ਹਮ ਪੰਜਾਬੀ ਹੈਂ…….

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਸਾਡਾ ਪੰਜਾਬ ਪੰਜ ਆਬਾਂ ਦੀ ਧਰਤੀ ਹੈ ਤੇ ਪੰਜਾਬੀ ਸਾਡੀ ਮਿੱਠੀ ਮਾਂ ਬੋਲੀ ਹੈ। ਪਰ ਅੱਜ ਅਫ਼ਸੋਸ ਹੋ ਰਿਹਾ ਹੈ ਕਿ ਇਹੀ ਪੰਜਾਬ ਤੇ ਪੰਜਾਬੀ ਸੱਭ ਤੋਂ ਜ਼ਿਆਦਾ ਖ਼ਤਰੇ ਵਿੱਚ ਹਨ।ਵੈਸੇ ਇਹ ਗੱਲ ਤਾਂ ਸਾਰੇ ਕਰ ਰਹੇ ਹਨ, ਕੋਈ ਨਵੀਂ ਗੱਲ ਨਹੀਂ ਕਰ ਰਹੀ ਮੈਂ।ਪਰ ਹਾਂ ਅੱਜ ਇੱਥੇ ਮੈਂ ਇਸਦੇ ਕਾਰਨਾਂ ਅਤੇ ਹੋ ਸਕਦੇ ਸੁਧਾਰਾਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਅੱਜ ਵਿਦੇਸ਼ਾਂ ਵਿੱਚ ਸਾਡੇ ਪੰਜਾਬ ਅਤੇ ਪੰਜਾਬੀ ਦੀਆਂ ਧੁੰਮਾਂ ਪਈਆਂ ਹਨ।ਲੋਕ ਮਾਂ ਬੋਲੀ ਨੂੰ ਪਿਆਰਦੇ ਹਨ ਅਤੇ ਪ੍ਰਚਾਰਦੇ ਵੀ ਹਨ। ਉੱਥੇ ਪੰਜਾਬੀ ਸਕੂਲ ਖੋਲ੍ਹੇ ਜਾ ਰਹੇ ਹਨ।ਉਹ ਲੋਕ ਇੱਧਰ ਆ ਕੇ ਵੀ ਪੰਜਾਬੀ ਭਾਸ਼ਾ ਨੂੰ ਉੱਚਾ ਚੁੱਕਣ ਦੇ ਯਤਨ ਕਰਦੇ ਹਨ। ਕੋਈ ਸਮਾਗਮ ਕਰਵਾਉਂਦਾ ਹੈ ਤੇ ਕੋਈ ਕਵੀ ਦਰਬਾਰ ਤੇ ਕੋਈ ਵਰਲਡ ਪੰਜਾਬੀ ਕਾਨਫਰੰਸ ਕਰਵਾਉਂਦਾ ਹੈ। ਪੰਜਾਬੀ ਲੇਖਕ ਸਾਹਿਤ ਨੂੰ ਅਮੀਰ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ।

ਪਰ ਇਹਨਾਂ ਸਾਰੀਆਂ ਕੋਸ਼ਿਸ਼ਾਂ ਦਾ ਘਾਣ ਓਦੋਂ ਹੋ ਜਾਂਦਾ ਹੈ ਜਦੋਂ ਪੰਜਾਬੀ ਲੋਕ ਆਪ ਹਿੰਦੀ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਵਿੱਚ ਗੱਲ ਕਰਦੇ ਹਨ। ਜੀ ਬਿਲਕੁੱਲ, ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਨੂੰ ਘਰੋਂ ਕੱਢਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ।ਬਾਹਰ ਕਿਸੇ ਵੀ ਦੇਸ਼ ਜਾਂ ਕਿਸੇ ਵੀ ਸੂਬੇ ਵਿੱਚ ਚਲੇ ਜਾਓ ਅਗਲੇ ਮਾਤ ਭਾਸ਼ਾ ਵਿੱਚ ਗੱਲ ਕਰਨਗੇ।ਅੰਗਰੇਜ਼ੀ ਬੇਸ਼ੱਕ ਸਾਰੇ ਦੇਸ਼ਾਂ ਦੇ ਲੋਕ ਸਮਝਦੇ ਹਨ ਪਰ ਕਈ ਦੇਸ਼ ਉਹਨਾਂ ਦੀ ਮਾਂ ਬੋਲੀ ਨੂੰ ਸਿੱਖਣ ਲਈ ਸਖ਼ਤ ਤਾਕੀਦ ਕਰਦੇ ਹਨ। ਪਰ ਇੱਕ ਸਾਡਾ ਮਹਾਨ ਪੰਜਾਬ ਹੀ ਅਜਿਹਾ ਹੈ ਜਿੱਥੇ ਅਸੀਂ ਹਿੰਦੀ ਬੋਲਣ ਵਾਲਿਆਂ ਨਾਲ਼ ਹਿੰਦੀ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਨਾਲ਼ ਅੰਗਰੇਜ਼ੀ ‘ਚ ਗੱਲ ਕਰਦੇ ਹਾਂ। ਸਗੋਂ ਅਸੀਂ ਤਾਂ ਆਪਸ ਵਿੱਚ ਵੀ ਹਿੰਦੀ,ਅੰਗਰੇਜ਼ੀ ਹੀ ਬੋਲਦੇ ਹਾਂ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਉਂਦੇ ਤੇ ਜੇ ਕਿੱਧਰੇ ਉਹ ਪੰਜਾਬੀ ਬੋਲਣ ਵੀ ਤਾਂ ਉਹਨਾਂ ਨੂੰ ਪੰਜਾਬੀ ਬੋਲਣ ਤੋਂ ਵਰਜਦੇ ਵੀ ਹਾਂ।

ਸਕੂਲਾਂ ਨੂੰ ਅਕਸਰ ਬਦਨਾਮ ਕੀਤਾ ਜਾਂਦਾ ਹੈ ਕਿ ਉੱਥੇ ਪੰਜਾਬੀ ਬੋਲਣ ਤੇ ਜ਼ੁਰਮਾਨਾ ਲਗਾਇਆ ਜਾਂਦਾ ਹੈ ਪਰ ਇਹ ਕਿਉਂ ਲਗਾਇਆ ਜਾਂਦਾ ਹੈ? ਕਿਉਂਕਿ ਤੁਹਾਨੂੰ ਕੋਈ ਫ਼ਰਕ ਨਹੀਂ ਪੈਂਦਾ।ਤੁਸੀਂ ਇਸ ਨੂੰ ਸਟੈਂਡਰਡ ਸਮਝਦੇ ਹੋ। ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦਾ ਪੱਧਰ ਨੀਵਾਂ ਹੁੰਦਾ ਹੈ ਤੇ ਅੰਗਰੇਜ਼ੀ ਵਾਲ਼ਿਆਂ ਦੀ ਵਾਹ-ਵਾਹ ਹੁੰਦੀ ਹੈ।ਆਪੇ ਫ਼ਿਰ ਬੱਚੇ ਅੰਗਰੇਜ਼ੀ ਵੱਲ ਵਧਣਗੇ, ਪੰਜਾਬੀ ਤੋਂ ਕੀ ਲੈਣਾ ਉਹਨਾਂ ਨੇ? ਵਾਹ ਬਈ ਵਾਹ! ਦਾਦ ਦੇਣੀ ਚਾਹੀਦੀ ਹੈ,ਤੁਹਾਡੀ ਇਸ ਸੋਚ ਲਈ। ਮਾਂ ਦੇ ਨਾਲ਼ ਹੀ ਸਟੈਂਡਰਡ ਘੱਟਦਾ ਹੈ। ਲੱਖ ਲਾਹਣਤ ਐਹੋ ਜਿਹੇ ਬੱਚਿਆਂ ਤੇ,ਜਿਹਨਾਂ ਨੂੰ ਮਾਂ ਨਾਲ਼ ਸ਼ਰਮ ਆਉਦੀ ਹੈ।

ਇੱਕ ਦਿਨ ਗੁਰੂਦਵਾਰਾ ਸਾਹਿਬ ਵਿੱਚ ਇੱਕ ਸਮਾਗਮ ਦੌਰਾਨ ਇੱਕ ਛੋਟੇ ਜਿਹੇ ਬੱਚੇ ਨੇ ਇੱਕ ਵਿਅੰਗ ਸੁਣਾਇਆ।ਅਖੇ,”ਆਹ ਪੀਲ਼ਾ ਕਾਰਡ ਹੈ, ਇਹ ਮੇਰੀ ਅਧਿਆਪਕਾ ਨੇ ਮੈਨੂੰ ਸਜ਼ਾ ਵਜੋਂ ਦਿੱਤਾ ਹੈ ਕਿਉਂਕਿ ਮੈਂ ਪੰਜਾਬੀ ਵਿਚ ਗੱਲ ਕੀਤੀ ਸੀ ਤੇ ਅਧਿਆਪਕਾ ਨੇ ਮੇਰੇ ਵੱਟ ਕੇ ਚਪੇੜ ਜੜ੍ਹ ਦਿੱਤੀ। ਮੈਂ ਮੰਮੀ ਨੂੰ ਦੱਸਿਆ ਤਾਂ ਉਹ ਕਹਿੰਦੇ ਕਿ ਬੇਟਾ ਫ਼ਿਰ ਠੀਕ ਤੋ ਹੈ ਆਪ ਕਿਉਂ ਪੰਜਾਬੀ ਬੋਲੇ, ਹਮਨੇ ਕਭ ਆਪਕੋ ਪੰਜਾਬੀ ਸਿਖਾਈ ਤੇ ਫ਼ਿਰ ਮੈਂ ਪਾਪਾ ਨੂੰ ਦੱਸਿਆ ਤਾਂ ਉਹਨਾਂ ਨੇ ਵੀ ਮੰਮੀ ਦਾ ਹੀ ਸਾਥ ਦਿੱਤਾ। ਤੇ ਹੁਣ ਮੈਂ ਇਹ ਪੀਲ਼ਾ ਕਾਰਡ ਤੁਹਾਨੂੰ ਸਾਰਿਆਂ ਨੂੰ ਦੇ ਰਿਹਾ ਹਾਂ। ਜੇਕਰ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਇਹੋ ਜਿਹੀ ਸਜ਼ਾ ਮਿਲੇਗੀ ਤਾਂ ਉਹ ਪੰਜਾਬੀ ਜ਼ੁਬਾਨ ਤੋਂ ਕੋਹਾਂ ਦੂਰ ਚਲੇ ਜਾਣਗੇ।”

ਅੰਦਰ ਝੰਜੋੜਿਆ ਗਿਆ,ਆਉਣ ਵਾਲ਼ੇ ਸਮੇਂ ਬਾਰੇ ਸੋਚ ਕੇ ਮਨ ਘਬਰਾ ਗਿਆ। ਪਰ ਦੋਸ਼ ਕਿਸਨੂੰ ਦਈਏ? ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ ਪਰ ਅਹਿਮੀਅਤ ਕੋਈ ਨਹੀਂ ਇਸਦੀ।ਘਰਾਂ ਵਿੱਚ ਮਾਪੇ ਪੰਜਾਬੀ ਨਹੀਂ ਪੜ੍ਹਾਉਂਦੇ। ਖਾਸਕਰ ਜੋ ਲੋਕ ਬਾਹਰਦੇ ਰਾਜਾਂ ਤੋਂ ਆਏ ਹਨ ਉਹ ਲੋਕ ਪੰਜਾਬੀ ਨਹੀਂ ਪੜ੍ਹਾ ਸਕਦੇ, ਸਕੂਲਾਂ ਵਿੱਚ ਵਾਧੂ ਕਲਾਸਾਂ ਲਗਾ ਕੇ ਅੰਗਰੇਜ਼ੀ ਨੂੰ ਘੋਟਾ ਲਵਾਇਆ ਜਾਂਦਾ ਹੈ ਪਰ ਪੰਜਾਬੀ ਨੂੰ ਕੋਈ ਨਹੀਂ ਪੁੱਛਦਾ।ਇਹ ਤਾਂ ਐਵੇਂ ਹੈ, ਨਾ ਘਰ ਦੀ ਨਾ ਘਾਟ ਦੀ। ਇੱਥੇ ਬਾਹਰਦੇ ਰਾਜਾਂ ਤੋਂ ਆਏ ਲੋਕ ਅਫ਼ਸਰ ਬਣ ਗਏ ਪਰ ਬੋਲਦੇ ਉਹ ਆਪਣੀ ਭਾਸ਼ਾ ਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਇੱਥੇ ਪੰਜਾਬੀ ਸਿੱਖਣੀ ਕੋਈ ਜ਼ਰੂਰੀ ਨਹੀਂ।ਸਗੋਂ ਪੰਜਾਬੀ ਬੋਲਣੀ ਤਾਂ ਗੁਨਾਹ ਹੈ।

ਹਾੜਾ ਵੇ ਪੰਜਾਬੀਓ! ਇੰਝ ਨਾ ਰੋਲੋ਼ ਮਾਂ ਨੂੰ। ਬੜਾ ਪਛਤਾਓਗੇ। ਜਿਵੇਂ ਮਾਂ ਨੂੰ ਰੋਲ਼ ਰਹੇ ਹੋ ਇਸੇ ਤਰ੍ਹਾਂ ਆਪ ਵੀ ਰੁਲ਼ ਜਾਓਗੇ। ਆਪਣੀ ਮਾਂ ਬੋਲੀ ਨੂੰ ਪਿਆਰ ਦਿਓ। ਡਟ ਜਾਓ ਕਿ ਸਾਡੇ ਪੰਜਾਬ ਵਿੱਚ ਰਹਿਣ ਲਈ ਪੰਜਾਬੀ ਸਿੱਖਣੀ ਜ਼ਰੂਰੀ ਹੈ,ਉਹ ਵੀ ਸ਼ੁੱਧ ਪੰਜਾਬੀ।ਜਦੋਂ ਹੋਰ ਸੱਭ ਜਗ੍ਹਾ ਇਹ ਨਿਯਮ ਹੈ ਤਾਂ ਸਾਡੇ ਪੰਜਾਬੀ ਵਿੱਚ ਕਿਉਂ ਨਹੀਂ ਹੋ ਸਕਦਾ?ਨਾਲੇ ਸੱਭ ਤੋਂ ਪਹਿਲਾਂ ਆਪ ਮਾਂ ਬੋਲੀ ਨੂੰ ਪਿਆਰ ਕਰਨਾ ਸ਼ੁਰੂ ਕਰੋ, ਬੱਚਿਆਂ ਨੂੰ ਵੀ ਮਾਂ ਬੋਲੀ ਸਿਖਾਓ। ਉਹਨਾਂ ਨੂੰ ਆਪਣੇ ਮਹਾਨ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਦਿਓ।ਚੰਗੇ ਸੰਸਕਾਰ ਦਿਓ।ਜੇ ਆਪ ਹੀ ਮਾਂ ਨੂੰ ਤ੍ਰਿਸਕਾਰੋਗੇ ਤਾਂ ਕਲ੍ਹ ਨੂੰ ਬੱਚੇ ਵੀ ਤੁਹਾਡੀ ਇੱਜ਼ਤ ਨਹੀਂ ਕਰਨਗੇ।

ਸੱਚ ਜਾਣਿਓ ਇਸ ਗੁਨਾਹ ਦੀ ਸਜ਼ਾ ਬੜੀ ਭਾਰੀ ਮਿਲੇਗੀ। ਸੰਭਲ ਜਾਓ ਤੇ ਸੰਭਾਲ਼ ਲਓ ਮਾਂ ਨੂੰ। ਨਹੀਂ ਤਾਂ ਰਹਿ ਜਾਓਗੇ ਅੰਗਰੇਜ਼ੀ ਦੇ ਗ਼ੁਲਾਮ ਬਣ ਕੇ। ਫ਼ੇਰ ਕਿਹੋ ਸ਼ਾਨ ਨਾਲ਼ ਕਿ “ਹਮ ਪੰਜਾਬੀ ਹੈਂ”।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWoman with national flag tattoo on face denied entry into Golden Temple
Next articleਗੀਤ