ਉੱਚਾ ਬੋਲ ਨਾ ਬੋਲੀਏ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਕੁੜੇ ਸੀਬੋ ਨਾ ਤੈਨੂੰ ਮਾੜੀ ਮੋਟੀ ਸ਼ਰਮ ਹੈ ਕਿ ਨਹੀਂ, ਜਦੋਂ ਤਾਂ ਪੈਸੇ ਲੈਣੇ ਹੁੰਦੇ ਦੋ ਦਿਨ ਨਹੀਂ ਲੰਘਣ ਦਿੰਦੀ ਗੁੱਡਾ ਬੰਨ੍ਹ ਲੈਣੀ ਏ। ਨਾ ਦੋ ਦਿਨਾਂ ਦਾ ਗੋਹਾ ਕੂੜਾ ਕੋਈ ਹੋਰ ਕਰੂ। ਮਿੰਦੋ ਸਰਦਾਰਨੀ ਕਿੰਨਾ ਹੀ ਕੁਝ ਇੱਕੋ ਸਾਹੇ ਕਹਿ ਗਈ। ਨਾ ਭੈਣ ਜੀ ਮੈਂ ਹੀ ਕਰੂੰ ਕਿਸੇ ਹੋਰ ਨੇ ਕਿਉਂ ਕਰਨਾ। ਉਹ ਤਾਂ ਮੇਰੀ ਮੱਝ ਮਰ ਗਈ ਸੀ ਤਾਂ ਨਹੀਂ ਆਈ। ਬੜੇ ਲਾਡਾਂ ਨਾਲ਼ ਪਾਲੀ ਸੀ। ਨਿੱਕੀ ਜਿਹੀ ਸੀ।ਚਲ ਬਹੁਤੇ ਨਾ ਡਸਕੋਰੇ ਲਾ ਕੰਮ ਨਿਬੇੜ।ਅਖੇ ਇੱਥੇ ਵੱਡੇ ਵੱਡੇ ਤੁਰ ਗਏ ਇਹ ਕਾਲੇ ਚੰਮ ਨੂੰ ਰੋਂਦੀ ਹੈ। ਨਾ ਭੈਣ ਜੀ ਕਾਲਾ ਚੰਮ ਨਹੀਂ ਘਰ ਦਾ ਜੀਅ ਸੀ ਸਾਡਾ। ਚੱਲ ਚੰਗਾ ਕੁੜੇ ਬਹੁਤੀ ਜ਼ੁਬਾਨ ਨਾ ਚਲਾ ਹੱਥ ਚਲਾ ਕੰਮ ਨਿਬੇੜ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨੀ ਚੱਲਦਾ।ਸੀਬੋ ਸਰਦਾਰਨੀ ਦੀਆਂ ਗੱਲਾਂ ਨੂੰ ਕੌੜਾ ਘੁੱਟ ਸਮਝ ਕੇ ਪੀ ਗਈ।

ਮਹੀਨਾ ਪੂਰਾ ਹੋਣ ਤੇ ਸੀ ਸੀਬੋ ਨੂੰ ਪੈਸਿਆਂ ਦੀ ਆਸ ਵੱਜਦੀ ਨਜ਼ਰ ਆਈ।ਕਿ ਚੱਲੋ ਇੱਕ ਅੱਧੇ ਘਰ ਦਾ ਹੋਰ ਕੰਮ ਸਾਂਭ ਕੇ ਕੋਈ ਕੱਟੀ ਕੁੱਟੀ ਲੈ ਲੈਣਗੇ। ਓਧਰ ਹਾੜ੍ਹੀ ਦੀ ਫ਼ਸਲ ਪੱਕੀ ਵੇਖ ਸਰਦਾਰਨੀ ਵੀ ਸਰਦਾਰ ਤੋਂ ਨੌ ਲੱਖਾ ਮੰਗ ਰਹੀ ਸੀ। ਸਰਦਾਰ ਨੇ ਵੀ ਹਾਮੀ ਭਰ ਦਿੱਤੀ। ਸਰਦਾਰਨੀ ਬੜੀ ਖ਼ੁਸ਼ ਸੀ।ਪਰ ਅਚਾਨਕ ਮੌਸਮ ਦੇ ਬਦਲੇ ਮਿਜ਼ਾਜ ਨੇ ਸਾਰਿਆਂ ਦੇ ਸਾਹ ਸੂਤ ਲਏ।ਦੋ ਤਿੰਨ ਦਿਨਾਂ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ। ਅਗਲੇ ਦਿਨ ਹੀ ਮੌਸਮ ਦਸਤਕ ਦਿੱਤੀ ਮੋਹਲੇਧਾਰ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਫ਼ਸਲ ਤਬਾਹ ਕਰ ਦਿੱਤੀ। ਗੜਿਆਂ ਦੇ ਪੱਕੀ ਫ਼ਸਲ ਤੇ ਅੰਬਾਰ ਲੱਗ ਗਏ। ਤਿੰਨ ਦਿਨ ਰੁੱਕ ਰੁੱਕ ਕੇ ਬਾਰਸ਼ ਹੁੰਦੀ ਰਹੀ। ਪੁੱਤਾਂ ਵਾਂਗ ਪਾਲੀ ਫ਼ਸਲ ਤਬਾਹ ਹੋਈ ਦੇਖ ਸਰਦਾਰਨੀ ਦਾ ਰੋ-ਰੋ ਬੁਰਾ ਹਾਲ ਸੀ। ਓਧਰ ਸੀਬੋ ਵੀ ਮਹੀਨਾ ਪੂਰਾ ਹੋਣ ਤੇ ਆ ਖੜ੍ਹੀ।

ਸਰਦਾਰਨੀ ਕੁੜੇ ਤੈਨੂੰ ਚੜ੍ਹੀ ਲੱਥੀ ਹੈ ਕਿ ਨਹੀਂ,ਕੁਝ ਤਾਂ ਸ਼ਰਮ ਕਰ ਲੈ!ਨਾ ਕੀ ਹੋ ਗਿਆ ਭੈਣ ਜੀ?ਚੜ੍ਹੀ ਲੱਥੀ ਨੂੰ। ਕੁੜੇ ਪੁੱਤਾਂ ਵਾਂਗ ਪਾਲੀ ਫ਼ਸਲ ਤਬਾਹ ਹੋ ਗਈ ਸਾਡੀ ਤੇ ਤੈਨੂੰ ਪੈਸਿਆਂ ਦੀ ਪਈਏ। ਨਾ ਭੈਣ ਜੀ ਇਹ ਕਿਹੜਾ ਤੁਹਾਡੇ ਕੱਲਿਆਂ ਨਾਲ਼ ਹੋਈ ਹੈ ਸਾਰਿਆਂ ਨਾਲ਼ ਹੀ ਹੋਈ ਐ। ਨਾਲੇ ਮੈਂ ਤਾਂ ਆਪਣੀ ਮਿਹਨਤ ਮੰਗਦੀ ਹਾਂ ਕਿਹੜਾ ਭੀਖ ਮੰਗਦੀ ਹਾਂ। ਨਾਲ਼ੇ ਫ਼ਸਲ ਦਾ ਕੀ ਏ ਛੇ ਮਹੀਨਿਆਂ ਨੂੰ ਫੇਰ ਹੋ ਜਾਣੀਂ ਹੈ। ਹਾਂ ਭੈਣ ਜੀ ਤੁਸੀਂ ਹੀ ਤਾਂ ਕਿਹਾ ਸੀ ਕਿ ਕੁਦਰਤ ਦੇ ਕਹਿਰ ਅੱਗੇ ਕਿਹੜਾ ਕਿਸੇ ਦਾ ਜ਼ੋਰ ਹੈ। ਇਹ ਸੁਣਦਿਆਂ ਹੀ ਸਰਦਾਰਨੀ ਉੱਠੀ ਤੇ ਪੈਸੇ ਦੇਣ ਲੱਗੀ। ਮਿੰਦੋ ਸਰਦਾਰਨੀ ਕਦੇ ਪੈਸੇ ਤੇ ਕਦੇ ਸੀਬੋ ਦੇ ਮੂੰਹ ਵੱਲ ਵੇਖ ਰਹੀ ਸੀ।ਦੂਰ ਕਿਤੋਂ ਅਵਾਜ਼ ਆ ਰਹੀ ਸੀ,

ਉੱਚਾ ਬੋਲ ਨਾ ਬੋਲੀਏ,ਕਰਤਾਰੋਂ ਡਰੀਏ

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 148001
9872299613

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਹੱਬਤਾਂ ਦੀ ਨੀਂਹ…..
Next articleਕੁੱਤੀ ਚੋਰਾਂ ਨਾਲ,,,,,