(ਸਮਾਜ ਵੀਕਲੀ)
ਬੋਲਣ ਨੂੰ ਤਾਂ ਜੀ ਕਰਦਾ ਪਰ ਬੰਦਿਸ਼ਾਂ ਦੇ ਵਿੱਚ ਬੰਨ੍ਹੇ ਆਂ
ਸਮਾਂ ਆਉਣ ਤੇ ਖੁੱਲਾਂਗੇ ਅਜੇ ਬੰਦ ਕਿਤਾਬ ਦੇ ਪੰਨੇ ਆਂ
ਅੱਖ ਪਾਰਖੂ ਸਾਡੀ ਸਾਨੂੰ ਸਭ ਕੁੱਝ ਨਜ਼ਰੀਂ ਆਉੰਦਾ
ਦੁਨੀਆਂ ਵਾਲੀਆਂ ਨਜ਼ਰਾਂ ਨੂੰ ਤਾਂ ਬੇਸ਼ੱਕ ਲੱਗਦੇ ਅੰਨ੍ਹੇ ਆਂ
ਨਾਂ ਹੀ ਨਰਮ ਵਤੀਰਾ ਸਾਡਾ ਨਾਂ ਹੀ ਕੱਟੜ ਬਾਹਲ਼ੇ
ਨਾਂ ਹੀ ਬਹੁਤੀ ਨਾਂ-ਨਾਂ ਕਰਦੇ ਨਾਂ ਹੀ ਛੇਤੀ ਮੰਨੇ ਆਂ
ਦਿਲ ਦਰਿਆਵਾਂ ਵਾਂਗੂ ਖੁੱਲੇ ਬੰਨ੍ਹ ਕਿਸੇ ਤੋਂ ਲੱਗਣੇ ਨਹੀਂ
ਉਹਦੇ ਨਾਲ ਦਿਲ ਖੋਲ ਲਈਦਾ ਜੀਹਦੇ ਦਿਲ ਨਾਲ ਬੰਨ੍ਹੇ ਆਂ
ਰੰਬੇ ਆਂ ਉਹ ਬਾਪੂ ਨੇ ਜਿਹੜੇ ਕੁੱਟ-ਕੁੱਟ ਚੰਡੀ ਰੱਖੇ
ਕੁੱਟ ਖੁਆਈਆਂ ਬੇਬੇ ਨੇ ਜੋ ਉਹ ਚੂਰੀ ਦੇ ਛੰਨੇ ਆਂ
ਕੌੜੀ ਨਿਗ੍ਹਾ ਨਾ’ ਤੱਕੂ ਜੋ ਵੀ ਪੋਰੀ-ਪੋਰੀ ਹੋਜੂਗਾ
ਮਿੱਠਬੋਲਿਆਂ ਲਈ ਤਾਂ ਮਿੱਠੀ ਪੋਰੀ ਵਾਲੇ ਗੰਨੇ ਆਂ
ਇਹ ਨਾਂ ਸਮਝਿਉ ਕਿਧਰੇ ਸਾਡੀ ਪੈਂਤੀ ਖਿੰਡੀ ਹੋਈ
ਮਾਂ ਬੋਲੀ ਦੇ ਹਰ ਅੱਖਰ ਦੇ ਔਂਕੜ, ਬਿੰਦੀ, ਕੰਨੇ ਆਂ
ਮਰਨ ਨਾਂ ਦੇਣਾ ਵਿਰਸਾ ਨਾਂ ਹੀ ਵੱਜਣੇ ਡਾਕੇ ਹੱਕਾਂ ਤੇ
ਫ਼ਿਤਰਤ ਸਾਡੀ ਚੁੱਪ ਰਹਿਣਾ ਪਰ ਅੰਦਰੋਂ ਬਹੁਤ ਚੁਕੰਨੇ ਆਂ
“ਬਾਠ ਬਲਵੀਰ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly