(ਸਮਾਜ ਵੀਕਲੀ)
“ਰੂਬੀ ਇਕ ਕੱਪ ਚਾਹ ਲਿਆ, ਅੱਜ ਬਹੁਤ ਥੱਕ ਗਿਆ ਹਾਂ।”
ਰਮੇਸ਼ ਨੇ ਸਕੂਲੋਂ ਆਉਂਦਿਆਂ ਰੂਬੀ ਨੂੰ ਦੇਖਦੇ ਹੀ ਕਿਹਾ। ਰੂਬੀ ਜਲਦੀ – ਜਲਦੀ ਚਾਹ ਬਣਾ ਲਿਆਈ।
“ਅੱਜ ਤੂੰ ਜਲਦੀ ਕਿਵੇਂ?”
ਰਮੇਸ਼ ਚਾਹ ਦਾ ਘੁੱਟ ਭਰਦਿਆਂ ਬੋਲਿਆ। “ਬੱਸ ਮੈਂ ਵੀ ਜ਼ਰਾ ਠੀਕ ਨਹੀਂ ਸੀ, ਇਸ ਲਈ ਦਫਤਰੋਂ ਛੁੱਟੀ ਲੈ ਕੇ ਛੇਤੀ ਆ ਗਈ।”
“ਲਿਆਉ ਤੁਹਾਡੀਆਂ ਲੱਤਾਂ ਦਬਾ ਦਿੰਦੀ ਆਂ… “, ਕਹਿੰਦਆਂ ਰੂਬੀ ਆਪਣੇ ਪਤੀ ਰਮੇਸ਼ ਦੀਆਂ ਲੱਤਾਂ ਦਬਾਉਣ ਲੱਗੀ ਤੇ ਲੱਤਾਂ ਦਬਾਉਂਦਿਆਂ ਇਕ ਘੰਟਾ ਕਿਵੇਂ ਬੀਤ ਗਿਆ ਰੂਬੀ ਨੂੰ ਪਤਾ ਤੱਕ ਨਾ ਲੱਗਾ। ਹੁਣ ਰਮੇਸ਼ ਸੋਂ ਗਿਆ ਸੀ। ਰੂਬੀ ਨੇ ਛੇਤੀ ਨਾਲ ਉੱਠ ਕੇ ਘਰ ਦਾ ਜਰੂਰੀ ਕੰਮ ਨਬੇੜਿਆ ਅਤੇ ਲੰਮੀ ਪੈ ਗਈ।
ਸ਼ਾਮ ਨੂੰ ਰੂਬੀ ਉੱਠੀ ਤਾਂ ਅਜੇ ਵੀ ਉਸਦਾ ਸਿਰ ਭਾਰਾ-ਭਾਰਾ ਸੀ। ਉਸਨੇ ਦੇਖਿਆ ਰਮੇਸ਼ ਦੂਜੇ ਕਮਰੇ ਵਿਚ ਅਖਬਾਰ ਪੜ੍ਹਨ ਵਿਚ ਵਿਅਸਥ ਸੀ। “ਗੱਲ ਸੁਣੋ, ਮੇਰਾ ਸਿਰ ਤਾਂ ਬਹੁਤ ਦਰਦ ਹੋ ਰਿਹੈ… ਜ਼ਰਾ ਦਬਾ…” ਰੂਬੀ ਆਪਣਾ ਸਿਰ ਦਬਾਂਦਿਆਂ ਅੱਧਾ ਵਾਕ ਹੀ ਮਸਾਂ ਬੋਲੀ।
“ਹੂੰ….. ” ਰਮੇਸ਼ ਬੇਧਿਆਨੇ ਜਿਹੇ ਬੋਲਿਆ। “ਐਂ ਕਰ ਡਿਸਪਰੀਨ ਦੀ ਗੋਲੀ ਲੈ ਲੈ, ਹੁਣੇ ਮਿੰਟਾਂ ਸਕਿੰਟਾਂ ਵਿਚ ਫਰਕ ਪੈ ਜਾਵੇਗਾ…”
ਕਹਿੰਦਿਆਂ ਰਮੇਸ਼ ਨੇ ਟੀ. ਵੀ. ਦੇ ਰਿਮੋਟ ਦਾ ਬਟਨ ਦੱਬ ਦਿੱਤਾ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ ,ਬੀ .ਐੱਡ। ਫ਼ਿਰੋਜ਼ਪੁਰ ਸ਼ਹਿਰ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly