(ਸਮਾਜ ਵੀਕਲੀ)
ਉਨ੍ਹੀਵੀਂ ਅਤੇ ਵੀਹਵੀਂ ਸਦੀ ਵਿਚ ਸਾਇੰਸ ਨੇ ਬੇਸ਼ੁਮਾਰ ਤਰੱਕੀ ਕੀਤੀ ਹੈ।ਤਾਰ,ਰੇਡੀਉ,ਟੈਲੀਵੀਜ਼ਨ,ਹਵਾਈ ਜਹਾਜ,ਰੇਲਗੱਡੀਆਂ, ਸਾਈਕਲ, ਮੋਟਰ ਸਾਈਕਲ, ਸਿਲਾਈ ਦੀਆਂ ਮਸ਼ੀਨਾਂ, ਜਹਾਜ,ਬਿਜਲੀ, ਬੰਬ,ਰਾਕਟ ,ਕੰਪਿਉਟਰ,ਡੀ ਵੀ ਡੀ,ਮੋਬਾਈਲ, ਇੰਟਰਨੈਟ ਆਦਿ ਪਤਾ ਨਹੀਂ ਸਾਇੰਸ ਨੇ ਹੋਰ ਕਿੰਨੇ ਕੂ ਚਮਤਕਾਰ ਕੀਤੇ ਹਨ।ਕਲਯੁਗ (ਮਸ਼ੀਨੀ ਯੁਗ ) ਵਿਚ ਲੋਕ ਚੰਦ ਤੇ ਵੀ ਪਹੁੰਚ ਗਏ ਹਨ, ਜਲ ਥਲ ਅਤੇ ਅਕਾਸ਼ ਆਦਿ ਹਰ ਜਗ੍ਹਾ ਤੇ ਇਨਸਾਨ ਨੇ ਖੋਜ ਕੀਤੀ ਹੈ। ਚੰਦ ਤੋਂ ਇਕ ਗੱਲ ਯਾਦ ਆ ਗਈ ਇਕ ਵਾਰੀ ਸਾਰੇ ਦੇਸਾਂ ਦੀ ਕਾਨਫਰੰਸ ਹੋਈ ਤਾਂ ਰੋਲਾ-ਰੱਪਾ ਟੀਵੀ ਚੈਨਲ ਦੇ ਇਕ ਰਿਪੋਰਟਰ ਡਰਪੋਕ ਚੰਦ ਨੇ ਭਾਰਤੀ ਨੁਮਾਇੰਦੇ ਨੂੰ ਪੁੱਛ ਲਿਆ ਤੁਸੀਂ ਕਿਉਂ ਨਹੀਂ ਚੰਦ ਤੇ ਗਏ ਤੇ ਭਾਰਤੀ ਨੁਮਾਇੰਦੇ ਨੇ ਰਿਪੋਰਟਰ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ, “ ਕਿ ਅਸੀਂ ਸਾਡੇ ਬੰਦੇ ਚੰਦ ਤੇ ਇਸ ਕਰਕੇ ਨਹੀਂ ਭੇਜੇ ਅਸੀਂ ਸੋਚਿਆ ੳੁੱਥੇ ਜਾਕੇ ਕੋਈ ਚੰਦ ਹੀ ਨਾ ਚੜ੍ਹਾਕੇ ਆ ਜਾਣ।
ਪਰ ਫ਼ਿਕਰ ਵਾਲੀ ਕੋਈ ਗੱਲ ਨਹੀਂ ਅਸੀਂ ਸੂਰਜ ਤੇ ਜਾਵਾਂਗੇ।”ਰਿਪੋਰਟਰ ਡਰਪੋਕ ਚੰਦ ਕਹਿਣ ਲੱਗਿਆ, “ ਸੂਰਜ ਦਾ ਤਾਪਮਾਨ 3500 ਡਿਗਰੀ ਸੈਂਟੀਗਰੇਡ ਹੈ , ਮਾੜੀ ਜਿਹੀ ਗਰਮੀ ਪੈਣ ਲੱਗ ਜਾਵੇ ਤਾਂ ਹਾਏ ਤੋਬਾ ਹੋਣ ਲੱਗ ਜਾਂਦੀ ਹੈ ਤੁਸੀਂ ਏਨੀ ਗਰਮੀ ਵਿਚ ਸੂਰਜ ਤੇ ਕਿਵੇਂ ਜਾਉਂਗੇ ।” ਤਾਂ ਭਾਰਤੀ ਨੁਮਾਇੰਦੇ ਦਾ ਜਵਾਬ ਸੀ ਕਿ ਇਸ ਗੱਲ ਦਾ ਵੀ ਸਾਡੇ ਕੋਲ ਤੋੜ ਹੈਗਾ ਹੈ , ਅਸੀਂ ਰਾਤ ਨੂੰ ਸੂਰਜ ਠੰਡਾ ਹੋਣ ਤੋਂ ਬਾਅਦ ਜਾਵਾਂਗੇ ।”ਖ਼ੈਰ ਮੈਡੀਕਲ ਦੇ ਖੇਤਰ ਵਿਚ ਵੀ ਇਨਸਾਨ ਨੇ ਬਹੁਤ ਤਰੱਕੀ ਕੀਤੀ ਹੈ ਨਵੀਂਆਂ ਮਸ਼ੀਨਾਂ ਤੇ ਨਵੇਂ ਔਜਾਰ, ਉਪਰੇਸ਼ਨ ਕਰਨ ਦੇ ਨਵੇਂ ਨਵੇਂ ਢੰਗ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਬਣ ਗਈਆਂ ਹਨ ।
ਪਹਿਲੇ ਜ਼ਮਾਨੇ ਵਿਚ ਜੇ ਕਿਸੇ ਦੀ ਲੱਤ ਜਖ਼ਮੀ ਹੋ ਜਾਂਦੀ ਸੀ ਤਾਂ ਡਾਕਟਰ ਉਸਦੀ ਲੱਤ ਵੱਢ ਦਿੰਦੇ ਸਨ,ਬੱਚੇ ਵੀ ਛੋਟੀ ਉਮਰ ਵਿਚ ਮਰ ਜਾਂਦੇ ਸਨ, ਲੋਕਾਂ ਦੀ ਉਮਰ ਵੀ ਘੱਟ ਹੁੰਦੀ ਸੀ ਪਤਾ ਨਹੀਂ ਸੀ ਲਗਦਾ ਕਦੋਂ ਕਿਹੜੀ ਬਿਮਾਰੀ ਨੇ ਆਕੇ ਘੇਰ ਲੈਣਾ ਹੈ। ਪਲੇਗ,ਟਾਈਫਾਈਡ,ਮਲੇਰੀਆ, ਕੈਂਸਰ, ਚੇਚਕ, ਹੈਜਾ ਆਦਿ ਬਿਮਾਰੀਆਂ ਨਾਲ ਬਹੁਤ ਲੋਕ ਮਰ ਜਾਂਦੇ ਸਨ, ਪਰ ਅੱਜਕਲ੍ਹ ਉਹ ਗੱਲ ਨਹੀਂ ਰਹੀ ਬਹੁਤੀਆਂ ਬਿਮਾਰੀਆਂ ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕੁਝ ਬਿਮਾਰੀਆਂ ਤੇ ਖੋਜ ਦਾ ਕੰਮ ਹੋ ਰਿਹਾ ਹੈ, ਬੰਦੇ ਦੀ ਔਸਤ ਉਮਰ ਵਿਚ ਵੀ ਵਾਧਾ ਹੋਇਆ ਹੈ। ਡਾਕਟਰਾਂ ਨੇ ਟੈਸਟ ਟਿਉਬ ਰਾਹੀਂ ਬੱਚੇ ਪੈਦਾ ਕਰ ਲਏ ਹਨ ।ਸਾਇੰਸਦਾਨਾਂ ਨੇ ਜੀਨ ਦੀ ਖੋਜ ਕਰਕੇ ਮੈਡੀਕਲ ਸਾਇੰਸ ਵਿਚ ਕਰਾਂਤੀ ਲੈ ਆਂਦੀ ਹੈ। ਬੰਦੇ ਵਿਚ ਕਿੰਨੀ ਦਇਆ,ਗੁੱਸਾ,ਲੜਾਈ ਝਗੜੇ ਦੀ ਪਰਵਿਰਤੀ, ਸੁਭਾਅ ਦਾ ਮੰਦਾ ਜਾਂ ਚੰਗਾ ਹੋਣਾ ਇਹ ਸਭ ਜੀਨ ਤੇ ਨਿਰਭਰ ਕਰਦਾ ਹੈ ।ਜਿੱਦਣ ਦਾ ਮੈਨੂੰ ਪਤਾ ਲੱਗਿਆ ਕਿ ਬੰਦੇ ਵਿਚ ਜੀਨਾਂ ਹੁੰਦੀਆ ਹਨ ਮੈਂ ਜੀਨ ਹੀ ਪਾਉਣੀ ਛੱਡ ਦਿੱਤੀ ਹੈ ।
ਖ਼ੈਰ ਅੱਗੇ ਤੋਂ ਡਾਕਟਰ ਜੀਨਜ਼ ਨੂੰ ਬਦਲ ਕੇ ਚੰਗੇ ਸੁਭਾਅ ਵਾਲੇ ਦਿਮਾਗੀ ਅਤੇ ਤੰਦਰੁਸਤ ਬੱਚੇ ਪੈਦਾ ਕਰਿਆ ਕਰਨਗੇ ਅਤੇ ਹੋਰ ਕੁਝ ਸਾਲਾਂ ਤੱਕ ਡਾਕਟਰ ਬਿਮਾਰੀ ਵਾਲੀਆਂ ਜੀਨਾਂ ਕੱਢਕੇ ਬੰਦੇ ਨੂੰ ਬਿਮਾਰੀ ਮੁਕਤ ਕਰ ਦੇਣਗੇ ਬੱਚੇ ਪੈਦਾ ਕਰਨ ਤੇ ਤਾਂ ਕੰਟਰੋਲ ਕਰ ਹੀ ਲਿਆ ਗਿਆ ਹੈ, ਹੋ ਸਕਦਾ ਹੈ ਅੱਗੇ ਤੋਂ ਡਾਕਟਰ ਮੌਤ ਤੇ ਵੀ ਕਾਬੂ ਪਾ ਲੈਣ। ਡਾਕਟਰਾਂ ਨੇ ਫਰੋਜ਼ਨ ਕੀਤੇ ਹੋਏ ਮਰੇ ਹੋਏ ਜਾਨਵਰਾਂ ਦੇ ਸਟੈਮ ਸੱੈਲ ਲੇਕੇ ਕਲੋਨ(ਮਰੇ ਹੋਏ ਜਾਨਵਰ ਵਰਗਾ ਹੁਬਹੂੂ ਦੂਜਾ ਜਾਨਵਰ ) ਪੈਦਾ ਕਰ ਲਏ ਹਨ, ਮੁਸੀਬਤ ਤਾਂ ਉਦੋਂ ਖੜੀ ਹੋਵੇਗੀ ਜਦੋਂ ਡਾਕਟਰ ਕੁਝ ਸਾਲਾਂ ਬਾਅਦ ਕਰੋੜਾਂ ਸਾਲ ਪਹਿਲਾਂ ਮਰੇ ਡਾਇਨਾਸੋਰ ਫੇਰ ਪੈਦਾ ਕਰ ਲੈਣਗੇ ਅਤੇ ਡਾਇਨਾਸੋਰ ਬੰਦਿਆਂ ਨੂੰ ਲਤਾੜਦੇ ਫਿਰਨਗੇ। ਖ਼ੈਰ ਇਹ ਤਾਂ ਬਾਅਦ ਦੀਆਂ ਗੱਲਾਂ ਹਨ ਹਾਲੇ ਘਬਰਾਉਣ ਦੀ ਜ਼ਰੁਰਤ ਨਹੀਂ। ਅੱਜਕਲ੍ਹ ਤਾਂ ਡਾਕਟਰ ਬੰਦੇ ਦੇ ਕਈ ਅੰਗ ਵੀ ਬਦਲ ਦਿੰਦੇ ਹਨ ਜੇ ਸਾਰੇ ਅੰਗ ਬਦਲੇ ਜਾ ਸਕਣ ਤਾਂ ਨਾ ਕੋਈ ਬਿਮਾਰ ਹੋਵੇ, ਤੇ ਨਾ ਕੋਈ ਮਰੇ ਫੇਰ ਤਾਂ ਮੌਜਾਂ ਹੀ ਮੌਜਾਂ।
ਪਰ ਇਸ ਗੱਲ ਦਾ ਡਾਕਟਰਾਂ ਨੂੰ ਜ਼ਰੂਰ ਨੁਕਸਾਨ ਹੋ ਜਾਵੇਗਾ, ਜੇ ਕੋਈ ਬਿਮਾਰ ਹੀ ਨਹੀਂ ਹੋਵੇਗਾ ਤਾਂ ਡਾਕਟਰਾਂ ਦੀ ਕੋਈ ਜ਼ਰੁਰਤ ਹੀ ਨਹੀਂ ਰਹਿਣੀ, ਇਸਦਾ ਮਤਲਬ ਇਹ ਹੋਇਆ ਕਿ ਡਾਕਟਰ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰ ਲੈਣਗੇ, ਫੇਰ ਤਾਂ ਡਾਕਟਰਾਂ ਨੂੰ ਸਬਜੀਆਂ ਦੀ ਰੇਹੜੀ ਲਗਾ ਕੇ ਆਪਣਾ ਗੁਜਾਰਾ ਕਰਨ ਪਿਆ ਕਰੇਗਾ, ਸਬਜੀ ਖ਼ਰੀਦਣ ਆਏ ਬੰਦੇ ਨੂੰ ਡਾਕਟਰ ਕਿਹਾ ਕਰਨਗੇ ਅਸੀਂਂ ਆਪਣੀ ਆਦਤ ਤੋਂ ਮਜਬੂਰ ਹਾਂ ਪਹਿਲਾਂ ਅਸੀਂ ਬੰਦਿਆਂ ਦੇ ਟੀਕੇ ਲਗਾਉੋਂਦੇ ਹੁੰਦੇ ਸੀ ਹੁਣ ਅਸੀਂ ਸਬਜੀਆਂ ਦੇ ਟੀਕੇ ਲਗਾਕੇ ਇਨ੍ਹਾਂ ਦਾ ਅਕਾਰ ਵੱਡਾ ਕਰ ਦਿੰਦੇ ਹਾਂ । ਸਾਇੰਸ ਦੀ ਤਰੱਕੀ ਦਾ ਜਿੱਥੇ ਬਹੁਤ ਲਾਭ ਹੋਇਆ ਹੈ ਉਥੇ ਨੁਕਸਾਨ ਵੀ ਘੱਟ ਨਹੀਂ ਹੋਇਆ, ਅੱਤਵਾਦੀ ਬੰਬ ਮਾਰਕੇ ਦੁਨਿਆਂ ਵਿਚ ਤਬਾਹੀ ਮਚਾ ਰਹੇ ਹਨ, ਗੂਗਲ ਅਤੇ ਹੋਰ ਵੈਬ ਸਾਈਟਾਂ ਤੇ ਬਹੂਤ ਕੁਝ ਅਸ਼ਲੀਲ ਅਤੇ ਜੰਕ ਆ ਰਿਹਾ ਹੈ, ਜਿਹੜਾ ਬੜਾ ਨੁਕਸਾਨਦੇਹ ਸਾਬਤ ਹੋ ਰਿਹਾ ਹੈ ।
ਪਹਿਲਾਂ ਲੋਕ ਟੈਲੀਵਿਜ਼Lਨ ਇਕੱਠੇ ਬੈਠ ਕੇ ਦੇਖਦੇ ਸਨ ਹੁਣ ਲੋਕਾਂ ਨੂੰ ਇਕੱਠੇ ਬੈਠਣ ਦਾ ਸੰਮਾ ਹੀ ਹੈ ਨਹੀਂ, ਸਾਰਾ ਦਿਨ ਜਾਂ ਤਾਂ ਲੋਕ ਮੋਬਾਇਲ ਤੇ ਉਂਗਲਾਂ ਮਾਰੀ ਜਾਂਦੇ ਹਨ, ਤੇ ਜਾਂ ਫੇਸਬੁੱਕ ਤੇ ਲੱਗੇ ਰਹਿੰਦੇ ਹਨ। ਫੇਸਬੁੱਕ ਤੋਂ ਇਕ ਗੱਲ ਯਾਦ ਆ ਗਈ ਕੱਲ ਮੈਂ ਕੰਮ ਤੋਂ ਆਕੇ ਸਾਡੀ ਗਰਿਹ ਮੰਤਰੀ ਯਾਨਿ ਕਿ ਸਾਡੀ ਘਰਵਾਲੀ ਚੁਗਲ ਕੌਰ ਨੂੰ ਕਿਹਾ, “ ਭਗਵਾਨੇ ਜੇ ਸੀਰੀਅਲ ਖਤਮ ਹੋ ਗਿਆ ਹੋਵੇ ਤਾਂ ਰੋਟੀ ਦਾ ਜੁਗਾੜ ਕਰੇਂਗੀ।” “ ਮੈਥੋਂ ਨਹੀਂ ਪੱਕਣੀਆਂ ਰੋਟੀਆਂ ਜੇ ਭਲਾ ਇਕ ਦਿਨ ਬਰੈਡ ਖਾ ਲਉਂਗੇ ਤਾਂ ਪਤਲੇ ਨਹੀਂ ਹੋਣ ਲੱਗੇ ਮੇਰੇ ਕੋਲ ਰੋਟੀਆਂ ਪਕਾਉਣ ਜੋਗਾ ਸੰਮਾ ਨਹੀਂ ਹੈ, ਸੀਰੀਅਲ ਤੋਂ ਬਾਅਦ ਮੈਂ ਫੇਸਬੁਕ ਤੇ ਆਪਦੀਆਂ ਸਹੇਲੀਆਂ ਦੇ ਮੈਸੇਜ ਦੇਖਣੇ ਹਨ ਫੇਰ ਫੇਸਬੁੱਕ ਤੇ ਸਟੋਰਾਂ ਤੇ ਲੱਗੀ ਹੋਈ ਕੱਪੜਿਆਂ ਦੀ ਸੇਲ ਬਾਰੇ ਦੇਖਣਾ ਹੈ ਕਈ ਵਾਰੀ ਸਸਤੀ ਚੀਜ਼ ਲੱਗੀ ਹੁੰਦੀ ਹੈ।” ਸੋਚਿਆ ਗਈ ਮੱਝ ਪਾਣੀ ਵਿਚ ਖਾ ਲਉ ਪਰੌਂਠੇ। ਮੈਂ ਕਿਹਾ, “ਭਾਗਵਾਨੇ ਭੰਗ ਤਾਂ ਅੱਗੇ ਭੁੱਜਦੀ ਹੈ ਤੈਨੂੰ ਕੱਪੜਿਆਂ ਦੀ ਪਈ ਰਹਿੰਦੀ ਹੈ, ਕਦੇ ਬਜਟ ਵੱਲ ਵੀ ਦੇਖ ਲਿਆ ਕਰ।” ਕਹਿਣ ਲੱਗੀ, “ ਬਜਟ ਵੱਲ ਹੀ ਤਾਂ ਦੇਖਕੇ ਸਸਤੀ ਚੀਜ਼ ਲਈਦੀ ਹੈ ,ਤੁਹਾਨੂੰ ਚੀਜ਼ ਖ਼ਰੀਦਣ ਦਾ ਵੱਲ ਤਾਂ ਹੈ ਨਹੀਂ ਦੁਕਾਨ ਤੇ ਜਾਕੇ ਨਾ ਭਾਅ ਪੁੱਛਦੇ ਹੋ ਤੇ ਨਾ ਚੀਜ਼ ਤੇ ਪਈ ਡੇਟ ਦੇਖਦੇ ਹੋ ਪੈਸੇ ਦੇ ਕੇ ਜਿੰਨੇ ਦੁਕਾਨਦਾਰ ਨੇ ਪੈਸੇ ਮੋੜ ਦਿੱਤੇ ਬਿਨਾਂ ਗਿਣੇ ਜੇਬ ਵਿਚ ਪਾਕੇ ਮੂੰਹ ਚੁੱਕ ਕੇ ਘਰ ਆ ਜਾਨੇ ਹੋਂ।”
ਮੈਂ ਕਿਹਾ ਮੂੰਹ ਚੁੱਕਕੇ ਹੀ ਘਰ ਆਉਣਾ ਪੈਂਦਾ ਹੈ, ਹੋਰ ਮੈਂ ਮੂੰਹ ਨੂੰ ਦੁਕਾਨ ਤੇ ਤਾਂ ਛੱਡਕੇ ਨਹੀਂ ਸੀ ਆ ਸਕਦਾ।” ਮੇਰੀ ਗੱਲ ਤੋੰ ਪਹਿਲਾਂ ਤਾਂ ਉਹ ਬੜੀ ਹੱਸੀ ਫੇਰ ਕਹਿਣ ਲੱਗੀ ਜਦੋਂ ਰੱਬ ਅਕਲ ਵੰਡ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ, ਕਦੇ ਅਕਲ ਦੀ ਗੱਲ ਵੀ ਕਰ ਲਿਆ ਕਰੋ ਇਹ ਤਾਂ ਕਹਾਵਤ ਹੈ।” ਮੈਂ ਸੋਚਿਆ ਆਹ ਕਹਾਵਤ ਨੇ ਲੈ ਲਿਆ। “ ਫੇਰ ਮੈਂ ਸੋਚਿਆ ਆਹ ਫੇਸਬੁੱਕ ਨੇ ਚੰਗਾ ਪੰਗਾ ਪਾਇਆ ਹੈ, ਕਿਸੇ ਨੂੰ ਗੱਲ ਕਰਨ ਦੀ ਫ਼ੁLਰਸਤ ਹੀ ਹੈ ਨਹੀਂ, ਜਿਸਨੂੰ ਦੇਖੋ ਫੇਸਬੁੱਕ ਨੂੰ ਚੰਬੜਿਆ ਪਿਆ ਹੈ, ਪਹਿਲਾਂ ਤਾਂ ਟੈਲੀਵਿਜਨ ਸਾਹ ਨਹੀਂ ਸੀ ਲੈਣ ਦਿੰਦਾ ਤੇ ਆਹ ਹੁਣ ਵਟਸਅੱਪ ਤੇ ਟਵਿਟਰ ਹੋਰ ਆ ਗਏ। ਸਾਡੀ ਘਰਵਾਲੀ ਇਸੇ ਤਰ੍ਹਾਂ ਕਰਦੀ ਰਹੀ ਤਾਂ ਗੁਰਦਵਾਰਿਉਂ ਲੰਗਰ ਸ਼ਕਣਾ ਪਿਆ ਕਰੇਗਾ। ਸੋਚਿਆ ਲੋਕ ਫੇਸਬੁੱਕ ਤੇ ਏਨੇ ਖੁੱਬ੍ਹੇ ਰਹਿੰਦੇ ਹਨ ਦੇਖਾਂ ਤਾਂ ਸਹੀ ਇਹ ਹੈ ਕੀ ਬਲਾ।ਇਹ ਸੋਚਕੇ ਅਸੀਂ ਵੀ ਇਕ ਦਿਨ ਆਈਪੈਡ ਖ਼ਰੀਦ ਲਿਆਏ। ਤੇ ਮੇਰੇ ਮਿੱਤਰ ਅੱਕੀ ਲਾਲ ਖਿਝਣਾ ਨੂੰ ਕਿਹਾ, “ ਯਾਰ ਆਈਪੈਡ ਤਾਂ ਚਲਾਉਣਾ ਸਿਖਾ।” ਉਹ ਕਹਿਣ ਲੱiੱਗਆ,“ ਯਾਰ ਦਲਿੱਦਰ ਸਿਹਾਂ ਰਹਿਣ ਦੇ ਇਸਨੂੰ ਸਿੱਖਣ ਨੂੰ ਇਕ ਵਾਰੀ ਇਸਦਾ ਭੁਸ ਪੈ ਜਾਵੇ ਬੰਦਾ ਤਾਂ ਫੇਰ ਗਿਆ ਘਰ ਦੇ ਕੰਮਾਂ ਤੋਂ। “ ਮੈਂ ਕਿਹਾ, “ਮੈਨੂੰ ਇਸਦਾ ਤਜਰਬਾ ਹੈ, ਸਾਡੀ ਘਰਵਾਲੀ ਵੀ ਫੇਸਬੁੱਕ ਤੇ ਲੱਗੀ ਰਹਿੰਦੀ ਹੈ।”
ਉਸਦੀਆਂ ਮਿੰਨਤਾਂ ਕਰਨ ਤੋਂ ਬਾਅਦ ਉਸਨੇ ਨਾਲੇ ਤਾਂ ਆਈਪੈਡ ਦੀ ਵਰਤੋਂ ਕਰਨੀ ਸਿਖਾਈ ਤੇ ਨਾਲੇ ਦੱiੱਸਆ ਕਿ ਜਵਾਨ ਮੁੰਡੇ ਕੁੜੀਆਂ ਚੈਟ ਕਰਦੇ ਕਰਦੇ ਇਕ ਦੂਜੇ ਦੇ ਲਵਰ ਬਣ ਜਾਦੇ ਹਨ ਤੇ ਕਈ ਵਾਰੀ ਗਲਤ ਅੰਸਰਾਂ ਦੇ ਹੱਥ ਲੱਗ ਕੇ ਆਪਣੀ ਜਿੰLਦਗੀ ਵੀ ਤਬਾਹ ਕਰ ਲੈਂਦੇ ਹਨ।ਮੋਬਾਇਲ ਫ਼ੋਨਾਂ ਤੇ ਵੀ ਅਸ਼ਲੀਲ ਫੋਟੂਆਂ ਖਿੱਚ ਕੇ ਵਾਇਰਲ ਕਰ ਦਿੰਦੇ ਹਨ ਤੇ ਕੁੜੀਆਂ ਕਈ ਵਾਰੀ ਖੁਦਕੁਸ਼ੀ ਵੀ ਕਰ ਲੈਂਦੀਆਂ ਹਨ।”ਮੈਂ ਉਸਨੂੰ ਕਿਹਾ ਯਾਰ ਜੇ ਤੂੰ ਇਤਰਾਜ਼ ਨਾ ਕਰੇਂ ਤਾਂ ਇਕ ਗੱਲ ਪੁੱਛ ਸਕਦੈਂ।” “ ਮੈਨੂੰ ਉਹ ਕiਾਹਣ ਲੱਗਿਆ ਮੈਨੂੰ ਕਾਹਦਾ ਇਤਰਾਜ਼ ਹੈ ਪੁੱਛਲੈ ਜਿਹੜਾ ਕੁਝ ਪੁੱਛਣਾ ਹੈ ।” ਮੈ ਕਿਹਾ ਤੇਰਾ ਨਾਂ ਅੱਕੀ ਲਾਲ ਖਿਝਣਾ ਕਿਸਨੇ ਰੱਖਿਆ ਹੈ ।” “ ਕਹਿਣ ਲੱਗਿਆ ਨਾਂ ਤਾਂ ਮੇਰਾ ਅਕੀਰਤ ਲਾਲ ਸੀ ਪਰ ਮੈਂ ਇਕ ਤਾਂ ਅੱਕਿਆ ਰਹਿੰਦਾ ਸੀ, ਤੇ ਦੂਜੇ ਗੱਲ ਗੱਲ ਤੇ ਖਿਝ ਜਾਣਾ, ਲੋਕ ਮੈਨੂੰ ਅੱਕੀ ਲਾਲ ਖਿਝਣਾ ਕਹਿਣ ਲੱਗ ਗਏ।” ਖ਼ੈਰ ਮੈਂ ਉਸਨੁੰ ਕਿਹਾ, “ ਯਾਰ ਮੇਰਾ ਵੀ ਕਿਸੇ ਕੁੜੀ ਨਾਲ ਦੋਸਤੀ ਪਾਉਣ ਦਾ ਦਿਲ ਕਰਦਾ ਹੈ।”
“ ਅੱਕੀ ਲਾਲ ਖਿਝਣਾ ਕਹਿਣ ਲiੱਗਆ ਯਾਰ ਦਲਿੱਦਰ ਤੇਰਾ ਕਿਤੇ ਦਿਮਾਗ ਤਾਂ ਨਹੀਂ ਹਿੱਲ ਗਿਆ ਜਵਾਨੀ ਵਿਚ ਕਿੱਥੇ ਗਿਆ ਸੀ ਹੁਣ ਬਾਲ ਬੱਚੇਦਾਰ ਹੋਕੇ ਇਸ ਉਮਰ ਵਿਚ ਕੁੜੀ ਨਾਲ ਦੋਸਤੀ ਪਾਉਣ ਦੀ ਕੀ ਸੁੱਝੀ ਹੈ, ਜੇ ਭਰਜਾਈ ਨੂੰ ਪਤਾ ਲੱਗ ਗਿਆ ਤਾਂ ਤੇਹਰਵੀਂ ਯਾਦ ਕਰਾ ਦੇਵੇਗੀ ਦੇਖੀਂ ਕਿਤੇ ਕੋਈ ਪੰਗਾ ਨਾ ਲੈ ਬੈਠੀਂ ।” “ ਮੈਂ ਸੋਚਿਆ ਕੁਝ ਵੀ ਹੋ ਜਾਵੇ ਇਕ ਵਾਰੀ ਤਾਂ ਇਹ ਕੰਮ ਕਰਕੇ ਦੇਖਣਾ ਹੈ । ਮੈਂ ਇਕ ਦਿਨ ਬੈਠੇ ਬੈਠੇ ਆਪਣੀ ਪਿਛਲੀ ਜਿੰLਦਗੀ ਵੱਲ ਨਿਗਾਹ ਮਾਰੀ ਤਾਂ ਸੋਚਿਆ ਦਲਿੱਦਰ ਸਿਹਾ ਏਵੇਂ ਹੀ ਜ਼ਿੰਦਗੀ ਨਿਕਲਗੀ ਬਚਪਨ ਵਿਚ ਮਾਂ ਪਿਉ ਤੋਂ ਡਰਦੇ ਰਹੇ ਜਵਾਨੀ ਵਿਚ ਭਰਾਵਾਂ ਤੇ ਅਧਿਆਪਕਾਂ ਤੋਂ, ਤੇ ਹੁਣ ਘਰਵਾਲੀ ਅਤੇ ਬੱਚਿਆਂ ਤੋਂ ਡਰ ਲਗਦਾ ਹੈ। ਜਵਾਨੀ ਵਿਚ ਕਦੇ ਕਿਸੇ ਕੁੜੀ ਨੂੰ ਬਲਾਉਣ ਦੀ ਹਿੰਮਤ ਨਹੀਂ ਸੀ ਪਈ ਸੋਚਦਾ ਸੀ ਕੁੜੀ ਨੂੰ ਬਲਾਉਣ ਤੋਂ ਬਾਅਦ ਕਿਤੇ ਕੁੜੀ ਸੇਵਾ ਹੀ ਨਾ ਕਰ ਦੇਵੇ ਤੇ ਪਤਾ ਲੱਗਣ ਤੋਂ ਬਾਅਦ ਬਾਪੂ ਤੋਂ ਵੀ ਪੈਣਗੀਆਂ। ਸੋਚਿਆ ਜਵਾਨੀ ਦੀ ਕਸਰ ਫੇਸਬੁੱਕ ਤੇ ਹੀ ਪਿਆਰ ਦੀਆਂ ਗੱਲਾਂ ਕਰਕੇ ਪੂਰੀ ਕਰ ਲਈਏ ,ਤੇ ਮੈਂ ਘਰਦਿਆਂ ਤੋਂ ਚੋਰੀ ਆਈਪੈਡ ਤੇ ਹੱਥ ਮਾਰਨ ਲੱਗ ਗਿਆ।
ਕੰਮ ਤੋਂ ਆਕੇ ਰੋਟੀ ਪਾਣੀ ਤੋਂ ਬਾਅਦ ਕਮਰੇ ਵਿਚ ਜਾਕੇ ਆਈਪੈਡ ਫਰੋਲਣ ਲੱਗ ਜਾਣਾ ਸੋਚਿਆ ਮਛਲੀ ਪਕੜਣ ਵਾਲੀ ਰੋਡ ਸੁੱਟ ਦਿੱਤੀ ਹੈ, ਕਦੇ ਤਾਂ ਮਛਲੀ ਕਾਂਟੇ ਵਿਚ ਫਸੇਗੀ । ਚੁਗਲ ਕੌਰ ਅਤੇ ਬੱਚੇ ਵੀ ਹੈਰਾਨ ਸਨ ਕਿ ਬਾਪੂ ਸਾਡੇ ਨਾਲ ਅੱਜਕਲ੍ਹ ਗੱਲ ਹੀ ਨਹੀਂ ਕਰਦਾ ਪਤਾ ਨਹੀਂ ਕਿਹੜੀ ਪੋਥੀ ਪੜ੍ਹਣ ਲੱਗ ਗਿਆ ਹੈ । ਅਸੀਂ ਵੀ ਕੁੜੀਆਂ ਦੀ ਪਰੋਫ਼ਾਈਲ ਦੇਖਣ ਲੱਗ ਗਏ ਪਹਿਲੇ ਹਫ਼ਤੇ ਕਈ ਕੁੜੀਆਂ ਨੂੰ ਦੋਸਤ ਬਣਾਉਣ ਵਾਸਤੇ ਲਿਖਿਆ ਪਰ ਕੋਈ ਸਫਲਤਾ ਨਾ ਮਿਲੀ ਮਨ ਵਿਚ ਡਰ ਵੀ ਲੱਗ ਰਿਹਾ ਸੀ ਕਿ ਜੇ ਸਾਡੀ ਪਤਨੀ ਨੂੰ ਪਤਾ ਲੱਗ ਗਿਆ ਫੇਰ ਕੀ ਬਹਾਨਾ ਬਣਾਵਾਂਗਾ ਬੱਚੇ ਅੱਡ ਗੱਲਾਂ ਕਰਨਗੇ ਕਿ ਬਾਪੂ ਨੂੰ ਇਸ ਉਮਰ ਵਿਚ ਪਿਆਰ ਕਰਨ ਦੀ ਕੀ ਸੁੱਝੀ ਹੈ। ਮੈਂ ਸੋਚਿਆ ਜਿਸ ਡਰ ਕਾਰਨ ਅਸੀਂ ਸਾਰੀ ਉਮਰ ਕੁਝ ਕਰ ਨਾ ਸਕੇ ਉਹੀ ਡਰ ਸਾਡੇ ਸਾਹਮਣੇ ਆਕੇ ਖੜਾ ਹੋ ਗਿਆ ਹੈ, ਪਰ ਫੇਰ ਸੋਚਿਆ ਕੋਸ਼ਿਸ਼ ਕਰਨ ਚ’ ਕੀ ਹਰਜ ਹੈ, ਜੇ ਪਤਾ ਵੀ ਲੱਗ ਗਿਆ ਤਾਂ ਕਹਿ ਦੇਵਾਂਗਾ ਕਿ ਮੈਨੂੰ ਕੰਪਿਉਟਰ ਦੀ ਹਾਲੇ ਚੰਗੀ ਤਰ੍ਹਾਂ ਜਾਚ ਨਹੀਂ ਆਈ ਕਿਤੇ ਗਲਤੀ ਨਾਲ ਹੱਥ ਵੱਜ ਗਿਆ ਹੋਵੇਗਾ।ਸੋਚਿਆ ਜਦੋਂ ਸਫਰ ਨੂੰ ਚੱਲ ਹੀ ਪਏ ਹਾਂ ਤਾਂ ਪਿੱਛੇ ਮੁੜਕੇ ਕੀ ਦੇਖਣਾ ਹੈ। ਕਹਿੰਦੇ ਹਨ ਜੇ ਚਾਹਤ ਹੋਵੇ ਤਾਂ ਰੱਬ ਵੀ ਮਿਲ ਜਾਂਦਾ ਹੈ, ਤੇ ਦੁਜੇ ਹਫ਼ਤੇ ਸੱਚੀ ਚਮਤਕਾਰ ਹੋ ਗਿਆ ਚਾਰ ਕੁੜੀਆਂ ਦੇ ਇਕੱਠੇ ਸਨੇਹੇਂ ਆ ਗਏ ਡਰ ਵੀ ਲੱਗ ਰਿਹਾ ਸੀ ਕਿ ਜਵਾਬ ਦੇਵਾਂ ਜਾਂ ਨਾ ਦੇਵਾਂ ,ਤੇ ਮਨ ਵਿਚ ਲੱਡੂ ਵੀ ਫੁੱਟ ਰਹੇ ਸਨ ।ਮੈਂ ਚਾਰਾਂ ਵਿੱਚੋਂ ਇਕ ਨੂੰ ਚੁਣਿਆ ਤੇ ਚੈਟ ਕਰਨ ਲੱਗ ਗਿਆ ਜਿਹੜੀ ਅਸੀਂ ਚੈਟ ਕੀਤੀ ਉਹ ਮੈਂ ਹੇਠ ਲਿਖ ਰਿਹਾ ਹਾਂ ।
ਲੜਕੀ –“ ਮੇਰਾਂ ਨਾਂ ਰੁਪਿੰਦਰ ਹੈ ਤੇ ਮੈਂ ਦਿੱਲੀ ਵਿਚ ਰਹਿਦੀ ਹਾਂਂ ਤੁਹਾਡੇ ਬਾਰੇ ਕੁਝ ਦੱਸੋ।”
ਮੈਂ – ਆਪਦਾ ਨਾਂ ਦਲਿਦੱਰ ਸਿੰਘ ਨਾ ਲਿਖਕੇ ਮੈਂ ਆਪਦਾ ਪੁਰਾਣਾ ਨਾਂ ਲਿਖਿਆ ਕਿ,“ ਮੇਰਾ ਨਾਂ ਦਿਲਦਾਰ ਸਿੰਘ ਹੈ ਤੇ ਮੈਂ ਬੀ ਏ ਦੇ ਆਖ਼ਰੀ ਸਾਲ ਦਾ ਵਿਦਿਆਰਥੀ ਹਾਂ, ਤੁਸੀਂ ਕੀ ਕਰਦੇ ਹੋ ?”
ਮੇਰੇ ਨਾਂ ਦੀ ਅਲੱ ਕਿਵੇਂ ਪਈ ਇਹ ਵੀ ਇਕ ਅੱਡ ਕਹਾਣੀ ਹੈ ਮੈਂ ਕੰਮ ਕਰਨ ਵਿਚ ਬਹੁਤ ਆਲਸੀ ਸੀ ਹਮੇਸ਼ਾਂ ਕਹਿੰਦਾ ਰਹਿੰਦਾ ਸੀ ਕਿ ਕੰਮ ਕੱਲ੍ਹ ਕਰ ਲਵਾਂਗੇ ਘਰਦਿਆਂ ਦੇ ਹਰ ਕੰਮ ਨੂੰ ਨਾਂਹ ਕਰ ਦੇਣੀ ਤੇ ਸੌਂਕੇ ਵੀ ਦੋਪਹਿਰ ਨੂੰ ਉੱੱਠਦਾ ਸੀ, ਤੇ ਘਰ ਦੇ ਮੈਨੁੂ ਕਹਿਣ ਲੱਗ ਗਏ ਇਸਨੇ ਕੀ ਕੰਮ ਕਰਨਾ ਹੈ ਇਹ ਤਾਂ ਨਿਰਾ ਦਲਿੱਦਰ ਹੈ, ਤੇ ਘਰਦਿਆਂ ਦੀ ਤਾਂ ਗੱਲ ਹੀ ਛੱਡ ਦਿਉ ਬਾਹਰਲੇ ਵੀ ਮੈਨੂੰ ਦਲਿੱਦਰ ਕਹਿਣ ਲੱਗ ਗਏ ਇਸ ਤਰ੍ਹਾਂ ਮੇਰੀ ਅੱਲ ਹੀ ਪੈ ਗਈ। ਖ਼ੈਰ ਆਪਾਂ ਫੇਸਬੱਕ ਦੀ ਚੈਟ ਵੱਲ ਵੱਧਦੇ ਹਾਂ ਕਿ ਅੱਗੇ ਕੀ ਹੋਇਆ।
ਲੜਕੀ –“ ਇਹ ਵੀ ਇਤਫ਼ਾਕ ਹੀ ਹੈ ਕਿ ਮੈਂ ਵੀ ਬੀ ਏ ਦੀ ਵਿਦਿਆਰਥਨ ਹਾਂ ਘਰ ਵਿਚ ਅਸੀਂ ਚਾਰ ਜਣੇ ਰਹਿੱਦੇ ਹਾਂ ਮੈਂ ਮੇਰਾ ਭਰਾ ਤੇ ਮੇਰੇ ਮਾ-ਬਾਪ ਤੁਹਾਡੀ ਕੋਈ ਗਰਲਫਰੈਂਡ ਹੈ?”
ਮੈਂ –“ ਜੀ ਮੇਰੀ ਕੋਈ ਗਰਲਫਰੈਂਡ ਨਹੀਂ ਇਸ ਬਾਰੇ ਕਦੇ ਕੁਝ ਸੋਚਿਆ ਹੀ ਨਹੀਂ ਜੇ ਤੁਸੀਂ ਚਾਹੋ ਤਾ ਆਪਾਂ ਇਕ ਦੂਜੇ ਦਾ ਸਾਥ ਨਿਭਾ ਸਕਦੇ ਹਾਂ। ਸੌਰੀ ਮੈਂ ਇਹ ਤਾਂ ਪੁੱਛਿਆ ਹੀ ਨਹੀਂ ਕਿ ਤੁਹਾਡਾ ਕੋਈ ਬੁਆਏਫਰੈਂਡ ਹੈ ਜਾਂ ਨਹੀਂ।”
ਰੁਪਿੰਦਰ–“ ਦਲਿਦੱਰ ਸਿੰਘ ਜੀ ਹਾਲੇ ਤੱਕ ਤਾਂ ਕੋਈ ਫਰੈਂਡ ਨਹੀਂ ਬਣਾਇਆ ਮਾ-ਬਾਪ ਵੀ ਲਿਬਰਲ ਮਾਈਂਡ ਦੇ ਹਨ ਉਨ੍ਹਾਂ ਨੇ ਮੈਨੂੰ ਕਦੇ ਵੀ ਕੁਝ ਕਰਨ ਤੋਂ ਨਹੀਂ ਰੋਕਿਆ, ਮੈਂ ਜੋ ਚਾਹਵਾਂ ਉਹ ਉਨ੍ਹਾਂ ਨੂੰ ਮੰਜੂਰ ਹੋਵੇਗਾ, ਜੇ ਆਪਣੀ ਦੋਸਤੀ ਸ਼ੁਰੂ ਹੋ ਹੀ ਗਈ ਹੈ ਤਾਂ ਮੈਨੂੰ ਥੋਹੜਾ ਹੋਰ ਵਕਤ ਦਿਉ ਆਪਾਂ ਅੱਠ ਦਸ ਦਿਨ ਹੋਰ ਖੁਲ੍ਹ ਕੇ ਗੱਲਾਂ ਕਰ ਲਈਏ ਆਪਾਂ ਮਿਲ ਵੀ ਲਵਾਂਗੇ ।”
ਮਿਲਣ ਦੇ ਨਾਂ ਤੋਂ ਪਹਿਲਾਂ ਤਾਂ ਮੈਂਂ ਘਬਰਾ ਗਿਆ ਸੋਚਿਆ ਮਨਾ ਮੈਂ ਕੋਈ ਜਵਾਨ ਤਾਂ ਹੈ ਨਹੀਂ ਜੇ ਉਸਨੇ ਮਿਲਣ ਵਾਸਤੇ ਬੁਲਾ ਲਿਆ ਤਾਂ ਕੀ ਮੂੰਹ ਲੇਕੇ ਜਾਵਾਂਗਾ। ਇਕ ਵਾਰੀ ਤਾਂ ਸੋਚਿਆ ਇਸ ਸਿਲਸਿਲੇ ਨੂੰ ਬੰਦ ਹੀ ਕਰ ਦਿਆਂ ਫੇਰ ਸੋਚਿਆ ਬਾਲ ਕਾਲੇ ਕਰਕੇ ਅਤੇ ਦਾੜੀ੍ਹ ਮੁੱਛਾਂ ਨੂੰ ਕਲਫ਼ ਲਗਾਕੇ ਅਤੇ ਮੋਡਰਨ ਕੱਪੜੇ ਪਾਕੇ ਦੱਸ ਸਾਲ ਤਾਂ ਉਮਰ ਘਟਾਈ ਜਾ ਸਕਦੀ ਹੈ, ਨਾਲੇ ਉਮਰ ਦਾ ਕੀ ਹੈ ਦਿਲ ਜਵਾਨ ਹੋਣਾ ਚਾਹੀਦਾ ਹੈ, ਕੁਝ ਦਿਨ ਹੋਰ ਪਿਆਰ ਦੀਆਂ ਗੱਲਾਂ ਕਰ ਲਈਏ ਕੁੜੀ ਨੂੰ ਮਿਲਕੇ ਕਦੇ ਪਿਆਰ ਦੀਆਂ ਪੀਂਘਾਂ ਨਹੀਂ ਪਾਈਆਂ ਫੇਸਬੁੱਕ ਤੇ ਹੀ ਪਿਆਰ ਕਰਕੇ ਦੇਖ ਲਈਏ ਫੇਰ ਜੇ ਮਿਲਣਾ ਵੀ ਪਿਆ ਤਾਂ ਮਿਲ ਵੀ ਲਵਾਂਗਾ । ਸੱਚੀ ਗੱਲ ਪੁੱਛੋ ਤਾਂ ਚੈਟ ਬੰਦ ਕਰਨ ਨੂੰ ਮੇਰਾ ਦਿਲ ਨਹੀਂ ਸੀ ਕਰਦਾ, ਫੇਸਬੁੱਕ ਤੇ ਚੈਟ ਕਰਨ ਦਾ ਭੁਸ ਪੈ ਗਿਆ ਸੀ।
ਤੇ ਕਈ ਦਿਨਾਂ ਦੀ ਚੈਟ ਤੋਂ ਬਾਅਦ ਉਸਨੇ ਮੇਰੇ ਨਾਲ ਪਿਆਰ ਪਾਉਣ ਵਾਸਤੇ ਹਾਂ ਕਰ ਦਿੱਤੀ , ਪੜ੍ਹਕੇ ਇਕ ਵਾਰੀ ਤਾਂ ਮੈਂ ਸੱਤਵੇਂ ਅਸਮਾਨ ਤੇ ਪਹੁੰਚ ਗਿਆ, ਦਿਲ ਦੀ ਧੜਕਣ ਤੇਜ ਹੋ ਗਈ ,ਸੋਚਿਆ ਕਿਤੇ ਦਿਲ ਹੀ ਨਾ ਫੇਹਲ ਹੋ ਜਾਵੇ, ਕਿਉਂਕਿ ਕਈ ਵਾਰੀ ਬਾਹਲੀ ਖੁਸ਼ੀ ਵਿਚ ਵੀ ਹਾਰਟ ਫੇਹਲ ਹੋ ਜਾਂਦਾ ਹੈ। ਦਿਲ ਨੂੰ ਕਾਬੂ ਵਿਚ ਕਰਕੇ ਜੀਵਨ ਸਾਥੀ ਬਣਨ ਦੀ ਹਾਂ ਕਰਨ ਵਾਸਤੇ ਉਸਦਾ ਧੰਨਵਾਦ ਕੀਤਾ, ਫੇਰ ਤਾਂ ਸਾਡੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਸਨ । ਮੈਂ ਵੀ ਆਪਣੀ ਜਿੰLਦਗੀ ਬਾਰੇ ਉਹ ਝੂਠ ਤੁਫ਼ਾਨ ਬੋਲੇ ਜੋ ਰਹੇ ਰੱਬ ਦਾ ਨਾਂ ।ਤੇ ਇਕ ਵਾਰੀ ਰੁਪਿੰਦਰ ਇਕ ਹਫ਼ਤਾ ਫੇਸਬੁੱਕ ਤੇ ਨਾ ਆਈ, ਮੈਂ ਸੋਚਿਆ ਪਤਾ ਨਹੀਂ ਰੁਪਿਦੰਰ ਨੂੰ ਕੀ ਹੋ ਗਿਆ ਕਿਤੇ ਬਿਮਾਰ ਹੀ ਨਾ ਹੋ ਗਈ ਹੋਵੇ, ਦਿਲ ਵਿਚ ਭੈੜੇ- ਭੈੜੇ ਖ਼ਿਆਲ ਆ ਰਹੇ ਸਨ। ਉਹ ਹਫ਼ਤਾ ਮੈਂ ਬੜੀ ਮੁਸ਼ਕਲ ਨਾਲ ਕੱਢਿਆ, ਰਾਤ ਨੂੰ ਨੀਂਦ ਵੀ ਨਹੀਂ ਸੀ ਆਉਂਦੀ, ਤੇ ਕਈ ਵਾਰੀ ਅੱਧੀਰਾਤ ਨੂੰ ਆਈਪੈਡ ਖੋਲ੍ਹ ਕੇ ਬੈਠ ਜਾਂਦਾ ਸੀ, ਸੋਚਦਾ ਸੀ ਉਸਦਾ ਕੋਈ ਸਨੇਹਾਂ ਹੀ ਨਾ ਆਇਆ ਹੋਵੇ ਉਸ ਹਫ਼ਤੇ ਜਿਹੜਾ ਮੈਂ ਤੜਪਿਆ ਸੀ ਮੈਂ ਹੀ ਜਾਣਦਾ ਹਾਂ।
ਤੇ ਇਕ ਦਿਨ ਆਈਪੈਡ ਖੋਲਿ੍ਹਆ ਤਾਂ ਦਿਲ ਨੂੰ ਯਕੀਨ ਹੀ ਨਹੀਂ ਆਇਆ ਰੁਪਿੰਦਰ ਦਾ ਹੀ ਪਰੋਫ਼ਾਈਲ ਸੀ, ਚੈਟ ਕਰਦੇ ਵਕਤ ਉਸਨੇ ਕਿਹਾ, “ ਮੇਰਾ ਨਾਂ ਰੁਪਿੰਦਰ ਨਹੀਂ ਹੈ ।” “ ਮੈਂ ਸੋਚਿਆ ਕੋਈ ਗੱਲ ਨਹੀਂ। ਮੇਰੇ ਦੋਸਤ ਅੱਕੀ ਲਾਲ ਖਿਝਣਾ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ ਕਿ ਪਹਿਲਾਂ ਲੋਕ ਆਪਣਾ ਅਸਲੀ ਨਾਂ ਨਹੀਂ ਦੱਸਦੇ।”ਸੋਚਿਆ ਮੈਂ ਕਿਹੜਾ ਆਪਣਾ ਨਾਂ ਦੱਸਿਆ ਸੀ। ਤੇ ਚੈਟ ਕਰਦੇ ਵਕਤ ਜਦੋਂ ਉਸਨੇ ਦੂਜਾ ਬੰਬ ਦਾ ਗੋਲਾ ਮਾਰਿਆ, ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ।
ਰੁਪਿੰਦਰ ਕਹਿਣ ਲੱਗੀ, “ ਮੈਂ ਲੜਕੀ ਵੀ ਨਹੀਂ ਹਾਂ।”
ਇਹ ਸੁਣ ਕੇ ਮੇਰਾ ਤਾਂ ਸਿਰ ਘੁੱਮਣ ਲਗੱ ਗਿਆ ਸੋਚਿਆ ਤੇਰਾ ਬੇੜਾ ਤਰ ਜੇ ਇਹ ਕਿਤੇ ਹੋਰ ਤਰ੍ਹਾਂ ਦਾ ਬੰਦਾ (ਗੇ ) ਤਾਂ ਨਹੀਂ, ਮੈਂ ਕਿਸ ਮੁਸੀਬਤ ਵਿਚ ਫਸ ਗਿਆ ਹਾਂ ਫੇਸਬੁੱਕ ਦਾ ਪੰਗਾ ਹੀ ਲੈ ਬੈਠਾ, ਐਦੂੰ ਤਾਂ ਬਿਨਾਂ ਫੇਸਬੁੱਕ ਤੋਂ ਹੀ ਚੰਗਾ ਸੀ। ਉਸਨੇ ਮੈਨੂੰ ਕਿਹਾ, “ ਤੁਸੀ ਸ਼ਾਇਦ ਮੇਰੇ ਬਾਰੇ ਪਤਾ ਨਹੀਂ ਕੀ ਸੋਚ ਰਹੇ ਹੋਵੋਗੇ ਪਰ ਮੈਂ ਤਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਕ ਜਰਨਲਿਸਟ ਹਾਂ ਤੇ ਫੇਸਬੁੱਕ ਤੇ ਹੋਣ ਵਾਲੀ ਚੈਟ ਤੇ ਇਕ ਅਸਾਈਨਮੈਂਟ ਕਰ ਰਿਹਾ ਹਾਂ ਮੈਂ ਦੇਖਣਾ ਚਾਹੁੰਦਾ ਸੀ ਕਿ ਚੈਟ ਕਰਦੇ ਵਕਤ ਲੜਕੇ ਅਤੇ ਲੜਕੀਆਂ ਕੀ ਝੂਠ ਤੁਫ਼ਾਨ ਬੋਲਦੇ ਹਨ” ਮੈਂ ਸੋਚਿਆ ਝੂਠ ਬੋਲਣ ਵਾਲਿਆਂ ਦਾ ਇਹੀ ਹਸ਼ਰ ਹੁੰਦਾ ਹੈ ਮੈਂ ਕਿਹੜਾ ਝੂਠ ਬੋਲਣ ਦੀ ਕਸਰ ਛੱਡੀ ਹੈ, ਸੋਚਿਆ ਇਹ ਵੀ ਚੰਗਾ ਹੋਇਆ ਚੁਗਲ ਕੌਰ ਨੂੰ ਪਤਾ ਲੱਗਣ ਤੋਂ ਬਾਅਦ ਕਹਿ ਦੇਵਾਂਗਾ ਕਿ ਮੇਰੇ ਮਿੱਤਰ ਦਾ ਲੜਕਾ ਜਰਨਲਿਸਟ ਹੈ ਉਸਨੂੰ ਦੱਸੇ ਬਗੈਰ ਚੈਟ ਕਰ ਰਿਹਾ ਸੀ ਕਿਉਂਕਿ ਮੇਰੇ ਮਿੱਤਰ ਨੇ ਕਿਹਾ ਸੀ ਕਿ ਮੈਂ ਉਸਦੀ ਅਸਾਈਨਮੈਂਟ ਕਰਨ ਵਿਚ ਮਦਦ ਕਰ ਦਿਆਂ । ਦੋਸਤੋ ਫ਼ੇਸਬੁੱਕ ਤੇ ਬੜੇ ਧਿਆਨ ਨਾਲ ਚੈਟ ਕਰਿਆ ਕਰੋ, ਨਹੀਂ ਤਾਂ ਮੇਰੇ ਵਾਲਾ ਹਾਲ ਹੋਵੇਗਾ ਜਿਵੇਂ ਮੇਰਾ ਹੋਇਆ ਹੈ, ਫੇਸਬੁੱਕ ਦੀ ਮੁਹਬੱਤ ਦਾ ਪਰਵਾਣ ਚੜ੍ਹਣ ਤੋਂ ਪਹਿਲਾ ਹੀ ਭੋਗ ਪੈ ਗਿਆ।
ਲੇਖਕ—ਭਗਵਾਨ ਸਿੰਘ ਤੱਗੜ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly