ਮਾਣਹਾਨੀ ਕੇਸ: ਰਾਹੁਲ ਸਜ਼ਾ ਖਿਲਾਫ਼ ਅੱਜ ਅਪੀਲ ਦਾਇਰ ਕਰਨਗੇ

ਸੂਰਤ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਫੌਜਦਾਰੀ ਮਾਣਹਾਨੀ ਕੇਸ ਵਿੱਚ ਸੂਰਤ ਦੀ ਕੋਰਟ ਵੱਲੋਂ ਸੁਣਾਈ ਦੋ ਸਾਲ ਦੀ ਸਜ਼ਾ ਖਿਲਾਫ਼ ਸੋਮਵਾਰ ਨੂੰ ਸੈਸ਼ਨਜ਼ ਕੋਰਟ ਵਿੱਚ ਅਪੀਲ ਦਾਖ਼ਲ ਕਰਨਗੇ। ਇਹ ਦਾਅਵਾ ਉਨ੍ਹਾਂ ਦੇ ਵਕੀਲ ਨੇ ਕੀਤਾ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਗਾਂਧੀ ਭਲਕੇ ਸੈਸ਼ਨਜ਼ ਕੋਰਟ ਵਿੱਚ ਅਪੀਲ ਦਾਇਰ ਕਰਕੇ ਮੈਟਰੋਪਾਲਿਟਨ ਕੋਰਟ ਵੱਲੋਂ ਸੁਣਾਏ ਫੈਸਲੇ ਨੂੰ ਚੁਣੌਤੀ ਦੇਣਗੇ। ਗਾਂਧੀ ਦੇ ਵਕੀਲ ਕਿਰਿਤ ਪਾਨਵਾਲਾ ਨੇ ਕਿਹਾ, ‘‘ਰਾਹੁਲ ਗਾਂਧੀ ਸੂਰਤ ਦੀ ਸੈਸ਼ਨਜ਼ ਕੋਰਟ ਵਿੱਚ ਪੁੱਜ ਕੇ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਅਪੀਲ ਦਾਖ਼ਲ ਕਰਨਗੇ।’’ ਪਾਰਟੀ ਸੂਤਰਾਂ ਨੇ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਦੇ ਭਲਕੇ ਸੂਰਤ ਪੁੱਜਣ ’ਤੇ ਸੀਨੀਅਰ ਕਾਂਗਰਸ ਆਗੂ ਵੀ ਉਥੇ ਮੌਜੂਦ ਰਹਿਣਗੇ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐੱਚ ਐੱਚ ਵਰਮਾ ਦੀ ਕੋਰਟ ਨੇ ਮੋਦੀ ਉਪਨਾਮ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਨਾਲ ਜੁੜੇ ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਮੈਟਰੋਪਾਲਿਟਨ ਕੋਰਟ ਨੇ ਗਾਂਧੀ (52) ਨੂੰ ਧਾਰਾਵਾਂ 499 ਤੇ 500 ਤਹਿਤ ਦੋਸ਼ੀ ਠਹਿਰਾਇਆ ਸੀ। ਕੋਰਟ ਨੇ ਗਾਂਧੀ ਨੂੰ ਜ਼ਮਾਨਤ ਦਿੰਦਿਆਂ ਸਜ਼ਾ ਤੀਹ ਦਿਨਾਂ ਲਈ ਮੁਅੱਤਲ ਕਰ ਦਿੱਤੀ ਸੀ, ਤਾਂ ਕਿ ਕਾਂਗਰਸ ਆਗੂ ਉਚੇਰੀ ਕੋਰਟ ਵਿੱਚ ਅਪੀਲ ਦਾਇਰ ਕਰ ਸਕੇ। ਇਕ ਦਿਨ ਮਗਰੋਂ ਲੋਕ ਸਭਾ ਸਕੱਤਰੇਤ ਨੇ ਸਾਬਕਾ ਕਾਂਗਰਸ ਪ੍ਰਧਾਨ ਦੀ ਲੋਕ ਸਭਾ ਮੈਂਬਰੀ ਖਾਰਜ ਕਰ ਦਿੱਤੀ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਪੁਲੀਸ ਬਲਾਂ ਦੀਆਂ 10 ਕੰਪਨੀਆਂ ਬਿਹਾਰ ਭੇਜੀਆਂ
Next articleIsrael shoots down unmanned aircraft from Syria