(ਸਮਾਜ ਵੀਕਲੀ)
ਜੀਤੀ ਆਪਣੇ ਡਰਾਇੰਗ ਰੂਮ ਵਿੱਚ ਆਪਣੀ ਸਹੇਲੀ ਨਾਲ਼ ਚਾਹ ਪੀ ਰਹੀ ਸੀ।ਆਪਣਾ ਘਰ ਬਣਾਉਣ ਤੋਂ ਪਹਿਲਾਂ ਇਹ ਇੱਕੋ ਘਰ ਦੇ ਦੋ ਵੱਖ ਵੱਖ ਹਿੱਸਿਆਂ ਵਿੱਚ ਕਿਰਾਏ ਤੇ ਰਹਿੰਦੀਆਂ ਸਨ। ਦੋਹਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਇਹਨਾਂ ਨੇ ਐਥੇ ਅਤੇ ਜੀਤੀ ਦੀ ਸਹੇਲੀ ਨੇ ਦੂਜੇ ਮੁਹੱਲੇ ਘਰ ਬਣਾ ਲਿਆ ਸੀ ਪਰ ਕਦੇ ਕਦਾਈਂ ਇੱਕ ਦੂਜੇ ਕੋਲ਼ ਜਾ ਕੇ ਮਿਲ਼ ਆਉਂਦੀਆਂ ਸਨ। ਦੋਵੇਂ ਹਮਉਮਰ ਸਨ। ਅੱਜ ਉਸ ਦੀ ਸਹੇਲੀ ਮਠਿਆਈ ਦਾ ਡੱਬਾ ਅਤੇ ਕਾਰਡ ਲੈ ਕੇ ਆਈ ਸੀ।
ਚਾਹ ਪਾਣੀ ਪੀਣ ਤੋਂ ਬਾਅਦ ਉਸ ਕੋਲ ਘੱਟ ਸਮਾਂ ਹੋਣ ਦਾ ਹਵਾਲਾ ਦਿੰਦੇ ਹੋਏ ਜੀਤੀ ਤੋਂ ਇਜਾਜ਼ਤ ਮੰਗੀ ਤੇ ਜਾਂਦੇ ਹੋਏ ਉਸ ਦੇ ਹੱਥ ਵਿੱਚ ਮਠਿਆਈ ਦਾ ਡੱਬਾ ਅਤੇ ਆਪਣੇ ਪੁੱਤਰ ਦੇ ਵਿਆਹ ਦਾ ਕਾਰਡ ਫੜਾਉਂਦੇ ਹੋਏ ਆਖਣ ਲੱਗੀ,” …… ਜੀਤੀ…..ਸਾਰੇ ਜਣੇ ਜ਼ਰੂਰ ਆਇਓ……ਬਰਾਤ ਵਾਲੇ ਦਿਨ ਵੀ ਤੂੰ ਆਈਂ…… ਆਪਾਂ ਨੇ ਬਰਾਤੇ ਚੱਲਣਾ ਹੈ।” ਕਹਿ ਕੇ ਉਹ ਚਲੀ ਗਈ। ਜੀਤੀ ਉਸ ਨੂੰ ਗੇਟ ਤੱਕ ਛੱਡ ਕੇ ਆਈ ਤੇ ਚਾਹ ਵਾਲੇ ਬਰਤਨ ਰਸੋਈ ਵਿੱਚ ਰੱਖ ਕੇ ਵਾਪਸ ਆ ਕੇ ਕਾਰਡ ਦੇਖਣ ਲੱਗ ਪਈ।ਉਸ ਦੇ ਕੰਨਾਂ ਵਿੱਚ ਉਸ ਦੀ ਸਹੇਲੀ ਦੀ ਗੱਲ,”ਆਪਾਂ ਬਰਾਤੇ ਚੱਲਣਾ ਹੈ” ਉਸ ਨੂੰ ਪੰਤਾਲੀ ਸਾਲ ਪਿੱਛੇ ਉਸ ਦੇ ਬਚਪਨ ਵਿੱਚ ਲੈ ਗਈ।
ਜਦੋਂ ਉਹ ਛੇ -ਸੱਤ ਕੁ ਵਰ੍ਹਿਆਂ ਦੀ ਸੀ ਤਾਂ ਉਹ ਘਰ ਤੋਂ ਥੋੜ੍ਹੀ ਦੂਰ ਹੀ ਸਰਕਾਰੀ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦੀ ਸੀ। ਉਸ ਦੀ ਇੱਕ ਸੱਤੋ ਨਾਂ ਦੀ ਸਹੇਲੀ ਸੀ। ਉਹ ਸਕੂਲ ਦੇ ਪਿੱਛੇ ਬਣੇ ਹੋਏ ਕੱਚੇ ਘਰਾਂ ਵਿੱਚ ਰਹਿੰਦੇ ਸਨ। ਸੱਤੋ ਜਮਾਤ ਵਿੱਚ ਸਾਰਿਆਂ ਤੋਂ ਵੱਡੀ ਲੱਗਦੀ ਸੀ, ਸ਼ਾਇਦ ਉਹ ਸਕੂਲ ਵੀ ਲੇਟ ਹੀ ਲੱਗੀ ਸੀ। ਬਚਪਨ ਤਾਂ ਬਹੁਤ ਭੋਲਾ ਹੁੰਦਾ ਹੈ, ਉਸ ਸਮੇਂ ਬੱਚਾ ਦੋਸਤੀ ਪਾਉਣ ਲੱਗਿਆ ਨਾ ਤਾਂ ਅਮੀਰੀ ਗਰੀਬੀ ਦੇਖਦਾ ਹੈ ਤੇ ਨਾ ਹੀ ਰੰਗ ਰੂਪ। ਇਹ ਭੇਦ ਤਾਂ ਵੱਡੇ ਹੋਣ ਦੇ ਨਾਲ ਨਾਲ ਹੀ ਮਨਾਂ ਵਿੱਚ ਵਧੀ ਜਾਂਦਾ ਹੈ। ਸੱਤੋ ਕਿੰਨੇ ਚਿਰ ਤੋਂ ਰੌਲ਼ਾ ਪਾ ਰਹੀ ਸੀ ਕਿ ਅਗਲੇ ਮਹੀਨੇ ਉਸ ਦੇ ਭਰਾ ਦਾ ਵਿਆਹ ਹੈ।ਉਹ ਸਾਰੀ ਜਮਾਤ ਨੂੰ ਬੁਲਾਏਗੀ। ਜੀਤੀ ਨੇ ਉਵੇਂ ਜਾ ਕੇ ਆਪਣੇ ਘਰ ਕਹਿਣਾ ,”ਮੇਰੀ ਸਹੇਲੀ ਦੇ ਭਰਾ ਦਾ ਵਿਆਹ ਹੈ, ਮੈਂ ਵੀ ਵਿਆਹ ਤੇ ਜਾਊਂਗੀ…!” ਉਸ ਦੀ ਮੰਮੀ ਨੇ,”ਚੰਗਾ…..ਚਲੇ ਜਾਈਂ ” ਕਹਿ ਕੇ ਟਾਲ ਛੱਡਣਾ।
ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਸੱਤੋ ਦੇ ਭਰਾ ਦਾ ਵਿਆਹ ਸੀ। ਜੀਤੀ ਨੂੰ ਉਸ ਦੀ ਮੰਮੀ ਸਕੂਲ ਜਾਣ ਲਈ ਤਿਆਰ ਕਰਨ ਲੱਗੀ ਤਾਂ ਉਹ ਰੋਣ ਲੱਗੀ ਤੇ ਰੌਲ਼ਾ ਪਾ ਕੇ ਆਪਣੀ ਜ਼ਿੱਦ ਤੇ ਅੜ ਕੇ ਬੈਠ ਗਈ ਸੀ ਕਿ ਉਸ ਨੂੰ ਤਾਂ ਉਸ ਦੀ ਸਹੇਲੀ ਕਹਿ ਕੇ ਗਈ ਸੀ ਕਿ ਵਿਆਹ ਤੇ ਜ਼ਰੂਰ ਆਉਣਾ ਹੈ। ਉਸ ਦੀ ਮੰਮੀ ਨੇ ਉਸ ਨੂੰ ਨਹਾ ਕੇ ਨਵੇਂ ਕੱਪੜੇ ਪਾ ਕੇ,ਸਿਰ ਤੇ ਮੀਢੀਆਂ ਗੁੰਦ ਕੇ, ਅੱਖਾਂ ਵਿੱਚ ਪੂਛਾਂ ਵਾਲਾ ਸੁਰਮਾ ਪਾ ਕੇ ਤਿਆਰ ਕਰ ਦਿੱਤਾ । ਹੁਣ ਛੇ ਸੱਤ ਸਾਲ ਦੀ ਜੀਤੀ ਆਪਣੀ ਮਾਂ ਮੂਹਰੇ ਅੜ ਗਈ ਕਿ ਉਸ ਨੂੰ ਸ਼ਗਨ ਦੇਣ ਲਈ ਪੈਸੇ ਵੀ ਦਿਓ। ਜੀਤੀ ਦੀ ਮਾਂ ਨੇ ਬਥੇਰਾ ਸਮਝਾਇਆ,”ਪੁੱਤ……. ਥੋਡੇ ਜਿੱਡੇ ਜਵਾਕ ਨੀ ਸ਼ਗਨ ਦਿੰਦੇ ਹੁੰਦੇ……ਇਹ ਤਾਂ ਵੱਡਿਆਂ ਦੇ ਕੰਮ ਹੁੰਦੇ ਆ…… ਨਾ ਜਵਾਕਾਂ ਤੋਂ ਕੋਈ ਸ਼ਗਨ ਲੈਂਦਾ ਹੁੰਦਾ।” ਪਰ ਜੀਤੀ ਕਿੱਥੇ ਮੰਨਦੀ ਸੀ… ਹਾਰ ਕੇ ਉਸ ਦੀ ਮੰਮੀ ਨੇ ਉਸ ਨੂੰ ਦੋ ਰੁਪਏ ਦੇ ਦਿੱਤੇ ਜੋ ਅੱਜ ਕੱਲ੍ਹ ਦੇ ਪੰਜ ਸੌ ਬਰਾਬਰ ਸਨ।ਜੀਤੀ ਖੁਸ਼ੀ ਖੁਸ਼ੀ ਵਿਆਹ ਤੇ ਚਲੇ ਗਈ।
ਦੁਪਹਿਰ ਨੂੰ ਦੋ ਢਾਈ ਕੁ ਵਜੇ ਜੀਤੀ ਆਪਣੀ ਸਹੇਲੀ ਸੱਤੋ ਨਾਲ ਆਪਣੇ ਘਰੇ ਆ ਗਈ। ਜੀਤੀ ਦੀ ਮੰਮੀ ਨੇ ਦੇਖਿਆ ਕਿ ਸੱਤੋ ਦੇ ਤਾਂ ਵਿਚਾਰੀ ਦੇ ਮੈਲੇ ਜਿਹੇ ਰੇਸ਼ਮੀ ਕੱਪੜੇ ਪਾਏ ਹੋਏ ਸਨ,ਉਹ ਵੀ ਜਿਵੇਂ ਕਿਸੇ ਵੱਡੇ ਜਵਾਕ ਦੇ ਕੱਪੜੇ ਨੂੰ ਸਿਊਣਾਂ ਮਾਰ ਕੇ ਛੋਟਾ ਕੀਤਾ ਹੋਵੇ। ਜੀਤੀ ਨੇ ਆਪਣੀ ਮੰਮੀ ਨੂੰ ਕਿਹਾ ਕਿ ਉਹਨਾਂ ਨੂੰ ਰੋਟੀ ਬਣਾ ਦੇਵੇ, ਉਹਨਾਂ ਨੂੰ ਬਹੁਤ ਭੁੱਖ ਲੱਗੀ ਹੈ। ਜੀਤੀ ਨੇ ਕਿਹਾ,”ਮੰਮੀ…..ਸੱਤੋ ਕਹਿੰਦੀ ਸੀ….. ਚੱਲ ਆਪਾਂ ਤੇਰੇ ਘਰੇ ਰੋਟੀ ਖਾ ਕੇ ਆਈਏ….!” ਜੀਤੀ ਦੀ ਮੰਮੀ ਨੇ ਉਹਨਾਂ ਨੂੰ ਰੋਟੀ ਖਵਾਈ ਤੇ ਸੱਤੋ ਨੂੰ ਕਿਹਾ,”ਬੇਟਾ….. ਹੁਣ ਤੁਸੀਂ ਆਪਣੇ ਘਰ ਜਾਓ….. ਤੁਹਾਡੇ ਘਰ ਵਿਆਹ ਹੈ।” ਸੱਤੋ ਚਲੀ ਗਈ ਸੀ।
ਮੰਮੀ ਦੇ ਪੁੱਛਣ ਤੇ ਜੀਤੀ ਨੇ ਦੱਸਿਆ ਕਿ ਸੱਤੋ ਉਸ ਨੂੰ ਮਠਿਆਈ ਵਾਲੇ ਕਮਰੇ ਕੋਲ ਮਠਿਆਈ ਖਾਣ ਲਈ ਤਾਂ ਲੈ ਕੇ ਗਈ ਸੀ ਪਰ ਉਸ ਦੇ ਦਾਦੇ ਨੇ ਡਾਂਗ ਦਿਖਾ ਕੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਸੀ। “ਤੇ ਤੁਸੀਂ ਬਰਾਤ ਨੀ ਗਈਆਂ…?” ਮੰਮੀ ਨੇ ਪੁੱਛਿਆ। ਨਿੱਕੀ ਜਿਹੀ ਜੀਤੀ ਨੇ ਦੱਸਿਆ,”ਉਹ ਸੱਤੋ ਦੇ ਵੀਰੇ ਨਾਲ਼ ਬੈਠਣ ਲੱਗਿਆਂ ਸੀ ….. ਤਾਂ ਵੀਰਾਂ ਕਹਿੰਦਾ ਸੀ ਤੁਸੀਂ ਬਾਅਦ ਵਿੱਚ ਬਰਾਤੇ ਆਵੋਗੀਆਂ… ਅਸੀਂ ਸੱਤੋ ਦੇ ਵੀਰੇ ਨੂੰ ਬਰਾਤੇ ਜਾਣ ਲਈ ਉਡੀਕਦੀਆਂ ਸੀ ਤਾਂ ਮੈਨੂੰ ਸੱਤੋ ਕਹਿੰਦੀ ਭੁੱਖ ਲੱਗੀ ਆ , ਚੱਲ ਤੇਰੇ ਘਰੇ ਰੋਟੀ ਖਾ ਕੇ ਆਈਏ ਤੇ ਫੇਰ “ਆਪਾਂ ਨੇ ਬਰਾਤੇ ਚੱਲਣਾ ਹੈ”।
ਸੋਚਦੇ ਸੋਚਦੇ ਜੀਤੀ ਦਾ ਆਪ ਮੁਹਾਰੇ ਹਾਸਾ ਨਿਕਲ ਗਿਆ ਤੇ ਸੋਚਣ ਲੱਗੀ ਕਿ ਸੱਤੋ ਦਾ ਬਚਪਨ ਕਿੰਨਾ ਰੁਲਿਆ ਖੁਲਿਆ ਸੀ । ਉਸ ਦੀ ਮਾਂ ਨੇ ਛੋਟੀ ਜਿਹੀ ਜੀਤੀ ਤੋਂ ਸ਼ਗਨ ਵੀ ਲੈ ਲਿਆ ਸੀ। ਉਹਨਾਂ ਦੇ ਘਰ ਵਿੱਚ ਜਵਾਕਾਂ ਦੀ ਕੋਈ ਪੁੱਛ ਗਿੱਛ ਨਹੀਂ ਸੀ। ਪਤਾ ਨਹੀਂ ਗਰੀਬੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਜਵਾਕਾਂ ਨੂੰ ਤਾਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਹੱਥ ਵੀ ਨਹੀਂ ਲਾਉਣ ਦਿੰਦੇ ਸਨ। ਕਾਰਨ ਜੋ ਵੀ ਹੋਵੇ ਪਰ ਬਹੁਤ ਲੋਕ ਆਪਣੀਆਂ ਮਜ਼ਬੂਰੀਆਂ ਕਾਰਨ ਆਪਣੇ ਬੱਚਿਆਂ ਦੀਆਂ ਖਵਾਹਿਸ਼ਾਂ ਨੂੰ ਪਲਣ ਹੀ ਨਹੀਂ ਦਿੰਦੇ। ਜੀਤੀ ਸੋਚਦੀ ਸੀ ਕਿ ਇਸ ਦੁਨੀਆਂ ਦੇ ਵੱਖ ਵੱਖ ਰੰਗਾਂ ਨੂੰ ਵੇਖਦੇ ਤੇ ਪਰਖਦੇ ਹੋਏ ਤੁਰਦੇ ਜਾਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly