(ਸਮਾਜ ਵੀਕਲੀ)
ਸੋਹਣਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੰਦਰਾਂ ਕਿੱਲੇ ਜ਼ਮੀਨ ਸੀ , ਖੇਤੀ ਬਾੜੀ ਆਪ ਹੀ ਕਰਦਾ ਸੀ। ਬਹੁਤ ਸੋਹਣੀ ਕੋਠੀ ਵੀ ਬਣਾਈ ਹੋਈ ਸੀ। ਪਰ ਸੋਹਣੇ ਨੇ ਪੰਜ ਸੱਤ ਜਮਾਤਾਂ ਕਰਕੇ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਸੀ। ਗੱਲ ਬਾਤ ਕਰਨ ਦਾ ਹਿਸਾਬ ਕਿਤਾਬ ਤਾਂ ਉਸ ਨੂੰ ਘੱਟ ਈ ਸੀ ,ਹਰ ਕਿਸੇ ਦੇ ਮੂੰਹ ਤੇ ਹੀ ਗੱਲ ਠਾਹ ਸੋਟਾ ਮਾਰਦਾ ਸੀ ਚਾਹੇ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ ,ਉਂਝ ਜ਼ਿੰਮੇਵਾਰੀਆਂ ਸਭ ਸੰਭਾਲ਼ੀ ਫਿਰਦਾ ਸੀ। ਅਸਲ ਵਿੱਚ ਸੋਹਣੇ ਦੇ ਇਹ ਅਸਲੀ ਮਾਪੇ ਨਹੀਂ ਸਨ ਉਸ ਨੂੰ ਉਸ ਦੇ ਮਾਮਾ ਮਾਮੀ ਜੰਗ ਸਿਓਂ ਤੇ ਮੀਤੋ ਨੇ ਛੋਟੇ ਜਿਹੇ ਹੁੰਦੇ ਨੂੰ ਹੀ ਗੋਦ ਲਿਆ ਹੋਇਆ ਸੀ। ਇਸ ਲਈ ਉਹ ਉਹਨਾਂ ਦਾ ਬਹੁਤਾ ਲਾਡਲਾ ਹੋਣ ਕਰਕੇ ਪੜ੍ਹਿਆ ਵੀ ਨਹੀਂ ਸੀ। ਜ਼ਿਆਦਾ ਜ਼ਮੀਨ ਹੋਣ ਕਰਕੇ ਰਿਸ਼ਤੇਦਾਰੀ ਵਿੱਚੋਂ ਹੀ ਕਿਸੇ ਨੇ ਉਸ ਨੂੰ ਰਿਸ਼ਤਾ ਕਰਵਾ ਦਿੱਤਾ ਸੀ ਤੇ ਉਸ ਦੇ ਦੋ ਜਵਾਕ ਵੀ ਹੋ ਗਏ ਸਨ। ਜੰਗ ਸਿਓਂ ਦਾ ਪਰਿਵਾਰ ਬਹੁਤ ਸੋਹਣਾ ਖੁਸ਼ਹਾਲ ਸੀ।
ਓਧਰ ਜੰਗ ਸਿਓਂ ਦੀ ਭੈਣ ਭਜਨੀ ਚਹੁੰ ਕੁ ਕਿੱਲਿਆਂ ਵਾਲੇ ਮਲਕੀਤ ਸਿਓਂ ਨਾਲ਼ ਵਿਆਹੀ ਹੋਈ ਸੀ। ਉਹਨਾਂ ਦੇ ਘਰ ਸੋਹਣੇ ਤੋਂ ਛੋਟਾ ਇੱਕ ਹੋਰ ਮੁੰਡੇ ਨੇ ਜਨਮ ਲਿਆ ਸੀ ਜਿਸ ਦਾ ਨਾਂ ਮੋਹਣਾ ਸੀ। ਉਹ ਵੀ ਦਸਵੀਂ ਕਰਕੇ ਕਾਲਜ ਪੜ੍ਹਨ ਲੱਗ ਗਿਆ ਸੀ। ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ।ਇਸ ਕਰਕੇ ਉਸ ਦੇ ਮਾਪੇ ਇਸ ਨੂੰ ਪੜ੍ਹਾ ਲਿਖਾ ਕੇ ਅਫ਼ਸਰ ਬਣਾਉਣਾ ਚਾਹੁੰਦੇ ਸਨ। ਪਹਿਲਾਂ ਤਾਂ ਇਹ ਗਰੀਬ ਜਿਹੇ ਹੀ ਸਨ ਕਿਉਂਕਿ ਚਾਰ ਕਿੱਲਿਆਂ ਦੀ ਖੇਤੀ ਵਿੱਚ ਤਾਂ ਘਰ ਦਾ ਖ਼ਰਚਾ ਪਾਣੀ ਈ ਮਸਾਂ ਚੱਲਦਾ ਸੀ। ਪਰ ਹੁਣ ਜ਼ਮੀਨ ਸ਼ਹਿਰ ਵਿੱਚ ਆ ਜਾਣ ਕਾਰਨ ਉਸ ਦੀ ਕੀਮਤ ਬਹੁਤ ਵਧ ਗਈ ਸੀ। ਇਹਨਾਂ ਨੇ ਇੱਕ ਕਿੱਲਾ ਵੇਚ ਕੇ ਆਲੀਸ਼ਾਨ ਕੋਠੀ ਬਣਾ ਲਈ ਸੀ ਤੇ ਬਾਕੀ ਤਿੰਨ ਕਿੱਲਿਆਂ ਦੇ ਬਾਗ਼ ਬਣਾ ਲਏ ਸਨ ਜਿਨ੍ਹਾਂ ਤੋਂ ਉਹਨਾਂ ਨੂੰ ਖੂਬ ਕਮਾਈ ਹੁੰਦੀ। ਉਹ ਦੇਖਦੇ ਹੀ ਦੇਖਦੇ ਬਹੁਤ ਅਮੀਰ ਹੋ ਗਏ ਸਨ।
ਕਿਸਮਤ ਦਾ ਕਦ ਪਤਾ ਲੱਗਦਾ ਹੈ ਕਿ ਉਹ ਪਲਟਾ ਮਾਰ ਦੇਵੇ। ਅਚਾਨਕ ਜੰਗ ਸਿਓਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਮੀਤੋ ਤਾਂ ਪਹਿਲਾਂ ਹੀ ਬੀਮਾਰ ਰਹਿੰਦੀ ਸੀ। ਜੰਗ ਸਿਓਂ ਤੋਂ ਬਾਅਦ ਉਸ ਨੇ ਵੀ ਮੰਜਾ ਫੜ ਲਿਆ। ਪੂਰਾ ਸਾਲ ਭਰ ਹੱਡ ਰਗੜ ਕੇ ਉਹ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਪਰ ਸੋਹਣੇ ਨੇ ਆਪਣੇ ਵੱਲੋਂ ਉਸ ਦੀ ਸੇਵਾ ਕਰਨ ਦੀ ਕੋਈ ਕਸਰ ਨਾ ਛੱਡੀ।ਉਸ ਨੂੰ ਸੇਵਾ ਕਰਦੇ ਦੇਖ਼ ਕੇ ਲੋਕ ਅਕਸਰ ਕਹਿੰਦੇ,” ਸੋਹਣੇ ਤੇ ਓਹਦੀ ਘਰਵਾਲ਼ੀ ਨੇ ਜਿੰਨੀਂ ਆਪਣੀ ਮਾਂ ਦੀ ਸਾਂਭ ਸੰਭਾਲ ਕੀਤੀ ਹੈ….. ਕੋਈ ਨੀ ਕਰ ਸਕਦਾ….. ਢਿੱਡੋਂ ਜੰਮੇ ਵੀ ਮੁੱਖ ਮੋੜ ਜਾਂਦੇ ਆ…..!” ਓਧਰ ਰੱਬ ਦੀ ਕਰਨੀ ਐਸੀ ਹੋਈ ਕਿ ਸੋਹਣੇ ਦੇ ਛੋਟੇ ਭਰਾ ਮੋਹਣੇ ਦਾ ਕਾਲਜ ਨੂੰ ਜਾਂਦੇ ਦਾ ਐਕਸੀਡੈਂਟ ਹੋ ਗਿਆ ਤੇ ਉਹ ਚੜ੍ਹਦੀ ਜਵਾਨੀ ਵਿੱਚ ਹੀ ਮਾਪਿਆਂ ਦਾ ਲੱਕ ਤੋੜ ਗਿਆ। ਮਾਪਿਆਂ ਦੀ ਝੋਲੀ ਸੱਖਣੀ ਹੋ ਗਈ।
ਸੋਹਣੇ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ, ਕਿੱਥੇ ਤਾਂ ਖੇਤੀ ਵਿੱਚ ਜੰਗ ਸਿਓਂ ਉਸ ਦਾ ਹੱਥ ਵਟਾਉਂਦਾ ਸੀ ਤੇ ਕਿੱਥੇ ਉਸ ਦੇ ਸਿਰ ਉੱਤੇ ਉਸ ਨੂੰ ਜਨਮ ਦੇਣ ਵਾਲ਼ੇ ਮਾਪਿਆਂ ਦੀ ਜ਼ਿੰਮੇਵਾਰੀ ਵੀ ਆ ਪਈ ਸੀ। ਕਦੇ ਉਹ ਪਿੰਡ ਖੇਤੀ ਸੰਭਾਲਦਾ ਤੇ ਕਦੇ ਸ਼ਹਿਰ ਮਾਪਿਆਂ ਨੂੰ ਦੇਖਣ ਜਾਂਦਾ। ਇੱਕ ਦਿਨ ਉਸ ਦੀ ਪਤਨੀ ਨੇ ਕਿਹਾ,” ਦੇਖੋ ਸੋਹਣ…. ਜੇ ਆਪਾਂ ਆਪਣਾ ਫਰਜ਼ ਸਮਝਦੇ ਹੋਏ ਸ਼ਹਿਰ ਵਾਲ਼ੇ ਬੀਜੀ – ਪਾਪਾ ਕੋਲ ਜਾ ਕੇ ਰਹਿਣ ਲੱਗ ਜਾਈਏ ਤਾਂ ਉਹ ਬੱਚਿਆਂ ਨਾਲ ਰੁੱਝ ਜਾਣਗੇ ਤਾਂ ਉਹਨਾਂ ਦਾ ਦੁੱਖ ਥੋੜ੍ਹਾ ਘੱਟ ਹੋ ਜਾਵੇਗਾ , ਉਹਨਾਂ ਨੂੰ ਇਹਨਾਂ ਵਿਚੋਂ ਆਪਣਾ ਮੋਹਣਾ ਨਜ਼ਰ ਆਏਗਾ।”
ਸੋਹਣਾ ਮੰਨ ਗਿਆ।ਉਸ ਨੇ ਪਿੰਡ ਵਾਲ਼ੀ ਜ਼ਮੀਨ ਠੇਕੇ ਤੇ ਦੇ ਕੇ ਆਪਣੇ ਬੱਚਿਆਂ ਨੂੰ ਸ਼ਹਿਰ ਦੇ ਸਕੂਲ ਵਿੱਚ ਦਾਖਲਾ ਦਵਾ ਦਿੱਤਾ ਤੇ ਭਜਨੀ ਤੇ ਮਲਕੀਤ ਸਿੰਘ ਕੋਲ਼ ਰਹਿਣ ਲੱਗਿਆ,ਪਰ ਉਹ ਉਹਨਾਂ ਨੂੰ ਭੂਆ – ਫੁੱਫੜ ਹੀ ਆਖਦਾ। ਉਸ ਦੀ ਪਤਨੀ ਤੇ ਬੱਚੇ ਭਜਨੀ ਤੇ ਮਲਕੀਤ ਸਿਓਂ ਨੂੰ ਬੀਜੀ – ਪਾਪਾ ਜੀ ਆਖਦੇ ਤਾਂ ਉਹਨਾਂ ਨੂੰ ਬੱਚਿਆਂ ਵਿੱਚੋਂ ਮੋਹਣਾ ਨਜ਼ਰ ਆਉਂਦਾ। ਹੁਣ ਉਹਨਾਂ ਨੂੰ ਇੱਕ ਨਵਾਂ ਜੀਵਨ ਮਿਲ਼ ਗਿਆ ਸੀ। ਇਸ ਤਰ੍ਹਾਂ ਜਦੋਂ ਜੰਗ ਸਿਓਂ ਤੇ ਮੀਤੋ ਨੂੰ ਸਹਾਰੇ ਦੀ ਲੋੜ ਸੀ ਉਹ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਨੂੰ ਨਵਾਂ ਜੀਵਨ ਦਿੱਤਾ ਤੇ ਹੁਣ ਜਦੋਂ ਭਜਨੀ ਤੇ ਮਲਕੀਤ ਸਿਓਂ ਬੇਬਸ ਲਾਚਾਰ ਨਜ਼ਰ ਆ ਰਹੇ ਸਨ ਤਾਂ ਉਹ ਉਨ੍ਹਾਂ ਦਾ ਸਹਾਰਾ ਬਣ ਗਿਆ ਸੀ ।
ਕੋਈ ਉਸ ਨੂੰ ਕਿਸਮਤ ਦਾ ਧਨੀ ਆਖਦੇ ਸਨ ਕਿ ਉਹ ਕਰੋੜਾਂ ਦੀਆਂ ਦੋ ਪਾਸਿਆਂ ਦੀਆਂ ਜਾਇਦਾਦਾਂ ਦਾ ਮਾਲਕ ਬਣ ਗਿਆ ਸੀ ਤੇ ਕੋਈ ਆਖਦਾ ਸੀ ਕਿ ਉਹ ਤਾਂ ਕੋਈ ਮਸੀਹਾ ਬਣ ਕੇ ਆਇਆ ਹੈ ਜੋ ਪਹਿਲਾਂ ਇੱਕ ਬੇਔਲਾਦ ਮਾਂ ਬਾਪ ਦਾ ਸਹਾਰਾ ਬਣ ਕੇ ਉਹਨਾਂ ਨੂੰ ਖ਼ੁਸ਼ੀਆਂ ਦਿੱਤੀਆਂ ਤੇ ਫਿਰ ਜਨਮ ਦੇਣ ਵਾਲੇ ਮਾਪਿਆਂ ਨੂੰ ਸਹਾਰਾ ਦੇ ਕੇ ਉਹਨਾਂ ਨੂੰ ਨਵਾਂ ਜੀਵਨ ਦਿੱਤਾ। ਅਸਲ ਵਿੱਚ ਏਹੁ ਤਾਂ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly