(ਸਮਾਜ ਵੀਕਲੀ)
ਝੂਠੇ ਵਿਖਾਵਿਆਂ ਦਾ ਨਾ ਇਜ਼ਹਾਰ ਰੱਖੋ
ਐਵੇਂ ਮੋਢੇ ਤੇ ਨਾ, ਦੁਨੀਆਂ ਦਾ ਭਾਰ ਰੱਖੋ।
ਕਿੱਦਾਂ ਆਵੇਗੀ ਅਕਲ, ਜੇ ਨਾ ਫ਼ਰੇਬ ਖਾਧਾ,
ਵਿੱਚ ਮਿੱਤਰਾਂ ਦੇ ਦੋ ਚਾਰ ਗ਼ੱਦਾਰ ਰੱਖੋ।
ਸੜਦੈ ਸੜੇ ਜ਼ਮਾਨਾ, ਲੋਕਾਂ ਦਾ ਖ਼ੌਫ਼ ਛੱਡੋ,
ਬਰਫ ਦੀ ਸਿਲ ਜਿਹਾ, ਸੀਨਾ ਠੰਢਾ ਠਾਰ ਰੱਖੋ।
ਹੋਣੀ ਦਾ ਕੀ ਭਰੋਸਾ, ਕਿਸ ਵਕਤ ਆਵੇ,
ਆਪੇ ਨੂੰ ਜਾਣ ਲਈ ਕਰਕੇ ਤਿਆਰ ਰੱਖੋ।
ਸੁਲਝਾ ਸਕੇ ਨਾ ਕੋਈ ਮਸਲੇ ਦਿਲਾਂ ਦੇ,
ਵਿਚਕਾਰ ਉਲਝਣਾਂ ਦੀ ਕਰ ਕੇ ਦੀਵਾਰ ਰੱਖੋ।
ਮਰ-ਮਿਟਣ ਜਿਹੜੇ ਦੋਸਤੀ ਤੇ
ਇਹੋ ਜਿਹੇ ਸਾਥੀ ਦੋ-ਚਾਰ ਰੱਖੋ।
ਭੋਗੋਗੇ ਕਦ ਤਕ ਜੀਵਨ ਮਕੌੜਿਆਂ ਦਾ,
ਲੋਕਾਂ ਨੂੰ ਦਿਸਦਾ ਸਾਬਤ ਵੱਕਾਰ ਰੱਖੋ।
ਸਰਕੇ ਨਾ ਜੂੰ ਜਦੋਂ ਤੱਕ ਕੰਨ੍ਹਾਂ ‘ਤੇ ਹਾਕਮਾਂ ਦੇ,
ਸੰਘਰਸ਼ ਦੀ ਚੀਖ਼ੋ-ਪੁਕਾਰ ਰੱਖੋ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly