ਨਵੀਂ ਦਿੱਲੀ/ਪਟਨਾ (ਸਮਾਜ ਵੀਕਲੀ) : ਰਾਮ ਨੌਮੀ ਮੌਕੇ ਸਾਸਾਰਾਮ ਤੇ ਬਿਹਾਰ ਸ਼ਰੀਫ਼ ਵਿੱਚ ਭੜਕੀ ਫਿਰਕੂ ਹਿੰਸਾ ਮਗਰੋੋਂ ਕੇਂਦਰੀ ਹਥਿਆਰਬੰਦ ਬਲਾਂ ਦੀਆਂ 10 ਕੰਪਨੀਆਂ ਬਿਹਾਰ ਭੇਜੀਆਂ ਗਈਆਂ ਹਨ। ਇਹ ਦਾਅਵਾ ਸੂਤਰਾਂ ਨੇ ਕੀਤਾ ਹੈ। ਇਨ੍ਹਾਂ 10 ਕੰਪਨੀਆਂ ਵਿਚੋਂ ਚਾਰ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ), ਇਕ ਇੰਡੋ-ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਤੇ ਬਾਕੀ ਸਸ਼ਤਰ ਸੀਮਾ ਬਲ (ਐੱਸਐੱਸਬੀ) ਦੀਆਂ ਹਨ। ਨਾਲੰਦਾ ਦੇ ਬਿਹਾਰ ਸ਼ਰੀਫ਼ ਤੇ ਰੋਹਤਾਸ ਜ਼ਿਲ੍ਹੇ ਦੇ ਸਾਸਾਰਾਮ ਵਿੱਚ 31 ਮਾਰਚ ਨੂੰ ਭੜਕੀ ਹਿੰਸਾ ਮਗਰੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਬਾਈ ਪੁਲੀਸ ਨੇ ਟਵੀਟ ਕਰਕੇ ਕਿਹਾ ਕਿ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲੰਦਾ ਦੇ ਬਿਹਾਰ ਸ਼ਰੀਫ਼ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਦੋ ਧਿਰਾਂ ਵਿੱਚ ਹੋਈ ਝੜਪ ਵਿੱਚ ਇਕ ਵਿਅਕਤੀ ਮਾਰਿਆ ਗਿਆ ਸੀ ਤੇ ਕਈ ਹੋਰ ਜ਼ਖ਼ਮੀ ਹੋ ਗੲੇ ਸਨ। ਇਸ ਦੌਰਾਨ ਸਾਸਾਰਾਮ ਕਸਬੇ ਵਿਚ ਹੋੲੇ ਧਮਾਕੇ ਵਿੱਚ ਛੇ ਵਿਅਕਤੀ ਜ਼ਖ਼ਮੀ ਹੋ ਗੲੇ। ਨਾਲੰਦਾ ਪੁਲੀਸ ਨੇ ਅੱਜ ਕਿਹਾ ਕਿ ਸੱਜਰੀ ਝੜਪਾਂ ਮਗਰੋਂ ਮਾਰੇ ਛਾਪਿਆਂ ਦੌਰਾਨ 75 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਿਹਾਰ ਪੁਲੀਸ ਨੇ ਅੱਜ ਇਕ ਟਵੀਟ ਵਿੱਚ ਕਿਹਾ, ‘‘ਬਿਹਾਰ ਸ਼ਰੀਫ਼ ਵਿੱਚ ਹਾਲਾਤ ਆਮ ਵਾਂਗ ਹੋ ਗਏ ਹਨ…ਹਾਲਾਤ ਪੂਰੀ ਤਰ੍ਹਾਂ ਕੰਟਰੋਲ ਵਿੱਚ ਹਨ। ਹੁਣ ਤੱਕ ਦੀ ਜਾਂਚ ਮਗਰੋਂ ਜ਼ਿਲ੍ਹਾ ਪੁਲੀਸ ਨੇ ਹੁਣ ਤੱਕ ਕੁੱਲ 77 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਅਧਿਕਾਰੀਆਂ ਨੇ ਹਿੰਸਾ ਦੀ ਮਾਰ ਹੇਠ ਆੲੇ ਇਲਾਕਿਆਂ ਵਿੱਚ ਡੇਰੇ ਲਾਏ ਹੋਏ ਹਨ…ਇਲਾਕੇ ਵਿੱਚ ਢੁਕਵੇਂ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।’’ ਇਸ ਦੌਰਾਨ ਪੁਲੀਸ ਨੇ ਕੁਝ ਇਲਾਕਿਆਂ ਵਿੱਚ ਤਲਖੀ ਵਧਣ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਅਫ਼ਵਾਹ ਵੱਲ ਧਿਆਨ ਨਾ ਦੇਣ। ਬਿਹਾਰ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਰਾਮ ਨੌਮੀ ਹਿੰਸਾ ਲਈ ਜ਼ਿੰਮੇਵਾਰ ਹੋਰਨਾਂ ਅਨਸਰਾਂ ਨੂੰ ਕਾਬੂ ਕਰਨ ਲਈ ਜਾਂਚ ਜਾਰੀ ਹੈ।’’
ਪੁਲੀਸ ਨੇ ਕਿਹਾ ਕਿ ਸ਼ਨਿੱਚਰਵਾਰ ਰਾਤ ਨੂੰ ਭੜਕੀ ਸੱਜਰੀ ਹਿੰਸਾ ਮਗਰੋਂ ਬਿਹਾਰ ਸ਼ਰੀਫ਼ ਵਿੱਚ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਲਾਗੂ ਹਨ। ਰੋਹਤਾਸ ਦੇ ਐੱਸਪੀ ਵਿਨੀਤ ਕੁਮਾਰ ਨੇ ਕਿਹਾ ਕਿ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਦੀ ਤਾਇਨਾਤੀ ਮਗਰੋਂ ਫਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ, ‘‘ਹੁਣ ਤੱਕ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਮਾਰੇ ਛਾਪਿਆਂ ਦੌਰਾਨ 32 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੰਗਾਈਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਸਾਰਾਮ ਵਿੱਚ ਹਾਲਾਤ ਸ਼ਾਂਤੀਪੂਰਨ ਹਨ।’’ ਸੂਬਾਈ ਪੁਲੀਸ ਨੇ ਸਾਸਾਰਾਮ ਤੇ ਬਿਹਾਰ ਸ਼ਰੀਫ਼ ਵਿੱਚ ਰਾਮ ਨੌਮੀ ਮੌਕੇ ਭੜਕੇ ਫਿਰਕੂ ਦੰਗਿਆਂ ਦੇ ਸਬੰਧ ਵਿੱਚ ਲੰਘੇ ਦਿਨ 45 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਹਿੰਸਾ ਦੌਰਾਨ ਦੰਗਾਈਆਂ ਨੇ ਵਾਹਨਾਂ, ਘਰਾਂ ਤੇ ਦੁਕਾਨਾਂ ਨੂੰ ਅੱਗ ਲਾ ਦਿੱਤੀ ਸੀ ਤੇ ਦੋਵਾਂ ਕਸਬਿਆਂ ਵਿੱਚ ਕਈ ਲੋਕ ਜ਼ਖ਼ਮੀ ਹੋ ਗੲੇ ਸਨ। ਸਾਸਾਰਾਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਬਾਅਦ ਦੁਪਹਿਰ ਹੀ ਧਾਰਾ 144 ਲਾਗੂ ਕਰ ਦਿੱਤੀ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly