾਂ ਦੇ ਘਰਾਂ ਵਿਚ ਚੱਕਰ ਲਗਾ ਕੇ ਉਨ੍ਹਾਂ ਦੀਆਂ ਲੋੜਾਂ ਨੂੰ ਪੁੱਛਣਾ ਪੈਂਦੈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਸਰਗਰਮ ਵਰਕਰ ਤਾਂ ਸਾਰੇ ਜੇਲ੍ਹ ਆ ਗਏ। ਬਜ਼ੁਰਗ, ਲੇਡੀਜ਼ ਤੇ ਜੇਲ੍ਹ ਤੋਂ ਡਰਾਕਲ ਤੁਸੀਂ ਪਿੱਛੇ ਛੱਡ ਆਏ। ਸਾਡੇ ਲਈ ਬਾਹਰ ਦਾ ਕੰਮ ਸੰਭਾਲਣਾ ਔਖਾ ਹੋਇਆ ਪਿਆ ਹੈ।
ਗੱਲ ਵੀ ਠੀਕ ਸੀ ਕਿਉਂਕਿ ਪੰਜਾਹ ਸਾਲ ਤੋਂ ਵੱਡੇ ਬਜ਼ੁਰਗ ਅਧਿਆਪਕਾਂ ਨੂੰ ਅਸੀਂ ਇਸ ਕਰ ਕੇ ਜੇਲ੍ਹ ਜਾਣ ਤੋਂ ਛੋਟ ਦੇ ਦਿੱਤੀ ਸੀ ਕਿਉਂਕਿ ਉਹਨਾਂ ਪਹਿਲਾਂ ਵੀ ਕਈ ਸੰਘਰਸ਼ਾਂ ਵਿਚ ਹਿੱਸਾ ਲਿਆ ਸੀ,ਤੇ ਔਰਤ ਅਧਿਆਪਕਾਵਾਂ ਦੀ ਗਰਿਫ਼ਤਾਰੀ ਦਿਵਾਉਣ ਦਾ ਅਜੇ ਸਟੇਟ ਬਾਡੀ ਵੱਲੋਂ ਕੋਈ ਹੁਕਮ ਨਹੀਂ ਆਇਆ ਸੀ। ਕੁਝ ਦੀਆਂ ਸੱਚਮੁੱਚ ਹੀ ਮਜ਼ਬੂਰੀਆਂ ਹੋ ਸਕਦੀਆਂ ਹਨ। ਉਹ ਲੰਮੇ ਸੰਘਰਸ਼ ਵਿਚ ਜਦੋਂ ਚਾਹੇ ਸ਼ਾਮਲ ਹੋ ਸਕਦੇ ਸਨ। ਜੇਲ੍ਹ ਵਿਚ ਅਸੀਂ ਬਹੁਤ ਵੱਡੇ ਵੱਡੇ ਬਜ਼ੁਰਗ ਦੇਖੇ, ਸੇਵਾਮੁਕਤ ਅਧਿਆਪਕ, ਅਪੰਗ ਵਿਅਕਤੀ, ਬੀਮਾਰ ਅਧਿਆਪਕ ਸਭ ਦੇਖੇ। ਇੱਕ ਗੱਲ ਸਾਰੇ ਮਹਿਸੂਸ ਕਰਦੇ ਸਨ ਕਿ ਜੋ ਬਾਹਰ ਵੀ ਕੰਮ ਨਹੀਂ ਕਰ ਸਕਦੇ, ਉਹਨਾਂ ਨੂੰ ਜੇਲ੍ਹ ਭੇਜ ਦੇਣਾ ਚਾਹੀਦੈ। ਇੱਕ ਅਧਿਆਪਕ ਤਾਂ ਘਰੋਂ ਜੇਲ੍ਹ ਜਾਣ ਲਈ ਬੈਗ ਪਾ ਕੇ ਆਇਆ ਵੀ ਪਰ ਜਦੋਂ ਅਖ਼ਬਾਰ ‘ਚ ਅੰਮ੍ਰਿਤਸਰ ਵਾਲਿਆਂ ਦੀ ਪੱਕੀ ਗਰਿਫ਼ਤਾਰੀ ਦੀ ਫ਼ੋਟੋ ਦੇਖੀ ਤਾਂ ਰਸਤੇ ‘ਚੋਂ ਵੀ ਖਿਸਕ ਗਿਆ। ਉਹ ਅਜੇ ਵੀ ਮਨ ‘ਚ ਲਗਾਈ ਬੈਠਾ ਸੀ ਕਿ ਪੁਲਿਸ ਫੜ ਕੇ ਸ਼ਾਮ ਨੂੰ ਛੱਡ ਦਿੰਦੀ ਹੈ।
ਇੱਕ ਹੋਰ ਸਾਥੀ ਨੂੰ ਮੌਤ ਦੇ ਭੋਗ ‘ਤੇ ਜਾਣ ਦੀ, ਯੂਨੀਅਨ ਨੇਤਾਵਾਂ ਨੇ ਇਜਾਜ਼ਤ ਇਸ ਸ਼ਰਤ ‘ਤੇ ਦਿੱਤੀ ਕਿ ਉਹ ਅਗਲੇ ਜਿਲ੍ਹੇ ਦੇ ਜਥੇ ਨਾਲ ਗਰਿਫ਼ਤਾਰੀ ਜ਼ਰੂਰ ਦੇਵੇਗਾ। ਉਹ ਵਾਅਦਾ ਕਰ ਕੇ ਗਰਿਫ਼ਤਾਰੀ ਦੇਣ ਨਹੀਂ ਆਇਆ ਕਿਉਂਕਿ ਉਹ ਬੜਾ ਚਤੁਰ ਤੇ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦਾ ਸੀ। ਇਸ ਤਰ੍ਹਾਂ ਦੇ ਵਿਅਕਤੀ ਭਾਈਚਾਰੇ ਤੋਂ ਬੇ-ਮੁੱਖ ਹੋ ਕੇ ਆਪਣੇ ਅਹੁਦਿਆਂ ਦੀ ਤਲਾਸ਼ ਵਿਚ ਲੱਗੇ ਰਹਿੰਦੇ ਹਨ ਤੇ ਸਮੁੱਚੇ ਭਾਈਚਾਰੇ ਨੂੰ ਠਿੱਬੀ ਲਾਉਣ ਤੋਂ ਵੀ ਨਹੀਂ ਝਿਜਕਦੇ। ਭਾਵੇਂ ਉਹ ਪਿੱਛੋਂ ਅਧਿਆਪਕਾਂ ਦੇ ਘਰ ਜਾ ਕੇ ਹਾਲ-ਚਾਲ ਪੁੱਛਦਾ ਰਿਹਾ। ਦੇਖਾ ਦੇਖੀ ਯੂਨੀਅਨ ਦੇ ਕੰਮ ਵੀ ਕਰਦਾ ਰਿਹਾ ਪਰ ਸਾਰੇ ਜੇਲ੍ਹੀ ਸਾਥੀ ਉਸ ਨੂੰ ਗ਼ੱਦਾਰ ਦਾ ਫ਼ਤਵਾ ਦਿੰਦੇ ਰਹੇ। ਇੱਥੇ ਮੈਨੂੰ ਜਸਵੰਤ ਸਿੰਘ ਜੀ ਪਟਿਆਲਾ ਦੀ ਸਟੇਜ ਤੇ ਸੁਣਾਈ ਰੁਬਾਈ ਯਾਦ ਆ ਗਈ :-
“ਜੋ ਹੱਕਾਂ ‘ਤੇ ਛਾਪਾ ਜਰ ਜਾਂਦੇ ਨੇ।
ਜੇਲ੍ਹੀ ਜਾਣ ਤੋਂ ਡਰ ਜਾਂਦੇ ਨੇ।
ਇਹ ਮਿੱਟੀ ਖਾਣੇ ਰੰਗੇ ਗਿੱਦੜ,
ਮੌਤ ਤੋ ਪਹਿਲਾ ਮਰ ਜਾਂਦੇ ਨੇ।”
( ਜਸਵੰਤ ਸਿੰਘ – ਆਤਮਾ ਰਾਮ ਕੁਮਾਰ ਸਭਾ ਸੀ.ਸੈ.ਸਕੂਲ ਪਟਿਆਲਾ)
ਮੈਂ ਤੇ ਸ੍ਰੀ ਓਮ ਪ੍ਰਕਾਸ਼ ਵਰਮਾ ਜੀ ਨੇ ਸ਼ਿਵ ਤੇ ਗੁਲਜ਼ਾਰ ਸਿੰਘ ਤੋਂ ਪੁੱਛਿਆ,”ਤੁਸੀਂ ਜੇਲ੍ਹ ਸੁਪਰਡੈਂਟ ਸਾਹਿਬ ਕੋਲ ਕਿਵੇਂ ਜਾਣ ਪਹਿਚਾਣ ਕੱਢ ਕੇ ਪਹੁੰਚੇ ?
ਕਿਉਂਕਿ ਆਮ ਬੰਦਿਆਂ ਦੀ ਮੁਲਾਕਾਤ ਤਾਂ ਬਾਹਰ ਮੁਲਾਕਾਤੀ ਕਮਰੇ ਵਿਚ ਹੀ ਕਰਵਾ ਕੇ ਤੋਰ ਦਿੱਤੇ ਜਾਂਦੇ ਸਨ। ਉਹਨਾਂ ਦੱਸਿਆ ਕਿ ਅਸੀਂ ਜੇਲ੍ਹ ਦੇ ਡਾਕਟਰ ਦੇ ਰਾਹੀਂ ਜਾਣ-ਪਹਿਚਾਣ ਕੱਢ ਕੇ, ਉਹਨਾਂ ਤੋਂ ਫ਼ੋਨ ਕਰਵਾ ਕੇ, ਤੁਹਾਨੂੰ ਮਿਲਣ ਆਏ ਹਾਂ ਕਿਉਂਕਿ ਉਹ ਡਾਕਟਰ ਸਾਹਿਬ ਵੀ ਪਹਿਲਾਂ ਜੇਲ੍ਹ ‘ਚ ਹੀ ਨੌਕਰੀ ਕਰਦੇ ਸਨ। ਅੱਜ ਕੱਲ੍ਹ ਮੁਹਾਲੀ ਵਿਖੇ ਆਪਣਾ ਪ੍ਰਾਈਵੇਟ ਕਲੀਨਿਕ ਚਲਾ ਰਹੇ ਸਨ ਤੇ ਉਹਨਾਂ ਦਾ ਬੱਚਾ ਬਠਿੰਡਾ ਸਾਡੇ ਸਕੂਲ ਵਿਖੇ +2 ਮੈਡੀਕਲ ਕਰ ਰਿਹਾ ਸੀ। ਗੁਲਜ਼ਾਰ ਸਿੰਘ ਜੀ ਦੇ ਸਾਲੇ ਨੇ ਵੀ ਉਹਨਾਂ ਦੀ ਸਾਡੇ ਤੱਕ ਪਹੁੰਚਣ ਵਿਚ ਕਾਫ਼ੀ ਮਦਦ ਕੀਤੀ ਕਿਉਂਕਿ ਉਹ ਸਕੱਤਰੇਤ ਨੌਕਰੀ ਕਰਦਾ ਸੀ।
ਡੀ.ਆਈ.ਜੀ ਸਾਹਿਬ ਨੇ ਸਾਨੂੰ ਡੂੰਘੀਆਂ ਗੱਲਾਂ ਕਰਦੇ ਦੇਖ ਕੇ ਸਾਡੇ ਲਈ ਉੱਥੇ ਹੀ ਨਾਸ਼ਤਾ ਤੇ ਚਾਹ ਮੰਗਵਾ ਦਿੱਤੀ। ਜੇਲ੍ਹ ਸੁਪਰਡੈਂਟ ਦੀ ਸਭ ਤੋਂ ਹਰਮਨ ਪਿਆਰੀ ਖ਼ਾਸੀਅਤ ਹੀ ਇਹ ਸੀ ਕਿ ਉਹ ਬਾਹਰੋਂ ਆਏ ਨੂੰ ਬਿਲਕੁਲ ਵੀ ਔਖ ਮਹਿਸੂਸ ਨਹੀਂ ਸੀ ਹੋਣ ਦਿੰਦੇ। ਬਾਕੀ ਉਨ੍ਹਾਂ ਦਾ ਪਿਛੋਕੜ ਵੀ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸੀ।
ਦੋ ਦੋ ਫੁਲਕੇ ਖਾਣ ਤੋਂ ਬਾਅਦ ਚਾਹ ਪੀ ਕੇ ਸਾਡੇ ਯਾਰਾਂ ਨੇ ਸਾਥੋਂ ਜੇਲ੍ਹ ਦੀਆਂ ਗਤੀਵਿਧੀਆਂ,ਰੁਝੇਵੇਆਂ, ਖਾਣੇ ਬਾਰੇ ਤੇ ਵਕਤ ਕੱਢਣ ਦੇ ਢੰਗਾਂ ਬਾਰੇ ਅਨੇਕਾਂ ਸੁਆਲ ਪੁੱਛੇ। ਉਹਨਾਂ ਬਾਕੀ ਬਠਿੰਡਾ ਵਾਲੇ ਜੇਲ੍ਹੀ ਸਾਥੀਆਂ ਨੂੰ ਵੀ ਮਿਲਣ ਦੀ ਇੱਛਾ ਜ਼ਾਹਰ ਕੀਤੀ। ਮੈਂ ਬੈਰਕ ‘ਚ ਸੁਨੇਹਾ ਪਹੁੰਚਾ ਕੇ ਸਾਰੇ ਸਾਥੀਆਂ ਨੂੰ ਬੁਲਾ ਲਿਆਇਆ। ਸਾਰਿਆਂ ਨੇ ਆਪਣੇ ਆਪਣੇ ਘਰ ਦਾ ਹਾਲ ਚਾਲ ਪੁੱਛਿਆ। ਕਿਸੇ ਦੀ ਦਵਾਈ, ਕਿਸੇ ਦੀ ਚਿੱਠੀ, ਕਿਸੇ ਦੇ ਘਰੋਂ ਭੇਜੇ ਪੈਸੇ,ਉਹਨਾਂ ਕੋਲ ਸਨ। ਉਹਨਾਂ ਦੱਸਿਆ ਕਿ ਅਸੀਂ ਤੁਹਾਡੇ ਲਈ ਖਾਣ ਪੀਣ ਦਾ ਸਮਾਨ ਦੀ ਕਾਫ਼ੀ ਮਾਤਰਾ ਵਿਚ ਲਿਆਏ ਹਾਂ। ਜਿਹੜਾ ਦਾਖ਼ਲਾ ਗੇਟ ‘ਤੇ ਚੈੱਕ ਹੋ ਰਿਹਾ ਹੈ। ਤੁਸੀ ਬੰਦੇ ਭੇਜ ਕੇ ਉਥੋਂ ਚੁੱਕਵਾ ਲਵੋ।
ਸਾਰੇ ਮੁਲਾਜ਼ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਕਿਉਂਕਿ ਸਮਾਨ ਸਚਮੁੱਚ ਹੀ ਬਹੁਤ ਮਾਤਰਾ ਵਿਚ ਸੀ। ਤੇਲ, ਕੰਘੇ, ਸ਼ੀਸ਼ੇ ਤੋਂ ਲੈ ਕੇ ਬਿਸਕੁਟ, ਮੱਠੀਆ, ਸ਼ਕਰਪਾਰੇ, ਰਸ, ਬਰੈੱਡ,ਸਾਸ, ਆਚਾਰ, ਨੀਂਬੂ, ਪਿਆਜ, ਗੁੜ ਤੱਕ ਉਸ ਸਮਾਨ ਵਿਚ ਹਾਜ਼ਰ ਸੀ। ਸਭ ਤੋਂ ਵੱਡੀ ਖੁਸ਼ੀ ਇਹ ਸੀ ਕਿ ਸਮਾਨ ਵਿਚ ਮੇਰੇ ਭੇਜੇ ਸੁਨੇਹੇ ਮੁਤਾਬਕ ਇੱਕ ਟੂ-ਇੰਨ-ਵਨ (ਰੇਡੀਓ ਟੇਪ-ਰਿਕਾਰਡਰ) ਕੈਸਿਟਾਂ ਤੇ ਦੋ ਸੈਲਾਂ ਦੇ ਜੋੜੇ ਵੀ ਨਾਲ ਸਨ। ਮੇਰੇ ਲਈ ਇੱਕ ਕਾਪੀ,ਪੈੱਨ ਵੀ ਸਪੈਸ਼ਲ ਪਾਇਆ ਹੋਇਆ ਸੀ। ਸਾਰਾ ਸਮਾਨ ਦੇਖ ਕੇ ਅਧਿਆਪਕ ਸਾਥੀਆਂ ਦੇ ਚਿਹਰੇ ‘ਤੇ ਰੌਣਕ ਆ ਗਈ। ਕਿਉਂਕਿ ਸਮਾਨ ਘੱਟੋ ਘੱਟ ਹਫ਼ਤਾ-ਦਸ ਦਿਨ ਚੱਲਣ ਵਾਲਾ ਸੀ।
ਬਹੁਤ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਵੀ ਸਾਡਾ ਦਿਲ ਨਹੀਂ ਭਰ ਰਿਹਾ ਸੀ ਕਿ ਅਸੀਂ ਦੋਹਾਂ ਨੂੰ ਜਾਣ ਦੇਈਏ। ਦੋ ਕੁ ਘੰਟੇ ਦੀ ਲੰਮੀ ਤੇ ਖੁੱਲ੍ਹੀ ਮੁਲਾਕਾਤ ਤੋਂ ਬਾਅਦ ਸ਼ਿਵ ਕੁਮਾਰ ਨੇ ਮੈਨੂੰ ਇੱਕ ਖ਼ਤ ਫੜਾਇਆ, ਮੈਂ ਖ਼ਤ ਬਿਨਾਂ ਪੜ੍ਹਿਆਂ ਹੀ ਜੇਬ ਵਿਚ ਰੱਖ ਲਿਆ, ਤੇ ਇੱਕ ਪੇਜ ‘ਤੇ ਆਪਣੇ ਵੱਲੋਂ ਚੰਦ ਸਤਰਾਂ ਆਪਣੀ ਪਤਨੀ ਦੇ ਨਾਂ ਲਿਖ ਕੇ,ਸ਼ਿਵ ਕੁਮਾਰ ਨੂੰ ਫੜਾ ਦਿੱਤੀਆਂ। ਸਾਥੋਂ ਵਿਦਾਅ ਹੋਣ ਤੋਂ ਪਹਿਲਾਂ ਦੂਜੇ ਸਾਰੇ ਸਾਥੀਆਂ ਦੇ ਸੁਨੇਹੇ ਨੋਟ ਕੀਤੈ ਤੇ ਭਰੇ ਮਨ ਨਾਲ ਅਸੀਂ ਦੋਵਾਂ ਨੂੰ ਵਿਦਾਅ ਕੀਤਾ। ਡੀ.ਆਈ.ਜੀ ਸ਼ਰਮਾ ਸਾਹਿਬ ਦਾ ਧੰਨਵਾਦ ਕਰ ਕੇ ਮੈਂ ਅਤੇ ਵਰਮਾ ਜੀ ਬੈਰਕ ਵਿਚ ਆ ਗਏ। ਸਭ ਤੋਂ ਪਹਿਲਾਂ ਮੈਂ, ਘਰ ਤੋਂ ਆਏ ਪੱਤਰ ਨੂੰ ਪੜ੍ਹਨਾ ਚਾਹੁੰਦਾ ਸੀ। ਪੱਤਰ ਕਾਫ਼ੀ ਵੱਡਾ ਤੇ ਦੋ ਪਰਤਾਂ ਵਿਚ ਸੀ। ਡੇਢ ਪੇਜ ਮੇਰੀ ਪਤਨੀ ਦਾ ਤੇ ਅੱਧਾ ਪੇਜ ਮੇਰੇ ਬੇਟੇ ਅਭਿਜੀਤ ਦਾ, ਜੋ ਚੌਥੀ ਜਮਾਤ ਵਿਚ ਪੜ੍ਹਦਾ ਸੀ।
ਆਪਣੀ ਘਰ ਵਾਲੀ ਦਾ ਪੱਤਰ ਨੀਝ ਲਾ ਕੇ ਪੜ੍ਹਨ ਤੋਂ ਬਾਅਦ ਮੈਂ ਆਪਣੇ ਪੁੱਤਰ ਦਾ ਪਿਤਾ ਦੇ ਨਾਂ ਜੇਲ੍ਹ ਵਿਚ ਜ਼ਿੰਦਗੀ ਦਾ ਪਹਿਲਾ ਖ਼ਤ ਪੜ੍ਹਨਾ ਸ਼ੁਰੂ ਕੀਤਾ। ਪੱਤਰ ਅੰਗਰੇਜ਼ੀ ਵਿਚ ਸੀ। ਜਿਸ ਦਾ ਮੈਂ ਪੰਜਾਬੀ ਵਿਚ ਤਰਜ਼ਮਾ (ਅਨੁਵਾਦ) ਹੀ ਲਿਖਾਂਗਾ।
ਪਿਆਰੇ ਪਿਤਾ ਜੀ,
ਪਿਆਰ।
ਉਮੀਦ ਹੈ ਸਾਡੀ ਯਾਦ ਆਉਂਦੀ ਹੋਵੇਗੀ। ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ। ਮੇਰੇ ਪੇਪਰਾਂ ਦੀ ਤਿਆਰੀ ਠੀਕ ਚੱਲ ਰਹੀ ਹੈ। ਪਰਮਾਤਮਾ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਾਥੀਆਂ ਨਾਲ ਮਿਲ ਕੇ ਜੋ ਸੰਘਰਸ਼ ਸਰਕਾਰ ਖ਼ਿਲਾਫ ਸ਼ੁਰੂ ਕੀਤਾ ਹੈ ਉਸ ਵਿਚ ਜਿੱਤ ਪ੍ਰਾਪਤ ਕਰ ਕੇ ਹੀ ਘਰ ਆਵੋਗੇ। ਸਾਡੀ ਕੋਈ ਫ਼ਿਕਰ ਨਾ ਕਰਨਾ। ਵੀਨਾ ਭੂਆ ਜੀ ਸਾਡੇ ਕੋਲ ਆ ਗਏ ਹਨ। ਡੈਡੀ ਪਾਪਾ ( ਨਾਨਾ ਜੀ) ਇੱਕ ਦੋ ਦਿਨਾਂ ਵਿਚ ਸਾਡੇ ਕੋਲ ਆ ਜਾਣਗੇ। ਤੁਹਾਡੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ।
ਤੁਹਾਨੂੰ ਬਹੁਤ-ਬਹੁਤ ਪਿਆਰ ਤੁਹਾਡਾ ਬੇਟਾ
ਅਭਿਜੀਤ।
ਮੈਂ ਇਸ ਖ਼ਤ ਨੂੰ ਲਗਾਤਾਰ ਦਸ ਵਾਰ ਪੜ੍ਹਿਆ। ਮੈਨੂੰ ਰੱਜ ਨਹੀਂ ਆ ਰਿਹਾ ਸੀ। ਮੈਨੂੰ ਪਤਾ ਸੀ ਇਹ ਖ਼ਤ ਜ਼ਰੂਰ ਮੇਰੀ ਪਿਆਰੀ ਪਤਨੀ ਨੇ ਆਪਣੇ ਬੇਟੇ ਨੂੰ ਕੋਲ ਬਿਠਾ ਕੇ ਲਿਖਵਾਇਆ ਹੋਣਾ ਹੈ ਕਿਉਂਕਿ ਮੈਨੂੰ ਉਮੀਦ ਨਹੀਂ ਸੀ ਕਿ ਅਜਿਹਾ ਖ਼ਤ ਮੇਰਾ ਬੇਟਾ ਜੋ ਚੌਥੀ ਜਮਾਤ ਵਿਚ ਪੜ੍ਹਦਾ ਹੈ, ਮੈਨੂੰ ਲਿਖ ਸਕਦੈ!
ਕਈ ਵਾਰ ਖ਼ਤ ਪੜ੍ਹਨ ਤੋਂ ਬਾਅਦ ਵੀ ਮੇਰੀ ਤਮਾਂ ਅਜੇ ਨਹੀਂ ਸੀ ਭਰੀ। ਮੇਰੇ ਬਿਸਤਰ ਕੋਲੋਂ ਲੰਘਣ ਵਾਲੇ ਜੇਲ੍ਹੀ ਸਾਥੀ ਵਾਰ ਵਾਰ ਮਖੌਲ ਕਰ ਕੇ ਜਾਣ। ” ਅੱਜ ਤਾਂ ਭਰਜਾਈ ਦਾ ਖ਼ਤ ਆਇਆ ਲੱਗਦੈ ? ਕੀ ਲਿਖਿਐ ਫ਼ੇਰ -?
” ਰਾਤੀਂ ਨੀਂਦ ਨਹੀਂ ਆਉਂਦੀ।”
ਪਤਾ ਨਹੀਂ ਕੀ ਕੁਝ, ਪਰ ਮੈਂ ਉਹਨਾਂ ਦੀਆਂ ਗੱਲਾਂ,ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢਦਾ ਰਿਹਾ। ਪਤਨੀ ਦਾ ਖ਼ਤ ਹਿੰਦੀ ਵਿਚ ਸੀ, ਜਿਸ ਦੀ ਸ਼ੇਅਰ ਰੂਪੀ ਸਤਰ ਸਾਂਝੀ ਕਰਾਂਗਾ:-
ਬਹੁਤ ਦਿਨ ਹੂਏ ਜਾਨਮ,
ਆਪ ਕਾ ਕੋਈ ਪੈਗ਼ਾਮ ਨਹੀਂ ਆਇਆ।
ਕਿਆ ਬੂੜੈਲ ਮੇਂ ਘਰ ਸੇ ਭੀ,
ਬੜੀ ਜੱਨਤ ਹੈ।
ਮੰਜੂ ਮਹਿਤਾ (ਸੁਸ਼ਮਾ)
ਇਸ ਖ਼ਤ ਨੂੰ ਰੋਜ਼ ਪਤਾ ਨਹੀਂ ਮੈਂ ਕਿੰਨੇ ਵਾਰ ਪੜ੍ਹਦਾ। ਕਦੇ ਬਾਥਰੂਮ ‘ਚ,ਕਦੇ ਲੈਟਰਿਨ ‘ਚ, ਕਦੇ ਏਧਰ ਓਧਰ ਜਾ ਕੇ ਦੋਸਤਾਂ ਤੋਂ ਚੋਰੀਓਂ। ਤੇ ਅਕਸਰ ਹੀ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ।
ਇਹ ਮੇਰਾ ਕਸੂਰ ਨਹੀਂ ਸੀ ਨਾ ਹੀ ਮਾੜਾ ਪੈਣ ਦਾ ਸੁਆਲ ਸੀ। ਉਹਨਾਂ ਨੂੰ ਵਧਾਈ ਦੀ ਦਾਤ ਸੀ,ਜਿਨ੍ਹਾਂ ਐਨੇ ਹੌਂਸਲੇ ਨਾਲ ਖ਼ਤ ਲਿਖਿਆ ਸੀ। ਸਿਆਣੇ ਕਹਿੰਦੇ ਹਨ,” ਕਿ ਕਿਸੇ ਦਾ ਖ਼ਤ ਨਹੀਂ ਪੜ੍ਹਨਾ ਚਾਹੀਦਾ। ਪਰ ਮੇਰੇ ਮੁਤਾਬਕ ਜੇ ਖ਼ਤ ਸਾਂਝਾ ਕਰਨ ਵਾਲਾ ਹੋਵੇ ਤਾਂ ਉਸ ਨੂੰ ਜਰੂਰ ਸਾਂਝਾ ਕਰਨਾ ਚਾਹੀਦੈ, ਜੇ ਖ਼ਤ ਹੱਸਦਾ ਹੋਵੇ , ਪ੍ਰੋਟੀਨ- ਯੁਕਤ ਹੋਵੇ, ਤਰੋਤਾਜ਼ਾ ਕਰਨ ਵਾਲਾ ਹੋਵੇ, ਉਸ ਨੂੰ ਕਦੇ ਵੀ ਛੁਪਾਉਣਾ ਨਹੀ ਚਾਹੀਦਾ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly