(ਸਮਾਜ ਵੀਕਲੀ)
ਸਿੱਖਿਆ ਮੇਰੀ ਬੰਨ੍ਹ ਲੈ ਪੱਲੇ।
ਤੁਰਨਾ ਹੈ ਜਦ ਕਦ ਵੀ ਕੱਲੇ।
ਸੋਚ ਸਮਝਕੇ ਕਦਮ ਵਧਾਉਣੇ,
ਜੀਵਨ, ਮੁੰਦਰੀ ਨਗ ਹੁੰਦੀ ਏ।
ਧੀਏ ਨੀ ਇਹ ਯਾਦ ਤੂੰ ਰੱਖੀਂ,
ਧੀ ਬਾਬਲ ਦੀ ਪੱਗ ਹੁੰਦੀ ਏ।
ਕਾਬੂ ਰੱਖ ਲਈਂ ਵਲਵਲੇ ਮਨ ਦੇ
ਦੇਰ ਨਹੀਂ ਲੱਗਦੀ ਭਾਂਬੜ ਬਣਦੇ
ਉਸ ਥਾਂ ਜਾਣਾ ਭੁੱਲਕੇ ਵੀ ਨਾ
ਜਿਸ ਥਾਂ ਮੱਚਦੀ ਅੱਗ ਹੁੰਦੀ ਏ
ਧੀਏ ਨੀ ਇਹ ਯਾਦ ਤੂੰ ਰੱਖੀਂ
ਧੀ ਬਾਬਲ ਦੀ ਪੱਗ ਹੁੰਦੀ ਏ
ਚੜ੍ਹਦੀ ਉਮਰ ਅਣਭੋਲ ਹੈ ਹੋਵੇ
ਹੋਏ ਜਜ਼ਬਾਤੀ ਨਬਜ਼ ਨਾ ਟੋਹਵੇ
ਗੱਲੀਂ ਗੱਲੀਂ ਠੱਗ ਲੈਂਦੀ ਐ
ਦੁਨੀਆਂ ਚੰਦਰੀ ਠੱਗ ਹੁੰਦੀ ਏ
ਧੀਏ ਨੀ ਇਹ ਯਾਦ ਤੂੰ ਰੱਖੀਂ
ਧੀ ਬਾਬਲ ਦੀ ਪੱਗ ਹੁੰਦੀ ਏ
ਇਹ ਨਾ ਸੋਚੀਂ ਬੰਨ੍ਹਣ ਲਾਉਨਾਂ
ਮੈਂ ਤੇ ਤੇਰਾ ਭਲਾ ਹਾਂ ਚਾਹੁੰਨਾ
ਸੋਲਾਂ ਤੋਂ ਲੈ ਬਾਈ ਤਕ ਦੀ
ਉਮਰ ਬੜੀ ਲਾਈ ਲੱਗ ਹੁੰਦੀ ਏ
ਧੀਏ ਨੀ ਇਹ ਯਾਦ ਤੂੰ ਰੱਖੀਂ
ਧੀ ਬਾਬਲ ਦੀ ਪੱਗ ਹੁੰਦੀ ਏ
‘ਬੋਪਾਰਾਏ’ ਸੱਥ ਵਿੱਚ ਬਹਿਕੇ
ਮਾਣ ਕਰੇ ਤੇਰਾ ਨਾਂਅ ਲੈਕੇ
ਬਣਦੀ ਮਾਣ ਹੈ ਓਹ ਮਾਪਿਆਂ ਦਾ
ਧੀ ਜੋ ਸੁੱਘੜ ਸਲੱਗ ਹੁੰਦੀ ਏ
ਧੀਏ ਨੀ ਇਹ ਯਾਦ ਤੂੰ ਰੱਖੀਂ
ਧੀ ਬਾਬਲ ਦੀ ਪੱਗ ਹੁੰਦੀ ਏ
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly