ਖ਼ਤਮ ਹੋ ਗਿਆ ਨਤੀਜੇ ਵਾਲੇ ਦਿਨ ਦਾ ਚਾਅ

ਮਨਜੀਤ ਮਾਨ

(ਸਮਾਜ ਵੀਕਲੀ)

ਮਾਰਚ ਮਹੀਨਾ ਸਕੂਲ ਪੜ੍ਹਦੇ ਵਿਦਿਆਰਥੀਆਂ ਲਈ ਸਲਾਨਾ ਪੇਪਰਾਂ ਦੇ ਨਾਲ ਨਾਲ ਨਤੀਜੇ ਦਾ ਮਹੀਨਾ ਹੁੰਦਾ ਹੈ।ਇਸ ਮਹੀਨੇ ਹੀ ਬੋਰਡ ਦੀਆਂ ਜਮਾਤਾਂ ਤੋਂ ਇਲਾਵਾ ਦੂਜੀਆਂ ਸਾਰੀਆਂ ਜਮਾਤਾਂ ਦਾ ਨਤੀਜ਼ਾ ਆਉਂਦਾ ਹੈ।ਇਸ ਮਹੀਨੇ ਹੀ ਪਤਾ ਲੱਗਦਾ ਹੈ ਕਿ ਕਿਸ ਵਿਦਿਆਰਥੀ ਨੇ ਸਾਲ ਭਰ ਕਿੰਨੀ ਕੁ ਮਿਹਨਤ ਕੀਤੀ ਹੈ।ਇਸ ਤਰ੍ਹਾਂ ਮਾਰਚ ਮਹੀਨਾ ਹਰੇਕ ਵਿਦਿਆਰਥੀ ਲਈ ਇੱਕ ਪ੍ਰਵੇਸ਼ ਦੁਆਰ ਦੇ ਵਾਂਗ ਹੁੰਦਾ ਹੈ ਜਿਸ ਵਿੱਚ ਦੀ ਲੰਘ ਕੇ ਉਸਨੇ ਅਗਲੀ ਜਮਾਤ ਵਿੱਚ ਦਾਖ਼ਲ ਹੋਣਾ ਹੁੰਦਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਮ ਕਰਕੇ ਇਕੱਤੀ ਮਾਰਚ ਨੂੰ ਸਲਾਨਾ ਪ੍ਰੀਖਿਆਵਾਂ ਦੇ ਨਤੀਜ਼ੇ ਐਲਾਨੇ ਜਾਂਦੇ ਹਨ।ਇਸ ਕਰਕੇ ਇਸ ਦਿਨ ਨੂੰ ਲੈ ਕੇ ਵਿਦਿਆਰਥੀਆਂ ਅੰਦਰ ਇੱਕ ਅਜੀਬ ਜਿਹਾ ਡਰ, ਖਿੱਚ ਤੇ ਉਤਾਵਲਾਪਣ ਹੁੰਦਾ ਹੈ।

ਉਹਨਾਂ ਅੰਦਰ ਜਿੱਥੇ ਇਸ ਦਿਨ ਪਾਸ ਹੋ ਕੇ ਅਗਲੀ ਜਮਾਤ ਵਿੱਚ ਜਾਣ ਦਾ ਚਾਅ ਹੁੰਦਾ ਹੈ ਉੱਥੇ ਹੀ ਕਿਤੇ ਨਾ ਕਿਤੇ ਫੇਲ੍ਹ ਹੋ ਜਾਣ ਦਾ ਡਰ ਵੀ ਰਹਿੰਦਾ ਹੈ।ਪਰ ਵੇਖਣ ਵਿੱਚ ਆਇਆ ਹੈ ਕਿ ਪਿਛਲੇ ਲਗਭਗ ਡੇਢ ਦਹਾਕੇ ਤੋਂ ਵਿਦਿਆਰਥੀਆਂ ਅੰਦਰ ਇਹ ਡਰ ਤੇ ਉਤਾਵਲਾਪਣ ਹੌਲੀ ਹੌਲੀ ਘਟਦਾ ਜਾ ਰਿਹਾ ਹੈ।ਉਹਨਾਂ ਅੰਦਰ ਹੁਣ ਆਪਣੇ ਸਲਾਨਾ ਪ੍ਰੀਖਿਆਵਾਂ ਦੇ ਨਤੀਜੇ ਨੂੰ ਲੈ ਕੇ ਉਹ ਖਿੱਚ ਤੇ ਚਾਅ ਨਹੀਂ ਰਿਹਾ ਹੈ ਜੋ ਕਦੇ ਪਹਿਲਾਂ ਹੁੰਦਾ ਸੀ। ਉਹਨਾਂ ਲਈ ਨਤੀਜੇ ਵਾਲਾ ਦਿਨ ਖ਼ਾਸ ਨਾ ਹੋ ਕੇ ਉਹ ਵੀ ਹੁਣ ਆਮ ਦਿਨਾਂ ਵਰਗਾ ਹੀ ਬਣਦਾ ਜਾ ਰਿਹਾ ਹੈ। ਉਹਨਾਂ ਵਿੱਚ ਨਤੀਜੇ ਵਾਲੇ ਦਿਨ ਨੂੰ ਲੈ ਕੇ ਉਤਸੁਕਤਾ ਸਾਲ ਦਰ ਸਾਲ ਘਟਦੀ ਹੀ ਜਾ ਰਹੀ ਹੈ। ਸਕੂਲੀ ਵਿਦਿਆਰਥੀਆਂ ਅੰਦਰ ਇਹ ਬਲਦਾਅ ਜਾਂ ਤਬਦੀਲੀ ਕਿਉਂ ਆ ਰਹੀ ਹੈ? ਜਦੋਂ ਅਸੀਂ ਇਸ ਦਾ ਕਾਰਨ ਲੱਭਣ ਦਾ ਯਤਨ ਕਰਦੇ ਹਾਂ ਤਾਂ ਸਾਨੂੰ ਇਸ ਪਿੱਛੇ ਇੱਕ ਨਹੀਂ ਬਲਕਿ ਕਈ ਕਾਰਨ ਨਜ਼ਰ ਆਉਂਦੇ ਹਨ।ਜੇਕਰ ਇਹਨਾਂ ਕਾਰਨਾਂ ਨੂੰ ਧਿਆਨ ਨਾਲ ਵੇਖੀਏ ਤਾਂ ਇਨ੍ਹਾਂ ਵਿੱਚੋਂ ਸਾਨੂੰ ਪਹਿਲਾ ਤੇ ਪ੍ਰਮੁੱਖ ਕਾਰਨ ਜੋ ਨਜ਼ਰ ਆਉਂਦਾ ਹੈ ਉਹ ਸਿੱਖਿਆ ਅਧਿਕਾਰ ਐਕਟ ਦਾ ਲਾਗੂ ਹੋਣਾ ਹੈ।

ਇਸ ਐਕਟ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਅੱਠਵੀਂ ਜਮਾਤ ਤੱਕ ਫੇਲ੍ਹ ਨਹੀਂ ਕੀਤਾ ਜਾ ਸਕਦਾ ਹੈ ਭਾਵੇਂ ਉਹ ਸਕੂਲ ਵਿੱਚ ਆਉਂਦਾ ਚਾਹੇ ਨਹੀਂ ਆਉਂਦਾ ਹੈ।ਇਸ ਐਕਟ ਦੀ ਇੱਕ ਮੱਦ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਭਾਵੇਂ ਕੋਈ ਵਿਦਿਆਰਥੀ ਸਾਰਾ ਸਾਲ ਸਕੂਲ ਨਾ ਆਵੇ ਪਰ ਉਸਦਾ ਨਾਂ ਸਕੂਲ ਵਿੱਚੋਂ ਨਹੀਂ ਕੱਟਿਆ ਜਾ ਸਕਦਾ ਹੈ ਤੇ ਨਾ ਹੀ ਉਸਨੂੰ ਫੇਲ੍ਹ ਕੀਤਾ ਜਾ ਸਕਦਾ ਹੈ।ਕਹਿਣ ਦਾ ਭਾਵ ਸਕੂਲ ਵਿੱਚ ਦਾਖ਼ਲ ਹਰੇਕ ਵਿਦਿਆਰਥੀ ਨੂੰ ਅੱਠਵੀਂ ਜਮਾਤ ਤੱਕ ਬਿਨਾਂ ਫੇਲ੍ਹ ਕੀਤਿਆਂ ਅਗਲੀ ਜਮਾਤ ਵਿੱਚ ਪ੍ਰਮੋਟ ਕਰਨਾ ਲਾਜ਼ਮੀ ਹੈ।ਜਦ ਵਿਦਿਆਰਥੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਸਨੇ ਪਾਸ ਤਾਂ ਹੋ ਹੀ ਜਾਣਾ ਹੈ ਭਾਵੇਂ ਉਹ ਸਕੂਲ ਵਿੱਚ ਹਾਜ਼ਰ ਹੋਵੇ ਚਾਹੇ ਨਾ ਹੋਵੇ ਕੋਈ ਫ਼ਰਕ ਨਹੀਂ ਪੈਂਦਾ ਹੈ ਤਾਂ ਫਿਰ ਉਹ ਸਕੂਲ ਕਿਉਂ ਆਵੇਗਾ?ਇਸ ਤੋਂ ਇਲਾਵਾ ਜਦ ਕਿਸੇ ਵਿਦਿਆਰਥੀ ਨੂੰ ਆਪਣੇ ਸਲਾਨਾ ਨਤੀਜੇ ਦਾ ਪਹਿਲਾਂ ਹੀ ਪਤਾ ਹੋਵੇ ਕਿ ਉਸਨੇ ਪਾਸ ਤਾਂ ਹਰ ਹਾਲਤ ਵਿੱਚ ਹੋ ਹੀ ਜਾਣਾ ਹੈ ਤਾਂ ਫਿਰ ਉਸ ਦਾ ਨਤੀਜੇ ਵਾਲੇ ਦਿਨ ਨੂੰ ਉਡੀਕਣ ਦਾ ਚਾਅ ਤੇ ਉਤਾਵਲਾਪਣ ਤਾਂ ਆਪਣੇ ਆਪ ਹੀ ਘਟ ਜਾਂਦਾ ਹੈ।

ਇੱਥੇ ਹੀ ਬੱਸ ਨਹੀਂ ਇਸ ਤੋਂ ਇਲਾਵਾ ਦੂਜਾ ਇਸ ਐਕਟ ਤਹਿਤ ਨਿੱਤ ਹੁੰਦੇ ਪੇਪਰ ਤੇ ਟੈਸਟਾਂ ਨੇ ਵਿਦਿਆਰਥੀਆਂ ਅੰਦਰ ਪੇਪਰਾਂ ਦਾ ਡਰ ਹੀ ਖ਼ਤਮ ਕਰ ਦਿੱਤਾ ਹੈ।ਹਰ ਮਹੀਨੇ ਕੋਈ ਨਾ ਕੋਈ ਆਨਲਾਈਨ ਜਾਂ ਆਫ਼ਲਾਈਨ ਪੇਪਰ ਹੋਣ ਕਰਕੇ ਹੁਣ ਵਿਦਿਆਰਥੀ ਸਲਾਨਾ ਪ੍ਰੀਖਿਆਵਾਂ ਨੂੰ ਵੀ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਉਹਨਾਂ ਲਈ ਪੇਪਰ ਹੁਣ ਡਰ ਜਾਂ ਹਊਆ ਨਾ ਹੋ ਕੇ ਆਮ ਜਿਹੀ ਗੱਲ ਬਣ ਕੇ ਰਹਿ ਗਏ ਹਨ। ਇਸ ਤੋਂ ਬਿਨਾਂ ਸਾਡੀ ਸਿੱਖਿਆ ਪ੍ਰਣਾਲੀ ਵੀ ਵਿਦਿਆਰਥੀਆਂ ਦੀ ਆਪਣੇ ਨਤੀਜੇ ਪ੍ਰਤੀ ਉਤਸੁਕਤਾ ਤੇ ਖਿੱਚ ਘੱਟ ਕਰਨ ਲਈ ਕੁਝ ਹੱਦ ਤੱਕ ਜ਼ਿੰਮੇਵਾਰ ਹੈ। ਅਸੀਂ ਵੇਖਦੇ ਹਾਂ ਕਿ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਹਰ ਸਾਲ ਹੋ ਰਹੇ ਨਵੇਂ ਪ੍ਰਯੋਗਾਂ ਨੇ ਵੀ ਵਿਦਿਆਰਥੀਆਂ ਤੇ ਅਸਰ ਪਾਇਆ ਹੈ।ਕਦੇ ਸਮੈਸਟਰ ਪ੍ਰਣਾਲੀ ਤੇ ਕਦੇ ਸਲਾਨਾ ਪ੍ਰੀਖਿਆ ਪ੍ਰਣਾਲੀ ਵਿਦਿਆਰਥੀਆਂ ਅੰਦਰ ਲੈਅ ਤੇ ਇਕਸਾਰਤਾ ਨਹੀਂ ਬਨਣ ਦੇ ਰਹੀ ਹੈ।

ਇਹ ਗੱਲ ਆਮ ਹੀ ਵੇਖਣ ਵਿੱਚ ਆਉਂਦੀ ਹੈ ਕਿ ਜੇਕਰ ਵਿਦਿਆਰਥੀ ਇੱਕ ਸਾਲ ਸਮੈਸਟਰ ਪ੍ਰਣਾਲੀ ਅਧੀਨ ਪ੍ਰੀਖਿਆ ਦਿੰਦੇ ਹਨ ਤਾਂ ਅਗਲੇ ਸਾਲ ਉਹ ਪ੍ਰਣਾਲੀ ਬਦਲ ਕੇ ਉਸ ਦੀ ਥਾਂ ਨਵੀਂ ਪ੍ਰਣਾਲੀ ਆ ਜਾਂਦੀ ਹੈ।ਇਸ ਤਰ੍ਹਾਂ ਫਿਰ ਹਰ ਸਾਲ ਵਿਦਿਆਰਥੀਆ ਨੂੰ ਨਵੀਂ ਪ੍ਰਣਾਲੀ ਦੇ ਅਨੁਸਾਰ ਪੜ੍ਹਨ ਤੇ ਪ੍ਰੀਖਿਆ ਦੇਣ ਵਿੱਚ ਦਿੱਕਤ ਪੇਸ਼ ਆਉਂਦੀ ਹੈ।ਪਰ ਇੱਥੇ ਉਪਰੋਕਤ ਕਾਰਨਾਂ ਦੇ ਨਾਲ ਇਸ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਅਜੋਕੇ ਡਿਜ਼ੀਟਲ ਯੁੱਗ ਨੇ ਵਿਦਿਆਰਥੀਆਂ ਦੇ ਨਾਲ ਸਾਡੀ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅੱਜ ਇੰਟਰਨੈੱਟ ਦੇ ਯੁੱਗ ਵਿੱਚ ਹੁਣ ਪਹਿਲਾਂ ਵਾਂਗ ਸਲਾਨਾ ਪ੍ਰੀਖਿਆਵਾਂ ਦੇ ਨਤੀਜੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਇਕੱਠੇ ਕਰਕੇ ਘੋਸ਼ਿਤ ਨਹੀਂ ਕੀਤੇ ਜਾਂਦੇ ਹਨ ਬਲਕਿ ਹੁਣ ਤਾਂ ਮੋਬਾਈਲ ਫੋਨ ਤੇ ਬਣੇ ਸਕੂਲ ਗਰੁੱਪਾਂ ਵਿੱਚ ਤੇ ਸਕੂਲ ਦੀ ਵੈਬਸਾਈਟ ਤੇ ਨਤੀਜੇ ਪਾ ਦਿੱਤੇ ਜਾਂਦੇ ਹਨ।ਇਸ ਤਰ੍ਹਾਂ ਮਿੰਟਾਂ ਸਕਿੰਟਾਂ ਵਿੱਚ ਨਤੀਜਾ ਹਰ ਵਿਦਿਆਰਥੀ ਦੇ ਕੋਲ ਘਰ ਹੀ ਪਹੁੰਚ ਜਾਂਦਾ ਹੈ।

ਪਰ ਇਸ ਸਭ ਦੇ ਵਿੱਚ ਜਦੋਂ ਅਸੀਂ ਸਿੱਖਿਆ ਅਧਿਕਾਰ ਐਕਟ ਦੇ ਲਾਗੂ ਹੋਣ ਤੋਂ ਪਹਿਲਾਂ ਵਾਲੇ ਸਮੇਂ ਤੇ ਝਾਤ ਮਾਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਉਸ ਸਮੇਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਆਪਣੇ ਸਲਾਨਾ ਨਤੀਜੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹੁੰਦੇ ਸਨ। ਉਹਨਾਂ ਅੰਦਰ ਆਪਣੇ ਨਤੀਜੇ ਨੂੰ ਜਾਨਣ ਦੀ ਅਜੀਬ ਜਿਹੀ ਖਿੱਚ ਤੇ ਉਤਾਵਲਾਪਣ ਹੁੰਦਾ ਸੀ।ਉਹ ਪ੍ਰੀਖਿਆ ਦੇਣ ਤੋਂ ਬਾਅਦ ਫਿਰ ਕਿਵੇਂ ਇੱਕ ਇੱਕ ਕਰਕੇ ਦਿਨ ਗਿਣ ਕੇ ਆਪਣੇ ਨਤੀਜੇ ਵਾਲਾ ਦਿਨ ਲੈ ਕੇ ਆਉਂਦੇ ਸਨ।ਉਹ ਆਪਣੇ ਸਲਾਨਾ ਨਤੀਜੇ ਦੇ ਐਲਾਨ ਤੋਂ ਪਹਿਲਾਂ ਆਪਣੇ ਪਾਸ ਹੋਣ ਲਈ ਅਨੇਕਾਂ ਸੁੱਖਾਂ ਸੁੱਖਦੇ ਤੇ ਮੰਦਰ , ਡੇਰਿਆਂ ਆਦਿ ਵਿੱਚ ਮੱਥੇ ਟੇਕਦੇ ਸਨ।ਉਹ ਨਤੀਜੇ ਵਾਲੇ ਦਿਨ ਸਵੇਰੇ ਹੀ ਸਕੂਲ ਵਿੱਚ ਫੁੱਲ ਲੈ ਕੇ ਆਉਂਦੇ ਤੇ ਫਿਰ ਜਦੋਂ ਉਹਨਾਂ ਨੂੰ ਆਪਣੇ ਪਾਸ ਹੋਣ ਦਾ ਪਤਾ ਲੱਗਦਾ ਤਾਂ ਉਹ ਖ਼ੁਸ਼ੀ ਵਿੱਚ ਅਧਿਆਪਕਾਂ ਉੱਪਰ ਦੀ ਫੁੱਲਾਂ ਦੀ ਵਰਖਾ ਕਰਦੇ ਸਨ।

ਇਸ ਤੋਂ ਬਾਅਦ ਉਹ ਆਪਣੇ ਪਾਸ ਹੋਣ ਦੀ ਸੁੱਖੀ ਸੁੱਖਣਾ ਤਹਿਤ ਲੱਡੂ ਜਾਂ ਪਤਾਸੇ ਵੰਡਦੇ ਸਨ।ਪਰ ਅੱਜ ਦੇ ਸਮੇਂ ਵਿੱਚ ਇਹ ਸਭ ਕੁਝ ਸਕੂਲਾਂ ਵਿੱਚ ਬਹੁਤ ਘੱਟ ਦਿਖਾਈ ਦਿੰਦਾ ਹੈ।ਅੱਜ ਸਕੂਲਾਂ ਵਿੱਚ ਦਿਖਾਵਾ ਤਾਂ ਬਹੁਤ ਵਧ ਗਿਆ ਹੈ ਪਰ ਵਿਦਿਆਰਥੀਆਂ ਅੰਦਰ ਉਹ ਭਾਵਨਾ ਤੇ ਉਤਸੁਕਤਾ ਕਿਤੇ ਵੀ ਦਿਖਾਈ ਨਹੀਂ ਦਿੰਦੀ ਹੈ।ਅੱਜ ਦੇ ਤੇਜ਼ ਰਫ਼ਤਾਰ ਤੇ ਮੁਕਾਬਲੇ ਦੇ ਯੁੱਗ ਵਿੱਚ ਵਿਦਿਆਰਥੀ ਪੜ੍ਹਾਈ ਦੇ ਬੋਝ ਥੱਲੇ ਦੱਬਦੇ ਜਾ ਰਹੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦੇ ਅੰਦਰੋਂ ਕਈ ਤਰ੍ਹਾਂ ਦੀਆਂ ਭਾਵਨਾਵਾਂ ਹੌਲੀ ਹੌਲੀ ਮਰਦੀਆਂ ਜਾ ਰਹੀਆਂ ਹਨ। ਅੱਜ ਲੋੜ ਹੈ ਸਿੱਖਿਆ ਵਿੱਚ ਸਹਿਜਤਾ ਤੇ ਇੱਕਸਾਰਤਾ ਲਿਆਉਣ ਦੀ।

ਇਸ ਲਈ ਸਮੇਂ ਦੀ ਸਰਕਾਰ, ਸਿੱਖਿਆ ਵਿਭਾਗ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਅਨੁਕੂਲ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਨ।ਇਸ ਤੋਂ ਇਲਾਵਾ ਮਾਤਾ ਪਿਤਾ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਆਪਣੇ ਬੱਚਿਆਂ ਤੇ ਨਾ ਥੋਪਣ ਸਗੋਂ ਉਹਨਾਂ ਨੂੰ ਆਪਣੇ ਬੱਚਿਆਂ ਦੇ ਪੜ੍ਹਨ ਲਈ ਖੁੱਲ੍ਹਾ ਤੇ ਸਾਜ਼ਗਾਰ ਵਾਤਾਵਰਨ ਦੇਣ ਦਾ ਯਤਨ ਕਰਨਾ ਚਾਹੀਦਾ ਹੈ।ਇਸ ਦੇ ਨਾਲ ਹੀ ਮਾਤਾ ਪਿਤਾ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਬੱਚਿਆਂ ਦੇ ਚਾਵਾਂ ਤੇ ਰੀਝਾਂ ਤੋਂ ਸੱਖਣੀ ਸਿੱਖਿਆ ਕਦੇ ਵੀ ਉਹਨਾਂ ਨੂੰ ਜ਼ਿੰਦਗੀ ਵਿੱਚ ਸਫ਼ਲ ਇਨਸਾਨ ਬਣਨ ਵਿੱਚ ਸਹਾਈ ਨਹੀਂ ਹੋ ਸਕਦੀ ਹੈ।

ਮਨਜੀਤ ਮਾਨ
ਪਿੰਡ ਸਾਹਨੇਵਾਲੀ ਮਾਨਸਾ
ਮੋਬਾਈਲ 7009898044

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਰੰਗ ਮੰਚ ਦਿਵਸ ਮਨਾਇਆ ਗਿਆ
Next articleਅੰਮ੍ਰਿਤਪਾਲ ਦਾ ਖਾਲਿਸਥਾਨ