(ਸਮਾਜ ਵੀਕਲੀ)
ਭਾਵੇਂ ਅਧਿਆਪਕਾਂ ਦੇ ਸੁੰਦਰ ਲਿਖਾਈ ਕੈਂਪਾਂ ਤੋਂ ਬਾਅਦ ਹੁਣ ਬਹੁਤ ਵਿਦਿਆਰਥੀਆਂ ਦੀ ਲਿਖਾਈ ਵਿੱਚ ਸੁਧਾਰ ਹੋ ਗਿਆ ਹੈ । ਅਧਿਆਪਕ ਅਤੇ ਮਾਪੇ ਬੱਚਿਆਂ ਨੂੰ ਸੁੰਦਰ ਲਿਖਾਈ ਲਈ ਪ੍ਰੇਰਦੇ ਹਨ ਕਿ ਸੁੰਦਰ ਲਿਖੋਗੇ ਤਾਂ ਵਧੀਆ ਅੰਕ ਆਉਣਗੇ । ਸੁੰਦਰ ਲਿਖਣਾ ਇੱਕ ਕਲਾ ਹੈ । ਸੁੰਦਰ ਲਿਖਾਈ ਨਾਲ ਹੀ ਵਿਅਕਤੀ ਦੀ ਵਧੀਆ ਸ਼ਖਸ਼ੀਅਤ ਜਾਣੀ ਜਾਂਦੀ ਹੈ , ਸੁੰਦਰ ਲਿਖਾਈ ਲਿਖਣ ਵਾਲਾ ਵਿਅਕਤੀ ਸੰਵੇਦਨਸ਼ੀਲ ਹੁੰਦਾ ਹੈ । ਜੋ ਵਿਅਕਤੀ ਸੁੰਦਰ ਲਿਖਦੇ ਹਨ, ਅੱਖਰਾਂ ਵਿੱਚ ਜਾਨ ਪਾ ਦਿੰਦੇ ਹਨ । ਸੁੰਦਰ ਲਿਖਾਈ ਵਿੱਚ ਲਿਖੇ ਲੇਖ ਨੂੰ ਪੜ੍ਹਨ ਵਾਲੇ ਵਿਅਕਤੀ ਦੀ ਰੂਹ ਖੁਸ਼ ਹੋ ਜਾਂਦੀ ਹੈ । ਕਈ ਵਾਰ ਉਦਾਸੇ ਮਨ ਦਾ ਧਿਆਨ, ਵਧੀਆ ‘ਵਿਚਾਰ’ ਸੁੰਦਰ ਲਿਖਾਈ ਵਿੱਚ ਲਿਖੇ ਹੋਏ ‘ਤੇ ਪੈ ਜਾਵੇ, ਮਨ ਖੁਸ਼ ਹੋ ਜਾਂਦਾ ਹੈ । ਹਰ ਕੰਮ ਨੂੰ ਸੁੰਦਰ ਬਣਾਉਣ ਲਈ ਮਿਹਨਤ ਦੀ ਲੋੜ ਹੁੰਦੀ ਹੈ, ਭਾਵੇਂ ਉਹ ਕਿਸੇ ਕਿਸਮ ਦੀ ਕਲਾ ਹੋਵੇ :-
1 ਮਨ ਵਿੱਚ ਸਹਿਜਤਾ :
ਸੁੰਦਰ ਲਿਖਾਈ ਲਈ ਮਨ ਵਿੱਚ ਸਹਿਜਤਾ ਦੀ ਲੋੜ ਹੁੰਦੀ ਹੈ । ‘ਸਹਿਜ ਪੱਕੇ ਸੋ ਮਿੱਠਾ ਹੋਵੇ’
ਅੱਖਰਾਂ ਨੂੰ ਸੁੰਦਰ ਬਣਾਉਣ ਲਈ ਮਨ ਵਿੱਚ ਠਰੰਮਾ ਬਹੁਤ ਜਰੂਰੀ ਹੈ । ਸਹਿਜੇ-ਸਹਿਜੇ ਲਿਖਾਂਗੇ, ਤਾਂ ਹੀ ਹੋਏਗੀ ਸੁੰਦਰ ਲਿਖਾਈ ।
2 ਅੱਖਰਾਂ ਦੀ ਬਨਾਵਟ /ਬਣਤਰ :-
ਸੁੰਦਰ ਲਿਖਾਈ ਲਈ ਅੱਖਰਾਂ ਦੀ ਬਣਤਰ ਬਾਰੇ ਗਿਆਨ ਹੋਣਾ ਬਹੁਤ ਜਰੂਰੀ ਹੈ । ਜਦੋਂ ਕੋਈ ਵਿਅਕਤੀ ਸਹਿਜੇ-ਸਹਿਜੇ ਅੱਖਰ ਨੂੰ ਵਧੀਆ ਬਣਤਰ ਵਿੱਚ ਪਾਉਂਦਾ ਹੈ ਤਾਂ ਸੁੰਦਰ ਲਿਖਾਈ ਦਾ ਨਮੂਨਾ ਪੇਸ਼ ਹੁੰਦਾ ਹੈ।
3 ਸੁੰਦਰ ਲਿਖਾਈ ਲਈ ਸਪੀਡ :-
ਜਦੋਂ ਅਸੀਂ ਅੱਖਰਾਂ ਦੀ ਬਣਾਵਟ ਠਰੰਮੇ ਜਾਂ ਸਹਿਜਤਾ ਨਾਲ ਸਹੀ ਪਾਵਾਂਗੇ ਤਾਂ ਵਾਰ-ਵਾਰ ਪ੍ਰੈਕਟਿਸ ਕਰਨ ਨਾਲ ਹੱਥ ਦੇ ਲਿਖਣ ਦੀ ਸਪੀਡ ਤੇਜ ਹੋ ਜਾਵੇਗੀ ਅਤੇ ਸੁੰਦਰ ਅੱਖਰ ਪਾਉਣ ਤੇ ਹੱਥ ਟਿਕ ਜਾਵੇਗਾ।
4 ਪ੍ਰੀਖਿਆ ਵਿੱਚ ਵਧੀਆ ਅੰਕ :-
ਜਦੋਂ ਪ੍ਰੀਖਿਆ ਵਿੱਚ ਮੋਤੀਆਂ ਵਰਗੇ ਅੱਖਰ ਪਾਏ ਹੋਣ ਤਾਂ ਪੇਪਰ ਚੈੱਕ ਕਰਨ ਵਾਲੇ ਦਾ ਮੱਲੋ -ਮੱਲੀ ਵੱਧ ਅੰਕ ਦੇਣ ਨੂੰ ਜੀਅ ਕਰਦਾ ਹੈ । ਸੁੰਦਰ ਲਿਖਾਈ ਕਰਨ ਵਾਲਿਆਂ ਦੇ ਅੰਕ ਵੱਧ ਆਉਂਦੇ ਹਨ । ਕਈ ਵਿਦਿਆਰਥੀ ਗੰਦਾ ਲਿਖਦੇ ਹਨ, ਸਮਝ ਨਹੀਂ ਆਉਂਦਾ, ਭਾਵੇਂ ਉਹਨਾਂ ਦਾ ਲਿਖਿਆ ਸਾਰਾ ਠੀਕ ਹੁੰਦਾ ਹੈ, ਪਰ ਸਮਝ ਨਾ ਆਉਣ ਕਾਰਨ ਬਹੁਤ ਘੱਟ ਅੰਕ ਆਉਂਦੇ ਹਨ।
5 ਇਨਾਮ /ਅਵਾਰਡ ਮਿਲਣਾ :-
ਸਰਕਾਰੀ /ਗੈਰ -ਸਰਕਾਰੀ ਸੰਸਥਾਵਾਂ ਜਾਂ ਸਮਾਜ -ਸੇਵੀ ਸੰਸਥਾਵਾਂ ਵਲੋਂ ਸੁੰਦਰ ਲਿਖਾਈ /ਆਰਟ ਤੇ ਵੱਖ -ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਜਿਨ੍ਹਾਂ ਵਿਦਿਆਰਥੀਆਂ ਵਿੱਚ ਕੋਈ ਕਲਾ ਜਾਂ ਉਹਨਾਂ ਦੀ ਸੁੰਦਰ ਲਿਖਾਈ ਹੁੰਦੀ ਹੈ ਤਾਂ ਉੱਥੇ ਉਹਨਾਂ ਵਿਦਿਆਰਥੀਆਂ ਦਾ ਮੁੱਲ ਪੈਂਦਾ ਹੈ, ਉਹ ਵਿਦਿਆਰਥੀ ਇਨਾਮ /ਐਵਾਰਡ ਪ੍ਰਾਪਤ ਕਰਦੇ ਹਨ।
6 ਵੱਖਰੀ ਦਿੱਖ :-
ਸੁੰਦਰ ਲਿਖਾਈ ਕਰਨ ਵਾਲੇ ਸਮਾਜ ਵਿੱਚ ਆਪਣੀ ਵੱਖਰੀ ਦਿੱਖ ਬਣਾ ਲੈਂਦੇ ਹਨ ਅਤੇ ਵੱਖਰੀ ਸ਼ਖਸ਼ੀਅਤ ਦੇ ਮਾਲਕ ਬਣ ਜਾਂਦੇ ਹਨ।
7 ਕੁਦਰਤ ਪ੍ਰੇਮੀ :-
ਸੁੰਦਰ ਲਿਖਾਈ, ਵਿਅਕਤੀ ਵਿੱਚ ਸੁਹਜਆਤਮਿਕ ਰੁਚੀਆਂ ਪੈਦਾ ਕਰਦੀ ਹੈ । ਸੁੰਦਰ ਲਿਖਾਈ ਕਰਨ ਵਾਲੇ ਵਿਅਕਤੀ ਨੂੰ ਆਪਣਾ ਆਲਾ -ਦੁਆਲਾ ਸੁੰਦਰ ਦਿਖਾਈ ਦਿੰਦਾ ਹੈ।
8 ਰੋਲ ਮਾਡਲ :-
ਸੁੰਦਰ ਲਿਖਾਈ ਕਰਨ ਵਾਲਾ ਵਿਅਕਤੀ ਆਪਣੇ ਵਿਦਿਆਰਥੀਆਂ, ਦੋਸਤਾਂ ਅਤੇ ਸਮਾਜ ਵਿੱਚ ਰੋਲ ਮਾਡਲ ਹੁੰਦਾ ਹੈ। ਸਾਰੇ ਲੋਕ ਉਸ ਤੇ ਵਿਸ਼ਵਾਸ ਕਰਦੇ ਹਨ ਅਤੇ ਉਸਦੀ ਰੀਸ ਕਰਦੇ ਹਨ ।
ਵਿਅਕਤੀਤਵ ਦਾ ਵਿਕਾਸ :-
ਸੁੰਦਰ ਲਿਖਾਈ ਕਰਨ ਨਾਲ ਵਿਅਕਤੀ ਵਿੱਚ ਵਿਅਕਤੀਤਵ ਦਾ ਵਿਕਾਸ ਹੁੰਦਾ ਹੈ ਅਤੇ ਉਸ ਵਿੱਚ ਸਵੈ -ਵਿਸ਼ਵਾਸ ਪੈਦਾ ਹੁੰਦਾ ਹੈ।
ਅੰਤ ਵਿੱਚ ਕਹਿ ਸਕਦੇ ਹਾਂ ਕਿ ਸੁੰਦਰ ਲਿਖਾਈ ਵਿੱਚ ਹਮੇਸ਼ਾਂ ਮੁਸਕਾਨ ਦਾ ਸੁਨੇਹਾ ਹੁੰਦਾ ਹੈ। ਮੁਸਕਾਨ ਵਿੱਚ ਦੂਜਿਆਂ ਨੂੰ ਸ਼ਾਮਲ ਕਰਨਾ ਜਰੂਰੀ ਹੁੰਦਾ ਹੈ ,ਮੁਸਕਾਨ ਉਹ ਹਾਲਤ ਨਹੀਂ ਹੁੰਦੀ, ਜਿਸ ਵਿੱਚ ਕੋਈ ਸਮੱਸਿਆ ਨਾ ਹੋਵੇ, ਸਗੋਂ ਉਹ ਹਾਲਤ ਹੁੰਦੀ ਹੈ ਜਦੋਂ ਮਿਹਨਤ ਨਾਲ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਲਿਆ ਗਿਆ ਹੋਵੇ।
ਨਿਰਲੇਪ ਕੌਰ ਸੇਖੋਂ
ਪੰਜਾਬੀ ਮਿਸਟ੍ਰੈਸ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly