(ਸਮਾਜ ਵੀਕਲੀ)
ਈਦ ਮੁਬਾਰਕ!ਈਦ ਮੁਬਾਰਕ!
ਸਾਡੇ ਦੇਸ਼ ਵਿੱਚ ਚਾਹੇ ਵੱਖ ਵੱਖ ਧਰਮਾਂ ਦੇ ਲੋਕ ਵਸਦੇ ਹਨ ਪਰ ਇੱਕ ਗੱਲ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਸਾਰੇ ਧਰਮਾਂ ਦੇ ਲੋਕ ਸਾਰੇ ਧਰਮਾਂ ਨਾਲ ਸਬੰਧਤ ਤਿਉਹਾਰ ਆਪਸ ਵਿੱਚ ਰਲ਼ ਮਿਲ਼ ਕੇ ਮਨਾਉਂਦੇ ਹਨ। ਮੁਸਲਿਮ ਭਾਈਚਾਰੇ ਵਿੱਚ ਈਦ -ਉਲ- ਫਿਤਰ ਦਾ ਪਵਿੱਤਰ ਤਿਉਹਾਰ ਬਹੁਤ ਉਤਸ਼ਾਹ ਅਤੇ ਹੁਲਾਸ ਨਾਲ ਸਭ ਧਰਮਾਂ ਦੇ ਲੋਕਾਂ ਵੱਲੋਂ ਰਲ਼ ਮਿਲ਼ ਕੇ ਮਨਾਇਆ ਜਾਂਦਾ ਹੈ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਜਾਂਦੀ ਹੈ। “ਈਦ” ਸ਼ਬਦ ਦਾ ਅਰਬੀ ਭਾਸ਼ਾ ਵਿੱਚ ਅਰਥ ਹੀ ਤਿਉਹਾਰ ਜਾਂ ਖੁਸ਼ੀ ਹੁੰਦਾ ਹੈ । ਇਸਲਾਮ ਧਰਮ ਵਿੱਚ ਚੰਦਰ ਕਲੰਡਰ ਤੇ ਅਧਾਰਿਤ ਹੀ ਤਿਉਹਾਰ ਨਿਸ਼ਚਿਤ ਹੁੰਦੇ ਹਨ। ਇਹ ਸੂਰਜੀ ਕੈਲੰਡਰ ਨਾਲੋਂ ਗਿਆਰਾਂ ਦਿਨ ਛੋਟਾ ਹੁੰਦਾ ਹੈ । ਇਸਲਾਮ ਧਰਮ ਦੇ ਕਲੰਡਰ ਵਿੱਚ ਈਦ ਦੇ ਦੋ ਵੱਡੇ ਤਿਉਹਾਰ ਈਦ-ਅਲ-ਅਧਾ ਜਿਸਨੂੰ ਬਕਰੀਦ ਵੀ ਕਿਹਾ ਜਾਂਦਾ ਹੈ ਅਤੇ ਈਦ-ਉਲ-ਫਿਤਰ ਹੁੰਦੇ ਹਨ। ਇਹ ਦੋਵੇਂ ਤਿਉਹਾਰ ਇਸਲਾਮ ਧਰਮ ਨਾਲ ਸਬੰਧਿਤ ਦੋ ਵੱਖ ਵੱਖ ਘਟਨਾਵਾਂ ਨਾਲ ਜੁੜੇ ਹੋਏ ਹਨ।ਇੱਕ ਈਦ ਰਮਜ਼ਾਨ ਦੇ ਮਹੀਨੇ ਨਾਲ ਸਬੰਧਤ ਹੈ ਅਤੇ ਦੂਜੀ ਈਦ ਮੁਸਲਮਾਨਾਂ ਦੀ ਸਲਾਨਾ ਤੀਰਥ ਯਾਤਰਾ ਨਾਲ ਸਬੰਧਤ ਹੈ ।
ਈਦ-ਉਲ-ਫਿਤਰ ਰਮਜ਼ਾਨ ਦੇ ਪਾਕ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਰਮਜ਼ਾਨ ਦੇ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਤੀਹ ਰੋਜ਼ੇ ਰੱਖਦੇ ਹਨ। ਵਿਸ਼ਵ ਭਰ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਰੋਜ਼ੇ ਰੱਖਦੇ ਹਨ ਅਤੇ ਰਮਜ਼ਾਨ ਵੇਲੇ ਦਾਨ ਕਰਦੇ ਹਨ। ਇਸ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਉਤਸ਼ਾਹ ਵੇਖਣ ਵਾਲ਼ਾ ਹੁੰਦਾ ਹੈ। ਇਸ ਤਿਉਹਾਰ ਨੂੰ ਮਨਾਉਣ ਲਈ ਮੁਸਲਿਮ ਪਰਿਵਾਰਾਂ ਵਿੱਚ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਨਵੇਂ ਨਵੇਂ ਕੱਪੜੇ ਸਵਾਏ ਜਾਂਦੇ ਹਨ। ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਈਦ ਵਾਲੇ ਦਿਨ ਸੇਵੀਆਂ ਉਚੇਚੇ ਤੌਰ ਤੇ ਬਣਾਈਆਂ ਜਾਂਦੀਆਂ ਹਨ।
ਹਰ ਮੁਸਲਿਮ ਪਰਿਵਾਰ ਵਿੱਚ ਵੱਖ਼ਰਾ ਹੀ ਖੁਸ਼ੀ ਦਾ ਮਾਹੌਲ ਹੁੰਦਾ ਹੈ।ਇੱਕ ਦੂਜੇ ਨੂੰ ਉਪਹਾਰ ਦੇਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ।ਰਮਜ਼ਾਨ ਦੇ ਮਹੀਨੇ ਦੇ ਆਖਰੀ ਦਿਨ ਜਦੋਂ ਰਾਤ ਨੂੰ ਅਸਮਾਨ ਵਿੱਚ ਚੰਦਰਮਾ ਨਜ਼ਰ ਆਉਂਦਾ ਹੈ ਤਾਂ ਚੰਦਰਮਾ ਦੇਖਦੇ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਉਤਸ਼ਾਹ ਅਤੇ ਖੁਸ਼ੀ ਵੇਖਣ ਵਾਲੀ ਹੁੰਦੀ ਹੈ। ਸਾਰੇ ਇੱਕ ਦੂਜੇ ਨੂੰ ਈਦ ਮੁਬਾਰਕ ਦਿੰਦੇ ਹੋਏ ਗਲ਼ੇ ਮਿਲਦੇ ਹਨ। ਚਾਰੇ ਪਾਸੇ “ਈਦ ਮੁਬਾਰਕ” ਈਦ ਮੁਬਾਰਕ” ਦੀਆਂ ਮਿੱਠੀਆਂ ਅਵਾਜ਼ਾਂ ਕੰਨਾਂ ਵਿੱਚ ਪੈਂਦੀਆਂ ਹਨ। ਅਸਲ ਵਿੱਚ ਇਸਲਾਮਿਕ ਕੈਲੰਡਰ ਚੰਦ ‘ਤੇ ਆਧਾਰਿਤ ਹੈ। ਚੰਦ ਦੇ ਦਿਖਾਈ ਦੇਣ ‘ਤੇ ਹੀ ਈਦ ਜਾਂ ਹੋਰ ਪ੍ਰਮੁੱਖ ਤਿਉਹਾਰ ਮਨਾਏ ਜਾਂਦੇ ਹਨ। ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਚੰਦ ਦੇ ਦੇਖਣ ਨਾਲ ਹੁੰਦੀ ਹੈ ਤੇ ਇਸ ਦੀ ਸਮਾਪਤੀ ਵੀ ਚੰਦ ਦੇ ਨਿਕਲਣ ਨਾਲ ਹੁੰਦੀ ਹੈ।
ਈਦ-ਉਲ-ਫਿਤਰ ਦੇ ਮਹੱਤਵ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਪੈਗੰਬਰ ਮੁਹੰਮਦ ਸਾਹਿਬ ਦੀ ਅਗਵਾਈ ਵਿੱਚ ਜੰਗ-ਏ-ਬਦਰ ‘ਚ ਮੁਸਲਮਾਨਾਂ ਦੀ ਜਿੱਤ ਹੋਈ ਸੀ। ਜਿੱਤ ਦੀ ਖ਼ੁਸ਼ੀ ‘ਚ ਲੋਕਾਂ ਨੇ ਈਦ ਮਨਾਈ ਸੀ ਤੇ ਘਰਾਂ ‘ਚ ਮਿੱਠੇ ਪਕਵਾਨ ਬਣਾਏ ਗਏ ਸਨ। ਇਸ ਤਰ੍ਹਾਂ ਨਾਲ ਈਦ-ਉਲ-ਫਿਤਰ ਦੀ ਸ਼ੁਰੂਆਤ ਜੰਗ-ਏ-ਬਦਰ ਤੋਂ ਬਾਅਦ ਹੋਈ ਸੀ। ਇਸਲਾਮ ਧਰਮ ਵਿੱਚ ਇਹ ਵੀ ਮਾਨਤਾ ਹੈ ਕਿ ਪੈਗੰਬਰ ਇਬਾਰਾਹਿਮ ਅਤੇ ਉਨ੍ਹਾਂ ਦੇ ਪੁੱਤਰ ਇਸਮਾਇਲ ਨੇ ਅੱਲ੍ਹਾ ਲਈ ਇੱਕ ਅਸਥਾਨ ਬਣਾਇਆ ਸੀ ਜਿੱਥੇ ਹਰ ਸਾਲ ਦੁਨੀਆਂ ਭਰ ਦੇ ਲੱਖਾਂ ਮੁਸਲਮਾਨ ਭਾਈਚਾਰੇ ਦੇ ਲੋਕ ਮੱਕਾ ਹੱਜ ਕਰਨ ਜਾਂਦੇ ਹਨ, ਤਾਂ ਕਿ ਉਹ ਉੱਥੇ ਰੱਬ ਨਾਲ ਜੋੜਨ ਵਾਲੀਆਂ ਪਰੰਪਰਾਵਾਂ ਨਿਭਾਉਣ ।
ਇਸ ਲਈ ਇਹ ਰਸਮਾਂ ਪੰਜ ਦਿਨਾਂ ਤੱਕ ਕੀਤੀਆਂ ਜਾਂਦੀਆਂ ਹਨ।ਹੱਜ ਕਰਨ ਜਾਣ ਵਾਲੇ ਤੀਰਥ ਯਾਤਰੀ ਸਫੇਦ ਰੰਗ ਦੀਆਂ ਪੁਸ਼ਾਕਾਂ ਪਹਿਨਦੇ ਹਨ ਜਿਸ ਨੂੰ ‘ਇਹਰਾਮ’ ਕਹਿੰਦੇ ਹਨ।ਹੱਜ ਕਰਨ ਗਏ ਤੀਰਥ-ਯਾਤਰੀ ਦੁਨੀਆਂ ਵਿੱਚ ਆਉਣ ਦੇ ਮਕਸਦ ਨੂੰ ਯਾਦ ਕਰਦੇ ਹੋਏ ਅੱਲ੍ਹਾ ਅੱਗੇ ਇਬਾਦਤ ਕਰਦੇ ਹਨ ।ਈਦ-ਉਲ-ਫਿਤਰ ਦੇ ਦਿਨ ਲੋਕ ਅੱਲਾਹ ਦਾ ਸ਼ੁੱਕਰੀਆ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਹੀ ਰਹਿਮਤ ਨਾਲ ਉਹ ਪੂਰੇ ਇਕ ਮਹੀਨੇ ਤਕ ਰਮਜ਼ਾਨ ਦਾ ਵਰਤ ਰੱਖ ਪਾਉਂਦੇ ਹਨ। ਈਦ ਦੇ ਦਿਨ ਲੋਕ ਆਪਣੀ ਕਮਾਈ ਦਾ ਕੁਝ ਹਿੱਸਾ ਗਰੀਬ ਲੋਕਾਂ ‘ਚ ਵੰਡ ਦਿੰਦੇ ਹਨ। ਉਨ੍ਹਾਂ ਨੂੰ ਤੋਹਫੇ ਦੇ ਤੌਰ ‘ਤੇ ਕੱਪੜੇ, ਮਿਠਾਈ ਆਦਿ਼ ਦਿੰਦੇ ਹਨ।
ਜਿਵੇਂ ਸਿੱਖ ਧਰਮ ਵਿੱਚ ਗੁਰਪੁਰਬ, ਹਿੰਦੂ ਧਰਮ ਵਿੱਚ ਨਵਰਾਤਰਿਆਂ ਦੀ ਮਹਾਨਤਾ ਹੁੰਦੀ ਹੈ ਉਸੇ ਤਰ੍ਹਾਂ ਮੁਸਲਿਮ ਭਾਈਚਾਰੇ ਵਿੱਚ ਰਮਜ਼ਾਨ ਦੇ ਮਹੀਨੇ, ਰੋਜ਼ਿਆਂ ਅਤੇ ਈਦ ਦੀ ਮਹੱਤਤਾ ਹੁੰਦੀ ਹੈ। ਸਾਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਨਾਲ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਅਤੇ ਸਾਰਿਆਂ ਨੂੰ ਸਾਰੇ ਧਰਮਾਂ ਦੇ ਤਿਉਹਾਰ ਆਪਸ ਵਿੱਚ ਰਲ਼ ਮਿਲ਼ ਕੇ ਮਨਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਸ ਵਿੱਚ ਭਾਈਚਾਰਕ ਸਾਂਝ ਪੈਦਾ ਹੋ ਸਕੇ। ਸ਼ਾਲਾ!ਇਹ ਈਦ ਦਾ ਤਿਉਹਾਰ ਸਾਰਿਆਂ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਇਸ ਨੂੰ ਰਲ਼ ਮਿਲ਼ ਕੇ ਮਨਾਉਣ ਤੇ ਸਾਂਝੀਵਾਲਤਾ ਦਾ ਪੈਗਾਮ ਦੇਣ ਕਿਉਂਕਿ ਤਿਉਹਾਰਾਂ ਰਾਹੀਂ ਆਪਸ ਵਿੱਚ ਸਾਂਝਾਂ ਵਧਾ ਕੇ ਖ਼ੁਸ਼ੀਆਂ ਨੂੰ ਦੁੱਗਣਾ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਈਦ ਮੁਬਾਰਕ!!!
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly